(ਲੜੀ ਜੋੜਨ ਲਈ ਪਿਛਲ ਸਨਿਚਰਵਾਰ ਦਾ ਅੰਕ ਦੇਖੋ)
-14-ਕਾਰ ਵਿਚ ਇਕ ਬੱਚਾ ਦਾਦਾ ਜੀ ਨਾਲ ਅਤੇ ਇਕ ਦਾਦੀ ਜੀ ਨਾਲ ਲੱਗ ਕੇ ਬੈਠ ਗਏ | ਦਾਦਾ ਜੀ-ਦਾਦੀ ਜੀ ਉਨ੍ਹਾਂ ਦੀ ਪਿੱਠ 'ਤੇ ਪਿਆਰ ਨਾਲ ਹੱਥ ਫੇਰਦੇ ਕਿਸੇ ਅਤੀਤ ਵਿਚ ਗਵਾਚ ਗਏ ਲਗਦੇ ਸਨ |
ਕਾਰ ਦਾਦਾ ਜੀ ਦੇ ਘਰ ਅੱਗੇ ਆ ਕੇ ਰੁਕ ਗਈ | ਬੱ ਚਿਆਂ ਨੇ ਦਾਦਾ ਜੀ-ਦਾਦੀ ਜੀ ਨੂੰ ਬੜੇ ਆਰਾਮ ਨਾਲ ਕਾਰ 'ਚੋਂ ਉਤਾਰਿਆ | ਦਾਦਾ ਜੀ ਨੇ ਘਰ ਦਾ ਜਿੰਦਰਾ ਖੋਲਿ੍ਹਆ ਅਤੇ ਸਾਰੇ ਅੰਦਰ ਚਲੇ ਗਏ | ਸੋਨੂੰ ਅਤੇ ਜੱਸ ਨੇ ਦਾਦੀ ਜੀ ਨੂੰ ਬਾਹਵਾਂ ਤੋਂ ਫੜਿਆ ਹੋਇਆ ਸੀ, ਉਹ ਉਨ੍ਹਾਂ ਨੂੰ ਸਿੱਧਾ ਉਨ੍ਹਾਂ ਦੇ ਮੰਜੇ 'ਤੇ ਲੈ ਗਏ ਅਤੇ ਉਨ੍ਹਾਂ ਨੂੰ ਥੋੜ੍ਹੀ ਦੇਰ ਲੇਟ ਜਾਣ ਲਈ ਕਿਹਾ |
ਦਾਦੀ ਜੀ ਨੂੰ ਲਿਟਾ ਕੇ ਸੋਨੂੰ ਅਤੇ ਜੱਸ, ਦਾਦਾ ਜੀ ਕੋਲ ਆ ਗਏ | ਮੀਕਾ ਅਤੇ ਬਿੱਲੂ ਪਹਿਲਾਂ ਹੀ ਦਾਦਾ ਜੀ ਦੇ ਸੱਜੇ-ਖੱ ਬੇ ਬੈਠੇ ਸਨ ਅਤੇ ਮੀਕੇ ਦੇ ਪਾਪਾ ਸਾਹਮਣੇ ਪਾਸੇ | ਦਾਦਾ ਜੀ ਹੁਣ ਖ਼ੁਸ਼ ਲੱਗ ਰਹੇ ਸਨ | ਦਾਦਾ ਜੀ ਨੇ ਕਹਿਣਾ ਸ਼ੁਰੂ ਕੀਤਾ, 'ਪਿਆਰੇ ਪਿਆਰੇ ਬੱ ਚਿਓ, ਤੁਸੀਂ ਅਤੇ ਤੁਹਾਡੇ ਮਾਤਾ-ਪਿਤਾ ਨੇ ਸਾਡਾ ਅੱਜ ਦਾ ਦਿਨ ਐਨਾ ਖ਼ੂਬਸੂਰਤ ਬਣਾ ਦਿੱਤਾ ਕਿ ਇਹ ਇਕ ਅਭੁੱਲ ਯਾਦ ਬਣ ਕੇ ਸਾਡੇ ਦੋਹਾਂ ਦੇ ਦਿਲ ਵਿਚ ਹਮੇਸ਼ਾ ਤਰੋ-ਤਾਜ਼ਾ ਰਹੇਗੀ |' ਇਹ ਕਹਿੰ ਦਿਆਂ ਦਾਦਾ ਜੀ ਨੇ ਚਾਰਾਂ ਬੱ ਚਿਆਂ ਨੂੰ ਘੁੱਟ ਕੇ ਜੱਫੀ ਪਾ ਲਈ | ਉਸ ਤੋਂ ਬਾਅਦ ਮੀਕੇ ਦੇ ਪਾਪਾ ਨੂੰ ਵੀ ਕੋਲ ਬੁਲਾ ਕੇ ਜੱਫੀ ਵਿਚ ਲੈ ਲਿਆ |
ਦਾਦਾ ਜੀ ਨੇ ਫੇਰ ਕਹਿਣਾ ਸ਼ੁਰੂ ਕੀਤਾ, 'ਬੱ ਚਿਓ, ਮੈਂ ਜੋ ਹੁਣ ਕਹਿਣ ਲੱਗਾ ਹਾਂ, ਉਹ ਗੱਲਾਂ ਧਿਆਨ ਨਾਲ ਸੁਣਨੀਆਂ ਅਤੇ ਉਨ੍ਹਾਂ ਉੱਤੇ ਅਮਲ ਵੀ ਕਰਨਾ |'
'ਅਸੀਂ ਤੇ ਤੁਹਾਡੀ ਹਰ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ,' ਸੋਨੂੰ ਨੇ ਕਿਹਾ |
'ਉਹ ਤੇ ਮੈਨੂੰ ਪਤੈ, ਤਾਂ ਹੀ ਤੁਹਾਨੂੰ ਦੱਸਣ ਲੱਗਾਂ | ਪਹਿਲੀ ਗੱਲ ਤੇ ਇਹ ਹੈ ਕਿ ਜੋ ਖੇਚਲ ਤੁਸੀਂ ਅਤੇ ਤੁਹਾਡੇ ਮਾਤਾ-ਪਿਤਾ ਨੇ ਅੱਜ ਕੀਤੀ ਹੈ, ਇਹ ਅੱਗੇ ਤੋਂ ਦੁਬਾਰਾ ਨਹੀਂ ਕਰਨੀ | ਜੇ ਇਸੇ ਤਰ੍ਹਾਂ ਦੁਬਾਰਾ ਹੋਇਆ ਤਾਂ ਫੇਰ ਅਸੀਂ ਤੁਹਾਡੇ ਕਿਸੇ ਦੇ ਵੀ ਘਰ ਮੁੜ ਕੇ ਨਹੀਂ ਆਵਾਂਗੇ |'
ਦਾਦਾ ਜੀ ਦੀ ਗੱਲ ਸੁਣ ਕੇ ਮੀਕੇ ਦੇ ਪਾਪਾ ਕਹਿਣ ਲੱਗੇ, 'ਦਾਰ ਜੀ, ਖੇਚਲ ਤੇ ਅਸੀਂ ਕੋਈ ਵੀ ਨਹੀਂ ਕੀਤੀ | ਸਾਰੇ ਆਪੋ-ਆਪਣੇ ਘਰੋਂ ਰੋਟੀ ਬਣਾ ਲਿਆਏ ਅਤੇ ਅਸੀਂ ਸਾਰਿਆਂ ਨੇ ਰਲ ਕੇ ਖਾ ਲਈ |'
'ਤੁਹਾਡੇ ਚਾਰਾਂ ਦੇ ਘਰ ਸਾਡੇ ਆਪਣੇ ਘਰ ਹਨ | ਸਾਨੂੰ ਜਿਸ ਚੀਜ਼ ਦੀ ਵੀ ਲੋੜ ਹੋਏਗੀ ਅਸੀਂ ਆਪੇ ਲੈ ਲਵਾਂਗੇ |'
'ਠੀਕ ਐ ਦਾਦਾ ਜੀ, ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ,' ਜੱਸ ਨੇ ਸੰਖੇਪ ਵਿਚ ਦਾਦਾ ਜੀ ਦੀ ਗੱਲ ਦਾ ਜਵਾਬ ਦੇ ਦਿੱਤਾ |
ਦਾਦਾ ਜੀ ਨੇ ਫੇਰ ਕਹਿਣਾ ਸ਼ੁਰੂ ਕੀਤਾ, 'ਦੂਸਰੀ ਗੱਲ ਇਹ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਆਪਣਾ ਪੂਰਾ ਧਿਆਨ ਪੜ੍ਹਾਈ ਵੱਲ ਲਗਾਓ ਅਤੇ ਵੱਧ ਤੋਂ ਵੱਧ ਨੰਬਰ ਲਵੋ | ਸਾਡੇ ਦੋਹਾਂ ਲਈ ਇਸ ਤੋਂ ਵੱਧ ਖ਼ੁਸ਼ੀ ਵਾਲੀ ਗੱਲ ਕੋਈ ਨਹੀਂ ਹੋਏਗੀ, ਜਿਸ ਦਿਨ ਸਾਨੂੰ ਪਤਾ ਲੱਗੇਗਾ ਕਿ ਸਾਡੇ ਚਾਰੇ ਪੋਤਰਿਆਂ ਦਾ ਨਾਂ ਬੋਰਡ ਦੀ ਮੈਰਿਟ ਲਿਸਟ ਵਿਚ ਆਇਆ ਹੈ | ਉਸ ਤੋਂ ਬਾਅਦ ਤੁਸੀਂ ਚੰਗੇ-ਚੰਗੇ ਪ੍ਰੋਫ਼ੈਸ਼ਨਲ ਕਾਲਜਾਂ ਵਿਚ ਪੜ੍ਹਾਈ ਕਰਕੇ ਵੱਡੇ-ਵੱਡੇ ਅਹੁਦਿਆਂ ਉੱਤੇ ਕੰਮ ਕਰੋ | ਆਪਣਾ, ਆਪਣੇ ਮਾਤਾ-ਪਿਤਾ ਦਾ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰੋ |'
(ਬਾਕੀ ਅਗਲੇ ਅੰਕ 'ਚ)
-ਮੋਬਾਈਲ : 98889-24664