ਬਸੂਟੀ, ਬਨਸੂਟੀ, ਅਡੂਸਾ, ਵਾਸਾ ਜਾਂ ਵਸਾਕਾ ਇਕ ਅਜਿਹੀ ਜੜ੍ਹੀ ਬੂਟੀ ਹੈ, ਜਿਸ ਨੂੰ ਅਸੀਂ ਅਣਗੌਲ਼ਿਆਂ ਕਰ ਛੱਡਿਆ ਹੈ ਪਰ ਆਯੁਰਵੇਦ ਵਿਚ ਇਸ ਦਾ ਖ਼ਾਸ ਮਹੱਤਵ ਹੈ। ਇਸ ਦਾ ਵਿਗਿਆਨਕ ਨਾਂਅ ਜਸਟੀਸੀਆ ਆਧਾਟੋਡਾ ਹੈ। ਇਹ ਕਈ ਬਿਮਾਰੀਆਂ ਦਾ ਇਲਾਜ ਹੈ। ਇਸ ਦੇ ਪੱਤੇ ਲੰਬੇ ਹੁੰਦੇ ਹਨ। ਇਸ ਨੂੰ ਸਫੈਦ ਰੰਗ ਦੇ ਫੁੱਲ ਲਗਦੇ ਹਨ। ਇਹ ਜੰਗਲ਼ੀ ਥਾਵਾਂ 'ਤੇ ਆਮ ਪਾਈ ਜਾਂਦੀ ਹੈ। ਖਾਸ ਤੌਰ 'ਤੇ ਇਹ ਸਾਹ ਅਤੇ ਖੰਘ ਨਾਲ਼ ਸੰਬੰਧਿਤ ਬਿਮਾਰੀਆਂ ਲਈ ਵਰਤੀ ਜਾਂਦੀ ਹੈ। ਇਸ ਵਿਚ 'ਵੈਸੀਸੀਨ' ਨਾਮਕ ਤੱਤ ਹੁੰਦਾ ਹੈ ਜੋ ਛਾਤੀ ਵਿਚ ਜੰਮੀ ਬਲਗਮ ਨੂੰ ਬਾਹਰ ਕੱਢਣ ਅਤੇ ਸਾਹ ਦੀ ਨਲ਼ੀ ਖੋਲ੍ਹਣ ਵਿਚ ਮਦਦ ਕਰਦਾ ਹੈ। ਇਸ ਤਰ੍ਹਾਂ ਇਹ ਖੰਘ ਅਤੇ ਜ਼ੁਕਾਮ ਵਿਚ ਬਹੁਤ ਲਾਭਕਾਰੀ ਹੈ। ਦਮੇਂ ਦੇ ਰੋਗ ਤੋਂ ਪੀੜਤ ਮਰੀਜ਼ਾਂ ਲਈ ਇਹ ਬੂਟੀ ਵਰਦਾਨ ਹੈ। ਜੇਕਰ ਕਿਸੇ ਦੇ ਸਰੀਰ ਵਿਚ ਸੋਜ ਆਈ ਹੋਵੇ ਤਾਂ ਉਸ ਨੂੰ ਘਟਾਉਣ ਵਿਚ ਕਾਫ਼ੀ ਲਾਭਦਾਇਕ ਹੈ। ਗਲ਼ੇ ਦੀ ਖਰਾਸ਼ ਅਤੇ ਬੈਠੀ ਆਵਾਜ਼ ਨੂੰ ਦਰੁੱਸਤ ਕਰਨ ਵਿਚ ਇਸ ਦੇ ਪੱਤਿਆਂ ਦਾ ਕਾੜ੍ਹਾ ਬਹੁਤ ਲਾਭਕਾਰੀ ਹੈ। ਇਸ ਦਾ ਕਾੜ੍ਹਾ ਰਵਾਇਤੀ ਬੁਖਾਰ ਅਤੇ ਸਰੀਰ ਦੀ ਟੁੱਟ ਭੱਜ ਵੀ ਠੀਕ ਕਰਦਾ ਹੈ। ਇਹ ਕਈ ਕਿਸਮ ਦੀ ਐਲਰਜੀ ਨੂੰ ਠੀਕ ਕਰਦੀ ਹੈ। ਐਲਰਜੀ ਦੀ ਸੂਰਤ ਵਿਚ ਇਸ ਦੇ ਪੱਤੇ ਸੁਕਾ ਕੇ ਚੂਰਨ ਬਣਾ ਲਓ। ਇਕ ਛੋਟਾ ਚਮਚਾ ਇਸ ਚੂਰਨ ਦਾ ਸ਼ਹਿਦ ਵਿਚ ਮਿਲਾ ਕੇ, ਜਾਂ ਚਾਹ ਨਾਲ਼ ਲੈਣ ਨਾਲ਼ ਐਲਰਜੀ ਠੀਕ ਹੁੰਦੀ ਹੈ। ਜੇਕਰ ਕਿਸੇ ਦੇ ਖ਼ਤਰਨਾਕ ਕਿਸਮ ਦੀ ਨਕਸੀਰ ਫੁੱਟਦੀ ਹੋਵੇ ਜਾਂ ਖੰਘ ਵਿਚ ਖੂਨ ਆਉਂਦਾ ਹੋਵੇ ਤਾਂ ਉਸ ਨੂੰ ਇਸ ਦੇ ਪੱਤਿਆਂ ਦਾ 5-10 ਮਿਲੀਲੀਟਰ ਰਸ ਸ਼ਹਿਦ ਵਿਚ ਮਿਲਾ ਕੇ ਲੈਣਾ ਚਾਹੀਦਾ ਹੈ। ਗਰਭਪਤੀ ਮਹਿਲਾਵਾਂ ਨੂੰ ਇਹ ਬੂਟੀ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਵਰਤਣੀ ਚਾਹੀਦੀ। ਇਸ ਨੂੰ ਜ਼ਿਆਦਾ ਮਾਤਰਾ ਵਿਚ ਲੈਣ ਨਾਲ਼ ਉਲਟੀਆਂ ਜਾਂ ਦਸਤ ਵਗੈਰਾ ਵੀ ਲੱਗ ਸਕਦੇ ਹਨ। ਇਸ ਦੀਆਂ ਨਰਮ ਟਾਹਣੀਆਂ ਕੱਟ ਕੇ ਲਗਾਉਣ ਨਾਲ਼ ਇਸ ਦੇ ਨਵੇਂ ਪੌਦੇ ਤਿਆਰ ਕੀਤੇ ਜਾ ਸਕਦੇ ਹਨ।
-ਮੋਬਾਈਲ 8558831900