ਦੋਸਤ ਘਣਾਂ ਪ੍ਰਛਾਵਾਂ ਹੁੰਦੇ ਨੇ...ਖਰਾ ਸੋਨਾ...ਤੂਤ ਦਾ ਮੋਛਾ। ਬਿਗਾਨਿਆਂ ਕਲਬੂਤਾਂ ਤੋਂ ਜਨਮੇ, ਰੂਹਾਂ ਦੇ ਰਿਸ਼ਤੇ ਬਣਦੇ ਨੇ ਇਹ ਨਗੀਨੇ। ਟਣਕਦੇ ਸਿੱਕਿਆਂ ਦੀ ਟੁਣਕਾਰ, ਕੋਝੀਆਂ ਚਾਲਾਂ ਦੀ ਦੁਰਕਾਰ, ਝੂਠ ਦੇ ਲਾਰਿਆਂ ਦੀ ਭਰਮਾਰ ਤੋਂ ਨਿਰਲੇਪ ਹੁੰਦੈ ਇਹ ਨਾਤਾ। ਵਲ ਛਲ ਤੋਂ ਕੋਹਾਂ ਦੂਰ, ਈਰਖਾ ਸਾੜਿਆਂ ਤੋਂ ਪਰ੍ਹੇ, ਸ਼ਾਹ ਰਗ ਦਾ ਨੇੜਲਾ ਸਾਕ ਹੁੰਦੀ ਆ ਦੋਸਤੀ। ਮਨ ਦੀਆਂ ਨਿਵਾਣਾਂ, ਡੂੰਘਾਈਆਂ ਵਿਚੋਂ ਚਾਨਣ ਦੀ ਲੀਕ ਦਿਖਾਈ ਦਿੰਦੀ ਐ, ਜਦੋਂ ਕੋਈ'ਆਪਣਾ' ਨਜ਼ਰੀਂ ਪੈਂਦੈ, ਮੈਂ ਹੈਗਾ ਨਾ। ਦਿਲ ਦੇ ਗੁੱਝੇ ਭੇਦ, ਰਹੱਸਮਈ ਕਿੱਸੇ ਜਿਵੇਂ ਵਲਗਣਾਂ ਉਲੰਘ ਕੇ ਬਾਹਰ ਆਉਣਾ ਲੋਚਦੇ ਹੋਣ। ਜੋ ਅ-ਕਹਿ ਹੁੰਦੈ, ਉਹ ਕਹਿ ਹੋ ਜਾਂਦੈ। ਬੋਝਲ ਹੋਏ ਮਨ ਤੇ, ਜਿਵੇਂ ਤਪਦੇ ਮਾਰੂਥਲ ਦੀ ਨਿਆਈਂ ਮੀਂਹ ਦਾ ਛਰਾਟਾ ਵੱਜਿਆ ਹੋਵੇ। ਇਕ ਸ਼ਾਂਤ, ਸਹਿਜ ਮਨ ਸਾਗਰ ਦੇ ਕਿਨਾਰੇ ਬੈਠਾ ਘੋਗੇ ਸਿੱਪੀਆਂ ਨਾਲ ਖੇਡਣ ਲੱਗ ਜਾਂਦਾ...ਕਿਆਸੀਆਂ ਅਣਹੋਈਆਂ ਤੋਂ ਮੀਲਾਂ ਦੂਰ। ਯਾਰ ਦਾ ਆਗਮਨ ਦੇਵਤਿਆਂ ਵਰਗਾ ਲੱਗਦੈ। ਚਿੱਤ ਮਚਲਣ ਲੱਗਦੈ, ਟਿਮਟਿਮਾਉਂਦੇ ਸਿਤਾਰਿਆਂ ਵੱਲ ਅਹੁਲਦੈ।
ਦੋਸਤੀ ਬੰਦਗੀ ਹੁੰਦੀ ਐ...ਪਾਕ ਮੁਹੱਬਤ! ਮਨ ਮਸਤਕ ਵਿਚ ਕੋਮਲ ਕਲੀਆਂ ਮੌਲਣ ਲੱਗਦੀਆਂ ਨੇ, ਜਦੋਂ ਸਹਿਚਾਰ ਤੇ ਸੁਖ਼ਨ ਹੁਲਾਰਾਂ ਦਾ ਵਾਸਾ ਹੋ ਜਾਂਦੈ। ਯਾਰ ਵਿਚੋਂ ਖ਼ੁਦਾ ਦੇ ਦੀਦਾਰ ਹੋ ਜਾਂਦੇ ਨੇ। ਦਿਨ ਈਦ ਵਰਗਾ ਹੋ ਜਾਂਦਾ। ਮੀਰਾ ਨੂੰ ਵੰਝਲੀ ਦੀ ਤਾਨ ਮਿੱਠੀ ਲੱਗਦੀ ਐ। ਬੁੱਲ੍ਹੇ ਲਈ ਯਾਰ ਦਾ ਮਿਲਾਪ'ਐਧਰੋਂ' ਪੁੱਟ ਕੇ'ਉੱਧਰ' ਲਾਉਣ ਨਾਲ ਹੋ ਜਾਂਦੈ। ਫਿਦਾ ਬਟਾਲਵੀ ਦਾ ਸ਼ੇਅਰ:
ਜਬ ਦੇਖਾ ਮੈਂਨੇ ਯਾਰ ਕਾ ਨਜ਼ਾਰਾ
ਕਿ ਯਾਰ ਵਿਚੋਂ ਰੱਬ ਦਿਸਿਆ।
ਇਸ਼ਕ ਹਕੀਕੀ ਦਾ ਇੰਨਾਂ ਗੂੜ੍ਹਾ ਪ੍ਰਸੰਗ ਆਪਣੇ ਆਪ ਵਿਚ ਇਕ ਕਰਾਮਾਤ ਐ। ਜ਼ਿੰਦਗੀ ਦੋਸਤ ਦੇ ਨਾਂਅ ਲਿਖੀ ਇਬਾਰਤ ਬਣ ਜਾਂਦੀ ਐ:
ਰਾਂਝਾ ਰਾਂਝਾ ਕਰਦੀ ਨੀ ਮੈਂ
ਆਪੇ ਰਾਂਝਾ ਹੋਈ
ਸੱਦੋ ਨੀ ਮੈਨੂੰ ਧੀਦੋ ਰਾਂਝਾ
ਹੀਰ ਨਾ ਆਖੋ ਕੋਈ।
ਆਪਣਾ ਵਜੂਦ ਯਾਰ ਦੀ ਝੋਲੀ ਵਿਚ ਸਮਾ ਜਾਂਦੈ। ਆਪੇ ਦੀ ਵੁੱਕਤ ਮਿਟ ਜਾਂਦੀ ਆ। ਕਦੇ ਮੱਛੀ ਨੂੰ ਪਾਣੀ ਤੋਂ ਜੁਦਾ ਕਰ ਸਕਦੇ ਹਾਂ? ਵਿਛੋੜਾ ਮੌਤ ਬਣ ਬਹੁੜੇਗਾ। ਚਕੋਰ ਖ਼ੁਸ਼ੀ ਵਿਚ ਖੀਵਾ ਹੋਇਆ, ਚੰਦਰਮਾ ਨੂੰ ਪਾਉਣ ਲਈ ਵਿਆਕੁਲ ਹੈ। ਪਾਣੀ, ਦੁੱਧ ਵਿਚ ਮਿਲ ਕੇ ਆਪਣਾ ਸਰੂਪ ਹੀ ਮਿਟਾ ਬੈਠਦੈ। ਭੌਰਾ, ਫੁੱਲ ਵਿਚਲੀ ਸੁੰਦਰਤਾ ਦੀ ਦੀਵਾਨਗੀ ਕਰ ਕੇ ਜੇਲ੍ਹ ਕੱਟਦੈ। ਕਮਲ ਦਾ ਫੁੱਲ ਚਿੱਕੜ ਵਿਚ ਉੱਗ ਕੇ ਵੀ ਬੇਲੀ ਦੀ ਵਡਿਆਈ ਕਰਦਾ। ਤੇਰ ਮੇਰ ਕਿੱਥੇ ਵੱਸਦੀ ਐ? ਬੇਗਾਨਾਪਣ ਕਿਵੇਂ ਦਾ ਹੁੰਦੈ?
ਸੱਚੀ ਦੋਸਤੀ ਪਰਵਿਦਗਾਰ ਦੀ ਅਮੁੱਲੀ ਦਾਤ ਐ। ਆਪਾ ਭਾਵ ਮਿਟ ਜਾਂਦੈ। ਖ਼ੂਨ ਦੇ ਰਿਸ਼ਤੇ ਫਿੱਕੇ ਪੈ ਜਾਂਦੇ ਨੇ, ਜਿੱਥੇ ਦਿਲਜਾਨੀ ਦਾ ਵਾਸਾ ਹੋ ਜਾਵੇ। ਮਨ ਦੇ ਉਛਾਲ, ਮਨ ਦੀਆਂ ਉਮੰਗਾਂ ਦੋਸਤ ਦੀ ਝੋਲੀ ਜਾ ਡਿੱਗਦੀਆਂ ਨੇ। ਗ਼ਮਾਂ ਦੀ ਥਾਹ ਪੈਂਦੀ ਆ। ਰੂਹ ਦੇ ਹਾਣੀ ਦੀ ਉਪਸਥਿਤੀ ਵਿਚ ਸਭ ਚੰਗਾ-ਚੰਗਾ ਲੱਗਦੈ। ਝੋਰਿਆਂ ਦੀਆਂ ਪੀਡੀਆਂ ਗੰਢਾਂ ਖੁੱਲ੍ਹ ਜਾਂਦੀਆਂ ਨੇ। ਮਨ ਅਸਮਾਨੀ ਉਡਾਰੀਆਂ ਮਾਰਦੈ। ਦਾਮਨ ਵਿਚ ਪੀਂਘ ਦੇ ਸੱਤੇ ਰੰਗ ਆ ਹਿੱਕ ਨਾਲ ਲੱਗਦੇ ਨੇ। ਮਿਲਣ ਦੀ ਤਾਂਘ ਪ੍ਰਬਲ ਹੋ ਜਾਂਦੀ ਐ...ਯਾਰ ਦਸਤਕ ਤਾਂ ਦੇਵੇ! ਪ੍ਰਬੁੱਧ ਸ਼ਾਇਰ ਪ੍ਰਦੀਪ ਸਫ਼ੀ ਦੋਸਤੀ ਦਾ ਅਨੁਸਰਨ ਕਰਦੈ:
ਕ੍ਰਿਸ਼ਨ ਕਦੋਂ ਪਰਤਣ ਦਿੰਦਾ
ਦੋਸਤੀਆਂ
ਦਰਵਾਜ਼ੇ ਤੋਂ...
ਕੋਈ
ਸੁਦਾਮਾ ਤਾਂ ਆਵੇ।
ਕਹਿੰਦੇ ਨੇ, ਦੋਸਤੀ ਇਮਤਿਹਾਨ ਵੀ ਲੈਂਦੀ ਐ। ਗ਼ਮ ਦੇ ਪਲ ਅਹਿਸਾਸ ਕਰਾਉਂਦੇ ਨੇ ਕਿ ਮਿੱਤਰਤਾ ਦੀ ਜੜ੍ਹ ਕਿੰਨੀ ਕੁ ਡੂੰਘੀ ਆ। ਪਰਖ ਦੀ ਘੜੀ ਕਿਰਦਾਰ ਨੂੰ ਨੰਗਿਆਂ ਕਰ ਦਿੰਦੀ ਹੈ। ਭਰਮ ਭੁਲੇਖੇ ਸ਼ੀਸ਼ੇ ਸਾਹਵੇਂ ਖੜ੍ਹ ਕੇ ਦੂਰ ਹੋ ਜਾਂਦੇ ਨੇ। ਖਿੜੀ ਬਸੰਤ ਵਿਚ ਨੇੜੇ ਢੁੱਕ ਕੇ ਬੈਠਣ ਵਾਲੇ, ਪੱਤਝੜ ਆਉਂਦੀ ਦੇਖ ਕਿਧਰੇ ਅਲੋਪ ਹੋ ਜਾਣ ਨੂੰ ਸਿਆਣਪ ਸਮਝਦੇ ਨੇ। ਸੁੱਖਾਂ ਦੇ ਸਾਥੀ ਗਿਣਤੀਆਂ ਮਿਣਤੀਆਂ ਦਾ ਸਹਾਰਾ ਲੈਂਦੇ ਨੇ। ਬੜੇ ਡੂੰਘੇ ਅਰਥ ਹੁੰਦੇ ਨੇ, ਘਾਟੇ ਵਾਲੇ ਸੌਦੇ ਦੇ...ਹਰ ਇਕ ਨੂੰ ਵਾਰਾ ਨਹੀਂ ਖਾਂਦੇ। ਬਿਗਾਨਿਆਂ ਤੋਂ ਬੋਚ ਬੋਚ ਕਦਮ ਰੱਖਣ ਵਾਲੇ ਕਈ ਵਾਰ ਆਪਣਿਆਂ ਹੱਥੋਂ ਹਾਰ ਜਾਂਦੇ ਨੇ, ਕਿਉਂਕਿ ਆਸਥਾ ਦਾ ਘਾਣ ਹੁੰਦਾ ਦੇਖਣ ਦੀ ਤਵੱਕੋ ਨਹੀਂ ਚਿਤਵੀ ਹੁੰਦੀ:
ਦੁਸ਼ਮਣਾਂ ਦੀ ਦੁਸ਼ਮਣੀ ਤੋਂ ਬਚ ਗਿਆ
ਦੋਸਤਾਂ ਦੀ ਦੋਸਤੀ ਨੇ ਮਾਰਿਆ।
ਵਿਸ਼ਵ ਪ੍ਰਸਿੱਧ ਚਿੰਤਕ ਅਤੇ ਲੇਖਕ ਕਾਮੂ ਲਿਖਦੈ, ਮੇਰੇ ਚਾਰੇ ਪਾਸੇ ਲੋਕਾਂ ਦੀ ਭੀੜ ਹੈ; ਪ੍ਰਸੰਸਕਾਂ ਦੀ ਕਮੀ ਨਹੀਂ। ਪਰ ਆਪਣੇ ਕਹਿ ਸਕਾਂ, ਅਜਿਹੇ ਦੋ ਚਾਰ ਲੋਕ ਵੀ ਨਹੀਂ। ਦੁਨੀਆ ਦੀ ਇਸ ਭੀੜ ਵਿਚ'ਆਪਣਿਆਂ' ਦੀ ਅਣਹੋਂਦ ਮਨੁੱਖ ਨੂੰ ਅਲੱਗ-ਥਲੱਗ ਕਰ ਦਿੰਦੀ ਐ। ਭਰੇ ਪਰਿਵਾਰ ਵਿਚ ਉਹ ਇਕੱਲਾ ਰਹਿ ਜਾਂਦਾ। ਸੂਫ਼ੀ ਫ਼ਕੀਰ ਮਨਸੂਰ ਅਲ ਹਲਾਜ ਨੇ ਅਨ-ਅਲ-ਹੱਕ ਕਿਹਾ ਸੀ-ਮੈਂ ਹੀ ਖ਼ੁਦਾ ਹਾਂ। ਬਗਦਾਦ ਦੇ ਖ਼ਲੀਫ਼ੇ ਨੂੰ ਕਾਫ਼ਰਪੁਣੇ ਦੀ ਬੋ ਆਈ। ਸੂਲੀ ਚਾੜ੍ਹਨ ਤੋਂ ਪਹਿਲਾਂ ਚੁਰਸਤੇ ਵਿਚ ਖੜ੍ਹਾ ਕਰ ਕੇ ਪੱਥਰ ਮਾਰਨ ਦਾ ਫੁਰਮਾਨ ਜਾਰੀ ਕੀਤਾ। ਰਾਹਗੀਰ ਪੱਥਰ ਮਾਰਦੇ ਰਹੇ; ਅੱਖ ਸੁੱਕੀ ਰਹੀ। ਅਜ਼ੀਜ਼ ਦੋਸਤ ਸ਼ਿਬਲੀ ਵੀ ਉੱਧਰੋਂ ਲੰਘਿਆ। ਮਨਸੂਰ ਨੂੰ ਪੱਥਰ ਦੀ ਥਾਂ ਫੁੱਲ ਮਾਰਿਆ, ਮਤੇ ਯਾਰ ਨੂੰ ਚੋਟ ਲੱਗੇ! ਜੇ ਪੱਥਰ ਮਾਰਦਾ ਤਾਂ'ਖ਼ੁਦਾ' ਦੇ ਵੱਜਣਾ ਸੀ; ਨਾ ਮਾਰਦਾ ਤਾਂ ਖ਼ਲੀਫ਼ੇ ਨੇ ਤਸੀਹੇ ਦੇਣੇ ਸੀ। ਮਨਸੂਰ ਦੀ ਰੂਹ ਕੰਬ ਉੱਠੀ। ਦੋਸਤ ਸਚਾਈ ਤੋਂ ਮੁੱਖ ਮੋੜ ਗਿਆ ਸੀ:
ਸੱਜਣਾਂ ਨੇ ਫੁੱਲ ਮਾਰਿਆ,
ਸਾਡੀ ਰੂਹ ਅੰਬਰਾਂ ਤੱਕ ਰੋਈ
ਲੋਕਾਂ ਦਿਆਂ ਵੱਟਿਆਂ ਦੀ ਸਾਨੂੰ,
ਪੀੜ ਰਤਾ ਨਾ ਹੋਈ।
ਸੂਖਮ ਰਿਸ਼ਤਾ ਜੁ ਸੀ। ਅੱਜ ਤੋਂ ਠੀਕ 1100 ਵਰ੍ਹੇ ਪਹਿਲਾਂ, 26 ਮਾਰਚ 922 ਈ. ਨੂੰ ਮਨਸੂਰ ਨੇ ਖ਼ਲਕਤ ਨੂੰ ਅਲਵਿਦਾ ਕਹਿ ਦਿੱਤਾ ਸੀ। ਦੋਸਤ ਦੀ ਸੋਚਣੀ ਵਿਚ ਡੱਬ ਪੈ ਗਿਆ ਸੀ।
ਅਜੋਕੇ ਯੁਗ ਵਿਚ ਦੋਸਤਾਂ ਦੀ'ਭਰਮਾਰ' ਐ, ਤੋਟ ਨਹੀਂ। ਉੱਚੀਆਂ ਕਲਗੀਆਂ ਵਾਲੇ ਲੋਕ ਸਭ ਦੇ'ਦੋਸਤ' ਹੁੰਦੇ ਨੇ। ਮਾੜੇ ਤੇ ਲਿੱਸੇ ਆਦਮੀ ਨਾਲ ਕਿਸੇ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਕਿਉਂਕਿ ਪਾਏਦਾਨ ਉੱਚੇ ਨੀਵੇਂ ਹੁੰਦੇ ਨੇ। ਬੜਾ ਹੁੱਬ ਕੇ ਦੱਸਦੇ ਹਾਂ ਕਿ ਉਹ ਰੱਜਿਆ ਪੁੱਜਿਆ, ਮੇਰਾ'ਖ਼ਾਸ' ਹੈ। ਪਰ ਸਿਆਣੇ ਕਹਿੰਦੇ ਨੇ ਕਿ ਤੁਹਾਡੀ ਦਰਦ ਭਿੰਨੀ ਆਵਾਜ਼ ਨੂੰ ਕੋਈ ਨੀਵਾਂ ਹੀ ਸੁਣਦੈ; ਇਨ੍ਹਾਂ'ਸਰਦਾਰ' ਲੋਕਾਂ ਕੋਲ ਫ਼ਜ਼ੂਲ ਜਿਹੀਆਂ ਚੀਜ਼ਾਂ ਵਾਸਤੇ ਵਿਹਲ ਕਿੱਥੇ? ਫਾਸਟ ਟ੍ਰੈਕ ਦੇ ਇਸ ਜ਼ਮਾਨੇ ਵਿਚ ਹਜ਼ਾਰਾਂ'ਫੇਸ ਬੁੱਕੀ ਫਰੈਂਡ' ਤੁਹਾਨੂੰ ਨੇੜਲੇਪਣ ਦੇ ਭੁਚੱਕੇ ਪਾਉਂਦੇ ਨੇ। ਮਿੱਟੀ ਦਾ ਪੁਤਲਾ ਮਦਹੋਸ਼ ਹੋਇਆ ਰਹਿੰਦੈ ਕਿ ਦੁਨੀਆ ਮੇਰੀ ਮੁੱਠੀ 'ਚ ਐ। ਚੰਗੇ ਚੰਗੇ ਪ੍ਰਵਚਨ ਸੁਣਾਉਣ ਵਾਲੇ ਅਕਸਰ ਬੌਣੇ ਬਣੇ ਦੇਖੇ ਨੇ। ਮਨ ਨੂੰ ਠੇਸ ਪਹੁੰਚਦੀ ਐ, ਜਦੋਂ ਰੌਸ਼ਨੀ ਹੋਣ 'ਤੇ ਹਨੇਰੇ ਦਾ ਮੁਲੰਮਾ ਉੱਤਰ ਜਾਂਦੈ। ਭਵਿੱਖ ਦੀ ਸਰਦਲ ਤੇ'ਕੱਲੀ ਖੜ੍ਹੀ ਮੂਰਤ ਆਪਣੇ ਆਪ ਨਾਲ ਗੱਲਾਂ ਕਰਦੀ ਆ ਕਿ ਦੁਨੀਆ ਚੱਲਣਹਾਰ ਐ!
ਮਜ਼੍ਹਬੀ ਦੇ ਵਰਤਾਰੇ ਵਾਲੇ ਆਪਣੇ ਕਬੀਲੇ ਦੇ ਲੋਕ ਵੀ'ਆਪਣੇ' ਨਹੀਂ ਹੁੰਦੇ। ਮੁਕੱਦਸ ਪੋਥੀਆਂ ਦੀਆਂ ਬਾਤਾਂ ਸੁਣਾਉਣ ਵਾਲੇ ਇਹ ਭੱਦਰਪੁਰਸ਼ ਅਕਸਰ ਅਦਬ ਤੋਂ ਸੱਖਣੇ ਹੁੰਦੇ ਆ। ਜ਼ਿੰਦਗੀ ਦੇ ਬਿੱਖੜੇ ਪੈਂਡਿਆਂ ਦੇ ਆਪੂੰ ਬਣੇ ਮਾਰਗ ਦਰਸ਼ਕ ਤੁਹਾਨੂੰ ਕੰਡਿਆਲੀਆਂ ਥਾਵਾਂ 'ਤੇ ਛੱਡ ਕੇ ਕਿਧਰੇ ਦੂਰ ਨਜ਼ਰੀਂ ਪੈਣਗੇ। ਇਕ ਕਿੱਸਾ ਯਾਦ ਆਇਆ: ਕਿਸੇ ਦੂਸਰੇ ਸੂਬੇ ਵਿਚ ਕੁਝ ਸਮਾਂ ਨੌਕਰੀ ਕਰਨੀ ਪਈ। ਫਿਰਕੂ ਰੰਗਤ ਵਾਲਾ ਸ਼ਹਿਰ ਸੀ। ਕਦਮ ਕਦਮ 'ਤੇ ਧਾਰਮਿਕ ਬਖੇੜਾ। ਓਪਰੀ ਧਰਤੀ ਤੇ'ਆਪਣਿਆਂ' ਦੀ ਯਾਦ ਆਈ। ਸੋਚਿਆ,'ਦੋਸਤਾਂ' ਦੇ ਮੁਹੱਲੇ ਵਿਚ ਠਹਿਰਾਅ ਸੁਖੱਲਾ ਰਹੇਗਾ। ਪਰ ਗਿਆਨੀ ਜੀ ਨੇ ਪਰਦਾ ਹਟਾ ਦਿੱਤਾ, ਇੱਥੇ ਸਭ'ਵਪਾਰੀ' ਨੇ। ਕੋਈ ਭਾਣਾ ਵਾਪਰ ਗਿਆ ਤਾਂ ਬੂਹੇ ਢੋਏ ਮਿਲਣਗੇ। ਸੋ ਸਾਰਿਆਂ ਨੂੰ ਹੀ'ਦੋਸਤ' ਸਮਝੋ। ਲੱਖ ਟਕੇ ਦੀ ਗੱਲ ਸੀ!
ਦੁਨੀਆ, ਦੋਸਤਾਂ ਤੇ ਦੁਸ਼ਮਣਾਂ ਦੇ ਧੜਿਆਂ ਵਿਚ ਲਕੀਰ ਖਿੱਚੀ ਬੈਠੀ ਐ। ਆਪਣੇ ਹਿਤਾਂ ਦਾ ਖਿਆਲ ਅਗੇਰੇ ਰਹਿੰਦੈ। ਟੀਰੀ ਅੱਖ ਕੁਦਰਤੀ ਖ਼ਜ਼ਾਨਿਆਂ 'ਤੇ ਐ। ਯੂਕਰੇਨ ਨੂੰ ਨਾਟੋ ਦੀ ਦੋਸਤੀ ਭਾਰੀ ਪੈ ਰਹੀ ਹੈ। ਆਪਣਿਆਂ ਨੇ ਬਲਦੀ ਅੱਗ 'ਚ ਸੁੱਟਿਐ। ਸੁਪਰ ਪਾਵਰਾਂ ਦੀ ਦੋਸਤੀ, ਮੰਡੀ ਅਤੇ ਹਥਿਆਰਾਂ ਦੀ ਖੇਡ ਤੱਕ ਸੀਮਿਤ ਐ।
ਸੋ ਦੁਲਾਰੇ ਮਿੱਤਰ! ਆਪਣੀ ਦੋਸਤੀ ਪਾਕ ਪਵਿੱਤਰ ਰੱਖੀਂ। ਰੂਹ ਤੋਂ ਰੂਹ ਦਾ ਰਿਸ਼ਤਾ ਹੋਵੇ। ਸੂਖਮ ਸਾਹਾਂ ਦੀ ਆਵਾਜ਼ ਸੁਣਾਈ ਦਿੰਦੀ ਰਹੇ। ਦੂਰੀ ਇਨੀ ਨਾ ਹੋਵੇ ਕਿ ਦਰਵਾਜ਼ੇ 'ਤੇ ਵੀ ਦਸਤਕ ਦੇਣੀ ਪਵੇ। ਅਸਮਾਨ ਜਿੱਡਾ ਜੇਰਾ ਰੱਖ। ਬੇਝਿਜਕ, ਨਫ਼ੇ ਨੁਕਸਾਨ ਦੀ ਸੋਚ ਤੋਂ ਦੂਰ ਖੁੱਲ੍ਹੀਆਂ ਬਾਹਾਂ ਨਾਲ ਆ ਕੇ ਮਿਲੀਂ, ਦੁਆਰ ਮੋਕਲੇ ਮਿਲਣਗੇ। ਕ੍ਰਿਸ਼ਨ ਸੁਦਾਮੇ ਨੂੰ ਯਾਦਾਂ ਦੀ ਬੁੱਕਲ ਵਿਚ ਬਿਠਾਈ ਰੱਖੀਂ। ਕਹਿੰਦੇ ਨੇ, ਹੱਥ ਅਤੇ ਅੱਖ ਦੀ ਡੂੰਘੀ ਮੁਹੱਬਤ ਹੁੰਦੀ ਐ। ਜੇ ਹੱਥ ਜ਼ਖ਼ਮੀ ਹੁੰਦਾ, ਤਾਂ ਅੱਖ ਭਰ ਆਉਂਦੀ ਐ ਤੇ ਜਦੋਂ ਅੱਖ ਕੁਰਲਾਉਂਦੀ ਐ, ਤਾਂ ਹੰਝੂ ਨੂੰ ਹੱਥ ਹੀ ਪੂੰਝਦਾ। ਮਨ ਮੰਦਰ ਵਿਚ ਵਿਚਾਰਾਂ ਦੀ ਸ਼ੁੱਧਤਾ ਹੀ ਦੋਸਤੀ ਦਾ ਮੂਲ ਹੈ। ਸੁੱਚਤਾ, ਸੰਜਮਤਾ, ਸਹਿਜਤਾ ਦੇ ਫ਼ਲ ਕਿਸੇ ਸਕੇ-ਸੋਧਰੇ ਦੀ ਫੁਲਵਾੜੀ ਵਿਚ ਹੀ ਮਿਲਦੇ ਨੇ। ਸ਼ੰਕਾਵਾਂ, ਮਿੱਤਰਤਾ ਨੂੰ ਕਮਜ਼ੋਰ ਕਰਦੀਆਂ ਨੇ। ਸੋਹਣੇ ਸੱਜਣਾ! ਸ਼ਿਸ਼ਟਾਚਾਰ ਤੇ ਲੋਕਾਚਾਰ ਦੀਆਂ ਬੇੜੀਆਂ ਪੈਰਾਂ ਦੇ ਬੰਧਨ ਬਣਦੇ ਨੇ। ਆ ਜਾਹ, ਪੰਛੀਆਂ ਵਾਂਗ ਉਡਾਰੀ ਭਰੀਏ:
ਮੇਰੇ ਦਿਲ ਵਿਚ ਤੇਰਾ ਘਰ ਹੋਵੇ
ਕਦੇ ਆਇਆ ਕਰ, ਕਦੇ ਜਾਇਆ ਕਰ।
ਦਿਲਾਂ ਦੇ ਰਿਸ਼ਤੇ ਸਵੱਛ ਹੁੰਦੇ ਨੇ, ਕੁਦਰਤੀ ਵਹਿੰਦੇ ਝਰਨਿਆਂ ਵਾਂਗ...ਨਿਰਮਲ, ਸ਼ੀਤਲ, ਸ਼ੀਸ਼ਮਈਖੋਟ, ਗੰਧਲੇਪਣ ਤੋਂ ਕਿਤੇ ਦੂਰ! ਦੋਸਤੀ ਦਾ ਸਿਰਨਾਵਾਂ ਹਿਰਦੇ 'ਚ ਉੁਕਰਿਆ ਹੋਣਾ ਚਾਹੀਦੈ। ਸ਼ਾਇਰ ਬੂਟਾ ਸਿੰਘ ਚੌਹਾਨ ਨੇ ਇਸੇ ਮੁਹੱਬਤ ਦੀ ਬਾਤ ਪਾਈ ਐ:
ਬਿਨਾਂ ਬੂਹਿਆਂ ਤੋਂ ਹੈ ਘਰ ਜ਼ਿੰਦਗੀ ਦਾ
ਹਵਾ ਵਾਂਗ ਲੋਕਾਂ ਦਾ ਆਉਣਾ 'ਤੇ ਜਾਣਾ
ਸੁਗੰਧਾਂ ਜਿਹੇ ਲੋਕ ਰਹਿੰਦੇ ਨੇ ਚਿਰ ਤੱਕ
ਹਵਾਵਾਂ ਦਾ ਹੁੰਦਾ ਨਾ ਕੋਈ ਟਿਕਾਣਾ।
-ਮੋਬਾਈਲ : 89684-33500