ਲਾਇਬਰੇਰੀ ਬੱਚਿਆਂ ਲਈ ਗਿਆਨ ਦਾ ਉਹ ਅਮੋਲਕ ਖਜ਼ਾਨਾ ਹੈ, ਜਿੱਥੇ ਸੋਚ, ਸਮਝ ਅਤੇ ਕਲਪਨਾ ਦੇ ਦਰਵਾਜ਼ੇ ਖੁੱਲ੍ਹਦੇ ਹਨ | ਇਹ ਸਿਰਫ਼ ਕਿਤਾਬਾਂ ਰੱਖਣ ਦੀ ਥਾਂ ਨਹੀਂ, ਸਗੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਦੀ ਮਜ਼ਬੂਤ ਨੀਂਹ ਹੈ | ਇੱਥੇ ਮੌਜੂਦ ਰੰਗ-ਬਿਰੰਗੀਆਂ ਕਿਤਾਬਾਂ, ਕਹਾਣੀਆਂ, ਕਵਿਤਾਵਾਂ ਅਤੇ ਤਸਵੀਰੀ ਪੁਸਤਕਾਂ ਬੱਚਿਆਂ ਦੇ ਮਨ ਨੂੰ ਆਕਰਸ਼ਿਤ ਕਰਦੀਆਂ ਹਨ | ਲਾਇਬਰੇਰੀ ਬੱਚਿਆਂ ਵਿਚ ਪੜ੍ਹਨ ਦੀ ਆਦਤ ਪੈਦਾ ਕਰਦੀ ਹੈ ਅਤੇ ਉਨ੍ਹਾਂ ਨੂੰ ਕਿਤਾਬਾਂ ਨਾਲ ਪਿਆਰ ਕਰਨਾ ਸਿਖਾਉਂਦੀ ਹੈ | ਜਦੋਂ ਬੱਚੇ ਛੋਟੀ ਉਮਰ ਤੋਂ ਲਾਇਬਰੇਰੀ ਨਾਲ ਜੁੜਦੇ ਹਨ, ਤਾਂ ਉਹ ਸਿੱਖਣ ਵੱਲ ਹੋਰ ਉਤਸ਼ਾਹੀ ਬਣਦੇ ਹਨ |
ਲਾਇਬਰੇਰੀ ਵਿਚ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਮਿਲਦੀ ਹੈ | ਕਹਾਣੀ ਪੁਸਤਕਾਂ ਉਨ੍ਹਾਂ ਦੀ ਕਲਪਨਾ ਸ਼ਕਤੀ ਨੂੰ ਵਿਕਸਤ ਕਰਦੀਆਂ ਹਨ, ਜਦ ਕਿ ਵਿਗਿਆਨ ਅਤੇ ਸਧਾਰਣ ਗਿਆਨ ਦੀਆਂ ਕਿਤਾਬਾਂ ਉਨ੍ਹਾਂ ਦੀ ਸੋਚ ਨੂੰ ਤਰਕਸੰਗਤ ਬਣਾਉਂਦੀਆਂ ਹਨ | ਜੀਵਨੀਆਂ, ਨਿਬੰਧ ਅਤੇ ਲੇਖ ਰਚਨਾਵਾਂ ਪੜ੍ਹ ਕੇ ਬੱਚੇ ਮਹਾਨ ਵਿਅਕਤੀਆਂ ਤੋਂ ਪ੍ਰੇਰਨਾ ਲੈਂਦੇ ਹਨ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਲਾਲਸਾ ਰੱਖਦੇ ਹਨ |
ਲਾਇਬਰੇਰੀ ਦਾ ਸ਼ਾਂਤ ਮਾਹੌਲ ਬੱਚਿਆਂ 'ਚ ਧਿਆਨ ਨਾਲ ਪੜ੍ਹਨ ਦੀ ਆਦਤ ਪੈਦਾ ਕਰਦਾ ਹੈ | ਇੱਥੇ ਬੱਚੇ ਅਨੁਸ਼ਾਸਨ, ਸਮਾਂ ਪ੍ਰਬੰਧਨ ਅਤੇ ਸਾਂਝੀ ਸੰਪਤੀ ਦੀ ਸੰਭਾਲ ਵਰਗੀਆਂ ਚੰਗੀਆਂ ਗੱਲਾਂ ਵੀ ਸਿੱਖਦੇ ਹਨ | ਲਾਇਬਰੇਰੀ ਬੱਚਿਆਂ ਦੇ ਸ਼ਬਦ ਭੰਡਾਰ ਵਿਚ ਵਾਧਾ ਕਰਦੀ ਹੈ ਅਤੇ ਉਹਨਾਂ ਦੀ ਭਾਸ਼ਾ ਦੀ ਯੋਗਤਾ ਨੂੰ ਨਿਖਾਰਦੀ ਹੈ |
ਅੱਜ ਦੇ ਡਿਜ਼ੀਟਲ ਯੁੱਗ ਵਿਚ ਵੀ ਲਾਇਬਰੇਰੀ ਦੀ ਮਹੱਤਤਾ ਕਾਇਮ ਹੈ | ਈ-ਕਿਤਾਬਾਂ ਅਤੇ ਆਡੀਓ ਕਹਾਣੀਆਂ ਬੱਚਿਆਂ ਲਈ ਸਿੱਖਿਆ ਨੂੰ ਹੋਰ ਦਿਲਚਸਪ ਬਣਾਉਂਦੀਆਂ ਹਨ | ਇਸ ਤਰ੍ਹਾਂ ਲਾਇਬਰੇਰੀ ਬੱਚਿਆਂ ਲਈ ਸੱਚਮੁੱਚ ਗਿਆਨ ਦਾ ਖਜ਼ਾਨਾ ਹੈ | ਮਾਪਿਆਂ ਅਤੇ ਅਧਿਆਪਕਾਂ ਦਾ ਵੀ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਲਾਇਬਰੇਰੀ ਨਾਲ ਜੋੜਨ, ਤਾਂ ਜੋ ਉਹ ਪੜ੍ਹਨ ਦੀ ਲਗਨ ਵਿਕਸਤ ਕਰਕੇ ਗਿਆਨਵਾਨ, ਸੰਸਕਾਰੀ ਅਤੇ ਸਮਝਦਾਰ ਨਾਗਰਿਕ ਬਣ ਸਕਣ |
ਐਵਾਰਡੀ), ਮੁੱਖ ਅਧਿਆਪਕ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ (ਬਠਿੰਡਾ)
ਮੋਬਾਈਲ : 98720-89538