(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਐਨ ਉਸੇ ਸਮੇਂ ਨਾਨੀ ਜੀ ਕਮਰੇ ਵਿਚ ਆਏ। ਸਿਮਰਨ ਨੂੰ ਮੋਬਾਈਲ ਦੇਖਦਿਆਂ ਵੇਖ ਕੇ ਬੋਲੇ, 'ਅੱਛਿਆ? ਚਲਾਕੀ? ਐਂ ਨਹੀਂ ਬਈ...ਸੋਚ ਕੇ ਦੱਸ...? ਗੂਗਲ ਬਾਬੇ ਨੂੰ ਨਾ ਪੁੱਛ..।'
ਨਾਨੀ ਜੀ ਨਾਨਾ ਜੀ ਨੂੰ ਚਾਹ ਬਣਾ ਕੇ ਦੇ ਆਏ। ਦੋ ਕੱਪਾਂ ਵਿਚ ਉਹ ਆਪਣੇ ਲਈ ਵੀ ਲੈ ਆਏ।
'ਮੈਂ ਤੈਨੂੰ ਪੁੱਛ ਰਹੀ ਸਾਂ ਸਪਤ ਸਿੰਧੂ ਬਾਰੇ। ਸਪਤ-ਸਿੰਧੂ ਮਤਲਬ ਸੱਤ ਦਰਿਆ...। ਕਦੇ ਪੰਜਾਬ ਵਿਚ ਸੱਤ ਦਰਿਆ ਵਗਦੇ ਸਨ। ਇਨ੍ਹਾਂ ਸੱਤਾਂ ਦਰਿਆਵਾਂ ਦੇ ਨਾਂ ਹਰ ਕੋਈ ਆਸਾਨੀ ਨਾਲ ਨਹੀਂ ਦੱਸ ਸਕਦਾ। ਪੰਜ ਦਰਿਆਵਾਂ ਦੇ ਨਾਂ ਤਾਂ ਤੈਨੂੰ ਹੁਣ ਪਤਾ ਲੱਗ ਈ ਗਿਐ...। ਛੇਵੇਂ ਦਰਿਆ ਦਾ ਨਾਂ ਏ ਸਿੰਧ ਤੇ ਸੱਤਵੇਂ ਦਾ ਨਾਂ ਏ ਯਮੁਨਾ ਜਿਸ ਨੂੰ ਅਸੀਂ ਜਮਨਾ ਵੀ ਕਹਿ ਦਿੰਦੇ ਹਾਂ। ਸਿੰਧ ਦਰਿਆ ਲਹਿੰਦੇ ਪੰਜਾਬ ਵੱਲ ਤੇ ਜਮਨਾ ਦਰਿਆ ਚੜ੍ਹਦੇ ਪੰਜਾਬ ਵਿਚ ਵਗਦੇ ਰਹੇ ਨੇ। ਬਾਕੀ ਪੰਜ ਦਰਿਆ ਇਨ੍ਹਾਂ ਦੋਵਾਂ ਦਰਿਆਵਾਂ ਦੇ ਵਿਚਕਾਰ ਵਹਿੰਦੇ ਨੇ। ਅੱਗੋਂ ਇਨ੍ਹਾਂ ਦਰਿਆਵਾਂ ਵਿਚੋਂ ਨਿਕਲਣ ਵਾਲੀਆਂ ਨਦੀਆਂ ਵੀ ਬਹੁਤ ਮਸ਼ਹੂਰ ਹੋਈਆਂ ਜਿਵੇਂ ਇਕ ਨਦੀ ਦਾ ਨਾਂ ਸੀ ਸਰਸਵਤੀ।'
'ਸਰਸਵਤੀ' ਦਾ ਨਾਂ ਸੁਣਦਿਆਂ ਹੀ ਸਿਮਰਨ ਇਕਦਮ ਬੋਲਿਆ, 'ਨਾਨੀ ਜੀ, ਸਰਸਵਤੀ ਵਿੱਦਿਆ ਦੀ ਦੇਵੀ ਵੀ ਏ ਨਾ ਜੋ ਕਮਲ ਦੇ ਚਿੱਟੇ ਫੁੱਲ ਸੁਸ਼ੋਭਿਤ ਹੁੰਦੀ ਏ। ਉਸ ਦੇ ਹੱਥਾਂ ਵਿਚ ਸਿਤਾਰ ਹੁੰਦੀ ਏ ਤੇ ਕੋਲ ਇਕ ਚਿੱਟਾ ਹੰਸ ਵੀ ਬੈਠਾ ਹੁੰਦਾ ਏ।'
ਨਾਨੀ ਜੀ ਕਹਿਣ ਲੱਗੇ, 'ਬਿਲਕੁਲ ਠੀਕ ਕਿਹਾ ਤੂੰ। ਇਹ ਵਾਣੀ ਤੇ ਵਿੱਦਿਆ ਦੀ ਦੇਵੀ ਏ। ਇਸ ਨੂੰ ਸੰਸਕ੍ਰਿਤ ਭਾਸ਼ਾ ਅਤੇ ਹਿੰਦੀ ਦੀ ਦੇਵਨਾਗਰੀ ਲਿੱਪੀ ਦੀ ਜਨਮਦਾਤੀ ਵੀ ਮੰਨਿਆ ਜਾਂਦਾ ਏ ਪਰ ਵੇਦਾਂ ਵਿਚ ਇਸ ਦਾ ਵੀ ਜ਼ਿਕਰ ਇਕ ਪਵਿੱਤਰ ਦਰਿਆ ਵਜੋਂ ਆਉਂਦਾ ਏ। ਇਹਦੇ ਨਾਲ ਵੀ ਇਕ ਛੋਟੀ ਜਿਹੀ ਕਹਾਣੀ ਜੁੜੀ ਹੋਈ ਏ।
'ਅੱਛਿਆ, ਵਿਚੋਂ ਹੋਰ ਨਵੀਂ ਕਹਾਣੀ ਨਿਕਲ ਗਈ? ਸੁਣਾਓ...?' ਸਿਮਰਨ ਕਾਹਲਾ ਪੈ ਗਿਆ।
'ਕਹਿੰਦੇ ਨੇ ਜਦੋਂ ਇਸ ਦਰਿਆ ਨੇ ਦੈਵੀ ਸਰੂਪ ਪ੍ਰਾਪਤ ਕਰ ਲਿਆ ਤਾਂ ਇਸ ਦੇ ਕੰਢੇ ਤੇ ਲੋਕ ਆਪਣੇ ਸਮਾਜਿਕ ਰਸਮ ਰਿਵਾਜ ਕਰਨ ਲੱਗੇ। ਜਿਹੜੇ ਵੀ ਕਾਰਜ ਇਸ ਦੇ ਕੰਢੇ 'ਤੇ ਕੀਤੇ ਜਾਂਦੇ, ਉਨ੍ਹਾਂ ਨੂੰ ਪਵਿੱਤਰ ਮੰਨਿਆ ਜਾਂਦਾ। ਇਸ ਦਰਿਆ ਨੂੰ ਭਾਰਤੀ, ਪੂਤਕਾਰੀ, ਸ਼ਾਰਦਾ, ਵਾਗੀਸ਼ਵਰੀ ਤੇ ਬ੍ਰਾਹਮੀ ਦੇ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਏ।'
'ਪਰ ਨਾਨੀ ਮੰਮਾ, ਤੁਸੀਂ ਇਹ ਤਾਂ ਦੱਸਿਆ ਨਹੀਂ ਕਿ ਸਰਸਵਤੀ ਦਰਿਆ ਕਿੱਥੋਂ ਨਿਕਲਦਾ ਸੀ?' ਸਿਮਰਨ ਨੇ ਪੁੱਛਿਆ।
'ਵਾਹ, ਕਮਾਲ ਦਾ ਸੁਆਲ ਪੁੱਛਿਆ ਏਂ ਤੂੰ? ਇਹ ਵੀ ਦੱਸਦੀ ਆਂ। ਇਹ ਦਰਿਆ ਹਿਮਾਲਿਆ ਤੋਂ ਨਿਕਲਦਾ ਸੀ। ਪ੍ਰਾਚੀਨ ਸਮੇਂ ਵਿਚ ਇਹ ਦਰਿਆ, ਸਮੁੰਦਰ ਵਿਚ ਜਾ ਕੇ ਇਕਮਿਕ ਹੋ ਜਾਂਦਾ ਸੀ। ਇਹ ਤਾਂ ਤੈਨੂੰ ਪਤਾ ਈ ਹੋਵੇਗਾ ਨਾ ਕਿ ਦਰਿਆ ਸਮੁੰਦਰ ਨਾਲੋਂ ਛੋਟਾ ਹੁੰਦਾ ਏ। ਪਤੈ?' ਸਿਮਰਨ ਨੇ ਹਾਂ ਵਿਚ ਸਿਰ ਹਿਲਾ ਦਿੱਤਾ।
ਕਹਾਣੀ ਫਿਰ ਅੱਗੇ ਤੁਰ ਪਈ, 'ਹੌਲੀ ਹੌਲੀ ਇਹ ਦਰਿਆ ਵੀ ਇਕ ਨਦੀ ਦੇ ਰੂਪ ਵਿਚ ਬਦਲ ਗਿਆ ਅਤੇ ਸਮੁੰਦਰ ਦੀ ਥਾਂ ਰੇਤਲੇ ਥਲਾਂ ਵਿਚ ਆ ਕੇ ਲੁਪਤ ਹੋ ਗਿਆ। ਮਹਾਂਭਾਰਤ ਵਿਚ ਤਾਂ ਇਹ ਵੀ ਜ਼ਿਕਰ ਆਉਂਦਾ ਏ ਕਿ ਇਕ ਰਿਸ਼ੀ ਹੁੰਦਾ ਸੀ, ਜਿਸ ਦਾ ਨਾਂ ਉਤਥਯ ਸੀ, ਉਹਦੇ ਸਰਾਪ ਨਾਲ ਇਹ ਨਦੀ ਸੁੱਕ ਗਈ ਸੀ...।'
ਸਿਮਰਨ ਨੇ ਨਾਨੀ ਜੀ ਨੂੰ ਵਿਚੋਂ ਹੀ ਟੋਕ ਦਿੱਤਾ, 'ਉਤਥਯ? ਇਹ ਕੌਣ ਸੀ ਨਾਨੀ ਜੀ, ਪਹਿਲਾਂ ਇਹਦੇ ਬਾਰੇ ਹੀ ਦੱਸੋ...? ਬਾਕੀ ਕਹਾਣੀ ਤਾਂ ਬਾਦ ਵਿਚ ਹੀ ਸੁਣਾਂਗਾ।'
ਚਾਣਚੱਕ ਨਾਨੀ ਜੀ ਨੇ ਦੇਖਿਆ, ਨਾਨਾ ਜੀ ਉਨ੍ਹਾਂ ਕੋਲ ਦੱਬੇ ਪੈਰੀਂ ਆ ਖੜ੍ਹੇ ਹੋਏ ਸਨ। ਉਨ੍ਹਾਂ ਨੂੰ ਪਤਾ ਹੀ ਨਾ ਲੱਗਾ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)
-ਪੰਜਾਬੀ ਯੂਨੀਵਰਸਿਟੀ ਪਟਿਆਲਾ-147 002
ਮੋਬਾਈਲ : 9814423703