ਤੈਨੂੰ ਤੀਆਂ ਤੇ ਲੈਣ ਨਾ ਆਏ,
ਬਹੁਤਿਆਂ ਭਰਾਵਾਂ ਵਾਲੀਏ....
ਸਾਉਣ ਵੀਰ ਇਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ....
ਤੀਆਂ ਦਾ ਨਾਂਅ ਲੈਂਦਿਆਂ ਹੀ ਕੁੜੀਆਂ-ਚਿੜੀਆਂ ਦੇ ਮਨ ਅੰਦਰ ਸਾਉਣ ਦੇ ਛਰਾਟੇ ਵਾਂਗੂੰ ਇਕਦਮ ਸਰੂਰ ਜਿਹਾ ਭਰ ਜਾਂਦਾ ਹੈ। ਲੱਗਦਾ ਹੈ, ਬੱਦਲ ਗੱਜਣ ਲੱਗ ਪਏ ਤੇ ਕਿਧਰੇ ਦੂਰ ਝਿੜੀ ਵਿਚੋਂ ਮੋਰਾਂ ਦੀ ਕਿਆਓ-ਕਿਆਓ, ਪਿੱਪਲਾਂ 'ਤੇ ਪਾਈ ਪੀਂਘ ਵਾਂਗਰਾਂ ਸਰੀਰ ਨੂੰ ਝੂਮਣ ਲਾ ਦਿੰਦੀ ਹੈ। ਤੀਆਂ ਦਾ ਚਾਅ ਕੀ ਮੁਟਿਆਰਾਂ, ਵਿਆਹੀਆਂ, ਅੱਧਖੜ ਤੇ ਵਡੇਰੀ ਉਮਰ ਦੀਆਂ ਔਰਤਾਂ ਦੇ ਮਨਾਂ ਅੰਦਰ ਖੁਸ਼ੀਆਂ ਤੇ ਖੇੜੇ ਭਰ ਕੇ ਹੁਲਾਰੇ ਦੇਣ ਲੱਗਦਾ ਹੈ। ਜਿੱਥੇ ਇਹ ਦ੍ਰਿਸ਼ ਦੇਖ ਕੇ ਗੱਭਰੂ ਖੁਸ਼ ਹੁੰਦੇ ਹਨ, ਉੱਥੇ ਬਜ਼ੁਰਗ ਆਪਣੇ ਬੱਚਿਆਂ ਨੂੰ ਇਸ ਖੁਸ਼ੀ ਦੇ ਮੌਕੇ ਖੁਸ਼ ਦੇਖ ਕੇ ਖੁਦ ਵੀ ਖੁਸ਼ ਹੁੰਦੇ ਹਨ।
ਇਸ ਮਹੀਨੇ ਮਾਪੇ ਆਪਣੀਆਂ ਵਿਆਂਹਦੜ ਧੀਆਂ ਦੇ ਘਰ ਸੰਧਾਰੇ ਦੇ ਰੂਪ ਵਿਚ ਮੱਠੀਆਂ, ਬਿਸਕੁਟ, ਚੂੜੀਆਂ ਆਦਿ ਲੈ ਕੇ ਜਾਂਦੇ ਹਨ ਤੇ ਸੱਜ-ਵਿਆਹੀਆਂ ਧੀਆਂ ਨੂੰ ਤੀਆਂ ਤੋਂ ਬਾਅਦ ਮੱਠੀਆਂ, ਬਿਸਕੁਟ, ਚੂੜੀਆਂ ਤੇ ਲੀੜਾ-ਕੱਪੜਾ ਆਦਿ ਦੇ ਕੇ ਤੋਰਦੇ ਹਨ, ਉੱਥੇ ਜਿਨ੍ਹਾਂ ਕੁੜੀਆਂ ਦੀ ਮੰਗਣੀ ਹੋਈ ਹੁੰਦੀ ਹੈ, ਉਨ੍ਹਾਂ ਲਈ ਸੰਧਾਰੇ ਦੇ ਰੂਪ ਵਿਚ ਸਹੁਰੇ ਘਰੋਂ ਸੂਟ ਤੇ ਸ਼ਿੰਗਾਰ ਆਦਿ ਦਾ ਸਾਮਾਨ ਆਉਂਦਾ ਹੈ। ਸੰਧਾਰੇ ਦੇ ਚਾਅ ਨੂੰ ਬਿਆਨ ਕਰਦਾ ਲੋਕ ਗੀਤ....
ਭੇਜੀਂ ਨੀ ਅੰਮਾ ਰਾਣੀ ਸੂਹੜੇ
ਸੂਹਿਆਂ ਦੇ ਦਿਨ ਚਾਰ
ਸਾਵਣ ਆਇਆ
ਕਿੱਕੂੰ ਨੀ ਭੇਜਾਂ ਸੂਹੜੇ
ਪਿਓ ਤੇਰਾ ਪਰਦੇਸ
ਸਾਵਣ ਆਇਆ
ਲਿਖ ਲਿਖ ਭੇਜਾਂ ਬਾਬਲ ਚੀਰੀਆਂ
ਤੂੰ ਪਰਦੇਸਾਂ ਤੋਂ ਆ
ਸਾਵਣ ਆਇਆ
ਕਿੱਕੂੰ ਨੀ ਆਵਾਂ ਜਾਈਏ ਮੇਰੀਏ
ਨਦੀਆਂ ਨੇ ਲਿਆ ਨੀ ਉਛਾਲ
ਸਾਵਣ ਆਇਆ।
ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਤੀਆਂ ਦਾ ਤਿਉਹਾਰ ਸ਼ੁਰੂ ਹੋ ਕੇ ਪੁੰਨਿਆ ਨੂੰ ਖ਼ਤਮ ਹੋ ਜਾਂਦਾ ਹੈ। ਸਾਡੇ ਸੱਭਿਆਚਾਰ ਦੀਆਂ ਰੀਤਾਂ ਅਨੁਸਾਰ ਮਾਪੇ ਆਪਣੀਆਂ ਸੱਜ-ਵਿਆਹੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਂਦੇ ਹਨ। ਇਸ ਨਾਲ ਵਹਿਮ ਵੀ ਜੁੜਿਆ ਹੋਇਆ ਸੀ, ਪ੍ਰੰਤੂ ਸੱਜ-ਵਿਆਹੀਆਂ ਨੂੰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਸਹੇਲੀਆਂ ਨਾਲ ਮੇਲ-ਮਿਲਾਪ ਦੀ ਤਾਂਘ ਵੱਧ ਹੁੰਦੀ ਸੀ। ਸਾਡੇ ਅਮੀਰ ਵਿਰਸੇ 'ਤੇ ਪਏ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਕਾਰਨ ਅੱਜ ਸਾਡੇ ਪਿੰਡਾਂ ਵਿਚੋਂ ਤੀਆਂ ਦੇ ਪਿੜ ਤੇ ਬਰੋਟੇ ਅਸੀਂ ਖੁਦ ਹੀ ਆਪਣੇ ਹੱਥੀਂ ਮਿਟਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਖ਼ੈਰ!! ਤਾਹੀਓਂ ਤਾਂ ਪੁਰਾਣੇ ਸਮਿਆਂ ਵਿਚ ਸੱਸਾਂ ਆਪਣੀ ਨੂੰਹ ਨੂੰ ਪਿਆਰ ਵਿਚ ਡੂੰਘਾ ਮਿਹਣਾ ਮਾਰਦੀਆਂ ਸਨ, 'ਤੈਨੂੰ ਤੀਆਂ ਤੇ ਲੈਣ ਨਾ ਆਏ, ਬਹੁਤਿਆਂ ਭਰਾਵਾਂ ਵਾਲੀਏ...। '
ਫੇਰ ਨੂੰਹ ਕਿਹੜਾ ਅੱਗਿਓਂ ਘੱਟ ਸੀ, ਉਹ ਜਵਾਬ ਦਿੰਦੀ:
'ਸੱਸੀਏ ਵੜੇਵੇਂ ਅੱਖੀਏ,
ਤੈਥੋਂ ਡਰਦੇ ਲੈਣ ਨਹੀਂ ਆਏ....। '
ਜਦ ਵੀਰ ਆਪਣੀ ਭੈਣ ਨੂੰ ਉਸ ਦੇ ਸਹੁਰਿਆਂ ਤੋਂ ਲੈਣ ਜਾਂਦਾ ਤਾਂ ਉਸ ਦੀ ਖਾਤਰਦਾਰੀ ਵਿਚ ਕੋਈ ਕਮੀ ਰਹਿ ਜਾਂਦੀ ਤਾਂ ਫੱਟ ਨੂੰਹ ਆਪਣੀ ਸੱਸ ਨੂੰ ਮਿਹਣਾ ਮਾਰਦੀ,
'ਮੇਰੇ ਵੀਰ ਨੂੰ ਸੁੱਕੀ ਖੰਡ ਪਾਈ,
ਸੱਸੇ ਤੇਰੀ ਮਹਿੰ ਮਰ ਜਾਏ'
ਕਿਉਂਕਿ ਉਦੋਂ ਖੰਡ-ਘਿਓ ਰਲਾ ਕੇ ਰੋਟੀ ਨਾਲ ਦੇਣ ਨੂੰ ਅੱਜ ਦੇ ਮਟਰ-ਪਨੀਰ ਨਾਲੋਂ ਕਈ ਦਰਜੇ ਉੱਚਾ ਮੰਨਿਆ ਜਾਂਦਾ ਸੀ।
ਸਾਡੇ ਬਜ਼ੁਰਗ ਦਾਦੀ ਜੀ ਦੱਸਦੇ ਸਨ ਕਿ ਪੁਰਾਣੇ ਸਮਿਆਂ ਵਿਚ ਹਰ ਔਰਤ ਨੂੰ ਸਾਉਣ ਮਹੀਨੇ ਦੀ ਖਿੱਚ ਵਾਲੀ ਉਡੀਕ ਰਹਿੰਦੀ ਸੀ। ਅੱਜ ਲੋਕਾਂ ਵਿਚ ਆਪਸੀ ਮੋਹ-ਪਿਆਰ ਖ਼ਤਮ ਹੋਣ ਕਿਨਾਰੇ ਹੋਣ ਕਾਰਨ ਤੀਆਂ ਦੇ ਰੰਗ ਫਿੱਕੇ ਪੈ ਗਏ ਜਾਪਦੇ ਹਨ। ਪਿੰਡਾਂ ਦੀ ਢਾਬ ਕੰਢੇ ਪਿੱਪਲ, ਬੋਹੜ ਜਾਂ ਨਿੰਮ ਦੇ ਦਰੱਖਤ ਥੱਲੇ ਤੀਆਂ ਦੇ ਗਿੱਧੇ ਪੈਣ ਦੀ ਥਾਂ ਹੁਣ ਤੀਆਂ ਨੂੰ 'ਕਲਚਰ ਪ੍ਰੋਗਰਾਮ' ਦਾ ਨਾਂਅ ਦੇ ਕੇ ਕਲੱਬਾਂ ਆਦਿ ਦੀਆਂ ਸਟੇਜਾਂ ਅਤੇ ਸਕੂਲਾਂ, ਕਾਲਜਾਂ ਦੇ ਵਿਹੜਿਆਂ ਵਿਚ ਕੁੱਝ ਕੁ ਘੰਟਿਆਂ ਦਾ ਸ਼ਿੰਗਾਰ ਬਣਾ ਕੇ ਰੱਖ ਦਿੱਤਾ ਹੈ। ਸਾਡੇ ਪੰਜਾਬੀ ਸੱਭਿਆਚਾਰ ਦੇ ਇਸ ਅਲੋਪ ਹੋ ਰਹੇ ਵਿਰਸੇ ਨੂੰ ਬਚਾਉਣ ਵਾਲੇ ਕਈ ਹਮਦਰਦ ਇਸ ਤੀਆਂ ਦੇ ਤਿਉਹਾਰ ਨੂੰ ਜਿਊਂਦਾ ਰੱਖਣ ਲਈ ਯੋਗ ਉਪਰਾਲੇ ਕਰਦੇ ਹੋਏ ਪੰਜਾਬ ਵਿਚ ਆਪੋ-ਆਪਣੇ ਢੰਗ-ਤਰੀਕੇ ਤੀਆਂ ਲਵਾ ਕੇ ਇਸ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਲੱਗੇ ਹੋਏ ਹਨ, ਪਰੰਤੂ ਪੁਰਾਣੇ ਸਮਿਆਂ ਵਾਂਗੂੰ ਅੰਬਰੀ ਪੀਂਘ ਚੜ੍ਹਾ ਕੇ ਤੀਆਂ ਵਿਚ ਪੈਂਦੀ ਧਮਾਲ ਹੁਣ ਕਿਧਰੇ ਵੇਖਣ ਨੂੰ ਨਹੀਂ ਮਿਲਦੀ। ਉਸ ਸਮੇਂ ਇਹ ਤਿਉਹਾਰ ਪੰਦਰਾਂ ਦਿਨ ਚੱਲਦਾ ਸੀ। ਪੂਰਨਮਾਸ਼ੀ ਦੀ ਸ਼ਾਮ ਨੂੰ ਤੀਆਂ ਖ਼ਤਮ ਹੁੰਦੀਆਂ ਸਨ। ਤੀਆਂ ਦੀ ਸਮਾਪਤੀ ਨੂੰ 'ਤੀਆਂ ਦਾ ਭੋਗ ਪਾਉਣਾ' ਕਿਹਾ ਜਾਂਦਾ ਹੈ। ਤੀਆਂ ਦੇ ਅਖੀਰਲੇ ਦਿਨ ਪੈਣ ਵਾਲੇ ਗਿੱਧੇ ਨੂੰ 'ਬੱਲੋ ਪਾਉਣੀ' ਵੀ ਕਿਹਾ ਜਾਂਦਾ ਹੈ। ਤੀਜ ਤੋਂ ਇਕ ਦਿਨ ਪਹਿਲਾਂ ਭਾਵ ਦੂਜ ਵਾਲੇ ਦਿਨ ਮੁਟਿਆਰਾਂ, ਕੁੜੀਆਂ, ਇਸਤਰੀਆਂ ਤੇ ਬਜ਼ੁਰਗ ਔਰਤਾਂ ਸਮੇਤ ਬੱਚੇ ਸਾਰੇ ਚਾਅ ਨਾਲ ਆਪਣੇ ਹੱਥਾਂ 'ਤੇ ਮਹਿੰਦੀ ਲਵਾਉਂਦਾ, ਤੇ ਵੰਗਾਂ ਚੜ੍ਹਾਉਂਦੇ ਸਨ। ਤੀਆਂ ਅਸਲ ਵਿਚ ਮੇਲ-ਮਿਲਾਪ ਦਾ ਤਿਉਹਾਰ ਹੈ। ਤੀਆਂ ਦੇ ਦਿਨਾਂ ਵਿਚ ਲੋਕ ਆਪਣੇ ਘਰਾਂ ਵਿਚ ਖੀਰ-ਕੜਾਹ, ਪੂੜੇ, ਗੁਲਗਲੇ ਆਦਿ ਪਕਾਉਂਦੇ। ਅੱਜ ਦੀ ਤਰ੍ਹਾਂ ਉਦੋਂ ਪੀਜੇ, ਬਰਗਰ ਆਦਿ ਜੰਕ ਫੂਡ ਨਹੀਂ ਹੁੰਦੇ ਸਨ। ਸਾਡਾ ਪੰਜਾਬ ਤਿਉਹਾਰਾਂ ਦੀ ਧਰਤੀ ਹੈ ਜਿਸ ਵਿਚ ਤੀਆਂ ਦਾ ਖਾਸ ਮਹੱਤਵ ਹੈ। ਪਰੰਤੂ ਤੀਆਂ ਹੁਣ ਸਾਡੇ ਅਤੀਤ ਦਾ ਹਿੱਸਾ ਬਣਦੀਆਂ ਜਾ ਰਹੀਆਂ ਹਨ। ਮੇਲਿਆਂ ਦਾ ਪ੍ਰਬੰਧ ਕਰਨ ਵਾਲੇ ਲੋਕ ਹੁਣ ਸਿਰਫ ਇਕ ਦਿਨ ਤੀਆਂ ਦੀ ਸ਼ਾਮ ਨੂੰ ਮਨਾਉਣ ਦਾ ਵੇਲਾ ਪੂਰਾ ਕਰਨ ਵਾਲਾ ਢਕਵੰਜ ਕਰ ਕੇ ਆਪਣੀ ਪਿੱਠ ਥਾਪੜ ਰਹੇ ਹਨ। ਇਸ ਲਈ ਤਿਆਰੀ ਵਾਸਤੇ ਕਿਸੇ ਖਾਸ ਬਿਊਟੀ ਪਾਰਲਰ ਤੋਂ ਬਣਾਉਟੀ ਮੇਕਅਪ ਤੇ ਬਨਾਉਟੀ ਗਹਿਣਾ ਗੱਟਾ ਪਾ ਕੇ ਕੀਤੀ ਤਿਆਰੀ ਨਾਲ ਕੁੜੀਆਂ ਗਿੱਧਾ ਪਾਉਂਦੀਆਂ ਹਨ, ਪਰੰਤੂ ਪੁਰਾਤਨ ਸਮੇਂ ਵਿਚ ਨੈਣ ਕੁੜੀਆਂ ਦੇ ਸਿਰ ਗੁੰਦ ਕੇ ਆਪਣੀ ਕਲਾ ਦੇ ਜੌਹਰ ਦਿਖਾਉਂਦੀ, ਉਹ ਵਾਲਾਂ 'ਤੇ ਮੋਰ ਘੁੱਗੀਆਂ ਬਣਾਉਂਦੀਆਂ ਤੇ ਡਾਕ ਬੰਗਲੇ ਸਿਰਜ ਕੇ ਮੁਟਿਆਰਾਂ ਦੇ ਹੁਸਨ ਨੂੰ ਦੂਣ-ਸਵਾਇਆ ਕਰ ਕੇ ਚਾਰ ਚੰਨ ਲਾ ਦਿੰਦੀਆਂ। ਅੱਜ ਦੇ ਜ਼ਮਾਨੇ ਵਾਂਗੂੰ ਮਹਿੰਦੀ ਡਿਜੀਟਲ ਤਰੀਕੇ ਨਾਲ ਨਹੀਂ ਲੱਗਦੀ ਸੀ। ਕੁੜੀਆਂ ਤੇ ਵਹੁਟੀਆਂ ਤੀਲੇ ਨਾਲ ਤੀਆਂ ਤੋਂ ਪਹਿਲਾਂ ਰਾਤ ਨੂੰ ਹੀ ਆਪਣੇ ਹੱਥਾਂ ਉੱਤੇ ਮਹਿੰਦੀ ਨਾਲ ਸੋਹਣੇ ਫੁੱਲ-ਬੂਟੇ ਬਣਾ ਲੈਂਦੀਆਂ, ਦੂਜੀ ਸਵੇਰ ਮਹਿੰਦੀ ਧੋ ਕੇ ਬਣੇ ਹੋਏ ਰੱਤੇ ਫੁੱਲਾਂ ਨੂੰ ਤੱਕ-ਤੱਕ ਫੁੱਲੀਆਂ ਨਾ ਸਮਾਉਂਦੀਆਂ। ਆਮ ਹੀ ਕਹਾਵਤ ਸੀ, ਕਿ ਜੀਹਦੇ ਮਹਿੰਦੀ ਵੱਧ ਉੱਘੜਦੀ ਅਖੇ ਉਹ ਸੱਸ ਨੂੰ ਬਾਹਲੀ ਪਿਆਰੀ ਹੁੰਦੀ ਹੈ।
ਤੀਆਂ ਵਾਲੇ ਦਿਨ ਦੁਪਹਿਰ ਢਲਣ ਸਾਰ ਸਭੇ ਕੁੜੀਆਂ-ਚਿੜੀਆਂ ਪਹਿਣ-ਪੱਚਰ ਕੇ, ਸਿਰ ਗੁੰਦਾ ਕੇ, ਹਾਰ ਸ਼ਿੰਗਾਰ ਕਰ ਕੇ, ਰੱਸੇ ਚੁੱਕ ਹਿਰਨਾਂ ਵਾਂਗੂੰ ਚੁੰਗੀਆਂ ਭਰਦੀਆਂ ਤੀਆਂ ਵਾਲੇ ਪਿੜ ਦੇ ਪਿੱਪਲ ਆਦਿ ਨਾਲ ਉੱਚੀਆਂ ਪੀਂਘਾਂ ਪਾ ਅੰਬਰੀ ਪੀਂਘ ਚੜ੍ਹਾਂ ਬੋਲੀਆਂ ਪਾਉਂਦੀਆਂ× :
ਆਇਆ ਸਾਵਣ ਦਿਲ ਪਰਚਾਵਣ
ਝੜੀ ਲੱਗ ਗਈ ਭਾਰੀ
ਝੂਟੇ ਲੈਂਦੀ ਮਰੀਅਮ ਭਿੱਜ ਗਈ
ਨਾਲੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਕਿਸ਼ਨੋ ਦੀ ਫੁਲਕਾਰੀ
ਹਰਨਾਮੀ ਦੀ ਸੁੱਥਣ ਭਿੱਜਗੀ
ਬਹੁਤੇ ਗੋਟੇ ਵਾਲੀ
ਜੱਨਤ ਦੀਆਂ ਭਿੱਜੀਆਂ ਮੀਢੀਆਂ
ਗਿਣਤੀ 'ਚ ਪੂਰੀਆਂ ਚਾਲੀ
ਪੀਂਘ ਝੂਟਦੀ ਸੱਸੀ ਡਿਗ ਪਈ
ਨਾਲੇ ਨੂਰੀ ਨਾਭੇ ਵਾਲੀ
ਸ਼ਾਮੋ ਕੁੜੀ ਦੀ ਝਾਂਜਰ ਗੁਆਚ ਗਈ
ਆ ਰੱਖੀ ਨੇ ਭਾਲੀ
ਭਿੱਜ ਗਈ ਲਾਜੋ ਵੇ
ਬਹੁਤੇ ਹਿਰਖਾਂ ਵਾਲੀ
ਪੀਂਘ ਨੂੰ ਅੰਬਰੀਂ ਤਾਂ ਸਾਰੀਆਂ ਹੀ ਚੜ੍ਹਾਉਣ ਦੀ ਕੋਸ਼ਿਸ਼ ਕਰਦੀਆਂ, ਪਰੰਤੂ ਕੋਈ-ਕੋਈ ਨਿਡਰ ਮੁਟਿਆਰ ਰੁੱਖ ਦੀ ਟੀਸੀ ਦਾ ਪੱਤਾ ਆਪਣੇ ਦੰਦਾਂ ਨਾਲ ਤੋੜ ਲਿਆਉਂਦੀ। ਮੁਟਿਆਰਾਂ ਦਾ ਗਿੱਧਾ ਤੀਆਂ ਵਿਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੁੰਦਾ ਸੀ। ਗਿੱਧਾ ਮੁਟਿਆਰ ਦੇ ਅੰਦਰਲੇ ਜਜ਼ਬਾਤ ਨੂੰ ਜ਼ੁਬਾਨ ਦਿੰਦਾ ਹੈ। ਮਨ ਦੇ ਵਲਵਲਿਆਂ ਨੂੰ ਆਪਣੀਆਂ ਸਹੇਲੀਆਂ ਦੇ ਇਕੱਠ ਵਿਚ ਪ੍ਰਦਰਸ਼ਨਕਾਰੀ ਹੋ ਨਿਬੜਦਾ ਹੈ ਕਿਉਂਕਿ ਤੀਆਂ ਵਾਲੇ ਦਿਨ ਕੁੜੀਆਂ ਤੇ ਮੁਟਿਆਰਾਂ ਨੂੰ ਨਾ ਸੱਸ ਦਾ ਡਰ ਹੁੰਦਾ ਹੈ ਤੇ ਨਾ ਸਹੁਰੇ ਕੋਲੋਂ ਘੁੰਡ ਕੱਢਣਾ ਪੈਂਦਾ ਹੈ। ਸਭ ਬੰਦਿਸ਼ਾਂ ਤੋਂ ਮੁਕਤ ਆਜ਼ਾਦ ਪੰਛੀਆਂ ਦੀ ਤਰ੍ਹਾਂ ਅੱਲ੍ਹੜ ਮੁਟਿਆਰਾਂ ਅੰਬਰੀਂ ਉਡਾਰੀਆਂ ਮਾਰਨਾ ਚਾਹੁੰਦੀਆਂ ਹਨ ਤੇ ਇਸ ਮੌਕੇ ਆਪਣੀ ਜਵਾਨੀ ਤੇ ਜਵਾਨੀ ਦੇ ਜ਼ੋਰ ਦੀ ਰੱਜ ਕੇ ਪ੍ਰਦਰਸ਼ਨੀ ਲਾਉਣਾ ਚਾਹੁੰਦੀਆਂ ਹਨ। ਬੋਲੀਆਂ ਪਾ-ਪਾ ਕੇ ਮੁਟਿਆਰਾਂ ਧੁਰ ਅੰਦਰੋਂ ਸਾਰਾ ਦਰਦ ਫਰੋਲ ਦਿੰਦੀਆਂ ਹਨ ਜਿਸ ਕਾਰਨ ਤੀਆਂ ਰੂਹ ਦਾ ਦਰਦ ਕਹਿਣ ਤੇ ਸੁਣਨ ਦਾ ਜ਼ਰੀਆ ਬਣਦੀਆਂ ਹਨ। ਗੋਲ ਘੇਰਾ ਬਣਾ ਕੇ ਗਿੱਧਾ ਪਾਉਂਦੀਆਂ ਵਿਚੋਂ ਇਕ ਬੋਲੀ ਪਾਉਂਦੀ ਹੈ ਤੇ ਬਾਕੀ ਸਾਰੀਆਂ ਅਖੀਰਲੇ ਟੱਪੇ ਨੂੰ ਵਾਰ-ਵਾਰ ਦੁਹਰਾਅ ਕੇ ਬੋਲਦੀਆਂ ਹਨ ਤੇ ਦੋ ਜਾਂ ਦੋ ਤੋਂ ਵੱਧ ਕੁੜੀਆਂ ਘੇਰੇ ਅੰਦਰ ਨੱਚਦੀਆਂ ਹਨ।
ਸਾਉਣ ਦਾ ਮਹੀਨਾ, ਬਾਗਾਂ ਵਿਚ ਬੋਲਣ ਮੋਰ ਵੇ,
ਅਸਾਂ ਨੀ ਸਹੁਰੇ ਜਾਣਾ, ਗੱਡੀ ਨੂੰ ਖਾਲੀ ਮੋੜ ਵੇ,
ਅਸਾਂ ਨੀ ਸਹੁਰੇ....
-0-
ਸਾਉਣ ਮਹੀਨਾ ਦਿਨ ਤੀਆਂ ਦੇ,
ਸਭੇ ਸਹੇਲੀਆਂ ਆਈਆਂ,
ਨੀ ਸੰਤੋਂ, ਸ਼ਾਮੋ ਹੋਈਆਂ ਕੱਠੀਆਂ,
ਵੱਡੇ ਘਰਾਂ ਦੀਆਂ ਜਾਈਆਂ,
ਨੀ ਕਾਲੀਆਂ ਦੀ ਫਿੰਨੋ ਦਾ ਤਾਂ,
ਚਾਅ ਚੁੱਕਿਆ ਨਾ ਜਾਵੇ, ਵੇ
ਝੂਟਾ ਦੇ ਦਿਓ ਨੀ, ਦੇ ਦਿਓ ਨੀ,
ਮੇਰਾ ਲੱਕ ਹੁਲਾਰੇ ਖਾਵੇ, ਝੂਟਾ ਦੇ....
ਆਉਂਦੀ ਕੁੜੀਏ, ਜਾਂਦੀ ਕੁੜੀਏ,
ਤੁਰਦੀ ਪਿੱਛੇ ਨੂੰ ਜਾਵੇਂ,
ਨੀ ਕਾਹਲੀ-ਕਾਹਲੀ ਪੈਰ ਪੱਟ ਲੈ,
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ,
ਨੀ ਕਾਹਲੀ....
-0-
ਤੀਆਂ ਤੀਜ ਦੀਆਂ, ਵਰ੍ਹੇ ਦਿਨਾਂ ਨੂੰ ਫੇਰ,
ਤੀਆਂ ਤੀਜ ਦੀਆਂ....
ਇਸ ਤੀਆਂ ਦੀ ਪੁੰਨਿਆ ਵਾਲੇ ਦਿਨ 'ਬੱਲੋ' ਪਾਉਣ ਤੋਂ ਬਾਅਦ ਕੁੜੀਆਂ ਘਰ ਨੂੰ ਵਾਪਸ ਮੁੜਦੀਆਂ ਜਾਂਦੀਆਂ ਵਾਰ-ਵਾਰ, ਰੁਕ-ਰੁਕ ਕੇ ਗਿੱਧਾ ਪਾਉਂਦੀਆਂ ਤੇ ਗੀਤ ਗਾਉਂਦੀਆਂ ਹੋਈਆਂ ਘਰਾਂ ਨੂੰ ਜਾਂਦੀਆਂ ਹਰਾ ਘਾਹ (ਦੱਭ) ਪੁੱਟ ਕੇ ਲਿਆਉਂਦੀਆਂ ਹਨ ਤਾਂ ਜੋ ਵੀਰ ਦਾ ਘਰ ਹਮੇਸ਼ਾ ਘਾਹ ਵਾਂਗੂੰ ਹਰਿਆ-ਭਰਿਆ ਰਹੇ। ਗਿੱਧੇ ਦਾ ਅੰਤ ਕਰਦੀ ਹੋਈ ਇਕ ਕਹਿੰਦੀ ਹੈ ਤੇ ਬਾਕੀ ਮਗਰ ਬੋਲਦੀਆਂ ਹਨ, 'ਸਾਉਣ ਵੀਰ ਕਰੇ ਕੱਠੀਆਂ, ਭਾਦੋਂ ਚੰਦਰੀ ਵਿਛੋੜੇ ਪਾਵੇ.....' ਅਜੌਕੇ ਸਮੇਂ ਵਿਚ ਪੈਸੇ ਮਗਰ ਲੱਗੀ ਅੰਨ੍ਹੀ ਦੌੜ ਕਾਰਨ, ਜਾਇਦਾਦ ਦੀ ਭੁੱਖ ਨੇ ਭੈਣਾਂ-ਭਾਈਆਂ ਦੇ ਗੂੜ੍ਹੇ ਪਿਆਰ ਨੂੰ ਬਹੁਤ ਫਿੱਕਾ ਕਰ ਦਿੱਤਾ ਹੈ। ਇਸਨੂੰ ਬਚਾਉਣ ਦੀ ਵੱਡੀ ਲੋੜ ਹੈ। ਅੱਜ ਸਾਡੀ ਤੀਆਂ ਦੇ ਤਿਉਹਾਰ ਨੂੰ ਮਨਾਉਣ ਵਾਲੀ ਪੀੜ੍ਹੀ ਦੀ ਮਾਨਸਿਕਤਾ ਨੂੰ ਮੋਬਾਈਲ, ਯੂ-ਟਿਊਬ, ਫੇਸਬੁੱਕ, ਰੀਲਾਂ, ਨੈੱਟ ਫਲੈਕਸ, ਜੀਓ ਫਾਈਬਰ ਆਦਿ ਨੇ ਕੀਲ ਕੇ ਆਪਣੀ ਪਿਟਾਰੀ ਦਾ ਗੁਲਾਮ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਪਹਿਲਾਂ ਵਾਲੇ ਸਮੇਂ ਵਿਚ ਸੰਯੁਕਤ ਪਰਿਵਾਰ ਸਨ ਤੇ ਇਕ ਮਾਂ-ਪਿਓ ਦੇ ਘੱਟੋ-ਘੱਟ 8 ਤੋਂ 10 ਬੱਚੇ ਹੁੰਦੇ ਸੀ। ਅੱਜ ਸਾਡੇ ਉਹ ਸੰਯੁਕਤ ਪਰਿਵਾਰ ਤਿੜਕ ਕੇ ਟੁਕੜਿਆਂ ਵਿਚ ਵੰਡੇ ਗਏ ਹਨ ਤੇ ਉਨਾਂ ਦੇ ਅੱਗੇ ਇਕ ਹੀ ਬੱਚਾ ਲੈਣ ਕਾਰਨ ਮਾਸੀ, ਭੂਆ, ਚਾਚੀ, ਆਦਿ ਦੇ ਰਿਸ਼ਤੇ ਤਾਂ ਖ਼ਤਮ ਹੋ ਹੀ ਰਹੇ ਹਨ, ਨਾਲ-ਨਾਲ ਭੈਣ ਤੇ ਭਰਾ ਦੇ ਆਪਸੀ ਪਿਆਰ ਤੇ ਨਿੱਘ ਵਾਲਾ ਤੀਆਂ ਦਾ ਤਿਉਹਾਰ ਇਨਾਂ ਸਾਰੇ ਕਾਰਨਾਂ ਕਰਕੇ ਲੱਗਦਾ ਹੈ ਦਮ ਤੋੜ ਰਿਹਾ ਹੈ। ਹੁਣ ਜਦੋਂ ਕਿਸੇ ਦੇ ਇਕ ਮੁੰਡਾ ਹੀ ਹੈ ਤਾਂ ਭੈਣ ਕਿੱਥੋਂ ਲਿਆਵੇ? ਤੇ ਜਿਹਦੇ ਇਕ ਕੁੜੀ ਹੈ ਉਸ ਨੂੰ ਸਹੁਰਿਆਂ ਤੋਂ ਸਾਉਣ ਦੇ ਮਹੀਨੇ ਕਿਹੜਾ ਭਰਾ ਲੈਣ ਜਾਵੇਗਾ? ਇਸ ਸੱਚੇ-ਸੁੱਚੇ ਤਿਉਹਾਰ ਨੂੰ ਜਿਉਂਦਾ ਰੱਖਣ ਲਈ ਸਾਨੂੰ ਪੰਜਾਬੀਆਂ ਨੂੰ ਆਪੋ-ਆਪਣਾ ਬਣਦਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਸ਼ਾਲਾ! ਇਹ ਤੀਆਂ ਦਾ ਤਿਉਹਾਰ ਫੇਰ ਉਸ ਪੁਰਾਣੇ ਸਮਿਆਂ ਵਾਂਗੂੰ ਕੁੜੀਆਂ-ਚਿੜੀਆਂ ਰਲ ਕੇ ਮਨਾਉਣ ਤੇ ਭੈਣਾਂ ਆਪਣੇ ਭਾਈਆਂ ਦੀ ਫੇਰ ਸਾਉਣ ਮਹੀਨੇ ਵਿਚ ਬੇਸਬਰੀ ਨਾਲ ਉਡੀਕ ਕਰਨ।