ਸਾਡੀ ਦਿ੍ਸ਼ਟੀ ਤੇ ਹੀ ਸਾਡਾ ਦਿ੍ਸ਼ਟੀਕੋਣ ਨਿਰਭਰ ਕਰਦਾ ਹੈ | ਜਿਸ ਤਰ੍ਹਾਂ ਦਾ ਵੀ ਅਸੀਂ ਕਿਸੇ ਪ੍ਰਤੀ ਨਜ਼ਰੀਆ ਰੱਖਦੇ ਹਾਂ, ਅਸੀਂ ਉਸ ਇਨਸਾਨ ਨਾਲ ਉਸ ਤਰ੍ਹਾਂ ਦਾ ਹੀ ਵਤੀਰਾ ਕਰਨ ਲੱਗ ਜਾਂਦੇ ਹਾਂ | ਕਿਸੇ ਪ੍ਰਤੀ ਜੇ ਸਾਡੀ ਸੋਚ ਵਧੀਆ ਹੁੰਦੀ ਹੈ, ਸਾਡਾ ਉਸ ਨਾਲ ਪਿਆਰ ਵਧ ਜਾਂਦਾ ਹੈ | ਅਸੀਂ ਹਮੇਸ਼ਾ ਹੀ ਸੁੱਖ ਦੁੱਖ ਦੇ ਭਾਗੀਦਾਰ ਬਣ ਜਾਂਦੇ ਹਾਂ | ਜਦੋਂ ਅਸੀਂ ਕਿਸੇ ਪ੍ਰਤੀ ਨਾਂਹ-ਪੱਖੀ ਸੋਚ ਰੱਖਦੇ ਹਾਂ, ਤਾਂ ਸਾਡਾ ਉਸਦੇ ਪ੍ਰਤੀ ਵਤੀਰਾ ਹੀ ਨਫ਼ਰਤ ਵਾਲਾ ਬਣ ਜਾਂਦਾ ਹੈ | ਸਾਡੇ ਮਨ ਵਿੱਚ ਉਸਦੇ ਪ੍ਰਤੀ ਈਰਖਾ, ਵੈਰ, ਨਫ਼ਰਤ ਵਧਦਾ ਚਲਿਆ ਜਾਂਦਾ ਹੈ | ਸਾਨੂੰ ਆਪਣੀ ਸੋਚ ਨੂੰ ਹਮੇਸ਼ਾ ਹੀ ਵਧੀਆ ਰੱਖਣਾ ਪਵੇਗਾ | ਸਕਾਰਾਤਮਕ ਸੋਚ, ਚੰਗੇ ਵਿਚਾਰ, ਸਾਨੂੰ ਉੱਚੇ ਤੋਂ ਉੱਚੇ ਰੁਤਬੇ ਤੱਕ ਲੈ ਜਾਂਦੇ ਹਨ | ਛੋਟੀ ਤੋਂ ਛੋਟੀ ਮੰਜ਼ਿਲ ਵੀ ਅਸੀਂ ਸਕਾਰਾਤਮਕ ਸੋਚ ਨਾਲ ਸਰ ਕਰ ਸਕਦੇ ਹਾਂ | ਵੱਡੇ ਤੋਂ ਵੱਡਾ ਮੁਕਾਮ ਹਾਸਿਲ ਕਰਨ ਲਈ ਜੇ ਅਸੀਂ ਪਹਿਲਾਂ ਹੀ ਨਕਾਰਾਤਮਕ ਵਿਚਾਰਾਂ ਨਾਲ ਘਿਰ ਗਏ, ਤਾਂ ਮਿਹਨਤ ਕਰਨ ਦੇ ਬਾਵਜੂਦ ਵੀ ਅਸੀਂ ਉਸਨੂੰ ਹਾਸਿਲ ਨਹੀਂ ਕਰ ਪਾਵਾਂਗੇ | ਹਾਂ ਪੱਖੀ ਨਜ਼ਰੀਆ ਸਾਨੂੰ ਹਮੇਸ਼ਾ ਹੀ ਊਰਜਾ ਪ੍ਰਦਾਨ ਕਰਦਾ ਹੈ | ਜੇ ਸਾਡੇ ਦਿਮਾਗ ਅੰਦਰ ਨਕਾਰਾਤਮਕ ਵਿਚਾਰ ਰਹਿਣਗੇ, ਅਸੀਂ ਕੋਈ ਵੀ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਵਾਂਗੇ | ਕਿਉਂਕਿ ਨਕਰਾਤਮਕ ਵਿਚਾਰ ਰੋੜਾ ਬਣ ਜਾਣਗੇ | ਦਿ੍ਸ਼ਟੀਕੋਣ ਦਾ ਸਾਡੇ ਜੀਵਨ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ | ਇਸ ਲਈ ਸਾਡੀ ਸ਼ਖ਼ਸੀਅਤ ਦੀ ਪਛਾਣ ਸਾਡੇ ਵਧੀਆ ਨਜ਼ਰੀਏ ਤੋਂ ਹੀ ਹੋਣੀ ਚਾਹੀਦੀ ਹੈ | ਸਕਾਰਾਤਮਕ ਸੋਚ ਵਾਲੇ ਇਨਸਾਨ ਕੋਲ ਹਰ ਇਨਸਾਨ ਖ਼ੁਸ਼ੀ-ਖ਼ੁਸ਼ੀ ਆਉਂਦਾ ਹੈ | ਇਹੋ ਜਿਹਾ ਇਨਸਾਨ ਨਕਾਰਾਤਮਕ ਵਿਚਾਰਾਂ ਵਾਲੇ ਨੂੰ ਵੀ ਸਕਾਰਾਤਮਕ ਵਿੱਚ ਤਬਦੀਲ ਕਰ ਦਿੰਦਾ ਹੈ | ਇਸ ਕਰਕੇ ਹਮੇਸ਼ਾ ਸਕਰਾਤਮਕ ਸੋਚ ਨਾਲ ਜ਼ਿੰਦਗੀ ਬਸਰ ਕਰੋ | ਦੁਨੀਆਂ ਵਿੱਚ ਨਕਾਰਾਤਮਕ ਵਿਚਾਰਾਂ ਵਾਲੇ ਲੋਕ ਤੁਹਾਨੂੰ ਕਦੇ ਵੀ ਅੱਗੇ ਵਧਣ ਨਹੀਂ ਦੇਣਗੇ, ਇਸ ਕਰਕੇ ਅਜਿਹੇ ਲੋਕਾਂ ਤੋਂ ਬਚੋ |
-ਮੋਹਾਲੀ | ਮੋਬਾਈਲ : 78889-66168