ਸਿੱਖਿਆ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਦੇ ਨਾਲ ਨੌਜਵਾਨਾਂ ਤੇ ਬੱਚਿਆਂ ਨੂੰ ਆਤਮ-ਵਿਸ਼ਵਾਸੀ ਤੇ ਸਰਬ ਕਲਾ ਸਮਰੱਥ ਬਣਾਉਣ ਵੱਲ ਲਗਾਤਾਰ ਯਤਨਸ਼ੀਲ ਭਵਦੀਪ ਕੋਹਲੀ ਦਾ ਜਨਮ ਮਾਤਾ ਨਰਿੰਦਰ ਕੌਰ ਅਤੇ ਪਿਤਾ ਗੁਰਨਾਮ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਵਿਖੇ ਹੋਇਆ। ਘਰੋਂ ਮਿਲੇ ਸੰਸਕਾਰਾਂ ਦੀ ਬਦੌਲਤ ਪੰਜਾਬੀ ਮਾਂ ਬੋਲੀ, ਸਮਾਜ ਤੇ ਸਿੱਖਿਆ ਦੇ ਖੇਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਉਹ ਊਰਜਾਵਾਨ ਸਿੱਖਿਆਕਾਰ, ਟੀਚਰ ਟਰੇਨਰ, ਪਬਲਿਕ ਸਪੀਕਰ ਤੇ ਉੱਦਮੀ ਨਾਰੀ ਵਜੋਂ ਸਮਾਜ ਵਿਚ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਕਾਲਜ ਵਿਚ ਅੰਗਰੇਜ਼ੀ ਲੈਕਚਰਾਰ ਵਜੋਂ ਕੀਤੀ ਤੇ ਆਪਣੇ ਸੁਪਨਿਆਂ ਨੂੰ ਹੋਰ ਵੱਡਾ ਰੂਪ ਦੇਣ ਲਈ ਉਨ੍ਹਾਂ ਨੇ ਸਵੈ-ਰੁਜ਼ਗਾਰ ਦੀ ਦਿਸ਼ਾ ਚੁਣੀ ਤੇ ਅੱਜ ਇਕ ਸਫਲ ਉੱਦਮੀ ਨਾਰੀ ਵਜੋਂ ਮਾਣ ਪ੍ਰਾਪਤ ਕਰ ਰਹੇ ਹਨ।
ਉਹ ਇਕ ਪਿਆਰ ਭਰੇ ਤੇ ਸੁਰੱਖਿਅਤ ਪ੍ਰੀ-ਸਕੂਲ ਦੇ ਸੰਸਥਾਪਕ ਹਨ, ਜਿੱਥੇ ਖੇਡਾਂ ਤੇ ਤਜਰਬੇ ਰਾਹੀਂ ਬੱਚਿਆਂ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਹੈ। ਆਈਲਟਸ ਤਿਆਰੀ, ਵਿਦੇਸ਼ੀ ਪੜ੍ਹਾਈ ਤੇ ਵੀਜ਼ਾ ਸੇਵਾਵਾਂ ਵਿਚ ਵਿਸ਼ੇਸ਼ ਤੌਰ 'ਤੇ ਉਹ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ ਤੇ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਹਨ। ਭਵਦੀਪ ਉਨ੍ਹਾਂ ਐਮ.ਏ. ਐਮ.ਐੱਡ ਤੇ ਐਮ.ਫਿਲ ਅੰਗਰੇਜ਼ੀ ਦੀਆਂ ਉੱਚ ਡਿਗਰੀਆਂ ਪ੍ਰਾਪਤ ਕੀਤੀਆਂ ਹਨ ਤੇ ਉਹ ਉੱਚਕੋਟੀ ਦੇ ਵਕਤਾ ਹਨ, ਜਿਨ੍ਹਾਂ ਕੋਲ ਜ਼ਿਲ੍ਹਾ ਪੱਧਰ, ਯੂਥ ਫੈਸਟੀਵਲ ਤੇ ਸਟੇਟ ਪੱਧਰ 'ਤੇ ਸਟੇਜ ਚਲਾਉਣ ਦਾ ਠੇਠ ਪੰਜਾਬੀ ਤੇ ਅੰਗਰੇਜ਼ੀ 'ਚ ਬੜਾ ਵੱਡਾ ਤਜਰਬਾ ਹੈ। ਉਹ ਆਪਣੀ ਮਿਹਨਤ ਤੇ ਲਗਨ ਨਾਲ ਅਮਰੀਕਾ ਤੋਂ ਅੰਤਰਰਾਸ਼ਟਰੀ ਤੌਰ 'ਤੇ ਪ੍ਰਮਾਣਿਤ ਇਮੇਜ ਕੰਸਲਟੈਂਟ ਬਣੇ ਤੇ ਨਾਲ ਹੀ ਸਾਫਟ ਸਕਿੱਲਜ਼ ਟਰੇਨਰ ਤੇ ਪ੍ਰਸਨੈਲਿਟੀ ਡਿਵੈਲਪਮੈਂਟ ਕੋਚ ਵਜੋਂ ਵੀ ਕੰਮ ਕਰ ਰਹੇ ਹਨ। ਉਹ ਸਰਟੀਫਾਈਡ ਚਾਈਲਡ ਸਾਇਕੋਲੋਜਿਸਟ, ਪੇਰੈਂਟਿੰਗ ਕੋਚ, ਜਨਤਕ ਬੁਲਾਰੇ ਤੇ ਕਰੀਅਰ ਕੋਚ ਵੀ ਹਨ, ਜੋ ਬੱਚਿਆਂ, ਮਾਪਿਆਂ ਤੇ ਨੌਜਵਾਨਾਂ ਲਈ ਸਹੀ ਦਿਸ਼ਾ ਵਿਚ ਅੱਗੇ ਵਧਣ ਲਈ ਮਾਰਗ-ਦਰਸ਼ਕ ਵੀ ਹਨ।
ਉਹ ਗੁਰੂ ਦੀ ਅਸੀਸ ਫਾਊਂਡੇਸ਼ਨ ਦੇ ਵੀ ਸੰਸਥਾਪਕ ਹਨ, ਜੋ ਨਿਸ਼ਕਾਮ ਸੇਵਾ ਦੇ ਜਜ਼ਬੇ ਨਾਲ ਲਗਾਤਾਰ ਚੈਰਿਟੀ ਦੇ ਤੌਰ 'ਤੇ ਕੰਮ ਕਰਦੀ ਹੈ। ਇਹ ਸੰਸਥਾ ਲੋੜਵੰਦ ਲੋਕਾਂ ਨੂੰ ਖਾਣਾ, ਦਵਾਈਆਂ ਵੀ ਉਪਲਬਧ ਕਰਵਾਉਂਦੀ ਹੈ ਅਤੇ ਕਮਜ਼ੋਰ ਵਰਗ ਦੀਆਂ ਲੜਕੀਆਂ ਦੀ ਪੜ੍ਹਾਈ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਨੂੰ ਅਨੇਕਾਂ ਸਨਮਾਨ ਮਿਲੇ ਹਨ ਜਿਨ੍ਹਾਂ ਵਿਚ ਵੁਮੈਨ ਇਕਨੋਮਿਕ ਫੋਰਮ ਵਲੋਂ ਵੁਮੈਨ ਇਕਨੋਮਿਕ ਐਵਾਰਡ, ਅਬਦੁਲ ਕਲਾਮ ਐਜੂਕੇਸ਼ਨ ਐਵਾਰਡ, ਖੱਤਰੀ ਗੌਰਵ ਐਵਾਰਡ ਤੇ ਨਾਰੀ ਸ਼ਕਤੀ ਐਵਾਰਡ ਸ਼ਾਮਿਲ ਹਨ। ਉਹ ਆਪਣੇ ਜੀਵਨ ਸਾਥੀ ਸੁਖਪ੍ਰੀਤ ਸਿੰਘ (ਰੂਬਨ ਕੋਹਲੀ) ਤੇ ਆਪਣੀ ਬੇਟੀ ਅਸੀਸਪ੍ਰੀਤ ਕੌਰ ਤੇ ਬੇਟੇ ਗੁਰਅਸੀਸ ਸਿੰਘ ਨਾਲ ਸਫਲ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅੱਗੇ ਵਧਣ ਵਿਚ ਉਨ੍ਹਾਂ ਦੇ ਪਤੀ, ਉਨ੍ਹਾਂ ਦੇ ਸਹੁਰਾ ਸ. ਪ੍ਰਿਤਪਾਲ ਸਿੰਘ ਕੋਹਲੀ, ਸੱਸ ਸ੍ਰੀਮਤੀ ਇੰਦਰਜੀਤ ਕੌਰ ਦਾ ਬਹੁਤ ਵੱਡਾ ਯੋਗਦਾਨ ਹੈ, ਉਹ ਪੰਜਾਬ ਦੇ ਸਕੂਲਾਂ ਵਿਚ ਸ਼ਖ਼ਸੀਅਤ ਨਿਖਾਰ ਦੀਆਂ ਅਨੇਕਾਂ ਟੀਚਰ ਟਰੇਨਿੰਗ ਵਰਕਸ਼ਾਪਾਂ ਕਰਵਾ ਚੁੱਕੇ ਹਨ ਤੇ ਦੇਸ਼-ਵਿਦੇਸ਼ ਦੇ ਮੰਚਾਂ 'ਤੇ ਵੀ ਉਨ੍ਹਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮਾਣ ਹਾਸਿਲ ਹੋਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਿਆ ਸਮਾਜ ਵਿਚ ਬਦਲਾਅ ਲਿਆਉਣ ਦੀ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਤੇ ਇਸੇ ਮਕਸਦ ਨਾਲ ਉਹ ਨਿਰੰਤਰ ਸਿੱਖਿਆ ਤੇ ਸਮਾਜ ਦੇ ਖੇਤਰ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਵਾਹਿਗੁਰੂ ਕਰੇ ਭਵਦੀਪ ਕੋਹਲੀ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣ।
-ਜ਼ਿਲ੍ਹਾ ਇੰਚਾਰਜ 'ਅਜੀਤ' ਉਪ ਦਫ਼ਤਰ ਮੋਗਾ
ਮੋਬਾ: 98147-75510