01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

'ਹੁਣ ਨਾ ਕਹੀਂ ਬੇਬੇ-ਅੱਗ ਲਾ ਇਸ ਫੋਨ ਨੂੰ'-ਜੈੱਨ-ਜ਼ੀ ਨੇ ਕੱਢਿਆ ਸਿਆਸੀ ਵਾਰਤਾ ਦਾ ਨਵਾਂ ਰਾਹ

'ਹੁਣ ਨਾ ਕਹੀਂ ਬੇਬੇ-ਅੱਗ ਲਾ ਇਸ ਫੋਨ ਨੂੰ'-ਜੈੱਨ-ਜ਼ੀ ਨੇ ਕੱਢਿਆ ਸਿਆਸੀ ਵਾਰਤਾ ਦਾ ਨਵਾਂ ਰਾਹ

Ad Position 21
No active advertisement
ਅਜੀਤ ਡੈਸਕ 02-08-2026

ਕੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਅਤੇ ਸੋਸ਼ਲ ਮੀਡੀਆ ਮੰਚਾਂ ਦੀ ਪ੍ਰਭਾਵੀ ਵਰਤੋਂ ਕਰਨ 'ਚ ਸਭ ਤੋਂ ਮੋਹਰੀ ਰਹਿਣ ਵਾਲੀ ਭਾਜਪਾ ਸੋਸ਼ਲ ਮੀਡੀਆ ਕ੍ਰਾਂਤੀ ਦੀ ਨਬਜ਼ ਪਛਾਣਨ 'ਚ ਨਾਕਾਮ ਰਹੀ? ਜਾਂ ਮਾਵਾਂ ਤੋਂ 'ਫੋਨ ਨੂੰ ਅੱਗ ਲਾ ਦਓ' ਦੇ ਤਾਅਨੇ ਸੁਣਨ ਦੀ ਆਦੀ ਹੋ ਚੁੱਕੀ ਜੈੱਨ-ਜ਼ੀ ਜੇਨਰੇਸ਼ਨ ਨੇ ਆਪਣੀ 'ਭੈੜੀ ਆਦਤ' ਨੂੰ ਆਪਣੀ ਤਾਕਤ ਬਣਾ ਕੇ ਕੁਝ ਅਜਿਹਾ ਕਰ ਦਿੱਤਾ, ਜਿਸ ਦੀ ਤਵੱਕੋ ਸਰਕਾਰ ਦੇ ਜ਼ਹਿਨੋ-ਗੁਮਾਨ 'ਚ ਵੀ ਨਹੀਂ ਹੋਣੀ।

ਜੰਤਰ-ਮੰਤਰ 'ਤੇ 36 ਦਿਨਾਂ ਤੋਂ ਚੱਲ ਰਿਹਾ ਪ੍ਰਦਰਸ਼ਨ, ਵਿਦਿਆਰਥੀਆਂ ਦੀ ਸਭ ਤੋਂ ਪਹਿਲੀ ਮੰਗ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੇ ਐਲਾਨ ਤੋਂ ਬਾਅਦ ਖ਼ਤਮ ਹੋ ਗਿਆ। ਇਕ ਅਜਿਹਾ ਅੰਦੋਲਨ ਜਿਸ ਦੀ ਕਮਾਨ ਇਕ ਇਹੋ ਜਿਹੀ ਪਾਰਟੀ ਦੇ ਹੱਥ 'ਚ ਸੀ, ਜਿਸ ਦੀ ਹੋਂਦ ਹੀ ਇਕ ਵਿਅੰਗ ਜਾਂ ਕਹੋ ਤਨਜ਼ ਦੇ ਕਾਰਨ ਹੋਈ ਸੀ। 16 ਮਈ, 2026 ਨੂੰ ਭਾਰਤ ਦੀ ਸਰਬਉੱਚ ਅਦਾਲਤ ਦੇ ਮੁੱਖ ਜੱਜ ਸੂਰਿਆਕਾਂਤ ਨੇ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਬੇਰੁਜ਼ਗਾਰ ਵਿਅਕਤੀਆਂ ਨੂੰ 'ਕਾਕਰੋਚ' ਕਹਿ ਕੇ ਸੰਬੋਧਨ ਕੀਤਾ ਸੀ। ਚੀਫ਼ ਜਸਟਿਸ ਦੀ ਟਿੱਪਣੀ ਦੇ ਰੋਸ ਵਜੋਂ ਅਭਿਜੀਤ ਦੀਪਕੇ ਜੋ ਪਹਿਲਾਂ ਆਮ ਆਦਮੀ ਪਾਰਟੀ ਦਾ ਸੰਚਾਰ ਰਣਨੀਤੀਕਾਰ (3ommun}cat}on Starte{}st) ਰਹਿ ਚੁੱਕੇ ਸਨ, ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੀ ਸਥਾਪਨਾ ਕੀਤੀ। ਸੀ.ਜੇ.ਪੀ. ਬਣਾਉਣ ਤੋਂ ਕੁਝ ਹੀ ਸਮੇਂ ਅੰਦਰ ਉਸ ਦੇ ਫਾਲੋਅਰਜ਼ ਦੀ ਤਾਦਾਦ ਲੱਖਾਂ ਨੂੰ ਪਾਰ ਕਰ ਗਈ। ਉਸ ਦੀ ਮਕਬੂਲੀਅਤ ਨੂੰ ਵੇਖਦਿਆਂ ਸਰਕਾਰ ਵਲੋਂ ਕਈ ਵਾਰ ਉਸ ਦੇ ਅਕਾਊਂਟ 'ਤੇ ਪਾਬੰਦੀ ਵੀ ਲਾਈ ਗਈ, ਜਿਸ ਤੋਂ ਬਾਅਦ ਉਸ ਨੇ ਦੂਜੇ ਸੋਸ਼ਲ ਮੀਡੀਆ ਮੰਚਾਂ, ਫੇਸਬੁੱਕ ਅਤੇ ਇੰਸਟ੍ਰਾਗ੍ਰਾਮ 'ਤੇ ਵੀ ਆਪਣੀ ਦਿੱਖ ਬਣਾਉਣੀ ਸ਼ੁਰੂ ਕਰ ਦਿੱਤੀ।
ਸੋਸ਼ਲ ਮੀਡੀਆ 'ਤੇ ਹੀ ਵੱਡੀ ਹੁੰਦੀ ਇਸ ਪਾਰਟੀ ਦਾ ਕੋਈ ਨਿਸ਼ਚਿਤ ਢਾਂਚਾ ਕੋਈ ਤੈਅ ਰੂਪ ਰੇਖਾ ਨਹੀਂ ਸੀ, ਪਰ ਲੋਕ ਜਿਨ੍ਹਾਂ 'ਚ ਜ਼ਿਆਦਾਤਰ ਨੌਜਵਾਨ ਸ਼ਾਮਿਲ ਸਨ, ਲਗਾਤਾਰ ਇਸ ਨਾਲ ਜੁੜ ਰਹੇ ਸਨ ਅਤੇ 'ਕਾਕਰੋਚ' ਇਕ ਹੱਤਕ ਭਰਿਆ ਲਫ਼ਜ਼, ਇਕ ਬੈਜ ਵਾਂਗ ਇਕ ਮੈਡਲ ਵਾਂਗ ਫੈਲ ਰਿਹਾ ਸੀ। ਇਸ ਦੌਰਾਨ ਨੀਟ ਪੇਪਰ ਲੀਕ ਮਾਮਲੇ ਨੇ ਜਿਵੇਂ ਇਸ ਪਾਰਟੀ ਦੀ ਆਭਾਸੀ ਭਾਵ ਕਾਲਪਨਿਕ ਹੋਂਦ (6}ct}t}ous 5x}stence) 'ਚ ਪ੍ਰਾਣ ਫੂਕ ਦਿੱਤੇ ਹੋਣ।
ਤਾਅਨੇ-ਮਿਹਣੇ ਤੋਂ ਉਪਜੀ ਸੀ.ਜੇ.ਪੀ. ਦੀ ਚਿਣਗ ਨੇ ਉਸ ਵੇਲੇ ਭਾਂਬੜ ਦਾ ਰੂਪ ਧਾਰ ਲਿਆ ਜਦੋਂ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਦਿਆਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਰਾਸ਼ਟਰਵਿਆਪੀ ਅੰਦੋਲਨ ਬਣ ਗਈ। ਵਿਵਸਥਾ ਤੋਂ ਅੱਕੇ ਹੋਏ ਨੌਜਵਾਨਾਂ ਨੇ ਵਿਅੰਗ ਅਤੇ ਤਨਜ਼ ਨੂੰ ਹੀ ਆਪਣਾ ਜ਼ਰੀਆ ਬਣਾਉਂਦਿਆਂ ਆਪਣੀ ਗੱਲ ਆਪ ਸਰਕਾਰ ਤੱਕ ਪਹੁੰਚਾਉਣ ਦਾ ਜ਼ਿੰਮਾ ਚੁੱਕਿਆ।
ਨਾਨ ਸੀਰੀਅਸ, ਭਵਿੱਖ ਦੀ ਚਿੰਤਾ ਤੋਂ ਦੂਰ ਰਹਿਣ ਦੇ ਟੈਗ ਵਾਲੀ ਅਤੇ ਫੋਨ 'ਚ 'ਵੜੀ' ਰਹਿਣ ਵਾਲੀ ਇਸ ਜੈੱਨ-ਜ਼ੀ  ਨੇ ਆਪਣੀ ਇਸ ਕਮਜ਼ੋਰੀ ਨੂੰ ਹੀ ਆਪਣੀ ਸਭ ਤੋਂ ਵੱਡੀ ਤਾਕਤ ਬਣਾ ਲਿਆ। ਇਸ ਸੋਸ਼ਲ ਮੀਡੀਆ ਅੰਦੋਲਨ 'ਚ ਜਿਵੇਂ ਕ੍ਰੀਏਟਰਜ਼ (ਵੱਖ-ਵੱਖ ਸਮੱਗਰੀ ਪਾਉਣ ਵਾਲੇ) ਦਾ ਹੜ੍ਹ ਆ ਗਿਆ। ਇਸ ਅੰਦੋਲਨ 'ਚ ਰਵਾਇਤੀ ਅੰਦੋਲਨਾਂ ਵਾਂਗ ਨਾਅਰੇ ਸੀ, ਭਾਸ਼ਨ ਸੀ, ਗੀਤ ਸੀ, ਜਜ਼ਬਾ ਸੀ, ਰੋਹ ਸੀ, ਪਰ ਇਸ ਦੇ ਨਾਲ ਹੀ ਪਹਿਲੀ ਵਾਰ ਅੰਦੋਲਨ 'ਚ ਸ਼ਾਮਿਲ ਹੋ ਰਹੀ ਤਨਜ਼ ਦੀ ਭਾਸ਼ਾ ਸੀ,  ਸ਼ਾਰਟ ਵੀਡੀਓ ਸੀ, ਵਿਅੰਗ ਸੀ, ਅਰਜੋਈ ਵਾਲੀ ਛੇੜਛਾੜ ਸੀ।
ਸੋਸ਼ਲ ਮੀਡੀਆ 'ਚ ਵੀ, ਵਿਸ਼ੇਸ਼ ਤੌਰ 'ਤੇ ਇੰਸਟਾਗ੍ਰਾਮ 'ਤੇ ਛਾਇਆ ਇਹ ਅੰਦੋਲਨ ਹਰ ਪਾਸੇ ਫੈਲ ਗਿਆ ਸੀ। ਜਿਥੇ ਇੰਸਟਾਗ੍ਰਾਮ ਦੇ ਪੈਟਰਨ ਮੁਤਾਬਿਕ ਹਰ ਰੀਲ ਦੂਸਰੀ ਰੀਲ ਨੂੰ ਜਿਵੇਂ ਸੱਦਾ ਦੇ ਦੇ ਖਿੱਚ ਕੇ ਲਿਆ ਰਹੀ ਹੋਵੇ। ਜਿਸ ਕਾਰਨ ਇੰਸਟਾਗ੍ਰਾਮ 'ਤੇ ਅਜਿਹੀਆਂ ਰੀਲਾਂ ਅਤੇ ਕੰਟੈਂਟ ਦੀ ਭਰਮਾਰ ਹੋ ਗਈ। ਇਸ ਕੰਟੈਂਟ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੇ ਅੰਦਰਲਾ ਵਿਅੰਗ (ਹਿਊਮਰ) ਸੀ। ਸਰਕਾਰ ਦੀ ਆਲੋਚਨਾ ਲਈ ਸਿਰਫ਼ ਤਿੱਖੇ ਤੇ ਚੁੱਭਵੇਂ ਸ਼ਬਦਾਂ ਦੀ ਥਾਂ 'ਤੇ ਅਜਿਹਾ ਕੁਝ ਸੀ ਕਿ ਬਦੋਬਦੀ ਬੁੱਲ੍ਹਾਂ 'ਤੇ ਮੁਸਕਾਨ ਆ ਜਾਵੇ। ਫਿਰ ਭਾਵੇਂ ਉਹ ਅੰਦੋਲਨ ਨੂੰ ਰੋਕਣ ਲਈ ਡਿਊਟੀ 'ਤੇ ਖੜ੍ਹੇ ਪੁਲਿਸ ਵਾਲੇ ਨਾਲ ਕੀਤੀਆਂ ਮਸ਼ਕਰੀਆਂ ਹੋਣ, ਜਿਸ 'ਚ ਨੌਜਵਾਨ ਪੁਲਿਸ ਵਾਲੇ ਨੂੰ ਅੰਕਲ ਕਹਿ ਕੇ ਬੁਲਾਉਂਦਿਆਂ ਕਦੇ ਪੈਲੇਟ ਗੰਨ ਬਾਰੇ ਸਵਾਲ ਪੁੱਛਦੇ ਤੇ ਕਦੇ ਡੰਡੇ ਬਾਰੇ। ਕਦੇ ਕਹਿੰਦੇ ਅੰਕਲ ਤੁਹਾਡੇ ਬੱਚੇ ਵੀ ਤੇ ਹੋਣਗੇ ਨਾ? ਤੇ ਕਦੇ ਜਦੋਂ ਪੁਲਿਸ ਵਾਲੇ ਉਨ੍ਹਾਂ ਵੱਲ ਲਾਠੀ ਲੈ ਕੇ ਭੱਜਦੇ ਤਾਂ ਉਹ ਰਾਸ਼ਟਰ ਗਾਨ ਜਨ ਗਣ ਮਨ ਗਾਉਣਾ ਸ਼ੁਰੂ ਕਰ ਦਿੰਦੇ, ਜਿਸ ਕਾਰਨ ਪੁਲਿਸ ਵਾਲਿਆਂ ਨੂੰ ਮਜਬੂਰੀਵਸ ਆਪਣੀ ਕਾਰਵਾਈ ਰੋਕਣੀ ਪੈਂਦੀ।
ਇਨ੍ਹਾਂ ਰੀਲਾਂ 'ਚ ਨੌਜਵਾਨਾਂ ਦਾ ਮਨ ਭਾਉਂਦਾ ਕੰਟੈਂਟ 'ਗੈੱਟ ਰੈਡੀ ਵਿਦ ਮੀ' ਵੀ ਸ਼ਾਮਿਲ ਸੀ। ਗੈੱਟ ਰੈਡੀ ਵਿਦ ਮੀ ਫਾਰ ਪ੍ਰੋਟੈੱਸਟ 'ਚ ਉਹ ਪ੍ਰਦਰਸ਼ਨ ਲਈ ਆਪਣੀ ਤਿਆਰੀ ਵਿਖਾਉਂਦੇ ਨਜ਼ਰ ਆਉਂਦੇ ਤੇ ਕਦੇ ਇਸ ਪ੍ਰਦਰਸ਼ਨ ਲਈ ਕੀ-ਕੀ ਚੀਜ਼ਾਂ ਚਾਹੀਦੀਆਂ ਹਨ, ਇਹ ਵਿਖਾਵਾ ਕਰਦੇ ਨਜ਼ਰ ਆਉਂਦੇ ਤੇ ਕਦੇ ਭਵਿੱਖ ਦੇ ਪ੍ਰਦਰਸ਼ਨਾਂ ਲਈ ਕਿਹੋ ਜਿਹੀ ਤਿਆਰੀ ਹੋਣੀ ਚਾਹੀਦੀ ਹੈ, ਇਸ 'ਤੇ ਤਬਸਰਾ ਕਰਦੇ ਜਾਂ ਇਸ ਸੰਬੰਧੀ ਹਲਕੇ ਅੰਦਾਜ਼ 'ਚ ਨੁਸਖੇ ਸਾਂਝੇ ਕਰਦੇ ਨਜ਼ਰ ਆਉਂਦੇ। ਅਜਿਹੀ ਸਮੱਗਰੀ  ਨਾਲ ਭਰੇ ਇੰਸਟਾਗ੍ਰਾਮ 'ਤੇ ਅੰਦੋਲਨ ਬਾਰੇ ਨਾਂਹ-ਪੱਖੀ ਖ਼ਬਰਾਂ ਜਿਵੇਂ ਗੁਆਚ ਗਈਆਂ ਹੋਣ।
ਇਸ ਇੰਸਟਾਕ੍ਰਾਂਤੀ ਦਾ ਪ੍ਰਬੰਧ ਵੀ ਏਨਾ ਸੁਚੱਜਾ ਸੀ ਕਿ ਮੁਸ਼ਕਿਲ ਹਾਲਾਤ ਨੂੰ ਵੀ ਹੱਸ ਕੇ ਟਪਾ ਦਿੱਤਾ। ਇਥੋਂ ਤੱਕ ਕਿ ਕਿਸੇ ਦਾ ਬੱਚਾ ਜਦੋਂ ਗੁਆਚ ਗਿਆ ਅਤੇ ਉਸ ਨੇ ਸਟੇਜ 'ਤੇ ਜਾ ਕੇ ਆਪਣੀ ਮਾਂ ਦਾ ਨਾਂਅ ਪ੍ਰਿਆ ਗੁਪਤਾ ਦੱਸ ਕੇ ਲੱਭਣ ਦੀ ਅਪੀਲ ਕੀਤੀ ਤਾਂ ਸਟੇਜ ਤੋਂ ਦਿੱਤਾ ਨਾਅਰਾ ਥੋੜ੍ਹੀ ਦੇਰ 'ਚ ਹੀ ਧਰਨੇ ਵਾਲੀ ਥਾਂ 'ਤੇ ਗੂੰਜਣ ਲੱਗਾ, 'ਪ੍ਰਿਆ ਗੁਪਤਾ ਕਹਾਂ ਹੈ, ਆਪਕਾ ਬੱਚਾ ਯਹਾਂ ਹੈ।'
ਕੁਝ ਹੀ ਚਿਰ ਬਾਅਦ ਬੱਚਾ ਆਪਣੀ ਮਾਂ ਕੋਲ ਸੀ।
ਜੈੱਨ-ਜ਼ੀ ਨੇ ਆਪਣੇ ਅੰਦੋਲਨ ਦੀ ਸਫਲਤਾ ਲਈ ਕਿਸੇ ਮੁੱਖ ਧਾਰਾ ਦੇ ਮੀਡੀਆ 'ਤੇ ਨਿਰਭਰ ਹੋਣ ਦੀ ਥਾਂ 'ਤੇ ਆਪਣੇ ਮੰਤਵ ਦੇ ਪਸਾਰ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲੈ ਲਈ, ਜਿਸ ਦਾ ਅਸਰ ਇੰਸਟਾਗ੍ਰਾਮ 'ਤੇ ਨਜ਼ਰ ਆ ਰਹੀਆਂ ਰੀਲਾਂ ਤੋਂ ਸਪੱਸ਼ਟ ਦਿਸ ਰਿਹਾ ਸੀ। ਸਰਕਾਰ ਤੱਕ ਗੱਲ ਪਹੁੰਚਾਉਣ ਦਾ ਇਹ ਜ਼ਰੀਆ ਏਨਾ ਪ੍ਰਭਾਵੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੈੱਨ-ਜ਼ੀ ਤੱਕ ਪਹੁੰਚ ਕਰਨ ਲਈ ਇਸੇ ਜ਼ਰੀਏ ਦੀ ਮਦਦ ਲੈਣੀ ਪਈ। 20 ਜੁਲਾਈ ਨੂੰ 'ਸੰਸਦ ਚਲੋ' ਦੇ ਹੋਕੇ  ਤੋਂ ਤਿੱਖੀ ਹੋਈ 'ਇੰਸਟਾਕ੍ਰਾਂਤੀ' ਦੇ ਕਾਰਨ ਹੀ ਪ੍ਰਧਾਨ ਮੰਤਰੀ ਨੇ 23 ਅਤੇ 24 ਜੁਲਾਈ ਨੂੰ 24 ਘੰਟਿਆਂ ਦੇ ਵਕਫ਼ੇ 'ਚ ਦੋ ਵਾਰ ਇੰਸਟਾਗ੍ਰਾਮ ਰਾਹੀਂ ਨੌਜਵਾਨਾਂ ਨੂੰ ਸੰਬੋਧਨ ਕੀਤਾ। ਇਸ 'ਚ ਉਹ ਨੌਜਵਾਨਾਂ ਨੂੰ ਅੰਗਰੇਜ਼ੀ 'ਚ ਸੰਬੋਧਨ ਕਰਦਿਆਂ ਤੇ 'ਮਾਯ ਫਰੈਂਡਜ਼' ਕਹਿੰਦੇ ਨਜ਼ਰ ਆਏ। ਇਨ੍ਹਾਂ ਸੰਬੋਧਨਾਂ 'ਚ ਵੀ ਨੌਜਵਾਨਾਂ ਨੇ ਆਪਣੇ ਬੇਧੜਕ ਅਤੇ ਬੇਖੌਫ਼ ਪ੍ਰਤੀਕਰਮ ਦੇਣ 'ਚ ਰਤਾ ਝਿਜਕ ਨਾ ਕੀਤੀ ਅਤੇ ਉਹ 'ਪ੍ਰਧਾਨ ਮੰਤਰੀ' ਨੂੰ ਮੰਚ ਦੇ ਨੇਮਾਂ ਸੰਬੰਧੀ 'ਗਿਆਨ' ਦਿੰਦੇ ਹੀ ਨਜ਼ਰ ਆਏ, ਜਿਸ 'ਚ ਤੇਜ਼ ਰਫ਼ਤਾਰ ਨੂੰ ਇੰਸਟਾਗ੍ਰਾਮ ਦਾ ਸਾਰ (5ssence) ਦੱਸਦਿਆਂ ਉਹ ਕਹਿੰਦੇ ਨਜ਼ਰ ਆਏ ਕਿ 'ਮੋਦੀ ਜੀ! ਜਿੰਨੀ ਦੇਰ 'ਚ ਤੁਸੀਂ ਫ੍ਰੈਂਡਜ਼ ਕਿਹਾ ਹੈ, ਓਨੀ ਦੇਰ 'ਚ ਅਸੀਂ ਤਿੰਨ ਰੀਲਾਂ ਵੇਖ ਲੈਂਦੇ ਹਾਂ।'
ਇਹ ਸੋਸ਼ਲ ਮੀਡੀਆ ਅੰਦੋਲਨ 25 ਜੁਲਾਈ ਨੂੰ ਉਸ ਵੇਲੇ ਆਪਣੇ ਪਹਿਲੇ ਅੰਤ 'ਤੇ ਪਹੁੰਚਿਆ ਜਦੋਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਪਣਾ ਅਸਤੀਫ਼ਾ ਦੇ ਦਿੱਤਾ। ਇਹ ਜੈੱਨ-ਜ਼ੀ ਦੀ ਪਹਿਲੀ ਅਤੇ ਇਤਿਹਾਸਕ ਜਿੱਤ ਸੀ, ਜਿਸ 'ਚ ਉਨ੍ਹਾਂ ਸਿਆਸੀ ਸੁਨੇਹਾ ਦੇਣ ਦਾ ਇਕ ਨਵਾਂ ਤੇ ਨਿਵੇਕਲਾ ਰਾਹ ਲੱਭਿਆ। ਹਾਲਾਂਕਿ ਇਹ ਰਾਹ ਬਹੁਤ ਸੁਖਾਲਾ ਨਹੀਂ ਸੀ। ਇਸ ਰਾਹ 'ਚ ਉਨ੍ਹਾਂ ਨੂੰ ਪਹਿਲਾਂ ਪ੍ਰਸ਼ਾਸਨ ਦੇ ਤਸ਼ੱਦਦ ਦਾ ਵੀ ਸਾਹਮਣਾ ਕਰਨਾ ਪਿਆ। ਪੁਲਿਸ ਦੇ ਡੰਡੇ ਖਾਧੇ ਅਤੇ ਹਿਰਾਸਤ 'ਚ ਵੀ ਗਏ। ਪਰ ਸ਼ਾਂਤੀਪੂਰਨ  ਅੰਦੋਲਨ ਦੀ ਮਿਸਾਲ ਕਾਇਮ ਕਰਦਿਆਂ ਉਹ ਨਾ ਸਿਰਫ਼ ਹੋਰ ਅੱਗੇ ਵਧ ਕੇ ਸਾਹਮਣਾ ਕਰਨ ਨੂੰ ਤਿਆਰ ਨਜ਼ਰ ਆਏ, ਸਗੋਂ ਪੁਲਿਸ ਦੇ ਜਬਰ ਦੇ ਅੱਗੇ ਉਨ੍ਹਾਂ ਨੂੰ ਫੁੱਲ ਦਿੰਦੇ ਅਤੇ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਪੱਖਾ ਝੱਲਦੇ ਵੀ ਨਜ਼ਰ ਆਏ।
ਪੁਲਿਸ ਦੇ ਤਸ਼ੱਦਦ ਦਾ ਵੀ ਇੰਸਟਾਗ੍ਰਾਮ 'ਤੇ ਪਸਾਰ ਹੋਣ 'ਤੇ ਸਰਕਾਰ ਬੈਕਫੁੱਟ 'ਤੇ ਨਜ਼ਰ ਆਈ ਤੇ ਆਖਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਨੂੰ ਮਜਬੂਰ ਹੋਈ।
ਜੈੱਨ-ਜ਼ੀ ਦੇ ਇਸ ਅੰਦੋਲਨ ਦੇ ਸਫ਼ਲ ਹੋਣ 'ਤੇ ਸਰਕਾਰ ਅਤੇ ਵਿਰੋਧੀ ਧਿਰਾਂ ਦੋ ਸਿਰਿਆਂ 'ਤੇ ਖੜ੍ਹੀਆਂ ਨਜ਼ਰ ਆ ਰਹੀਆਂ ਹਨ। ਜਿਸ 'ਚ ਸਰਕਾਰ ਨੂੰ ਇਸ ਅੰਦੋਲਨ ਤੋਂ ਸਬਕ ਲੈਂਦਿਆਂ 'ਅਗਲੀ ਵਾਰ' ਕੀ ਨਹੀਂ ਕਰਨਾ ਚਾਹੀਦਾ 'ਤੇ ਵਿਚਾਰ ਕਰਨ ਦੀ ਲੋੜ ਹੈ। ਉਥੇ ਵਿਰੋਧੀ ਧਿਰਾਂ ਇਸ ਜੈੱਨ-ਜ਼ੀ ਸ਼ਕਤੀ ਨੂੰ ਕਿਵੇਂ ਆਪਣੇ ਹੱਕ 'ਚ ਵਰਤ ਸਕਦੀਆਂ ਹਨ, ਇਸ 'ਤੇ ਗੰਭੀਰਤਾ ਨਾਲ ਸੋਚਣ ਦੀ ਦਰਕਾਰ ਹੈ ਅਤੇ ਜੈੱਨ-ਜ਼ੀ! ਜਿਸ ਨੇ ਆਪਣੇ  ਫੋਨ ਦੇ ਰਾਹੀਂ ਸਿਆਸੀ ਵਾਰਤਾ ਦਾ ਇਹ ਨਵਾਂ ਰਾਹ ਲੱਭਿਆ ਹੈ, ਉਸ ਨੂੰ ਇਸ ਰਾਹ ਨੂੰ  ਹੋਰ ਪੱਧਰਾ ਕਰਨ ਅਤੇ ਦਿਸ਼ਾ ਦੇਣ ਦੀ ਲੋੜ ਹੈ। ਨਾਲ ਹੀ ਆਪਣੇ ਮਾਂ-ਪਿਓ ਅਤੇ ਸਾਰੇ ਸਮਾਜ ਨੂੰ ਇਸ 'ਤਾਕਤ' ਤੋਂ ਜਾਣੂ ਕਰਵਾਉਣ ਦੀ ਲੋੜ ਹੈ, ਤਾਂ ਕਿ ਉਨ੍ਹਾਂ ਨੂੰ ਇਹ ਤਾਅਨਾ ਦੁਬਾਰਾ ਨਾ ਸੁਣਨਾ ਪਵੇ, 'ਅੱਗ ਲਾ ਇਸ ਫੋਨ ਨੂੰ।'
-ਮੋਬਾਈਲ : 099101-88350
ਈਮੇਲ : upma.dagga@gmail.com

Ad Position 22
No active advertisement
ਪਿਛਲੀ ਖ਼ਬਰ ਰੇਡੀਓ ਐਕਟਿਵ ਤੱਤ ਸੋਖ ਲੈਂਦਾ ਹੈ-ਸੂਰਜਮੁਖੀ ਅਗਲੀ ਖ਼ਬਰ ਇਕ ਖ਼ਤ ਦੋਸਤੀ ਦੇ ਨਾਮ
Ad Position 24
No active advertisement