ਪਿਆਰੇ ਬੱਚਿਓ! ਸਾਡੀ ਪੰਜਾਬੀ ਬੋਲੀ ਦਾ ਇਕ ਬੜਾ ਹੀ ਅਰਥ-ਭਰਪੂਰ ਅਤੇ ਮਹੱਤਵਪੂਰਨ ਸ਼ਬਦ ਹੈ-'ਊਣਾ'। ਇਸ ਦਾ ਅਰਥ ਹੁੰਦਾ ਹੈ 'ਪੂਰੇ ਤੋਂ ਥੋੜ੍ਹਾ ਜਿਹਾ ਘੱਟ'। ਅਸੀਂ ਆਮ ਜ਼ਿੰਦਗੀ ਵਿਚ ਵੇਖ਼ਦੇ ਹਾਂ ਕਿ ਸਾਡੇ ਧਰਮ ਗ੍ਰੰਥ ਅਤੇ ਸੰਤ-ਮਹਾਂਪੁਰਖ ਹਮੇਸ਼ਾ ਆਖ਼ਦੇ ਹਨ ਕਿ ਜਿਊਂਦੇ ਜੀਅ ਹਰੇਕ ਮਨੁੱਖ ਅਧੂਰਾ ਜਾਂ ਊਣਾ ਹੁੰਦਾ ਹੈ ਤੇ ਜਦੋਂ ਕਿਸੇ ਦਾ ਦਿਹਾਂਤ ਹੋ ਜਾਂਦਾ ਹੈ ਤਾਂ ਲੋਕ ਆਖ਼ ਦਿੰਦੇ ਹਨ ਕਿ 'ਇਹ ਅੱਜ ਪੂਰਾ ਹੋ ਗਿਆ।' ਇਸ ਸੰਸਾਰ ਵਿਚ ਜੇਕਰ ਕੋਈ ਪੂਰਾ ਹੈ ਤਾਂ ਉਹ ਹੁੰਦਾ ਹੈ ਸਾਡਾ 'ਗੁਰੂ' ਜਾਂ ਫਿਰ ਇਸ ਸੰਸਾਰ ਨੂੰ ਚਲਾਉਣ ਵਾਲਾ 'ਪਰਮਾਤਮਾ'।
ਆਓ, ਅੱਜ 'ਊਣਾ' ਸ਼ਬਦ ਦੀ ਵਰਤੋਂ ਕਰਦਿਆਂ ਹੋਇਆਂ ਗਣਿਤ ਵਿਸ਼ੇ ਵਿਚ ਇਸ ਸ਼ਬਦ ਦੇ ਅਰਥਾਂ ਨੂੰ ਸਮਝੀਏ। ਇਸਦੇ ਨਾਲ ਹੀ ਸਾਡੇ ਰੋਜ਼ਾਨਾ ਜੀਵਨ ਵਿਚ ਵਰਤੀਆਂ ਜਾਣ ਵਾਲੀਆ ਕੁਝ ਅਜਿਹੀਆਂ ਦੋ ਅੰਕਾਂ ਵਾਲੀਆਂ ਸੰਖਿਆਵਾਂ ਦੀ ਵੀ ਗੱਲ ਕਰੀਏ ਜਿਨ੍ਹਾਂ ਨੂੰ ਪੰਜਾਬੀ ਵਿਚ ਬੋਲਣ ਤੇ ਸਮਝਣ ਲੱਗਿਆਂ ਅੰਗਰੇਜ਼ੀ ਮਾਧਿਅਮ ਵਿਚ ਪੜ੍ਹਾਈ ਕਰਨ ਵਾਲੇ ਅਧਿਕਤਰ ਬੱਚਿਆਂ ਨੂੰ ਅਕਸਰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਬੱਚਿਓ! ਜੇਕਰ ਅਸੀਂ ਇਹ ਮੰਨ ਲਈਏ ਕਿ ਗਣਿਤ ਵਿਚ 'ਊਣਾ' ਦਾ ਅਰਥ ਹੁੰਦਾ ਹੈ '1 ਅੰਕ ਘੱਟ' ਤਾਂ ਅਸੀਂ ਬਹੁਤ ਸਾਰੇ ਔਖੇ ਜਾਪਣ ਵਾਲੇ ਅੰਕਾਂ ਨੂੰ ਆਸਾਨੀ ਨਾਲ ਸਮਝ ਅਤੇ ਯਾਦ ਰੱਖ ਪਾਵਾਂਗੇ। ਆਓ 'ਊਣਾ' ਸ਼ਬਦ ਦੀ ਵਰਤੋਂ ਕਰਕੇ ਕੁਝ ਮਹੱਤਵਪੂਰਨ ਅੰਕਾਂ ਪ੍ਰਤੀ ਆਪਣੀ ਸਮਝ ਵਧਾਈਏ :
29 = ਉਨੱਤੀ (ਇਸ ਦਾ ਭਾਵ ਹੈ 'ਊਣਾ ਤੀਹ' ਅਰਥਾਤ 30 ਤੋਂ 1 ਅੰਕ ਘੱਟ)
39 = ਉਨਤਾਲੀ (ਇਸਦਾ ਭਾਵ ਹੈ 'ਊਣਾ ਚਾਲੀ' ਅਰਥਾਤ 40 ਤੋਂ 1 ਅੰਕ ਘੱਟ)
49 = ਉਨੰਜਾਹ (ਇਸਦਾ ਭਾਵ ਹੈ 'ਊਣਾ ਪੰਜਾਹ' ਅਰਥਾਤ 50 ਤੋਂ 1 ਅੰਕ ਘੱਟ)
59 = ਉਨਾਹਠ (ਇਸਦਾ ਭਾਵ ਹੈ 'ਊਣਾ ਸੱਠ' ਅਰਥਾਤ 60 ਤੋਂ 1 ਅੰਕ ਘੱਟ)
69 = ਉਨ੍ਹੱਤਰ (ਇਸਦਾ ਭਾਵ ਹੈ 'ਊਣਾ ਸੱਤਰ' ਅਰਥਾਤ 70 ਤੋਂ 1 ਅੰਕ ਘੱਟ)
79= ਉਨਾਸੀ (ਇਸਦਾ ਭਾਵ ਹੈ 'ਊਣਾ ਅੱਸੀ' ਅਰਥਾਤ 80 ਤੋਂ 1 ਅੰਕ ਘੱਟ)
89 = ਉਨਾਵਵੇਂ (ਇਸਦਾ ਭਾਵ ਹੈ 'ਊਣਾ ਨੱਬੇ' ਅਰਥਾਤ 90 ਤੋਂ 1 ਅੰਕ ਘੱਟ)
ਸੋ, ਬੱਚਿਓ, ਇਸ ਤਰ੍ਹਾਂ ਸਮਝ ਕੇ ਅਤੇ ਯਾਦ ਰੱਖ ਕੇ ਤੁਸੀਂ ਰੋਜ਼ਾਨਾ ਜੀਵਨ ਵਿਚ ਵਰਤੀਆਂ ਜਾਣ ਵਾਲੀਆਂ ਇਨ੍ਹਾਂ ਸੰਖਿਆਵਾਂ ਨੂੰ ਸਮਝਣ ਅਤੇ ਬੋਲਣ ਵਿਚ ਆਉਂਦੀ ਆਪਣੀ ਮੁਸ਼ਕਿਲ ਨੂੰ ਆਸਾਨੀ ਨਾਲ ਦੂਰ ਕਰ ਸਕਦੇ ਹੋ।
-410,ਚੰਦਰ ਨਗਰ, ਬਟਾਲਾ।
ਮੋਬਾਈਲ : 97816-46008