ਰਵੀ ਦੇਵਗਨ ਇਕ ਰੰਗਕਰਮੀ ਅਤੇ ਪ੍ਰਤਿਭਾਸ਼ਾਲੀ ਅਦਾਕਾਰਾ ਹੈ। ਉਸ ਦੀ ਕਲਾਤਮਿਕ ਪੇਸ਼ਕਾਰੀ ਵਿਚ ਡੂੰਘਾ ਅਹਿਸਾਸ ਹੈ। ਕਰਮਾਂ ਵਿਚ ਦਇਆ ਦੀ ਨਮੀ ਹੈ। ਰਵੀ ਦੇਵਗਨ ਦਾ ਜਨਮ ਜੁਲਾਈ 1979 ਨੂੰ ਪਿਤਾ ਸਵ: ਗੁਰਦਾਸ ਸਿੰਘ ਦੇ ਘਰ ਮਾਤਾ ਸ੍ਰੀਮਤੀ ਹਰਜੀਤ ਕੌਰ ਦੀ ਕੁੱਖੋਂ ਲੁਧਿਅਣਾ ਜ਼ਿਲ੍ਹੇ ਦੀ ਤਹਿਸੀਲ ਰਾਏਕੋਟ ਵਿਖੋ ਹੋਇਆ। ਉਹ ਇਸ ਵੇਲੇ ਅਭਿਨੈ ਕਲਾ ਦੇ ਨਾਲ-ਨਾਲ ਰਾਏਕੋਟ ਸ਼ਹਿਰ ਵਿਚ ਇਕ ਬਿਰਧ ਆਸ਼ਰਮ ਚਲਾ ਰਹੀ ਹੈ। ਸਮਾਜ ਸੇਵਾ ਦੇ ਨਾਲ-ਨਾਲ ਮੰਚ ਦੀ ਰੌਸ਼ਨੀ ਵਿਚ ਖੜ੍ਹ ਕੇ ਉਹ ਕਈ ਕਿਰਦਾਰਾਂ ਨੂੰ ਜ਼ਿੰਦਗੀ ਬਖ਼ਸ਼ਦੀ ਹੈ। ਕਦੇ ਦੁਖੀ ਮਾਂ, ਕਦੇ ਸੰਘਰਸ਼ ਕਰਦੀ ਔਰਤ ਤੇ ਕਦੇ ਸਮਾਜ ਨਾਲ ਲੜਦੀ ਇਕ ਅਡੋਲ ਆਵਾਜ਼ ਬਣਦੀ ਹੈ। ਰੰਗਮੰਚ ਉਸ ਲਈ ਸਿਰਫ ਕਲਾ ਦਾ ਮਾਧਿਅਮ ਨਹੀਂ, ਸਗੋਂ ਗੰਭੀਰ ਸੰਵਾਦ ਰਚਾਉਣ ਦਾ ਸੰਵੇਦਨਸ਼ੀਲ ਜ਼ਰੀਆ ਵੀ ਹੈ। ਰਵੀ ਦੇਵਗਨ ਦੀ ਕਹਾਣੀ ਮੰਚ ਦੀਆਂ ਰੌਸ਼ਨੀਆਂ ਤੋਂ ਪਰੇ ਸ਼ੁਰੂ ਹੁੰਦੀ ਹੈ। ਉਹ ਥਾਂ ਜਿੱਥੇ ਜ਼ਿੰਦਗੀ ਦੀਆਂ ਕਠਿਨਾਈਆਂ ਨਾਲ ਥੱਕੇ ਹੋਏ ਬਜ਼ੁਰਗ ਆਪਣੇ ਅੰਤਿਮ ਦਿਨਾਂ ਨੂੰ ਗੁਜ਼ਾਰਦੇ ਹਨ। ਬਿਰਧ ਆਸ਼ਰਮ ਦੀਆਂ ਚੁੱਪ ਚਾਰਦੀਵਾਰੀਆਂ, ਜਿੱਥੇ ਅਕਸਰ ਤਨਹਾਈ ਦੀ ਗੂੰਜ ਸੁਣਾਈ ਦਿੰਦੀ ਹੈ, ਉੱਥੇ ਰਵੀ ਇਕ ਮਿੱਠੀ ਆਵਾਜ਼ ਵਾਂਗ ਵਿਚਰਦੀ ਹੈ। ਉਹ ਆਸ਼ਰਮ ਦੇ ਬਜ਼ੁਰਗਾਂ ਲਈ ਸਿਰਫ ਇਕ ਸੇਵਾਦਾਰ ਨਹੀਂ, ਸਗੋਂ ਇਕ ਧੀ, ਇਕ ਸਾਥੀ ਅਤੇ ਦਿਲਦਾਰ ਰੂਹ ਬਣ ਜਾਂਦੀ ਹੈ। ਉਸ ਦੇ ਹੱਥਾਂ ਦੀ ਨਰਮੀ ਵਿਚ ਮਾਂਵਾਂ ਦੀ ਸੇਵਾ ਹੈ। ਰਿਸ਼ਤਿਆਂ ਦੀ ਭਾਵਨਾਤਮਿਕਤਾ ਦੀ ਠੰਢਕ ਹੈ। ਫਰਜਾਂ ਦਾ ਸਕੂਨ ਹੈ। ਉਸ ਦੀਆਂ ਅੱਖਾਂ 'ਚ ਮਾਨਵੀ ਸਰੋਕਾਰਾਂ ਦੀ ਤੜਫ਼ ਹੈ। ਰਵੀ ਦੇਵਗਨ ਸੋਚਾਂ ਦੇ ਡੂੰਘੇ ਸਮੁੰਦਰਾਂ 'ਚ ਗੁਆਚੇ ਖਾਮੋਸ਼ ਚਿਹਰਿਆਂ ਨੂੰ ਹਾਸੇ ਵੰਡਦੀ ਹੈ।
ਉਸ ਦਾ ਆਖਣਾ ਹੈ ਕਿ ਰੰਗਮੰਚ ਦੀਆਂ ਪੇਸ਼ਕਾਰੀਆਂ 'ਤੇ ਵੱਜਦੀਆਂ ਤਾੜੀਆਂ ਨਾਲ ਵਾਹ-ਵਾਹ ਤਾਂ ਮਿਲ ਸਕਦੀ ਹੈ, ਪ੍ਰੰਤੂ ਰੂਹ ਨੂੰ ਸਕੂਨ ਤਾਂ ਕਿਸੇ ਦੇ ਹੰਝੂ ਪੂੰਝਣ ਨਾਲ ਹੀ ਮਿਲਦਾ ਹੈ। ਰਵੀ ਦੇਵਗਨ ਦੀ ਕਹਾਣੀ ਰੂਹਾਨੀ ਧਾਰਾ ਵਿਚ ਪਰੋਈ ਹੈ। ਉਸ ਦਾ ਆਖਣਾ ਹੈ ਕਿ ਮਨ ਵਿਚ ਸੱਚਾ ਪਿਆਰ ਅਤੇ ਸੇਵਾ ਦਾ ਭਾਵ ਹੋਵੇ, ਤਾਂ ਹਰ ਇਨਸਾਨ ਇਕ ਚਲਦਾ-ਫਿਰਦਾ ਮੰਦਰ ਬਣ ਸਕਦਾ ਹੈ, ਜਿੱਥੇ ਰੱਬੀਅਤ ਹਰ ਰੋਜ਼ ਜਨਮ ਲੈਂਦੀ ਹੈ। ਰਵੀ ਦੇਵਗਨ ਕੋਲ ਦੂਰਦਰਸ਼ਨ ਦੇ ਨਾਟਕਾਂ 'ਚ ਅਦਾਕਾਰੀ 'ਚ 27 ਸਾਲਾਂ ਦਾ ਤਜਰਬਾ ਹੈ। ਰਵੀ ਦੇਵਗਨ ਨੇ ਆਪਣਾ ਅਦਾਕਾਰੀ ਸਫਰ 1997 ਵਿਚ ਸ਼ੁਰੂ ਕੀਤਾ। ਉਸ ਨੇ 10 ਫੀਚਰ ਫ਼ਿਲਮਾਂ ਵਿਚ ਅਦਾਕਾਰੀ ਦੇ ਜਲਵੇ ਦਿਖਾਏ ਹਨ। ਉਹਨੇ 15 ਟੈਲੀਫ਼ਿਲਮਾਂ ਵਿਚ ਸਹਾਇਕ ਨਿਰਦੇਸ਼ਕ ਅਤੇ ਕਲਾਕਾਰ ਵਜੋਂ ਕੰਮ ਕੀਤਾ ਹੈ। ਬਤੌਰ ਰੰਗਕਰਮੀ ਉਨ੍ਹਾਂ 2000 ਤੋਂ ਵਧੇਰੇ ਥੀਏਟਰ ਸ਼ੋਅ ਕੀਤੇ। ਉਨ੍ਹਾਂ ਦੂਰਦਰਸ਼ਨ ਦੇ ਨਾਟਕਾਂ/ਸੀਰੀਅਲਾਂ, 60 ਟੈਲੀਫ਼ਿਲਮਾਂ, 10 ਫੀਚਰ ਫ਼ਿਲਮਾਂ ਅਤੇ ਕਈ ਤਰ੍ਹਾਂ ਦੀਆਂ ਸਕਿਟਾਂ ਵਿਚ 17 ਸਾਲ ਦੀ ਅਦਾਕਾਰੀ ਦੇ ਜਲਵੇ ਦਿਖਾਏ ਹਨ। ਰਵੀ ਦੇਵਗਨ ਕੋਲ ਰੇਡੀਓ ਨਾਟਕਾਂ ਦੇ ਸਥਾਨਕ ਅਤੇ ਰਾਸ਼ਟਰੀ ਪ੍ਰਸਾਰਨ ਵਿਚ ਵੀ 17 ਸਾਲ ਦਾ ਡੂੰਘਾ ਤਜਰਬਾ ਹੈ।
-ਪ੍ਰਤੀਨਿਧ ਅਜੀਤ ਵੈੱਬ ਟੀ.ਵੀ
ਸਬ ਆਫਿਸ ਜਗਰਾਉਂ
ਮੋਬਾਈਲ : 98764-92410