27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਲੜੀਵਾਰ ਬਾਲ ਨਾਵਲ-19 ਪਾਣੀ-ਪਿਤਾ

Ad Position 21
No active advertisement
ਅਜੀਤ ਡੈਸਕ 16-05-2026

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਉਸ ਦੇ ਚਾਚਾ ਜੀ ਕੁਝ ਗੁੱਸੇ ਹੋ ਗਏ | ਕਹਿਣ ਲੱਗੇ, 'ਚਲ ਜਾਹ ਅੰਦਰ ਆਵਦੀ ਮੰਮੀ ਕੋਲ | ਵੱਡੀ ਆਈ ਸਮਝਾਉਣ ਵਾਲੀ.. |'
ਅਨਹਦ ਅੰਦਰ ਚਲੀ ਗਈ |
ਚਾਚਾ ਜੀ ਆਪਣੇ ਦੋਸਤ ਨੂੰ ਕਹਿਣ ਲੱਗੇ, 'ਸਾਡੀ ਇਹ ਕੁੜੀ ਥੋੜ੍ਹੀ ਝੱਲੀ ਏ | ਐਵੇਂ ਪਾਣੀ ਬਚਾਓ ਬਚਾਓ ਦੀ ਰੱਟ ਲਾਈ ਰੱਖਦੀ ਏ | ਨਾਲੇ ਆਪਣਾ ਕਿਹੜਾ ਬਿਲ ਆਉਣੈ...? ਔਹ ਦੇਖੋ.... |'
ਇਹ ਆਖ ਕੇ ਅਨਹਦ ਦੇ ਚਾਚਾ ਜੀ ਨੇ ਮਕਾਨ ਦੇ ਬਾਹਰ ਲੱਗੇ ਖੰਭੇ ਵੱਲ ਇਸ਼ਾਰਾ ਕੀਤੀ | ਖੰਭੇ ਤੋਂ ਸਿੱਧੀ ਕੁੰਡੀ ਲਗਾ ਕੇ ਸਬਮਰਸੀਬਲ ਪੰਪ ਚਲਾਇਆ ਹੋਇਆ ਸੀ |
ਅਨਹਦ ਦੇ ਚਾਚਾ ਜੀ ਨੇ ਵੀ ਕਿਹਾ, 'ਯਾਰ, ਜੁਆਕੜੀ ਠੀਕ ਈ ਤਾਂ ਕਹਿੰਦੀ ਏ | ਉਹਦੀ ਮੰਨ ਲੈਣੀ ਚਾਹੀਦੀ ਸੀ ਤੈਨੂੰ.... | ਚਲੋ ਛੱਡੋ | ਅੱਗੇ ਸੁਣੋ... |'
ਚਾਹ ਪੀ ਕੇ ਅਨਹਦ ਦੇ ਚਾਚਾ ਜੀ ਫਿਰ ਕਾਰ ਧੋਣ ਲੱਗ ਪਏ | ਪਾਣੀ ਉਵੇਂ ਹੀ ਬੇਕਾਰ ਵਗਦਾ ਰਿਹਾ | ਤੀਜੇ ਚੌਥੇ ਦਿਨ ਫਿਰ ਉਹੀ ਹਾਲ ਹੋਇਆ | ਪਾਣੀ ਫਿਰ ਉਵੇਂ ਤੇਜ਼ ਗਤੀ ਨਾਲ ਗਲੀ-ਨਾਲੀ ਵਿਚ ਬੇਕਾਰ ਵਹਿੰਦਾ ਰਿਹਾ | ਅਨਹਦ ਆਪਣੇ ਚਾਚਾ ਜੀ ਕੋਲ ਆਈ | ਕਹਿਣ ਲੱਗੀ, 'ਚਾਚਾ ਜੀ, ਮੈਂ ਤੁਹਾਡੀ ਪ੍ਰਧਾਨ ਮੰਤਰੀ ਜੀ ਕੋਲ ਸ਼ਿਕਾਇਤ ਕਰਾਂਗੀ |'
ਇਹ ਸੁਣ ਕੇ ਉਸ ਦੇ ਚਾਚਾ ਜੀ ਜ਼ੋਰ ਨਾਲ ਹੱਸਣ ਲੱਗ ਪਏ | ਕਹਿਣ ਲੱਗੇ, 'ਅੱਛਿਆ? ਪ੍ਰਧਾਨ ਮੰਤਰੀ ਜੀ ਕੋਲ? ਮੂੰਹ ਤਾਂ ਅਜੇ ਤੈਨੂੰ ਧੋਣਾ ਨਹੀਂ ਆਉਂਦਾ | ਸ਼ਕਲ ਵੇਖੀ ਏ ਆਪਣੀ? ਵੱਡੀ ਆਈ ਏ ਪ੍ਰਧਾਨ ਮੰਤਰੀ ਕੋਲ ਮੇਰੀ ਸ਼ਿਕਾਇਤ ਕਰਨ ਵਾਲੀ.. | ਨਾਲੇ ਪ੍ਰਧਾਨ ਮੰਤਰੀ ਤਾਂ ਤੇਰੀ ਸ਼ਿਕਾਇਤ ਨੂੰ ਹੀ ਉਡੀਕ ਰਹੇ ਹੋਣਗੇ... |'
ਇਹ ਸੁਣ ਕੇ ਅਨਹਦ ਨੂੰ ਵੀ ਗੁੱਸਾ ਚੜ੍ਹ ਆਇਆ |
'ਚੜ੍ਹਨਾ ਈ ਸੀ | ਉਹਦੇ ਚਾਚੇ ਦੀ ਗ਼ਲਤੀ ਜੁ ਸੀ | ਉਨ੍ਹਾਂ ਨੂੰ ਅਨਹਦ ਦੀ ਗੱਲ ਮੰਨਣੀ ਚਾਹੀਦੀ ਸੀ |' ਨਾਨੀ ਜੀ ਨੇ ਅਨਹਦ ਦਾ ਪੱਖ ਪੂਰਦਿਆਂ ਕਿਹਾ |
ਸਿਮਰਨ ਨੇ ਗੱਲ ਜਾਰੀ ਰੱਖੀ, 'ਅਨਹਦ ਕਹਿੰਦੀ, ਚਾਚਾ ਜੀ, ਤੁਸੀਂ ਮੈਨੂੰ ਜੋ ਮਰਜ਼ੀ ਕਹੀ ਜਾਵੋ | ਮੈਨੂੰ ਇਸ ਦੀ ਪ੍ਰਵਾਹ ਨਹੀਂ ਪਰ ਮੈਂ ਤੁਹਾਡੀ ਸ਼ਿਕਾਇਤ ਜ਼ਰੂਰ ਕਰਾਂਗੀ ਕਿ ਤੁਸੀਂ ਬਹੁਤ ਲਾਪਰਵਾਹ ਹੋ | ਪਾਣੀ ਬੇਕਾਰ ਨਸ਼ਟ ਕਰਦੇ ਰਹਿੰਦੇ ਹੋ |'
ਸਿਮਰਨ ਦੇ ਨਾਨੀ ਜੀ ਤੇ ਮੰਮਾ ਉਸ ਦੀ ਕਹਾਣੀ ਸੁਣਦਿਆਂ ਹੁੰਘਾਰੇ ਭਰ ਰਹੇ ਸਨ | ਕਹਾਣੀ ਅੱਗੇ ਵਧ ਰਹੀ ਸੀ |
ਸਿਮਰਨ ਬੋਲਿਆ, 'ਫੇਰ ਅਗਲੇ ਦਿਨ ਅਨਹਦ ਨੇ ਇਕ ਪੇਪਰ ਲਿਆ | ਉਹ ਵਿਹੜੇ ਵਿਚ ਚਟਾਈ ਵਿਛਾ ਕੇ ਕੁਝ ਲਿਖਣ ਲੱਗੀ |
ਅਨਹਦ ਨੂੰ ਕੁਝ ਲਿਖਣ ਵਿਚ ਇੰਨੀ ਮਗਨ ਵੇਖ ਕੇ ਚਾਚੀ ਜੀ ਉਹਦੇ ਪਿੱਛੇ ਦੱਬੇ ਪੈਰੀਂ ਜਾ ਖੜੋਤੇ | ਉਹ ਆਪਣੀ ਲਿਖਿਆ ਹੋਇਆ ਬੋਲ ਕੇ ਪੜ੍ਹ ਰਹੀ ਸੀ | ਪਿੱਛੋਂ ਚਾਚੀ ਜੀ ਵੀ ਤੇਜ਼ੀ ਨਾਲ ਉਹਦਾ ਲਿਖਿਆ ਪੜ੍ਹਨ ਲੱਗੇ, 'ਅੰਕਲ ਪ੍ਰਧਾਨ ਮੰਤਰੀ ਜੀ, ਮੇਰੇ ਚਾਚਾ ਜੀ ਦਾ ਨਾਂ ਬਲਚਰਨ ਸਿੰਘ ਹੈ | ਉਹ ਬਹੁਤ ਲਾਪਰਵਾਹ ਹਨ | ਪਾਣੀ ਬਹੁਤ ਬਰਬਾਦ ਕਰਦੇ ਹਨ | ਜੇ ਮੈਂ ਰੋਕਾਂ ਤਾਂ ਮੈਨੂੰ ਅਵਾ-ਤਵਾ ਬੋਲਦੇ ਹਨ | ਤੁਹਾਨੂੰ ਤਾਂ ਪਤਾ ਹੀ ਹੈ, ਜੇ ਪਾਣੀ ਨਹੀਂ ਹੋਵੇਗਾ ਤਾਂ ਅਸੀਂ ਕਿਵੇਂ ਜੀਵਾਂਗੇ? ਤੁਸੀਂ ਚਾਚਾ ਜੀ ਨੂੰ ਆ ਕੇ ਗਿ੍ਫ਼ਤਾਰ ਕਰ ਲਵੋ | ਉਨ੍ਹਾਂ ਨੂੰ ਠਾਣੇ ਵਿਚ ਬੰਦ ਕਰਵਾ ਦੇਵੋ | ਮੈਂ ਸਾਡੇ ਘਰ ਦਾ ਪਤਾ ਲਿਖ ਰਹੀ ਹਾਂ | ਸਾਡਾ ਘਰ ਸਰਕਾਰੀ ਸਕੂਲ ਵਾਲੀ ਪਿਛਲੀ ਗਲੀ ਵਿਚ ਹੈ | ਸੁਭਾਸ਼ ਅੰਕਲ ਦੀ ਆਟੇ ਵਾਲੀ ਚੱਕੀ ਕੋਲ | ਤੁਸੀਂ ਪਰਸੋਂ ਤੱਕ ਜ਼ਰੂਰ ਆ ਜਾਣਾ | ਮੈਨੂੰ ਛੁੱਟੀ ਹੈ ਤੇ ਚਾਚਾ ਜੀ ਨੇ ਹਰ ਹਾਲਤ ਵਿਚ ਕਾਰ ਧੋਣ ਵੇਲੇ ਪਾਣੀ ਬੇਕਾਰ ਕਰਨਾ ਹੀ ਹੈ | ਨਾਲੇ ਤੁਸੀਂ ਆਪਣੇ ਅੱਖੀਂ ਵੇਖ ਲਵੋਗੇ | ਮੈਂ ਸਵੇਰੇ ਆਪਣੇ ਘਰ ਦੇ ਬਾਹਰ ਸਵੇਰੇ ਦਸ ਵਜੇ ਖੜ੍ਹੀ ਹੋ ਜਾਵਾਂਗੀ | ਬੱਸ ਤੁਸੀਂ ਉਨ੍ਹਾਂ ਨੂੰ ਜ਼ਰੂਰ ਸਬਕ ਸਿਖਾ ਦਿਉ | ਸਾਡੇ ਕੋਲੋਂ ਤਾਂ ਉਹ ਸਮਝਦੇ ਨਹੀਂ ਹਨ |
ਅਨਹਦ |
ਕਲਾਸ ਤੀਜੀ |'
ਚਾਚਾ ਜੀ ਸ਼ਾਮ ਨੂੰ ਦੋਸਤਾਂ ਮਿੱਤਰਾਂ ਨਾਲ ਘੁੰਮ ਫਿਰ ਕੇ ਘਰ ਆਏ | ਰੋਟੀ ਖਾਣ ਤੋਂ ਬਾਅਦ ਚਾਚੀ ਜੀ ਨੇ ਅਨਹਦ ਦੇ ਚਾਚਾ ਜੀ ਨੂੰ ਕਿਹਾ, 'ਤੁਹਾਨੂੰ ਸਿਮਰਨ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਏ | ਜਿਹੜੀ ਚਿੰਤਾ ਉਸ ਬਾਲੜੀ ਨੂੰ ਏ, ਉਹ ਤੁਹਾਨੂੰ ਨਹੀਂ |' ਫਿਰ ਉਨ੍ਹਾਂ ਅਨਹਦ ਦੇ ਪੱਤਰ ਵਾਲੀ ਗੱਲ ਵੀ ਸੁਣਾਈ |
ਜਦੋਂ ਅਨਹਦ ਹੋਮ ਵਰਕ ਕਰ ਰਹੀ ਸੀ ਤਾਂ ਚਾਚਾ ਜੀ ਨੇ ਅਨਹਦ ਨੂੰ ਆਪਣੀ ਗਲਵਕੜੀ ਵਿਚ ਲੈ ਲਿਆ ਤੇ ਕਹਿਣ ਲੱਗੇ, 'ਬੇਟੇ, ਮੈਂ ਤੇਰੇ ਕੋਲੋਂ ਮਾਫ਼ੀ ਮੰਗਦਾ ਹਾਂ | ਅੱਗੇ ਤੋਂ ਕਦੇ ਅਜਿਹਾ ਨਹੀਂ ਹੋਵੇਗਾ |'
'ਅਨਹਦ ਹੈਰਾਨ ਸੀ ਅਤੇ ਖ਼ੁਸ਼ ਵੀ | ਸੋਚ ਰਹੀ ਸੀ, 'ਅਜੇ ਤਾਂ ਪ੍ਰਧਾਨ ਮੰਤਰੀ ਜੀ ਨੂੰ ਪੱਤਰ ਡਾਕਖਾਨੇ ਵਿਚ ਪਾਇਆ ਵੀ ਨਹੀਂ, ਇਸ ਦਾ ਅਸਰ ਪਹਿਲਾਂ ਹੀ ਹੋ ਗਿਆ ਹੈ? ਕਮਾਲ ਹੈ... |'
ਉਸ ਦਿਨ ਤੋਂ ਅਨਹਦ ਦੇ ਚਾਚਾ ਜੀ ਨੇ ਪਾਣੀ ਦੀ ਕਦਰ ਕਰਨੀ ਸ਼ੁਰੂ ਕਰ ਦਿੱਤੀ |'
ਵਾਹ ਬੱਚੇ ਹੋਣ ਤਾਂ ਤੇਰੇ ਤੇ ਅਨਹਦ ਵਰਗੇ ਜਿਹੜੇ ਬੂੰਦ-ਬੂੰਦ ਬਚਾਉਣ ਲਈ ਯਤਨ ਕਰਦੇ ਰਹਿੰਦੇ ਨੇ.. |' ਨਾਨੀ ਜੀ ਨੇ ਕਿਹਾ |

(ਚਲਦਾ)
-ਮੋਬਾਈਲ : 9814423703

Ad Position 22
No active advertisement
ਪਿਛਲੀ ਖ਼ਬਰ ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈ... ਅਗਲੀ ਖ਼ਬਰ ਮਿਹਨਤ ਦਾ ਕੋਈ ਬਦਲ ਨਹੀਂ
Ad Position 24