ਅਸੀਂ ਕਿੰਨਾ ਵੀ ਚੰਗਾ ਕਿਉਂ ਨਾ ਖਾਈਏ, ਸਾਡੀ ਸਿਹਤ ਤਾਂ ਹੀ ਸਹੀ ਰਹਿ ਸਕਦੀ ਹੈ, ਜਦੋਂ ਅਸੀਂ ਸਹੀ ਢੰਗ ਨਾਲ ਖੁਰਾਕ ਲੈਂਦੇ ਰਹੀਏ। ਇਸ ਦੇ ਨਾਲ ਹੀ ਇਹ ਵੀ ਮਹੱਤਵਪੂਰਨ ਹੈ ਕਿ ਜੋ ਅਸੀਂ ਖਾਂਦੇ ਹਾਂ, ਉਹ ਕਿਸ ਢੰਗ ਨਾਲ ਪਕਾਇਆ ਜਾਂਦਾ ਹੈ। ਭੋਜਨ ਵਿਚ ਦਾਲਾਂ ਦਾ ਕਾਫੀ ਮਹੱਤਵਪੂਰਨ ਸਥਾਨ ਹੈ। ਸਾਰੇ ਪ੍ਰਕਾਰ ਦੀਆਂ ਦਾਲਾਂ ਵਿਚ ਪ੍ਰੋਟੀਨ ਦੀ ਕਾਫੀ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚ ਵਿਟਾਮਿਨ-ਬੀ, ਲੋਹਾ, ਫਾਸਫੋਰਸ ਆਦਿ ਵੀ ਲੋੜੀਂਦੀ ਮਾਤਰਾ ਵਿਚ ਹੁੰਦੇ ਹਨ ਜੋ ਸਰੀਰ ਲਈ ਬੇਹੱਦ ਜ਼ਰੂਰੀ ਹੈ।
ਬਹੁਤ ਸਾਰੇ ਲੋਕ ਦਾਲਾਂ ਦਾ ਵਰਤੋਂ ਕਰਦੇ ਹਨ ਪਰ ਉਨ੍ਹਾਂ ਵਿਚ ਬਹੁਤ ਘੱਟ ਲੋਕ ਇਨ੍ਹਾਂ ਨੂੰ ਪਕਾਉਣ ਦੀ ਵਿਧੀ ਜਾਣਦੇ ਹਨ। ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਦਾਲਾਂ ਨੂੰ ਕਿਸ ਪ੍ਰਕਾਰ ਪਕਾਇਆ ਜਾਵੇ ਤਾਂ ਉਨ੍ਹਾਂ ਦੇ ਪੋਸ਼ਕ ਤੱਤ ਨਸ਼ਟ ਨਾ ਹੋਣ।
ਛਿਲਕੇ ਵਾਲੀ ਜਾਂ ਸਾਬਤ ਦਾਲਾਂ ਦਾ ਹੀ ਇਸਤੇਮਾਲ ਕਰੋ ਕਿਉਂਕਿ ਇਨ੍ਹਾਂ ਦੇ ਛਿਲਕੇ ਵਿਚ ਹੀ ਸਾਰੇ ਪੌਸ਼ਕ ਤੱਤ ਮੌਜੂਦ ਹੁੰਦੇ ਹਨ ਪਰ ਕਈ ਔਰਤਾਂ ਛਿਲਕੇ ਵਾਲੀ ਦਾਲ ਨੂੰ ਕੁਝ ਸਮਾਂ ਭਿਉਂ ਕੇ ਰੱਖਣ ਤੋਂ ਬਾਅਦ ਹੱਥਾਂ ਨਾਲ ਰਗੜ-ਰਗੜ ਕੇ ਛਿਲਕਾ ਉਤਾਰ ਦਿੰਦੀਆਂ ਹਨ, ਜਿਸ ਨਾਲ ਉਨ੍ਹਾਂ ਵਿਚ ਮੌਜੂਦ ਪੌਸ਼ਕ ਤੱਤ ਖ਼ਤਮ ਹੋ ਜਾਂਦੇ ਹਨ। ਇਸ ਤੋਂ ਇਲਾਵਾ ਦਾਲ ਨੂੰ ਜਿਸ ਪਾਣੀ ਵਿਚ ਭਿਉਂਦੇ ਹੋ, ਉਸੇ ਵਿਚ ਪਕਾਓ।
ਦਾਲਾਂ ਵਿਚ ਤੇਜ਼ ਮਿਰਚ ਮਸਾਲੇ ਦਾ ਇਸਤੇਮਾਲ ਨਾ ਕਰੋ। ਬਣਾਉਣ ਤੋਂ ਪਹਿਲਾਂ ਦਾਲਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ।
ਦਾਲ ਨੂੰ ਜਿੰਨਾ ਹੋ ਸਕੇ ਕੁੱਕਰ ਵਿਚ ਹੀ ਪਕਾਓ। ਇਸ ਨਾਲ ਇਸ ਦੀ ਪੌਸ਼ਟਿਕਤਾ ਬਰਕਰਾਰ ਰਹੇਗੀ। ਦਾਲ ਨੂੰ ਸੁਆਦੀ ਬਣਾਉਣ ਲਈ ਮਿਰਚ ਮਸਾਲਿਆਂ ਦੀ ਬਜਾਏ ਪੱਕਣ ਤੋਂ ਬਾਅਦ ਇਸ ਵਿਚ ਨਿੰਬੂ ਪਾ ਸਕਦੇ ਹੋ। ਇਹ ਪ੍ਰੋਟੀਨ ਨੂੰ ਪਚਾਉਣ ਵਿਚ ਵੀ ਸਹਾਇਕ ਹੈ।
ਦਾਲ ਵਿਚ ਟਿੰਡਾ, ਘੀਆ, ਪਾਲਕ ਆਦਿ ਸਬਜ਼ੀਆਂ ਪਾਉਣ ਨਾਲ ਇਨ੍ਹਾਂ ਦੀ ਪੌਸ਼ਟਿਕਤਾ ਹੋਰ ਜ਼ਿਆਦਾ ਵਧ ਜਾਂਦੀ ਹੈ।
ਬਹੀ ਦਾਲ ਕਦੇ ਨਾ ਖਾਓ। ਇਹ ਸਿਹਤ ਲਈ ਨੁਕਸਾਨਦਾਇਕ ਹੁੰਦੀ ਹੈ ਅਤੇ ਦਾਲ ਓਨੀ ਬਣਾਓ, ਜਿੰਨੀ ਜ਼ਰੂਰਤ ਹੋਵੇ।
ਰਾਤ ਦੇ ਬਜਾਏ ਦਿਨ ਦੇ ਸਮੇਂ ਦਾਲ ਦਾ ਖਾਣਾ ਵਧੀਆ ਹੈ। ਭਾਰੀ ਦਾਲਾਂ ਜਿਵੇਂ ਮਸਰਾਂ ਦੀ ਦਾਲ, ਛੋਲਿਆਂ ਦੀ ਦਾਲ ਆਦਿ ਰਾਤ ਨੂੰ ਕਦੇ ਨਾ ਖਾਓ।
ਗਾੜੀ ਦਾਲ ਨੂੰ ਹਜ਼ਮ ਹੋਣ ਵਿਚ ਵਧੇਰੇ ਸਮਾਂ ਲਗਦਾ ਹੈ। ਜਿਥੋਂ ਤੱਕ ਸੰਭਵ ਹੋ ਸਕੇ, ਦਾਲ ਨੂੰ ਪਤਲਾ ਹੀ ਰੱਖੋ। ਕੱਚੀ ਦਾਲ ਨੂੰ ਵਧੇਰੇ ਸਮੇਂ ਤੱਕ ਸਟੋਰ ਕਰਕੇ ਨਾ ਰਖੋ। ਜੇਕਰ ਤੁਸੀਂ ਵਧੇਰੇ ਮਾਤਰਾ ਵਿਚ ਦਾਲ ਮੰਗਵਾ ਕੇ ਰੱਖਦੇ ਹੋ ਤਾਂ ਸਮੇਂ-ਸਮੇਂ 'ਤੇ ਉਸ ਨੂੰ ਧੁੱਪ ਲਗਵਾਉਂਦੇ ਰਹੋ। ਪੁਰਾਣੀ ਦਾਲ ਨੂੰ ਬਣਾਉਣ ਤੋਂ ਪਹਿਲਾਂ ਦੇਖ ਲਓ ਕਿ ਕਿਤੇ ਉਸ ਵਿਚ ਕੀੜਾ ਤਾਂ ਨਹੀਂ ਲੱਗ ਗਿਆ। ਜੇਕਰ ਕੀੜਾ ਲੱਗਾ ਹੋਵੇ ਤਾਂ ਉਸ ਨੂੰ ਇਸਤੇਮਾਲ ਨਾ ਕਰੋ।
ਸਹੀ ਢੰਗ ਨਾਲ ਪਕਾਓ ਦਾਲਾਂ
ਅਜੀਤ ਡੈਸਕ
14-05-2026