ਅੱਜ ਜ਼ਿਆਦਾਤਰ ਮਾਪੇ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਖਾਣ-ਪੀਣ ਸੰਬੰਧੀ ਆਦਤਾਂ ਠੀਕ ਨਹੀਂ ਹਨ। ਇਨ੍ਹਾਂ ਨੂੰ ਬਸ ਪੀਜ਼ਾ, ਪੋਟੈਟੋ ਚਿਪਸ, ਬਰਗਰ, ਕੋਲਡ ਡਰਿੰਕ ਚਾਹੀਦਾ ਹੈ ਅਤੇ ਘਰ ਦੇ ਬਣੇ ਖਾਣੇ ਤੋਂ ਜਿਵੇਂ ਬੱਚਿਆਂ ਨੂੰ ਪ੍ਰਹੇਜ਼ ਹੈ, ਪਰ ਇਨ੍ਹਾਂ ਗ਼ਲਤ ਆਦਤਾਂ ਦੀ ਜ਼ਿੰਮੇਵਾਰੀ ਕਾਫੀ ਹੱਦ ਤੱਕ ਮਾਪਿਆਂ ਦੀ ਹੈ, ਕਿਉਂਕਿ ਬੱਚੇ ਉਹੀ ਸਿੱਖਦੇ ਹਨ, ਜੋ ਮਾਪੇ ਉਨ੍ਹਾਂ ਨੂੰ ਸਿਖਾਉਂਦੇ ਹਨ। ਮਾਪੇ ਜਿਸ ਤਰ੍ਹਾਂ ਦਾ ਭੋਜਨ ਕਰਦੇ ਹਨ, ਬੱਚੇ ਵੀ ਉਨ੍ਹਾਂ ਦੀ ਦੇਖਾ-ਦੇਖੀ ਉਹੀ ਆਦਤਾਂ ਅਪਨਾਉਂਦੇ ਹਨ।
ਬੱਚੇ ਨੂੰ ਬਚਪਨ ਤੋਂ ਜੰਕ ਫੂਡ ਜਾਂ ਤਲਿਆ ਹੋਇਆ ਭੋਜਨ ਖਿਲਾਉਣ ਦੀ ਆਦਤ ਨਾ ਪਾਓ। ਉਨ੍ਹਾਂ ਨੂੰ ਫਲ, ਸਬਜ਼ੀਆਂ ਅਤੇ ਪ੍ਰੋਟੀਨ ਭਰਪੂਰ ਖਾਣ ਵਾਲੀਆਂ ਚੀਜ਼ਾਂ ਦਿਓ। ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਉਸ ਨੂੰ ਨਹੀਂ ਪਤਾ ਹੁੰਦਾ ਕਿ ਜੰਕ ਫੂਡ ਕੀ ਹੈ। ਉਸ ਨੂੰ ਅਜਿਹੇ ਭੋਜਨ ਪ੍ਰਤੀ ਮਾਪੇ ਹੀ ਦੱਸਦੇ ਹਨ ਅਤੇ ਉਹ ਜਦੋਂ ਉਨ੍ਹਾਂ ਦੀ ਆਦਤ ਪਾ ਲੈਂਦਾ ਹੈ ਤਾਂ ਮਾਪੇ ਸ਼ਿਕਾਇਤ ਕਰਦੇ ਹਨ।
ਬੱਚਾ ਸਹੀ ਭੋਜਨ ਉਦੋਂ ਲੈਂਦਾ ਹੈ ਜਦੋਂ ਉਹ ਘਰ 'ਚ ਮੌਜੂਦ ਹੁੰਦਾ ਹੈ, ਇਸ ਲਈ ਆਪਣੇ ਫਰਿੱਜ 'ਚ ਫਲਾਂ ਅਤੇ ਸਬਜ਼ੀਆਂ ਨੂੰ ਜਗ੍ਹਾ ਦਿਓ ਨਾ ਕਿ ਮਠਿਆਈਆਂ ਅਤੇ ਚਾਕਲੇਟ ਨੂੰ। ਤੁਹਾਡੇ ਬੱਚੇ ਨੂੰ ਸਾਰੇ ਪੋਸ਼ਕ ਤੱਤਾਂ ਦੀ ਪ੍ਰਾਪਤੀ ਹੋਵੇਗੀ ਇਸ ਲਈ ਉਨ੍ਹਾਂ ਨੂੰ ਦਾਲਾਂ, ਅਨਾਜ, ਫਲ, ਸਬਜ਼ੀਆਂ, ਮੱਛੀ, ਮੀਟ, ਬੀਨਸ, ਦੁੱਧ ਆਦਿ ਸਭ ਦਿਓ। ਉਨ੍ਹਾਂ ਨੂੰ ਇਹ ਵੀ ਦੱਸੋ ਕਿ ਅਜਿਹੀ ਖੁਰਾਕ ਉਸ ਨੂੰ ਤੰਦਰੁਸਤ ਰੱਖਣ 'ਚ ਚੰਗਾ ਰੋਲ ਅਦਾ ਕਰੇਗੀ ਅਤੇ ਤੁਸੀਂ ਕੋਸ਼ਿਸ਼ ਕਰੋ ਕਿ ਘਰ 'ਚ ਹੀ ਸਭ ਕੁਝ ਬਣਾਓ।
ਘਰ 'ਚ ਤੁਸੀਂ ਜੋ ਕੁਝ ਵੀ ਬਣਾ ਰਹੇ ਹੋ, ਉਸ ਨੂੰ ਇਸ ਤਰ੍ਹਾਂ ਬਣਾਓ ਕਿ ਬੱਚੇ ਨੂੰ ਚੰਗਾ ਲੱਗੇ ਅਤੇ ਉਹ ਉਸ ਨੂੰ ਖਾਣ ਲਈ ਉਤਸ਼ਾਹਿਤ ਦਿਖਾਈ ਦੇਵੇ ਜਿਵੇਂ ਦਾਲ ਨੂੰ ਧਨੀਆ ਅਤੇ ਟਮਾਟਰ ਦੇ ਛੋਟੇ-ਛੋਟੇ ਟੁਕੜਿਆਂ ਨਾਲ ਸਜਾਓ। ਬਾਜ਼ਾਰ ਦੇ ਖਾਣੇ 'ਚ ਪੌਸ਼ਕ ਤੱਤਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ ਅਤੇ ਉਨ੍ਹਾਂ ਨੂੰ ਸਜਾਇਆ ਇਸੇ ਤਰ੍ਹਾਂ ਜਾਂਦਾ ਹੈ ਕਿ ਬੱਚੇ ਨੂੰ ਆਕਰਸ਼ਿਤ ਕਰਦਾ ਹੈ, ਇਸ ਲਈ ਘਰ 'ਚ ਬਣੇ ਭੋਜਨ ਨੂੰ ਆਕਰਸ਼ਕ ਬਣਾਓ।
ਬੱਚੇ ਲਈ ਨਾਸ਼ਤਾ ਬਹੁਤ ਜ਼ਰੂਰੀ ਹੈ, ਇਸ ਲਈ ਸਕੂਲ ਜਾਣ ਤੋਂ ਪਹਿਲਾਂ ਉਸ ਨੂੰ ਨਾਸ਼ਤਾ ਜ਼ਰੂਰ ਖਿਲਾਓ। ਜੇਕਰ ਉਹ ਨਾਸ਼ਤਾ ਸਹੀ ਢੰਗ ਨਾਲ ਨਹੀਂ ਖਾ ਰਿਹਾ ਤਾਂ ਉਸ ਨੂੰ ਸਕੂਲ 'ਚ ਫਲ ਅਤੇ ਲੰਚ ਜ਼ਰੂਰ ਪੈਕ ਕਰਦੇ ਦਿਓ।
ਬੱਚੇ ਨੂੰ ਪਰੋਸਿਆ ਗਿਆ ਭੋਜਨ ਉਹੀ ਹੋਣਾ ਚਾਹੀਦਾ ਹੈ ਜੋ ਘਰ ਦੇ ਸਾਰੇ ਲੋਕ ਖਾ ਰਹੇ ਹੋੋਣ। ਜੇਕਰ ਤੁਸੀਂ ਖਾਣੇ ਦੇ ਬਾਅਦ ਹਮੇਸ਼ਾ ਮਿੱਠਾ ਪਰਸੋਦੇ ਹੋ ਤਾਂ ਬੱਚਾ ਖਾਣਾ ਘੱਟ ਖਾਏਗਾ ਕਿਉਂਕਿ ਉਸ ਨੂੰ ਲੱਗੇਗਾ ਕਿ ਮਿੱਠਾ ਜ਼ਿਆਦਾ ਖਾਧਾ ਜਾਵੇ, ਇਸ ਲਈ ਖਾਣੇ ਦੀ ਟੇਬਲ ਅਤੇ ਮਿੱਠੀ ਚੀਜ਼ ਖਾਣਾ ਖਾਣ ਤੋਂ ਬਾਅਦ ਹੀ ਰੱਖੀ ਜਾਵੇ ਅਤੇ ਹਰ ਰੋਜ਼ ਨਹੀਂ।
ਬੱਚਾ ਜਦੋਂ ਉਸ ਉਮਰ 'ਚ ਪਹੁੰਚ ਜਾਵੇ ਕਿ ਉਹ ਆਪਣੇ ਲਈ ਕੁਝ ਬਣਾਉਣ ਦੇ ਸਮਰੱਥ ਹੈ ਤਾਂ ਉਸ ਨੂੰ ਰਸੋਈ ਦਾ ਕੰਮ ਸਿਖਾਓ। ਜੇਕਰ ਉਹ ਖੁਦ ਬਣਾਏਗਾ ਤਾਂ ਚੰਗਾ ਮਹਿਸੂਸ ਕਰੇਗਾ ਅਤੇ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਤੁਹਾਡੀ ਗ਼ੈਰ-ਹਾਜ਼ਰੀ ਜਾਂ ਬਿਮਾਰ ਪੈਣ 'ਤੇ ਉਹ ਬਾਹਰ ਦੀਆਂ ਵਸਤਾਂ ਨਹੀਂ ਖਾਏਗਾ।
ਕਦੀ-ਕਦੀ ਬਾਹਰ ਦਾ ਖਾਣਾ ਗ਼ਲਤ ਨਹੀਂ ਹੋਵੇਗਾ, ਪਰ ਇਸ ਨਾਲ ਬੱਚੇ ਦੀ ਆਦਤ ਨਾ ਬਣਨ ਦਿਓ। ਤੁਸੀਂ ਬੱਚੇ ਨੂੰ ਸਹੀ ਖਾਣ-ਪੀਣ ਦੀ ਆਦਤ ਪਾਓ ਅਤੇ ਉਸ ਇਕ ਚੰਗੀ ਸੇਧ ਦੇ ਰਹੀ ਹੋ, ਜੋ ਸਾਰੀ ਉਮਰ ਉਸ ਦੇ ਕੰਮ ਆਵੇਗਾ, ਉਸ ਨੂੰ ਲੰਬਾ ਸਰਗਰਮ ਜੀਵਨ ਦੇਵੇਗਾ।
ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਸਿਖਾਓ ਖਾਣ-ਪੀਣ ਦੀਆਂ ਆਦਤਾਂ
ਅਜੀਤ ਡੈਸਕ
14-05-2026