01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਇਕ ਹੋਰ ਟਕਰਾਅ ਤੋਂ ਬਚਣ ਭਾਰਤ ਤੇ ਪਾਕਿਸਤਾਨ

ਇਕ ਹੋਰ ਟਕਰਾਅ ਤੋਂ ਬਚਣ ਭਾਰਤ ਤੇ ਪਾਕਿਸਤਾਨ

Ad Position 21
No active advertisement
ਅਜੀਤ ਡੈਸਕ 02-08-2026

ਭਾਰਤ ਅਤੇ ਪਾਕਿਸਤਾਨ ਦੇ ਸੰਬੰਧ (7 ਮਈ, 2025 ਤੋਂ 10 ਮਈ, 2025 ਤੱਕ)  ਆਪ੍ਰੇਸ਼ਨ ਸੰਧੂਰ ਕਾਰਨ ਬੇਹੱਦ ਹੇਠਲੀ ਪੱਧਰ 'ਤੇ ਪਹੁੰਚ ਚੁੱਕੇ ਹਨ। ਦੋਵਾਂ ਦੇਸ਼ਾਂ ਦੇ ਸੰਬੰਧ ਆਜ਼ਾਦੀ ਅਤੇ ਭਾਰਤੀ ਉੱਪ-ਮਹਾਂਦੀਪ ਦੀ ਵੰਡ ਤੋਂ ਬਾਅਦ ਕਦੇ ਵੀ ਬਹੁਤੇ ਬਿਹਤਰ ਨਹੀਂ ਹੋਏ। 1947-48, 1965, 1971 ਤੇ 1999 ਨੂੰ ਦੋਵਾਂ ਦੇਸ਼ਾਂ ਵਿਚਕਾਰ ਛੋਟੀਆਂ ਤੇ ਵੱਡੀਆਂ ਕਈ ਲੜਾਈਆਂ ਹੋ ਚੁੱਕੀਆਂ ਹਨ। ਪਰ ਇਸ ਸਮੇਂ ਸੰਬੰਧਾਂ ਦੀ ਸਥਿਤੀ ਪਹਿਲਾਂ ਨਾਲੋਂ ਖ਼ਰਾਬ ਹੋ ਚੁੱਕੀ ਹੈ। ਪਹਿਲਾਂ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚਕਾਰ ਮੁੱਖ ਮੁੱਦਾ ਜੰਮੂ-ਕਸ਼ਮੀਰ ਦੇ ਵਿਵਾਦ ਤੇ ਪਾਕਿਸਤਾਨ ਦੀ ਧਰਤੀ ਤੋਂ ਭਾਰਤ ਵੱਲ ਸੇਧਿਤ ਦਹਿਸ਼ਤਗਰਦੀ ਦਾ ਸੀ, ਹੁਣ ਇਸ ਨਾਲ ਦਰਿਆਈ ਪਾਣੀਆਂ ਦਾ ਵਿਵਾਦ ਵੀ ਜੁੜ ਗਿਆ ਹੈ, ਕਿਉਂਕਿ ਭਾਰਤ ਨੇ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ 1960 ਵਿਚ ਦਰਿਆਈ ਪਾਣੀਆਂ ਦੀ ਵੰਡ ਸੰਬੰਧੀ ਹੋਏ ਸਿੰਧ ਜਲ ਸਮਝੌਤੇ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਟਕਰਾਅ ਅਤੇ ਤਣਾਅ ਵਧਣ ਦੀਆਂ ਸੰਭਾਵਨਾਵਾਂ ਪਹਿਲਾਂ ਨਾਲੋਂ ਕਿਤੇ ਹੋਰ ਵਧ ਗਈਆਂ ਹਨ। ਇਸ ਨੂੰ ਮੁੱਖ ਰੱਖਦਿਆਂ ਭਾਰਤ ਅਤੇ ਪਾਕਿਸਤਾਨ ਦੇ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਅਤੇ ਸ਼ਾਂਤੀ ਪ੍ਰੇਮੀਆਂ ਵਿਚ ਬੇਹੱਦ ਚਿੰਤਾ ਪਾਈ ਜਾ ਰਹੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਪਰਮਾਣੂ ਹਥਿਆਰਾਂ ਨਾਲ ਲੈੱਸ ਦੋਵੇਂ ਦੇਸ਼ਾਂ ਦਰਮਿਆਨ ਜੇਕਰ ਇਕ ਵਾਰ ਫਿਰ ਟਕਰਾਓ ਵਾਲੇ ਹਾਲਾਤ ਪੈਦਾ ਹੁੰਦੇ ਹਨ ਤਾਂ ਇਹ ਪਰਮਾਣੂ ਜੰਗ ਤੱਕ ਜਾ ਸਕਦੇ ਹਨ, ਕਿਉਂਕਿ ਪਾਕਿਸਤਾਨ ਆਪਣੀਆਂ ਪਾਣੀ ਦੀਆਂ 80 ਫ਼ੀਸਦੀ ਲੋੜਾਂ ਸਿੰਧ, ਚਨਾਬ ਅਤੇ ਜੇਹਲਮ ਆਦਿ ਦਰਿਆਵਾਂ ਦੇ ਪਾਣੀ ਤੋਂ ਪੂਰੀਆਂ ਕਰਦਾ ਹੈ। ਭਾਰਤ ਨੇ ਸਿੰਧ ਜਲ ਸਮਝੌਤਾ ਮੁਲਤਵੀ ਕਰਨ ਤੋਂ ਬਾਅਦ ਇਨ੍ਹਾਂ ਦਰਿਆਵਾਂ ਦੇ ਪਾਣੀ ਦੀ ਜਿੱਥੋਂ ਤੱਕ ਸੰਭਵ ਹੋ ਸਕੇ ਭਾਰਤ ਵਿਚ ਵਰਤੋਂ ਕਰਨ ਲਈ ਯੋਜਨਾਵਾਂ ਉਲੀਕਣੀਆਂ ਸ਼ੁਰੂ ਕਰ ਦਿੱਤੀਆਂ ਹਨ। ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਇਕ ਸੁਰੰਗ ਬਣਾ ਕੇ ਚਨਾਬ ਦਾ ਪਾਣੀ ਬਿਆਸ ਵਿਚ ਸੁੱਟਣ ਦਾ ਪ੍ਰਾਜੈਕਟ ਵੀ ਬਣਾਇਆ ਗਿਆ ਹੈ। ਇਸ ਕਾਰਨ ਪਾਕਿਸਤਾਨ ਦੇ ਆਮ ਲੋਕਾਂ ਵਿਚ ਵੀ ਵਧੇਰੇ ਚਿੰਤਾ ਪਾਈ ਜਾ ਰਹੀ ਹੈ ਅਤੇ ਸਿਆਸਤਦਾਨ ਅਤੇ ਹੋਰ ਭਾਰਤ ਵਿਰੋਧੀ ਤੱਤ ਇਸ ਮੁੱਦੇ ਨੂੰ ਲੈ ਕੇ ਪਾਕਿਸਤਾਨ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਅਮਲੀ ਰੂਪ ਵਿਚ ਭਾਰਤ ਇਨ੍ਹਾਂ ਦਰਿਆਵਾਂ ਦਾ ਪਾਣੀ ਭਾਰਤ ਵੱਲ ਮੋੜਦਾ ਹੈ ਤੇ ਪਾਕਿਸਤਾਨ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਦੋਵਾਂ ਦੇਸ਼ਾਂ ਵਿਚਕਾਰ ਇਕ ਹੋਰ ਯੁੱਧ ਛਿੜਣ ਦੇ ਹਾਲਾਤ ਪੈਦਾ ਹੋ ਸਕਦੇ ਹਨ।
ਸ਼ਾਇਦ ਇਸੇ ਨੂੰ ਮੁੱਖ ਰੱਖਦਿਆਂ ਹੀ ਪਿਛਲੇ ਦਿਨੀਂ ਭਾਰਤ ਤੇ ਪਾਕਿਸਤਾਨ ਦੀਆਂ 117 ਪ੍ਰਮੁੱਖ ਹਸਤੀਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਸ਼ਾਹਬਾਜ਼ ਸ਼ਰੀਫ ਨੂੰ ਇਕ ਸਾਂਝਾ ਖੁੱਲ੍ਹਾ ਪੱਤਰ ਲਿਖਿਆ ਹੈ, ਜਿਸ ਵਿਚ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਘਟਾਉਣ ਅਤੇ ਵੱਖ-ਵੱਖ ਖੇਤਰਾਂ ਵਿਚ ਦੁਵੱਲੇ ਸੰਬੰਧਾਂ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਜਿਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਲਿਖੇ ਸਾਂਝੇ ਪੱਤਰ 'ਤੇ 'ਸੈਂਟਰ ਫਾਰ ਪੀਸ ਐਂਡ ਪ੍ਰੋਗਰੈੱਸ' ਦੇ ਚੇਅਰਮੈਨ ਓ.ਪੀ. ਸ਼ਾਹ ਦੀ ਪਹਿਲਕਦਮੀ 'ਤੇ 30 ਜੂਨ, 2026 ਨੂੰ ਦਸਤਖ਼ਤ ਕੀਤੇ ਹਨ, ਉਨ੍ਹਾਂ ਵਿਚ 61 ਸ਼ਖ਼ਸੀਅਤਾਂ ਭਾਰਤ ਦੀਆਂ ਅਤੇ 56 ਸ਼ਖ਼ਸੀਅਤਾਂ ਪਾਕਿਸਤਾਨ ਨਾਲ ਸੰਬੰਧਿਤ ਸਨ। ਇਨ੍ਹਾਂ ਵਿਚ ਵਧੇਰੇ ਕਰਕੇ ਸਿਆਸੀ ਪਾਰਟੀਆਂ ਦੇ ਆਗੂ, ਸਾਬਕਾ ਡਿਪਲੋਮੈਟ, ਕਸ਼ਮੀਰ ਦੇ ਸਿਆਸੀ ਆਗੂ, ਅਕਾਦਮਿਕ ਖੇਤਰ ਦੇ ਬੁੱਧੀਜੀਵੀ, ਪੱਤਰਕਾਰ ਤੇ ਸ਼ਾਂਤੀ ਪ੍ਰੇਮੀ ਸ਼ਾਮਿਲ ਸਨ। ਭਾਰਤ ਵਲੋਂ ਦਸਤਖ਼ਤ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਡਾ. ਫਾਰੂਖ਼ ਅਬਦੁੱਲਾ, ਮਹਿਬੂਬਾ ਮੁਫ਼ਤੀ, ਮੀਰਵਾਇਜ਼ ਉਮਰ ਫਾਰੂਖ਼, ਮਨੀ ਸ਼ੰਕਰ ਅਈਅਰ, ਏ. ਐਸ. ਦੁੱਲਿਤ ਤੇ ਮਨੋਜ ਝਾਅ ਆਦਿ ਸ਼ਾਮਿਲ ਸਨ। ਜਦੋਂ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਉਕਤ ਸਾਂਝੇ ਪੱਤਰ 'ਤੇ ਦਸਤਖ਼ਤ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਖੁਰਸ਼ੀਦ ਮਹਿਮੂਦ ਕਸੂਰੀ, ਅਸ਼ਰਫ਼ ਜਹਾਂਗੀਰ ਕਾਜ਼ੀ, ਪਰਵੇਜ਼ ਹੁੱਦਭਾਈ,  ਇਸਪੰਨਿਆਰ ਭੰਡਾਰਾ ਆਦਿ ਸ਼ਾਮਿਲ ਸਨ। ਸਾਂਝੇ ਪੱਤਰ ਦੀਆਂ ਮੁੱਖ ਮੰਗਾਂ ਇਸ ਪ੍ਰਕਾਰ ਹਨ :
1. ਭਾਰਤ ਤੇ ਪਾਕਿਸਤਾਨ ਦਰਮਿਆਨ ਪੂਰਨ ਕੂਟਨੀਤਿਕ ਸੰਬੰਧ ਬਹਾਲ ਕੀਤੇ ਜਾਣ ਅਤੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚ ਦੋਵੇਂ ਦੇਸ਼ ਆਪੋ-ਆਪਣੇ ਹਾਈ ਕਮਿਸ਼ਨਰਾਂ ਦੀ ਨਿਯੁਕਤੀ ਕਰਨ। ਜੰਮੂ-ਕਸ਼ਮੀਰ ਸਮੇਤ ਸਾਰੇ ਦੁਵੱਲੇ ਮਸਲਿਆਂ 'ਤੇ ਦੋਪੱਖੀ ਗੱਲਬਾਤ ਮੁੜ ਸ਼ੁਰੂ ਕੀਤੀ ਜਾਵੇ ਤੇ ਇਹ ਗੱਲਬਾਤ 2004-2007 ਦੇ ਦਰਮਿਆਨ ਬਣਾਏ ਗਏ ਚੌਖਟੇ ਦੀ ਰੌਸ਼ਨੀ ਵਿਚ ਕੀਤੀ ਜਾਵੇ। ਸਰਹੱਦ ਦੇ ਦੋਵੇਂ ਪਾਸੇ ਤਾਇਨਾਤ ਫ਼ੌਜਾਂ ਵਿਚ ਕਮੀ ਕੀਤੀ ਜਾਵੇ ਅਤੇ ਦੋਵਾਂ ਦੇਸ਼ਾਂ ਵਿਚ ਤਣਾਅ ਘਟਾਉਣ ਲਈ ਵੀ ਕਦਮ ਚੁੱਕੇ ਜਾਣ।
2. ਲੋਕਾਂ ਦਾ ਆਪਸੀ ਸੰਪਰਕ ਅਤੇ ਵਪਾਰ ਵਧਾਉਣ ਲਈ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ੇ ਦੇਣ ਸੰਬੰਧੀ ਸੇਵਾਵਾਂ ਮੁੜ ਤੋਂ ਸ਼ੁਰੂ ਕੀਤੀਆਂ ਜਾਣ। ਵਪਾਰ ਅਤੇ ਆਵਾਜਾਈ ਲਈ ਅਟਾਰੀ-ਵਾਹਗਾ ਦੀ ਜ਼ਮੀਨੀ ਸਰਹੱਦ ਫਿਰ ਤੋਂ ਖੋਲ੍ਹੀ ਜਾਵੇ। ਕਰਤਾਰਪੁਰ ਦਾ ਲਾਂਘਾ ਵੀ ਮੁੜ ਤੋਂ ਖੋਲ੍ਹਿਆ ਜਾਵੇ। ਦਿੱਲੀ-ਲਾਹੌਰ ਸਮਝੌਤਾ ਐਕਸਪ੍ਰੈੱਸ, ਸ੍ਰੀਨਗਰ-ਮੁਜ਼ੱਫਰਾਬਾਦ ਬੱਸ ਸੇਵਾ, ਦਿੱਲੀ-ਲਾਹੌਰ ਬੱਸ ਸੇਵਾ ਅਤੇ ਕਾਰਗਿਲ-ਸਕਰੰਦੂ ਰੂਟ ਤੋਂ ਵੀ ਮੁੜ ਬੱਸਾਂ ਸ਼ੁਰੂ ਕੀਤੀਆਂ ਜਾਣ। ਵਪਾਰਕ ਹਵਾਈ ਸੇਵਾਵਾਂ ਲਈ ਦੋਵੇਂ ਦੇਸ਼ ਆਪੋ-ਆਪਣੇ ਹਵਾਈ ਖੇਤਰ ਖੋਲ੍ਹਣ, ਤਾਂ ਜੋ ਜਹਾਜ਼ਾਂ ਦਾ ਵਾਧੂ ਸਮਾਂ ਅਤੇ ਖ਼ਰਚ ਘਟਾਇਆ ਜਾ ਸਕੇ। ਦੋਵਾਂ ਦੇਸ਼ਾਂ ਦਰਮਿਆਨ ਬਰਾਬਰੀ ਦੇ ਆਧਾਰ 'ਤੇ ਵਪਾਰਕ ਸਮਝੌਤਾ ਹੋਵੇ।
3. ਦੇਸ਼ ਦੀ ਵੰਡ ਸਮੇਂ ਵੱਖ-ਵੱਖ ਹੋਏ ਪਰਿਵਾਰਾਂ, ਵਿਦਿਆਰਥੀਆਂ, ਬੁੱਧੀਜੀਵੀਆਂ, ਪੱਤਰਕਾਰਾਂ, ਕਲਾਕਾਰਾਂ, ਵਪਾਰੀਆਂ ਵਿਚਕਾਰ ਅਦਾਨ-ਪ੍ਰਦਾਨ ਲਈ ਖੁੱਲ੍ਹਦਿਲੀ ਨਾਲ ਵੀਜ਼ੇ ਦਿੱਤੇ ਜਾਣ।
ਇਸ ਪੱਤਰ ਦਾ ਮੁੱਖ ਉਦੇਸ਼ ਇਹ ਦੱਸਿਆ ਗਿਆ ਹੈ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦਾ ਭਵਿੱਖ ਸ਼ਾਂਤੀ, ਤਰੱਕੀ, ਆਵਾਜਾਈ ਅਤੇ ਸਹਿਯੋਗ ਵਿਚ ਹੈ ਨਾ ਕਿ ਆਪਸੀ ਟਕਰਾਅ ਤੇ ਤਣਾਅ ਵਿਚ। ਦੋਵੇਂ ਦੇਸ਼ਾਂ ਦੇ ਲੋਕ ਦੁਵੱਲੇ ਸਹਿਯੋਗ 'ਤੇ ਆਧਾਰਿਤ ਚੰਗੇ ਭਵਿੱਖ ਦੇ ਹੱਕਦਾਰ ਹਨ।
ਅਸੀਂ ਦੋਵਾਂ ਦੇਸ਼ਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸਾਂਝੇ ਤੌਰ 'ਤੇ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੂੰ ਲਿਖੇ ਗਏ ਇਸ ਪੱਤਰ ਦਾ ਸਮਰਥਨ ਕਰਦੇ ਹਾਂ ਤੇ ਇਸ ਨੂੰ ਢੁਕਵੇਂ ਸਮੇਂ 'ਤੇ ਚੁੱਕਿਆ ਗਿਆ ਇਕ ਅਹਿਮ ਕਦਮ ਮੰਨਦੇ ਹਾਂ। ਇਸ ਸਮੇਂ ਕੌਮਾਂਤਰੀ ਸਥਿਤੀ ਇਹ ਹੈ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚਕਾਰ ਪੈਦਾ ਹੋਏ ਟਕਰਾਵਾਂ, ਤਣਾਵਾਂ ਅਤੇ ਜੰਗਾਂ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਸਮੇਤ ਕਾਰਜਸ਼ੀਲ ਹੋਰ ਕੌਮਾਂਤਰੀ ਸੰਗਠਨ ਬੇਹੱਦ ਕਮਜ਼ੋਰ ਹੋ ਚੁੱਕੇ ਹਨ। ਦੁਨੀਆ ਦੀਆਂ ਵੱਡੀਆਂ ਤਾਕਤਾਂ, ਜਿਨ੍ਹਾਂ ਵਿਚ ਅਮਰੀਕਾ, ਚੀਨ, ਰੂਸ ਤੇ ਕੁਝ ਪੱਛਮੀ ਦੇਸ਼ ਸ਼ਾਮਿਲ ਹਨ, ਵਿਚਕਾਰ ਆਪੋ-ਧਾਪੀ ਵਾਲੀ ਸਥਿਤੀ ਬਣੀ ਹੋਈ ਹੈ। ਦੁਨੀਆ ਦੇ ਅਹਿਮ ਮਸਲਿਆਂ ਨੂੰ ਸੁਲਝਾਉਣ ਲਈ ਉਨ੍ਹਾਂ ਵਿਚ ਸੰਯੁਕਤ ਰਾਸ਼ਟਰ ਸੰਘ ਦੇ ਅੰਦਰ ਅਤੇ ਬਾਹਰ ਆਮ ਸਹਿਮਤੀ ਬਣਦੀ ਘੱਟ ਹੀ ਨਜ਼ਰ ਆਉਂਦੀ ਹੈ। ਪਿਛਲੇ ਲੰਮੇ ਸਮੇਂ ਤੋਂ ਰੂਸ ਅਤੇ ਯੂਕਰੇਨ ਦਰਮਿਆਨ ਭਿਆਨਕ ਜੰਗ ਚਲਦੀ ਆ ਰਹੀ ਹੈ, ਜਿਸ ਵਿਚ ਦੋਵਾਂ ਦੇਸ਼ਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ ਅਤੇ ਹੋ ਰਿਹਾ ਹੈ। ਇਸ ਜੰਗ ਵਿਚ ਹੁਣ ਤੱਕ ਦੋਵਾਂ ਦੇਸ਼ਾਂ ਦੇ ਲਗਭਗ 6,50,000 ਫ਼ੌਜੀ, 16,000 ਆਮ ਸ਼ਹਿਰੀ ਤੇ 97 ਮੀਡੀਆ ਕਰਮੀ ਮਾਰੇ ਜਾ ਚੁੱਕੇ ਹਨ।  ਸਰਕਾਰਾਂ ਦੇ ਬੁਨਿਆਦੀ ਢਾਂਚੇ ਤੇ ਆਰਥਿਕਤਾ ਦਾ ਨੁਕਸਾਨ ਇਸ ਤੋਂ ਵੱਖਰਾ ਹੈ। ਇਸ ਜੰਗ ਨੂੰ ਰੁਕਵਾਉਣ ਵਿਚ ਸੰਯੁਕਤ ਰਾਸ਼ਟਰ ਸੰਘ ਸਮੇਤ ਹੋਰ ਕੌਮਾਂਤਰੀ ਸੰਗਠਨ ਅਤੇ ਦੁਨੀਆ ਦੀਆਂ ਪ੍ਰਮੁੱਖ ਵੱਡੀਆਂ ਤਾਕਤਾਂ ਅਜੇ ਤੱਕ ਸਫ਼ਲ ਨਹੀਂ ਹੋਈਆਂ। ਇਸੇ ਤਰ੍ਹਾਂ ਅਮਰੀਕਾ ਦੀ ਸ਼ਹਿ 'ਤੇ ਇਜ਼ਰਾਈਲ ਨੇ ਗਾਜ਼ਾ ਪੱਟੀ ਵਿਚ ਵੱਡੀ ਪੱਧਰ 'ਤੇ ਫਲਸਤੀਨੀਆਂ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ। ਗਾਜ਼ਾ ਨੂੰ ਤਾਂ ਇਕ ਤਰ੍ਹਾਂ ਨਾਲ ਖੰਡਰ ਹੀ ਬਣਾ ਦਿੱਤਾ ਗਿਆ ਹੈ। ਬਾਹਰੋਂ ਖੁਰਾਕ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਰੋਕ ਕੇ ਇਜ਼ਰਾਈਲ ਨੇ ਹਜ਼ਾਰਾਂ ਹੀ ਫ਼ਲਸਤੀਨੀਆਂ, ਜਿਨ੍ਹਾਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਸਨ, ਨੂੰ ਭੁੱਖ ਨਾਲ ਮਰਨ ਲਈ ਮਜਬੂਰ ਕਰ ਦਿੱਤਾ ਸੀ। ਹੁਣ ਤੱਕ ਇਸ ਜੰਗ ਵਿਚ 75000 ਫਲਸਤੀਨੀ ਤੇ 2039 ਇਜ਼ਰਾਈਲੀ ਮਾਰੇ ਗਏ ਹਨ। 270 ਪੱਤਰਕਾਰ ਤੇ ਹੋਰ ਮੀਡੀਆ ਕਰਮੀ ਵੀ ਮਾਰੇ ਗਏ ਹਨ। ਜ਼ਖ਼ਮੀ ਲੋਕਾਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਇਸ ਮਸਲੇ ਦਾ ਅਜੇ ਤੱਕ ਵੀ ਕੋਈ ਹੱਲ ਨਹੀਂ ਲੱਭ ਸਕਿਆ, ਸਗੋਂ ਇਸ ਕਾਰਨ ਈਰਾਨ ਅਤੇ ਇਜ਼ਰਾਈਲ ਦੇ ਸੰਬੰਧਾਂ ਵਿਚ ਵੀ ਵਿਗਾੜ ਆਇਆ ਹੈ। ਦੋਵਾਂ ਦੇਸ਼ਾਂ ਨੇ ਇਕ-ਦੂਜੇ 'ਤੇ ਮਿਜ਼ਾਈਲਾਂ, ਡੋਰੋਨਾਂ ਤੇ ਹੋਰ ਘਾਤਕ ਹਥਿਆਰਾਂ ਨਾਲ ਭਾਰੀ ਹਮਲੇ ਕੀਤੇ ਹਨ। ਅਮਰੀਕਾ ਵੀ ਇਸ ਜੰਗ ਵਿਚ ਕੁੱਦ ਪਿਆ, ਜਿਸ ਨੇ ਈਰਾਨ 'ਤੇ ਵੱਡੀ ਪੱਧਰ 'ਤੇ ਹਮਲੇ ਕਰ ਕੇ ਉਥੋਂ ਦੇ ਬੁਨਿਆਦੀ ਢਾਂਚੇ ਦਾ ਵੱਡੀ ਪੱਧਰ 'ਤੇ ਨੁਕਸਾਨ ਕੀਤਾ, ਇਥੋਂ ਤੱਕ ਕਿ ਈਰਾਨ ਦੇ ਸੁਪਰੀਮ ਲੀਡਰ ਆਇਤਉੱਲਾ ਖਾਮੇਨਾਈ ਆਪਣੇ ਸੀਨੀਅਰ ਫ਼ੌਜੀ ਜਨਰਲਾਂ, ਮਾਹਿਰਾਂ ਤੇ ਸਿਆਸਤਦਾਨਾਂ ਸਮੇਤ ਮਾਰੇ ਗਏ। ਇਥੋਂ ਤੱਕ ਕਿ ਇਕ ਸਕੂਲ ਦੀਆਂ 120 ਤੋਂ ਵੱਧ ਸਕੂਲੀ ਵਿਦਿਆਰਥਣਾਂ ਨੂੰ ਵੀ ਮਾਰ ਦਿੱਤਾ ਗਿਆ ਅਤੇ ਹੋਰ ਵੀ ਬਹੁਤ ਸਾਰੇ ਆਮ ਸ਼ਹਿਰੀ ਮਾਰੇ ਗਏ। ਈਰਾਨ ਨੇ ਅਮਰੀਕੀ ਹਮਲਿਆਂ ਦੇ ਪ੍ਰਤੀਕਰਮ ਵਜੋਂ ਮੱਧ ਏਸ਼ੀਆ ਦੇ ਖਾੜੀ ਦੇਸ਼ਾਂ ਵਿਚ ਸਥਿਤ ਅਮਰੀਕੀ ਅੱਡਿਆਂ 'ਤੇ ਵੀ ਮਿਜ਼ਾਈਲਾਂ ਨਾਲ ਵੱਡੇ ਹਮਲੇ ਕੀਤੇ ਤੇ ਇਨ੍ਹਾਂ ਹਮਲਿਆਂ ਵਿਚ ਅਮਰੀਕਾ ਨੂੰ ਵੀ ਭਾਰੀ ਨੁਕਸਾਨ ਉਠਾਉਣਾ ਪਿਆ। ਈਰਾਨ ਅਤੇ ਅਮਰੀਕਾ ਦਰਮਿਆਨ ਪੈਦਾ ਹੋਏ ਟਕਰਾਅ ਕਾਰਨ ਹੀ ਹੋਰਮੁਜ਼ ਦੀ ਖਾੜੀ ਦੀ ਈਰਾਨ ਵਲੋਂ ਨਾਕਾਬੰਦੀ ਕੀਤੀ ਗਈ ਤੇ ਇਸ ਨਾਲ ਕੌਮਾਂਤਰੀ ਪੱਧਰ 'ਤੇ ਭਾਰਤ ਸਮੇਤ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਤੇਲ ਅਤੇ ਗੈਸ ਦੀ ਸਪਲਾਈ ਵਿਚ ਕਮੀ ਦਾ ਸਾਹਮਣਾ ਕਰਨਾ ਪਿਆ। ਵੱਖ-ਵੱਖ ਦੇਸ਼ਾਂ ਦੇ ਤੇਲ ਟੈਂਕਰਾਂ ਅਤੇ ਉਨ੍ਹਾਂ ਦੇ ਅਮਲੇ ਨੂੰ ਵੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਦੁਨੀਆ ਭਰ ਵਿਚ ਤੇਲ ਅਤੇ ਗੈਸ ਦੀਆਂ ਕੀਮਤਾਂ ਵਿਚ ਵੱਡੇ ਉਤਰਾਅ-ਚੜ੍ਹਾਅ ਵੀ ਆਉਂਦੇ ਦੇਖੇ ਗਏ। ਸਮੁੱਚੇ ਤੌਰ 'ਤੇ ਵਿਸ਼ਵ ਨੂੰ ਵਪਾਰਕ ਅਤੇ ਵਿੱਤੀ ਤੌਰ 'ਤੇ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਇਸ ਕੌਮਾਂਤਰੀ ਸਥਿਤੀ ਦੇ ਸੰਦਰਭ ਵਿਚ ਭਾਰਤ-ਪਾਕਿਸਤਾਨ ਸੰਬੰਧਾਂ ਦੀ ਸੰਵੇਦਨਸ਼ੀਲਤਾ ਨੂੰ ਦੇਖਣ ਦੀ ਲੋੜ ਹੈ। ਜੰਗਾਂ ਵਿਚ ਹੋ ਰਹੇ ਨੁਕਸਾਨ ਤੋਂ ਦੋਵਾਂ ਦੇਸ਼ਾਂ ਨੂੰ ਸਬਕ ਸਿੱਖਣ ਦੀ ਲੋੜ ਹੈ।
ਪਹਿਲਗਾਮ ਵਿਚ ਦਹਿਸ਼ਤਗਰਦਾਂ ਵਲੋਂ ਭਾਰਤੀ ਸੈਲਾਨੀਆਂ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਕੁੱਝ ਦਿਨਾਂ ਤੱਕ ਸਰਹੱਦਾਂ 'ਤੇ ਟਕਰਾਅ ਵਧਿਆ ਸੀ ਅਤੇ ਭਾਰਤ ਨੇ ਪਾਕਿਸਤਾਨ ਵਿਰੁੱਧ ਆਪ੍ਰੇਸ਼ਨ ਸੰਧੂਰ ਆਰੰਭ ਕੀਤਾ ਸੀ। ਇਹ ਦੁਵੱਲਾ ਟਕਰਾਅ 7 ਮਈ ਤੋਂ 10 ਮਈ ਤੱਕ ਚੱਲਿਆ ਤੇ ਇਸ ਵਿਚ 6 ਭਾਰਤੀ ਫ਼ੌਜੀ ਮਾਰੇ ਗਏ। 13 ਤੋਂ 15 ਆਮ ਨਾਗਰਿਕ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿਚ ਮਾਰੇ ਗਏ। ਇਹ ਟਕਰਾਅ ਸ਼ੁਰੂ ਹੋਣ ਤੋਂ ਪਹਿਲਾਂ 26 ਭਾਰਤੀ ਸੈਲਾਨੀ ਪਹਿਲਗਾਮ ਵਿਚ ਮਾਰੇ ਗਏ ਸਨ। ਪਾਕਿਸਤਾਨ ਵਿਚ ਇਸ ਸੀਮਤ ਟਕਰਾਅ ਵਿਚ 100 ਦਹਿਸ਼ਤਗਰਦ, 11 ਫ਼ੌਜੀ ਤੇ 40 ਦੇ ਲਗਭਗ ਆਮ ਨਾਗਰਿਕ ਮਾਰੇ ਗਏ। ਇਸ ਤੋਂ ਬਾਅਦ ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ਦੇ ਯਤਨਾਂ ਨਾਲ ਕੁੱਝ ਦਿਨਾਂ ਵਿਚ ਹੀ ਇਹ ਟਕਰਾਅ ਖ਼ਤਮ ਹੋ ਗਿਆ ਸੀ, ਜਿਸ ਕਾਰਨ ਦੋਵਾਂ ਦੇਸ਼ਾਂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ। ਪਰ ਜ਼ਰੂਰੀ ਨਹੀਂ ਹੈ ਕਿ ਜੇਕਰ ਭਵਿੱਖ ਵਿਚ ਦੋਵਾਂ ਦੇਸ਼ਾਂ ਦਰਮਿਆਨ ਮੁੜ ਤੋਂ ਇਸ ਤਰ੍ਹਾਂ ਦਾ ਟਕਰਾਅ ਆਰੰਭ ਹੁੰਦਾ ਹੈ, ਤਾਂ ਉਹ ਵੀ ਕੁਝ ਦਿਨਾਂ ਵਿਚ ਹੀ ਸਮਾਪਤ ਹੋ ਜਾਵੇਗਾ। ਇਹ ਵੀ ਨਹੀਂ ਕਿਹਾ ਜਾ ਸਕਦਾ ਅਮਰੀਕਾ ਅਤੇ ਹੋਰ ਦੇਸ਼ਾਂ ਨੇ ਜਿਵੇਂ ਭਾਰਤ ਤੇ ਪਾਕਿਸਤਾਨ ਦੋਵਾਂ ਪਰਮਾਣੂ ਹਥਿਆਰਾਂ ਨਾਲ ਲੈਸ ਦੇਸ਼ਾਂ ਵਿਚਕਾਰ ਟਕਰਾਅ ਨੂੰ ਰੋਕਣ ਲਈ ਸਫ਼ਲਤਾ ਪੂਰਬਕ ਦਖ਼ਲ ਦਿੱਤਾ ਸੀ, ਉਹ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਨਾਲ ਟਕਰਾਅ ਰੁਕਵਾਉਣ ਵਿਚ ਦਖ਼ਲ ਦੇਣਗੇ ਜਾਂ ਇਸ ਵਿਚ ਸਫ਼ਲ ਹੋ ਸਕਣਗੇ। ਸਥਿਤੀਆਂ ਕੁਝ ਵੱਖਰਾ ਰੂਪ ਵੀ ਲੈ ਸਕਦੀਆਂ ਹਨ। ਹੁਣ ਜਦੋਂ ਕਿ ਕਸ਼ਮੀਰ ਸੰਬੰਧੀ ਵਿਵਾਦ ਦੇ ਨਾਲ-ਨਾਲ ਦਰਿਆਈ ਪਾਣੀਆਂ ਦਾ ਵਿਵਾਦ ਵੀ ਜੁੜ ਗਿਆ ਹੈ, ਤਾਂ ਦੋਵਾਂ ਦੇਸ਼ਾਂ ਦਰਮਿਆਨ ਟਕਰਾਅ ਦੀ ਨੌਈਅਤ ਕਿਤੇ ਵੱਧ ਗਈ ਹੈ। ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਦੋਵੇਂ ਦੇਸ਼ ਆਪਣੇ ਕਰੋੜਾਂ ਲੋਕਾਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਬਿਨਾਂ ਦੇਰੀ ਆਪਸ ਵਿਚ ਗੱਲਬਾਤ ਸ਼ੁਰੂ ਕਰਨ ਅਤੇ ਟਕਰਾਅ, ਤਣਾਅ ਘਟਾਉਣ ਲਈ ਠੋਸ ਕਦਮ ਚੁੱਕਣ ਅਤੇ ਦੁਵੱਲੇ ਸੰਬੰਧਾਂ ਨੂੰ ਘੱਟੋ-ਘੱਟ ਉਸ ਪੱਧਰ 'ਤੇ ਲਿਆਂਦਾ ਜਾਵੇ, ਜਿਹੋ-ਜਿਹੇ ਇਹ ਆਪ੍ਰੇਸ਼ਨ ਸੰਧੂਰ ਤੋਂ ਪਹਿਲਾਂ ਸਨ।
ਇਹ ਹੈਰਾਨੀ ਅਤੇ ਥੋੜ੍ਹੀ ਸੰਤੁਸ਼ਟੀ ਵਾਲੀ ਗੱਲ ਵੀ ਹੈ ਕਿ ਪਿਛਲੇ ਦਿਨੀਂ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਇਕ ਸੀਨੀਅਰ ਆਗੂ ਦੱਤਾਤ੍ਰੇਅ ਹੋਸਬੋਲੇ ਅਤੇ ਰਾਸ਼ਟਰੀ ਸੋਇਮ ਸੇਵਕ ਸਿੰਘ ਦੇ ਸਰਸੰਘ ਸੰਚਾਲਕ ਮੋਹਨ ਭਾਗਵਤ ਨੇ ਵੀ ਇਹ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦੇ ਪੁਰਾਣੇ ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਸੰਬੰਧ ਹਨ, ਇਸ ਲਈ ਦੋਵਾਂ ਦੇਸ਼ਾਂ ਦੇ ਵਿਚਕਾਰ ਸੰਬੰਧਾਂ ਦੀ ਮੁੜ ਬਹਾਲੀ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਕੁਝ ਸਮਾਂ ਪਹਿਲਾਂ ਸ੍ਰੀਲੰਕਾ ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਰਮਿਆਨ ਦੁਵੱਲੇ ਸੰਬੰਧਾਂ ਨੂੰ ਬਿਹਤਰ ਬਣਾਉਣ ਲਈ ਹੋਈ ਇਕ ਗ਼ੈਰ-ਰਸਮੀ ਮੀਟਿੰਗ ਵਿਚ ਵੀ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਇਕ ਹੋਰ ਸੀਨੀਅਰ ਆਗੂ ਰਾਮ ਮਾਧਵ ਨੇ ਸ਼ਿਰਕਤ ਕੀਤੀ ਸੀ। ਦੱਖਣੀ ਏਸ਼ੀਆ ਵਿਚ ਅਮਨ ਤੇ ਸਦਭਾਵਨਾ ਅਤੇ ਖ਼ਾਸ ਕਰਕੇ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਲਈ ਪਿਛਲੇ 30 ਸਾਲਾਂ ਤੋਂ ਕੰਮ ਕਰਦੀਆਂ ਆ ਰਹੀਆਂ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰੀਸਰਚ ਅਕਾਦਮੀ ਅਤੇ ਸਾਊਥ ਏਸ਼ੀਆ ਫ੍ਰੀ ਮੀਡੀਆ ਐਸੋਸੀਏਸ਼ਨ (ਸਾਫ਼ਮਾ) ਦੀ ਵੀ ਇਹ ਪੁਰਜ਼ੋਰ ਮੰਗ ਹੈ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਕ੍ਰਮਵਾਰ ਸ੍ਰੀ ਨਰਿੰਦਰ ਮੋਦੀ ਅਤੇ ਸ਼ਾਹਬਾਜ਼ ਸ਼ਰੀਫ ਨੂੰ ਪਹਿਲਕਦਮੀ ਕਰ ਕੇ ਦੋਵਾਂ ਦੇਸ਼ਾਂ ਵਿਚ ਟਕਰਾਅ ਅਤੇ ਤਣਾਅ ਹੋਰ ਵਧਣ ਤੋਂ ਰੋਕਣ ਲਈ ਠੋਸ ਕਦਮ ਉਠਾਉਣੇ ਚਾਹੀਦੇ ਹਨ, ਤਾਂ ਕਿ ਭਾਰਤ ਅਤੇ ਪਾਕਿਸਤਾਨ ਰੂਸ ਤੇ ਯੂਕਰੇਨ ਦੀ ਤਰ੍ਹਾਂ ਇਕ ਹੋਰ ਭਿਆਨਕ ਜੰਗ ਵਿਚ ਉਲਝਣ ਦੀ ਥਾਂ 'ਤੇ ਆਪਣੇ ਕਰੋੜਾਂ ਲੋਕਾਂ ਨੂੰ ਅਮਨ, ਸਦਭਾਵਨਾ ਅਤੇ ਵਿਕਾਸ ਵਾਲਾ ਵਾਤਾਵਰਨ ਮੁਹੱਈਆ ਕਰ ਸਕਣ। ਸਾਡੀ ਇਹ ਵੀ ਰਾਇ ਹੈ ਕਿ ਪਾਕਿਸਤਾਨ ਨੂੰ ਭਾਰਤ ਵੱਲ ਸੇਧਿਤ ਦਹਿਸ਼ਤਗਰਦੀ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਚਾਹੀਦਾ ਹੈ। ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨਾਂ ਰਾਹੀਂ ਚੜ੍ਹਦੇ ਪੰਜਾਬ ਨੂੰ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਹੋ ਰਹੀ ਤਸਕਰੀ ਨੂੰ ਰੋਕਣ ਲਈ ਵੀ ਪਾਕਿਸਤਾਨ ਦੀ ਸਰਕਾਰ ਵਲੋਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਚੜ੍ਹਦੇ ਪੰਜਾਬ ਵਿਚ ਇਨ੍ਹਾਂ ਨਸ਼ੀਲੇ ਪਦਾਰਥਾਂ ਅਤੇ ਨਜਾਇਜ਼ ਹਥਿਆਰਾਂ ਨਾਲ ਅਮਨ-ਕਾਨੂੰਨ ਦੀ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਭਾਰਤ ਸਰਕਾਰ, ਇਥੋਂ ਤੱਕ ਚੜ੍ਹਦੇ ਪੰਜਾਬ ਦੇ ਲੋਕ ਵੀ ਇਸ ਨੂੰ ਪਾਕਿਸਤਾਨ ਦੀ ਇਕ ਹੋਰ ਸਾਜਿਸ਼ ਦੇ ਰੂਪ ਵਿਚ ਦੇਖਦੇ ਹਨ। ਦੋਵਾਂ ਦੇਸ਼ਾਂ ਦਰਮਿਆਨ ਵਿਸ਼ਵਾਸ ਦੀ ਬਹਾਲੀ ਲਈ ਪਾਕਿਸਤਾਨ ਵਾਲੇ ਪਾਸੋਂ ਤੋਂ ਇਹ ਤਸਕਰੀ ਰੋਕਣਾ ਵੀ ਬੇਹੱਦ ਜ਼ਰੂਰੀ ਹੈ।
ਸਾਡੀ ਇਹ ਵੀ ਰਾਇ ਹੈ ਕਿ ਭਾਰਤ ਨੂੰ ਸਿੰਧ ਜਲ ਸਮਝੌਤੇ ਨਾਲ ਵੀ ਛੇੜਛਾੜ ਨਹੀਂ ਕਰਨੀ ਚਾਹੀਦੀ। ਦੋਵਾਂ ਹੀ ਦੇਸ਼ਾਂ ਨੂੰ ਇਕ-ਦੂਜੇ ਦੀ ਏਕਤਾ ਤੇ ਅਖੰਡਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਇਕ-ਦੂਜੇ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ।  ਜੰਮੂ-ਕਸ਼ਮੀਰ ਸਮੇਤ ਹੋਰ ਸਾਰੇ ਦੁਵੱਲੇ ਮਸਲੇ ਗੱਲਬਾਤ ਨਾਲ ਹੱਲ ਕਰਨ ਲਈ ਸਦਭਾਵਨਾ ਪੂਰਨ ਮਾਹੌਲ ਬਣਾਉਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਬਹੁਪੱਖੀ ਪਹੁੰਚ ਨਾਲ ਹੀ ਦੱਖਣੀ ਏਸ਼ੀਆ ਦੇ ਇਨ੍ਹਾਂ ਦੋਵਾਂ ਅਹਿਮ ਦੇਸ਼ਾਂ ਦੇ ਸੰਬੰਧ ਸੁਧਰ ਸਕਦੇ ਹਨ ਤੇ ਖਿੱਤੇ ਵਿਚ ਅਮਨ ਤੇ ਵਿਕਾਸ ਲਈ ਸਾਜ਼ਗਾਰ ਮਾਹੌਲ ਬਣ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਇਕ ਖ਼ਤ ਦੋਸਤੀ ਦੇ ਨਾਮ ਅਗਲੀ ਖ਼ਬਰ kanya di load
Ad Position 24
No active advertisement