02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

...ਤਾਂ ਜੋ ਕਿਸੇ ਰੁੱਝੇ ਵਿਅਕਤੀ ਦੀ ਨਾ ਹੋਵੇ ਇਕਾਗਰਤਾ ਭੰਗ

Ad Position 21
No active advertisement
ਅਜੀਤ ਡੈਸਕ 23-07-2026

ਅਕਸਰ ਹੀ ਆਪਣੇ ਦਫ਼ਤਰ, ਕਲੀਨਿਕ ਜਾਂ ਕਿਸੇ ਵੀ ਨਿੱਜੀ ਕੰਮਕਾਰ ਵਾਲੀ ਥਾਂ ਵਿਖੇ ਕੰਮ-ਕਾਜ, ਡਿਊਟੀ ਦੌਰਾਨ ਸਾਡਾ ਨਿੱਤ ਦਿਨ ਵਾਹ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨਾਲ ਪੈਂਦਾ ਹੀ ਰਹਿੰਦਾ ਹੈ। ਭਾਵੇਂ ਬਹੁਤ ਸਾਰੇ ਔਰਤ-ਮਰਦ ਤਾਂ ਕੰਮ ਹੀ ਪੂਜਾ ਹੈ, ਦੀ ਧਾਰਨਾ 'ਤੇ ਚਲਦਿਆਂ ਸੁਭਾਵਿਕ ਹੀ ਪੂਰੀ ਇਕਾਗਰਤਾ ਨਾਲ ਸਮੇਂ ਦੀ ਕਦਰ ਕਰਦਿਆਂ ਆਪਣੇ ਰੋਜ਼ਮਰ੍ਹਾ ਦੇ ਕੰਮਾਂ, ਰੁਝੇਵਿਆਂ 'ਚ ਰਲਗੱਡ ਰਹਿੰਦੇ ਹਨ, ਪਰ ਇਸ ਦੇ ਉਲਟ ਅਜਿਹੇ ਸ਼ਖ਼ਸ ਵੀ ਹੁੰਦੇ ਹਨ ਜੋ ਕਿ ਖ਼ੁਦ ਤਾਂ ਆਪਣੇ ਕੰਮਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਸਮੇਂ-ਸਮੇਂ, ਆਨੇ-ਬਹਾਨੇ ਬਿਨਾਂ ਕਿਸੇ ਠੋਸ ਕਾਰਨ ਦੂਜਿਆਂ ਨੂੰ ਤੰਗ ਕਰਨ, ਸਮਾਂ ਬਰਬਾਦ ਕਰਨ ਪਹੁੰਚ ਹੀ ਜਾਂਦੇ ਹਨ। ਭਾਵੇਂ ਸਿਸ਼ਟਾਚਾਰ, ਭਰਾਤਰੀ ਭਾਵ ਨੂੰ ਮੂਹਰੇ ਰੱਖਦਿਆਂ ਅਸੀਂ ਉਨ੍ਹਾਂ ਨੂੰ ਕੁਝ ਵੀ ਨਹੀਂ ਕਹਿ ਸਕਦੇ ਪਰ ਉਨ੍ਹਾਂ ਨੂੰ ਇਸ ਪ੍ਰਤੀ ਅਹਿਸਾਸ ਕਿਵੇਂ ਕਰਵਾਉਣਾ ਜਾਂ ਨਜਿੱਠਣਾ ਹੈ, ਉਸ ਬਾਰੇ ਕੁਝ ਨੁਕਤੇ ਵਿਚਾਰ-ਗੋਚਰੇ ਹਨ।
ਮੰਨ ਲਵੋ... ਤੁਸੀਂ ਆਪਣੇ ਦਫ਼ਤਰ ਦੀਆਂ ਫਾਈਲਾਂ, ਜ਼ਰੂਰੀ ਕੰਮਾਂ ਦੇ ਨਿਪਟਾਰੇ 'ਚ ਰੁੱਝੇ ਹੋਏ ਹੋ। ਇਸ ਸਮੇਂ ਕਈ ਵਾਰ ਤੁਹਾਡੇ ਮੋਬਾਈਲ ਫੋਨ ਦੀ ਘੰਟੀ ਵੀ ਇਕਾਗਰਤਾ ਭੰਗ ਕਰ ਸਕਦੀ ਹੈ। ਕਦੇ ਤੁਹਾਡੇ ਪਤੀ/ਪਤਨੀ ਦਾ ਫੋਨ ਆ ਜਾਂਦਾ ਹੈ, ਕਦੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਵੀ ਤੁਹਾਨੂੰ ਯਾਦ ਕਰਦਿਆਂ ਫੋਨ ਕਰਦੇ ਹਨ। ਜਦ ਕਿ ਉਹ ਸਾਰੇ ਭਲੀ-ਭਾਂਤ ਜਾਣਦੇ ਵੀ ਹੁੰਦੇ ਹਨ ਕਿ ਤੁਹਾਡਾ ਇਹ ਸਮਾਂ ਅਤੀ ਰੁਝੇਵਿਆਂ ਭਰਪੂਰ ਹੁੰਦਾ ਹੈ ਅਤੇ ਇਹ ਗ਼ੈਰ-ਜ਼ਰੂਰੀ ਆਮ ਜਿਹੀ ਗੱਲ ਬਾਅਦ 'ਚ ਵਿਹਲੇ ਸਮੇਂ ਵੀ ਕੀਤੀ ਜਾ ਸਕਦੀ ਹੈ।
ਜੇ ਤੁਸੀਂ ਆਪਣੇ ਫੋਨ ਨੂੰ ਬੰਦ ਕਰਦੇ ਹੋ ਤਾਂ ਕੀ ਪਤਾ ਕਦੇ ਕੋਈ ਅਤੀ ਜ਼ਰੂਰੀ ਕੰਮ ਜਾਂ ਘਰੇਲੂ ਐਮਰਜੈਂਸੀ ਵੀ ਹੋ ਸਕਦੀ ਹੈ।
ਇਸ ਲਈ ਤੁਸੀਂ ਆਪਣੇ ਫੋਨ 'ਤੇ 'ਕਿਰਪਾ ਕਰਕੇ ਮੈਂ ਰੁੱਝਿਆ ਹੋਣ ਕਰਕੇ ਫੋਨ ਨਹੀਂ ਸੁਣ ਸਕਦਾ', ਵਾਲੇ ਰਿਕਾਰਡ ਕੀਤੇ ਮੈਸੇਜ ਦੀ ਵਰਤੋਂ ਕਰ ਸਕਦੇ ਹੋ।
ਵੇਖਿਆ ਜਾਵੇ ਤਾਂ ਹਰ ਵਿਭਾਗ, ਕੰਪਨੀ ਦੇ ਅਧਿਕਾਰੀਆਂ-ਕਰਮਚਾਰੀਆਂ ਦਾ ਕਦੇ ਕਦਾਈਂ ਵਾਹ ਬੇ-ਸਮਾਂ ਡਿਸਟਰਬ ਕਰਨ ਵਾਲਿਆਂ ਨਾਲ ਪੈਂਦਾ ਹੀ ਹੈ। ਕਈਆਂ ਨੇ ਤਾਂ ਸਿੱਧਾ-ਸਾਧਾ ਹੱਲ ਲੱਭਿਆ ਹੈ ਕਿ ਉਥੇ ਵਾਧੂ ਕੁਰਸੀ ਹੀ ਨਾ ਰੱਖੀ ਜਾਵੇ। ਅਗਲਾ ਗੱਪ-ਸ਼ੱਪ ਜਾਂ ਬੇਸਿਰ ਪੈਰੀਆਂ ਗੱਲਾਂ ਮਾਰਨ ਲਈ ਕਿੰਨਾ ਕੁ ਸਮਾਂ ਉਥੇ ਖੜ੍ਹਾ ਰਹੇਗਾ?
ਦਰਅਸਲ ਸੰਬੰਧਿਤ ਸਰਕਾਰੀ, ਗ਼ੈਰ-ਸਰਕਾਰੀ ਵਿਭਾਗਾਂ, ਕੰਪਨੀਆਂ ਵਾਲੇ ਏਨੇ ਵੀ ਗ਼ੈਰ-ਜ਼ਿੰਮੇਵਾਰ ਨਹੀਂ ਹੁੰਦੇ ਕਿ ਉਹ ਆਪਣੇ ਗਾਹਕਾਂ, ਪਾਰਟੀਆਂ ਜਾਂ ਬੰਦਿਆਂ ਦਾ ਖਿਆਲ ਹੀ ਨਾ ਰੱਖਦੇ ਹੋਣ। ਕੀ ਪਤਾ ਕਿਸੇ ਅਧਿਕਾਰੀ, ਮੁਲਾਜ਼ਮ ਦਾ ਕੋਈ ਪਿਆਰਾ ਦੋਸਤ, ਰਿਸ਼ਤੇਦਾਰ ਵੀ ਤਾਂ ਆ ਸਕਦਾ ਹੈ। ਇਸ ਲਈ ਉਥੇ ਵੇਟਿੰਗ ਜਾਂ ਵਿਜ਼ਿਟਰ ਰੂਮ 'ਚ ਬੈਠਣ ਲਈ ਸੋਫ਼ੇ-ਕੁਰਸੀਆਂ, ਏਅਰ ਕੰਡੀਸ਼ਨਰ, ਪੀਣ ਲਈ ਠੰਢੇ ਪਾਣੀ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੁੰਦਾ ਹੈ।
ਤੁਹਾਡੀ ਸਮਝ-ਸੋਚ ਮੁਤਾਬਿਕ ਉਪਰੋਕਤ ਕਿਸਮ ਦਾ ਕੋਈ ਵਿਅਕਤੀ ਤੁਹਾਡੇ ਕੰਮ-ਕਾਰ ਵਾਲੇ ਸਥਾਨ 'ਤੇ ਆਇਆ ਹੈ ਅਤੇ ਤੁਹਾਡੇ ਕੋਲ ਸਿਰ ਖੁਰਕਣ ਦਾ ਵੀ ਵਿਹਲ ਨਹੀਂ ਹੈ ਤਾਂ ਸਿੱਧਾ, ਸਖ਼ਤ ਲਹਿਜਾ, ਗੁੱਸਾ ਦਿਖਾਉਣ ਦੀ ਬਜਾਏ ਨਿਮਰਤਾ ਨਾਲ ਵਾਰ-ਵਾਰ ਘੜੀ ਵੱਲ ਨਜ਼ਰ ਮਾਰਦਿਆਂ, ਚਿਹਰੇ ਦੇ ਹਾਵ-ਭਾਵ, ਸਹੀ ਸ਼ਬਦਾਂ ਨਾਲ ਉਸ ਨੂੰ ਅਹਿਸਾਸ ਕਰਵਾਓ ਕਿ ਉਹ ਸਹੀ ਸਮੇਂ 'ਤੇ ਨਹੀਂ ਆਇਆ ਹੈ। ਸ਼ਿਸ਼ਟਾਚਾਰ ਦੀ ਸਾਰਥਿਕ ਵਰਤੋਂ ਕਰਦਿਆਂ ਤੁਸੀਂ ਕਹਿ ਸਕਦੇ ਹੋ ਕਿ 'ਜੀ! ਇਨ੍ਹਾਂ ਦਿਨਾਂ 'ਚ ਕੰਮ ਦਾ ਬੋਝ ਵਧੇਰੇ ਹੋਣ ਕਰਕੇ ਮਜਬੂਰੀ ਹੈ। ਅਗਲਾ ਮੌਕੇ ਦੀ ਨਜ਼ਾਕਤ ਸਮਝਦਿਆਂ ਜਲਦੀ ਹੀ ਉਥੋਂ ਵਿਦਾ ਹੋ ਜਾਵੇਗਾ।
-ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ)।

Ad Position 22
No active advertisement
ਪਿਛਲੀ ਖ਼ਬਰ ਮਸਰ ਦੀ ਦਾਲ ਨਾਲ ਗੁਲਾਬੀ ਨਿਖਾਰ ਅਗਲੀ ਖ਼ਬਰ ਰਸੋਈ ਬਗ਼ੀਚੀ ਦੀ ਦੇਖਭਾਲ ਸਮੇਂ ਨਾ ਕਰੋ ਇਹ ਆਮ ਗ਼ਲਤੀਆਂ...
Ad Position 24
No active advertisement