ਇਕ ਵਾਰ ਇਕ ਕਾਬੁਲੀ ਸੈਰ ਕਰਨ ਲਈ ਭਾਰਤ ਆਇਆ। ਫਿਰਦੇ-ਫਿਰਦੇ ਉਹ ਇਕ ਸ਼ਹਿਰ ਵਿਚ ਪਹੁੰਚ ਗਿਆ। ਉਥੇ ਉਸ ਨੇ ਮਠਿਆਈ ਨਾਲ ਸਜੀ ਦੁਕਾਨ ਦੇਖੀ। ਸੰਸਕ੍ਰਿਤ ਉਸ ਨੂੰ ਆਉਂਦੀ ਨਹੀਂ ਸੀ। ਉਸ ਨੇ ਇਕ ਥਾਲ ਵਿਚ ਇਛਾਰਾ ਕਰ ਕੇ ਆਪਣੀ ਬੋਲੀ ਵਿਚ ਮਠਿਆਈ ਬਾਰੇ ਪੁੱਛਿਆ। ਹਲਵਾਈ ਨੂੰ ਉਸ ਦੀ ਬੋਲੀ ਨਹੀਂ ਸੀ ਆਉਂਦੀ, ਉਸ ਨੇ ਆਪਣੇ ਵਲੋਂ ਉਸ ਨੂੰ ਮਠਿਆਈ ਦਾ ਨਾਂਅ ਦੱਸਿਆ, 'ਖਾਜਾ', ਕਾਬੁਲੀ ਨੇ ਸਮਝਿਆ ਕਿ ਹਲਵਾਈ ਕਹਿੰਦਾ ਹੈ ਖਾ ਲੈ। ਸੋ, ਉਸ ਨੇ ਅੱਗੇ ਹੋ ਕੇ ਮਠਿਆਈ ਦਾ ਬੁੱਕ ਭਰਿਆ ਤੇ ਖਾਣ ਲੱਗ ਪਿਆ। ਨਿਸ਼ਾ ਨਾਲ ਮਠਿਆਈ ਖਾ ਕੇ ਕਾਬੁਲੀ ਅੱਗੇ ਤੁਰ ਪਿਆ। ਹਲਵਾਈ ਨੇ ਉਸ ਨੂੰ ਰੋਕਿਆ ਤੇ ਪੈਸੇ ਮੰਗੇ, ਤਾਂ ਉਸ ਦੇ ਪੱਲੇ ਕੁਝ ਨਾ ਪਿਆ। ਉਸ ਦੀ ਤਲਾਸ਼ੀ ਲਈ ਗਈ। ਉਸ ਕੋਲ ਭਾਰਤੀ ਕਾਰੰਸੀ ਵੀ ਨਹੀਂ ਸੀ। ਏਨੇ ਨੂੰ ਇਕ ਦਰੋਗਾ ਗਸ਼ਤ ਕਰਦਾ ਓਧਰ ਆ ਨਿਕਲਿਆ। ਉਸ ਨੇ ਹੁਕਮ ਦੇ ਦਿੱਤਾ ਕਿ ਜੇ ਇਹ ਪੈਸੇ ਨਹੀਂ ਦਿੰਦਾ ਤਾਂ ਇਸ ਦਾ ਸਿਰ ਮੁੰਨ ਕੇ ਮੂੰਹ ਕਾਲਾ ਕਰ ਕੇ, ਖੋਤੇ 'ਤੇ ਬਿਠਾ ਕੇ ਜਲੂਸ ਕੱਢੋ।
ਨਾਈ ਨੂੰ ਬੁਲਾ ਕੇ ਉਸ ਦਾ ਸਿਰ ਮੁੰਨਿਆ ਗਿਆ ਤੇ ਮੂੰਹ ਕਾਲਾ ਕਰ ਕੇ ਖੋਤੇ 'ਤੇ ਬਿਠਾ ਕੇ ਬੈਂਡਬਾਜੇ ਨਾਲ ਜਲੂਸ ਕਢਿਆ ਗਿਆ। ਕਾਬੁਲੀ ਦੀ ਸਮਝ ਵਿਚ ਕੁਝ ਨਹੀਂ ਸੀ ਆ ਰਿਹਾ ਪਰ ਉਹ ਖ਼ੁਸ਼ ਹੋਇਆ ਸੋਚ ਰਿਹਾ ਸੀ ਕਿ ਇਹ ਲੋਕ ਪਰਦੇਸੀ ਬੰਦੇ ਦਾ ਕਿੰਨਾ ਇੱਜ਼ਤਮਾਣ ਕਰ ਰਹੇ ਹਨ। ਮੇਰੇ ਕੋਲ ਹਜ਼ਾਮਤ ਕਰਾਉਣ ਲਈ ਪੈਸੇ ਨਹੀਂ ਸਨ, ਉਨ੍ਹਾਂ ਨੇ ਮੁਫ਼ਤ ਹੀ ਮੇਰੀ ਹਜ਼ਾਮਤ ਵੀ ਕਰਾ ਦਿੱਤੀ। ਉਹ ਆਪਣੇ-ਆਪ ਨੂੰ ਸਨਮਾਨਿਤ ਮਹਿਸੂਸ ਕਰ ਰਿਹਾ ਸੀ। ਜਦੋਂ ਉਹ ਵਾਪਸ ਕਾਬਲ ਗਿਆ ਤਾਂ ਉਸ ਨੂੰ ਲੋਕਾਂ ਨੇ ਪੁੱਛਿਆ, 'ਕਿਸ ਤਰ੍ਹਾਂ ਲੱਗਾ ਹਿੰਦੁਸਤਾਨ?' ਤਾਂ ਉਸ ਦਾ ਜਵਾਬ ਸੀ, 'ਬਹੁਤ ਵਧੀਆ!'
ਬਹੁਤ ਹੀ ਖ਼ੂਬਸੂਰਤ ਅਤੇ ਅਮੀਰ ਦੇਸ਼ ਹੈ। ਉਥੇ ਹਰ ਚੀਜ਼ ਮੁਫ਼ਤ ਮਿਲਦੀ ਹੈ। ਜੋ ਵੀ ਮਠਿਆਈ ਤੁਹਾਨੂੰ ਪਸੰਦ ਆਵੇ ਚੁੱਕੋ ਤੇ ਖਾ ਲਓ, ਕੋਈ ਪੈਸਾ ਨਹੀਂ ਦੇਣਾ ਪੈਂਦਾ, ਸਗੋਂ ਸਰਕਾਰੀ ਹੁਕਮ ਨਾਲ ਹਜ਼ਾਮਤ ਵੀ ਮੁਫ਼ਤ ਕਰਦੇ ਹਨ ਅਤੇ ਮੂੰਹ ਰੰਗ ਕੇ ਕਿਸੇ ਵਧੀਆ ਜਿਹੇ ਗਧੇ ਉਤੇ ਬਿਠਾ ਕੇ ਵਾਜੇ ਗਾਜੇ ਨਾਲ ਸ਼ਹਿਰ ਦੀ ਸੈਰ ਵੀ ਕਰਾਉਂਦੇ ਹਨ। ਲੋਕ ਬੜੇ ਹੀ ਮਹਿਮਾਨ-ਨਿਵਾਜ਼ ਅਤੇ ਬੀਬੇ ਹਨ। ਫਿਰ ਹੋਇਆ ਨਾ ਵਧੀਆ ਅਤੇ ਪਿਆਰਾ ਮੁਲਕ, ਏਨਾ ਪਿਆਰਾ ਕਿ ਕੁਝ ਨਾ ਪੁੱਛੋ।
-ਮੋਬਾਈਲ : 62842-40676