23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬ੍ਰਹਿਮੰਡ ਵਿਚ ਰੋਸ਼ਨੀ ਦੇ ਮਹਾਂ-ਮਿਨਾਰ

ਬ੍ਰਹਿਮੰਡ ਵਿਚ ਰੋਸ਼ਨੀ ਦੇ ਮਹਾਂ-ਮਿਨਾਰ

Ad Position 21
No active advertisement
ਅਜੀਤ ਡੈਸਕ 23-08-2026

 

ਇਕ ਦੁਨੀਆ ਮਨੁੱਖ ਦੀ ਹੈ ਅਤੇ ਇਕ ਕੁਦਰਤ ਦੀ... | ਮਨੁੱਖ ਨੇ ਜਿਵੇਂ ਆਪਣੇ ਪਿੰਡ ਸ਼ਹਿਰ ਅਤੇ ਦੇਸ਼ ਬਣਾਏ ਹੋਏ ਹਨ, ਇਸੇ ਪ੍ਰਕਾਰ ਕੁਦਰਤ ਨੇ ਅਰਬਾਂ ਖ਼ਰਬਾਂ ਧਰਤੀਆਂ, ਗ੍ਰਹਿ, ਚੰਦ ਤਾਰੇ, ਗਲੈਕਸੀਆਂ ਬਣਾਏ ਹੋਏ ਨੇ | ਸਾਡੀ ਨਗਰੀ ਇਕ ਲੱਖ ਪ੍ਰਕਾਸ਼ ਵਰ੍ਹੇ ਵਿਚ ਫੈਲੀ 'ਦੁਧੀਆ ਆਕਾਸ਼ ਗੰਗਾ' ਹੈ | ਸਾਡੇ ਨਾਲ ਵਾਲੀ ਨਗਰੀ, 'ਐਂਡਰੋਮੀਡਾ ਗਲੈਕਸੀ' ਸਾਡੇ ਤੋਂ ਵੀ ਡੇਢ ਗੁਣਾ ਵੱਡੀ ਹੈ | ਸਾਡਾ ਸਾਰਾ ਸੌਰ ਮੰਡਲ ਹੀ ਸਾਡੀ ਗਲੈਕਸੀ ਵਿਚ ਰੇਤ ਦੇ ਕਿਣਕੇ ਸਮਾਨ ਹੈ | ਏਨੇ ਵੱਡੇ ਆਨੰਤ ਪਸਾਰੇ ਵਿਚ ਮਨੁੱਖ ਦੀ ਹੋਂਦ ਭਲਾ ਕੀ ਹੋਵੇਗੀ? ਇਹ ਇਕ ਸੋਚਣ ਵਾਲੀ ਗੱਲ ਹੈ |
ਜਿਵੇਂ ਸਾਡੀ ਧਰਤੀ ਦੇ ਸ਼ਹਿਰਾਂ ਵਿਚ ਰੋਸ਼ਨੀਆਂ ਵਾਲੇ ਖੰਭੇ ਹੁੰਦੇ ਹਨ, ਉਵੇਂ ਕੁਦਰਤ ਵੀ ਅਜਿਹੇ ਹੀ ਰੋਸ਼ਨੀ ਦੇ ਸਤੰਭਾਂ ਦਾ ਨਿਰਮਾਣ ਕਰਦੀ ਹੈ | ਜਿਵੇਂ ਦੀ ਧਰਤੀ ਤੇ ਸਾਰੀ ਦੁਨੀਆ ਹੈ, ਏਵੇਂ ਕੁਦਰਤ ਦੀ ਵੀ ਦੁਨੀਆ ਹੈ | ਕੁਦਰਤ ਦਾ ਦੇਸ਼ ਸਾਡਾ ਬ੍ਰਹਿਮੰਡ ਹੈ, ਜੋ ਤਰੰਨਵੇਂ ਅਰਬ ਪ੍ਰਕਾਸ਼ ਵਰਿ੍ਹਆਂ ਵਿਚ ਫੈਲਿਆ ਹੋਇਆ ਹੈ | ਇਸੇ ਬ੍ਰਹਿਮੰਡ ਦਾ ਸ਼ਿੰਗਾਰ ਹਨ ਇਹ ਰੋਸ਼ਨੀ ਦੇ ਮਹਾਂ-ਮਿਨਾਰ | ਕੁਦਰਤ ਦਾ ਇਹ ਸਭ ਤੋਂ ਵੱਡਾ ਕਿ੍ਸ਼ਮਾ ਹਨ, ਜਿਨ੍ਹਾਂ ਬਾਰੇ ਜਾਣ ਕੇ ਸਾਡੀ ਸੋਚ ਚਕਰਾ ਜਾਂਦੀ ਹੈ | ਇਨ੍ਹਾਂ ਰੋਸ਼ਨੀ ਸਤੰਭਾਂ ਨੂੰ  ਜਗਦੇ ਰੱਖਣ ਲਈ ਏਨੀ ਊਰਜਾ ਕਿੱਥੋਂ ਆਉਂਦੀ ਹੋਵੇਗੀ? ਕਿੱਥੇ ਸਥਿਤ ਹਨ ਇਹ ਪ੍ਰਕਾਸ਼ ਦੇ ਮਹਾਂ ਮਿਨਾਰ ਆਪਾਂ ਇਸ ਲੇਖ ਵਿਚ ਜਾਨਣ ਦੀ ਕੋਸ਼ਿਸ਼ ਕਰਾਂਗੇ |
ਵਿਗਿਆਨ ਦੀ ਭਾਸ਼ਾ ਵਿਚ ਇਨ੍ਹਾਂ ਨੂੰ  ਕੁਏਜ਼ਰ ਕਿਹਾ ਜਾਂਦਾ ਹੈ, ਜਿਸ ਦੀ ਪੂਰੀ ਫਾਰਮ ਹੈ 'ਕੁਏਜ਼ੀ ਸਟੈਲਰ ਓਬਜੈਕਟ' (QSO) ਬ੍ਰਹਿਮੰਡ ਵਿਚ ਇਹ ਸਭ ਤੋਂ ਵੱਧ ਚਮਕੀਲੀਆਂ ਅਤੇ ਤਾਕਤਵਰ ਚੀਜਾਂ ਹਨ | 1950 ਅਤੇ 1960 ਦੇ ਦਹਾਕੇ ਵਿਚ ਪਹਿਲੀ ਵਾਰ ਵਿਗਿਆਨੀਆਂ ਨੇ ਇਨ੍ਹਾਂ ਨੂੰ  ਵੇਖਿਆ | ਵੇਖਣ ਨੂੰ  ਇਹ ਤਾਰਿਆਂ ਵਾਂਗ ਛੋਟੇ ਛੋਟੇ ਚਮਕੀਲੇ ਬਿੰਦੂ ਜਾਪਦੇ ਸਨ, ਪਰੰਤੂ ਜਦੋਂ ਇਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਨਿੱਕੇ ਨਿੱਕੇ ਜਾਪਣ ਵਾਲੇ ਬਿੰਦੂ ਤਾਂ ਪੂਰੀਆਂ ਗਲੈਕਸੀਆਂ ਤੋਂ ਵੀ ਵੱਧ ਊਰਜਾ ਛੱਡ ਰਹੇ ਹਨ | ਵਿਗਿਆਨਕ ਇਹ ਵਰਤਾਰਾ ਦੇਖ ਕੇ ਹੈਰਾਨ ਪਰੇਸ਼ਾਨ ਰਹਿ ਗਏ |
ਖੋਜ ਕਰਨ 'ਤੇ ਪਤਾ ਲੱਗਿਆ ਕਿ ਕੁਏਜ਼ਰ ਇਕ ਸਰਗਰਮ ਗਲੈਕਸੀ ਸੈਂਟਰ (1ctive 7alactic Nucleus) ਹੁੰਦਾ ਹੈ | ਜਿਸ ਨੂੰ  ਗਲੈਕਸੀ ਕੇਂਦਰ ਵਿਚ ਸਥਾਪਤ, ਸੁਪਰ ਮੈਸਿਵ ਬਲੈਕ ਹੋਲ ਤੋਂ ਏਨੀ ਊਰਜਾ ਅਤੇ ਸ਼ਕਤੀ ਪ੍ਰਾਪਤ ਹੁੰਦੀ ਹੈ | ਇਸੇ ਕਰਕੇ ਇਹ ਗਲੈਕਸੀ ਦਾ ਬਹੁਤ ਚਮਕੀਲਾ ਖੇਤਰ ਹੁੰਦਾ ਹੈ | ਜ਼ਰਾ ਸੋਚ ਕੇ ਵੇਖੋ ਕਿ ਇਕ ਸੁਪਰਮੈਸਿਵ ਬਲੈਕ ਹੋਲ ਦਾ ਭਾਰ ਲੱਖਾਂ-ਅਰਬਾਂ ਸੂਰਜਾਂ ਦੇ ਭਾਰ ਜਿੰਨਾ ਹੁੰਦਾ ਹੈ | ਇਹ ਇਕ ਬਹੁਤ ਵਿਸ਼ਾਲ ਬਰਨਰ (ਭੱਠੀ) ਹੈ ਜੋ ਗਲੈਕਸੀ ਵਿਚ ਉਤਪੰਨ ਹੋਈਆਂ ਗੈਸਾਂ, ਧੂੜ ਅਤੇ ਸਮੱਗਰੀ ਨੂੰ  ਆਪਣੇ ਵਲ ਖਿੱਚਦਾ ਅਤੇ ਸਾੜਦਾ ਰਹਿੰਦਾ ਹੈ | ਇਹ ਸਾਰੇ ਪਦਾਰਥ ਇਸ ਲਈ ਬਾਲਣ ਦਾ ਕੰਮ ਕਰਦੇ ਹਨ | ਜਿਵੇਂ ਚੁੱਲੇ ਵਿਚ ਬਾਲਣ ਝੋਕਣ ਤੇ ਅੱਗ ਦੀਆਂ ਲਾਟਾਂ ਨਿਕਲਦੀਆਂ ਹਨ, ਉਸੇ ਪ੍ਰਕਾਰ ਏਥੇ ਬੇਹੱਦ ਊਰਜਾ ਪੈਦਾ ਹੁੰਦੀ ਹੈ, ਤੇ ਇਹ ਮਹਾਂ ਮਿਨਾਰ ਰੁਸ਼ਨਾ ਉੱਠਦੇ ਨੇ |
ਜਦੋਂ ਇਹ ਕੂੜਾ ਕਰਕਟ ਧੂੜ ਗੈਸਾਂ ਦੇ ਰੂਪ ਵਿਚ ਇਸ ਵਿਸ਼ਾਲ ਭੱਠੀ ਵਿਚ ਬਲਦਾ ਹੈ ਤਾਂ ਇਹ ਉਸ ਦੇ ਦੁਆਲੇ ਇਕ 'ਐਕਰੀਸ਼ਨ ਡਿਸਕ' (ਦਾਇਰਾ) ਬਣਾਉਂਦਾ ਹੈ, ਜੋ ਬਹੁਤ ਤੇਜ਼ ਗਤੀ ਨਾਲ ਘੁੰਮਦਾ ਹੈ | ਕਣਾਂ ਦੇ ਘਸਰਣ ਅਤੇ ਬਹੁਤ ਉੱਚੇ ਤਾਪ ਕਾਰਨ ਇਹ ਡਿਸਕ ਬੇਅੰਤ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਪੈਦਾ ਕਰਦੀ ਹੈ, ਇਹ ਅਥਾਹ ਰੋਸ਼ਨੀ ਦਾ ਸਾਗਰ ਹੀ ਮਹਾਂ ਮਿਨਾਰ ਜਾਂ ਕੁਏਜ਼ਰ ਅਖਵਾਉਂਦਾ ਹੈ | ਜਦੋਂ ਇਹ ਚਮਕਦਾ ਹੈ ਤਾਂ ਇਸ ਦੀ ਰੋਸ਼ਨੀ ਅੱਗੇ ਲੱਖਾਂ ਕਰੋੜਾਂ ਸੂਰਜ ਵੀ ਕੁਝ ਨਹੀਂ ਹੁੰਦੇ | ਇਹ ਮਹਾਂ ਮਿਨਾਰ ਸਾਡੇ ਬ੍ਰਹਿਮੰਡ ਦੀ ਸਭ ਤੋਂ ਵਚਿੱਤਰ ਘਟਨਾ ਅਤੇ ਅਤਿ ਸ਼ਕਤੀਸ਼ਾਲੀ ਵਰਤਾਰਾ ਹੈ |
ਇਹ ਕੁਏਜ਼ਰ ਬਹੁਤ ਚਮਕੀਲੇ ਹੁੰਦੇ ਹਨ | ਇਨ੍ਹਾਂ ਬਾਰੇ ਜਾਣ ਕੇ ਮਨੁੱਖ ਦੀ ਸੋਚ ਗੁੰਮ ਹੋ ਜਾਂਦੀ ਹੈ | ਇਕ ਕੁਏਜ਼ਰ ਦੀ ਚਮਕ ਪੂਰੀ ਗਲੈਕਸੀ ਦੀ ਚਮਕ ਤੋਂ ਵੀ ਵੱਧ ਹੋ ਸਕਦੀ ਹੈ | ਹੁਣ ਜਿਵੇਂ ਸਾਡੀ ਮਿਲਕੀਵੇਅ ਗਲੈਕਸੀ ਇਕ ਆਮ ਗਲੈਕਸੀ ਹੈ, ਜੋ ਨਾ ਬਹੁਤ ਵੱਡੀ ਤੇ ਨਾ ਹੀ ਛੋਟੀ ਹੈ | ਇਹ ਸਿਰਫ਼ ਇਕ ਲੱਖ ਪ੍ਰਕਾਸ਼ ਵਰਿ੍ਹਆਂ ਵਿਚ ਫੈਲੀ ਹੋਈ ਹੈ, ਜਿਸ ਵਿਚ ਸਾਡੇ ਸੂਰਜ ਵਰਗੇ ਅਣਗਿਣਤ ਸੂਰਜ, ਲੱਖਾਂ ਤਾਰੇ, ਖਿੱਤੀਆਂ ਦੇ ਝੁੰਡ, ਕਲਸਟਰ, ਸੈਕੜੇ ਚੰਦਰਮਾ ਤੇ ਹੋਰ ਪਤਾ ਨਹੀਂ ਊਰਜਾ ਦੇ ਕੀ ਕੀ ਸਰੋਤ ਹੋਣਗੇ, ਪਰੰਤੂ ਇਕ ਕੁਏਜ਼ਰ ਇਸ ਤੋਂ ਕਿਤੇ ਵੱਧ ਸ਼ਕਤੀਸ਼ਾਲੀ ਅਤੇ ਚਮਕਦਾਰ ਹੁੰਦਾ ਹੈ | ਕਈ ਕੁਏਜ਼ਰ ਤਾਂ ਸੂਰਜ ਨਾਲੋਂ ਸੌ ਟਿ੍ਲੀਅਨ ਗੁਣਾ ਵਧੇਰੇ ਚਮਕਦਾਰ ਹੁੰਦੇ ਹਨ | ਪੂਰੀ ਗਲੈਕਸੀ ਦੀ ਰੋਸ਼ਨੀ ਤਾਂ ਇਨ੍ਹਾਂ ਦੇ ਨੇੜੇ ਤੇੜੇ ਵੀ ਨਹੀਂ ਹੁੰਦੀ | ਭਾਵੇਂ ਇਹ ਕੁਏਜ਼ਰ ਸਾਡੀ ਧਰਤੀ ਤੋਂ ਅਰਬਾਂ ਪ੍ਰਕਾਸ਼ ਵਰ੍ਹੇ ਦੂਰ ਹੋਣ ਪਰੰਤੂ ਏਨੀ ਰੋਸ਼ਨੀ ਅਤੇ ਊਰਜਾ ਕਾਰਨ ਇਹ ਧਰਤੀ ਤੋਂ ਦਿਖਾਈ ਦੇ ਜਾਂਦੇ ਹਨ | ਇਹ ਹਨ ਕੁਦਰਤ ਦੀ ਗੋਦ ਵਿਚ ਸਥਾਪਤ ਮਹਾਂਨਗਰੀਆਂ ਦੀਆਂ ਬੱਤੀਆਂ (Street Lights) ਜਾਂ ਚਾਨਣ ਮੁਨਾਰੇ ਹਨ |
ਤੁਹਾਨੂੰ ਪੁਰਾਣਾ ਸਮਾਂ ਸ਼ਾਇਦ ਯਾਦ ਹੋਵੇਗਾ ਜਦੋਂ ਪਿੰਡਾਂ ਸ਼ਹਿਰਾਂ ਵਿਚ ਬਿਜਲੀ ਨਹੀਂ ਸੀ ਹੁੰਦੀ ਤਾਂ ਵੱੱਡੇ ਸਮਾਗਮਾਂ ਵੇਲੇ ਗੈਸ ਵਾਲੇ ਲੈਂਪ ਵਰਤੇ ਜਾਂਦੇ ਸੀ | ਇਨ੍ਹਾਂ ਲੈਂਪਾਂ ਵਿਚ ਪ੍ਰੈਸ਼ਰ ਭਰਿਆ ਜਾਂਦਾ ਸੀ ਤੇ ਪ੍ਰੈਸ਼ਰ ਨਾਲ ਇਹ ਗੈਸ ਬਲਣ ਕਾਰਨ, ਇਹ ਬੇਹੱਦ ਰੋਸ਼ਨੀ ਕਰਦੇ ਸਨ ਤੇ ਬਹੁਤ ਚਮਕੀਲੇ ਹੁੰਦੇ ਸਨ | ਵੇਖਣ ਵਾਲੇ ਕਹਿੰਦੇ ਸਨ ਕਿ ਇਹਦੇ ਨਾਲ ਤਾਂ ਰਾਤ ਨੂੰ  ਵੀ ਦਿਨ ਚੜ੍ਹ ਗਿਆ | ਬੱਸ ਇਹ ਕੁਏਜ਼ਰ ਵੀ ਇਸੇ ਤਰ੍ਹਾਂ ਕੰਮ ਕਰਦੇ ਹਨ | ਜਦੋਂ ਅਥਾਹ ਗੈਸ ਬਲੈਕ ਹੋਲ ਵਿਚ ਡਿਗਦੀ ਹੈ ਤਾਂ ਉਸਦੇ ਬਲਣ ਤੇ ਮਿਸ਼ਰਣ ਨਾਲ ਬੇਹੱਦ ਗਰੂਤਾ ਆਕਸ਼ਣ ਪੈਦਾ ਹੁੰਦਾ ਹੈ | ਪੈਦਾ ਹੋਈ ਊਰਜਾ ਪ੍ਰਕਾਸ਼ ਵਿਚ ਬਦਲਦੀ ਹੈ | ਇਹ ਕਰਮ ਕੁਦਰਤ ਦੀਆਂ ਸਭ ਤੋਂ ਵੱਧ ਸ਼ਕਤੀਸ਼ਾਲੀ ਪ੍ਰਕਿਰਿਆਵਾਂ ਵਿਚੋਂ ਇਕ ਹੈ |
ਕਈ ਕੁਏਜ਼ਰ ਰੋਸ਼ਨੀ ਦੀ ਗਤੀ ਨਾਲ ਚੱਲਣ ਵਾਲੀਆਂ ਪਲਾਜ਼ਮਾਂ ਕਿਰਨਾਂ ਛੱਡਦੇ ਹਨ, ਜਿਹੜੀਆਂ ਰੇਡੀਉ ਐਕਸਰੇ ਅਤੇ ਗੈਮਾ ਰੇਅਜ਼ ਵਿਚ ਬਦਲਦੀਆਂ ਤੇ ਲਗਾਤਾਰ ਨਿੱਕਲਦੀਆਂ ਰਹਿੰਦੀਆਂ ਹਨ | ਗਲੈਕਸੀ ਵਿਚ ਬਹੁਤ ਜ਼ਿਆਦਾ ਗੈਸਾਂ ਹੋਣ ਕਾਰਨ ਇਨ੍ਹਾਂ ਨੂੰ  ਕਦੇ ਬਾਲਣ ਦੀ ਕਮੀ ਨਹੀਂ ਆਉਂਦੀ | ਇਹ ਗੈਸਾਂ ਹੀ ਈਾਧਨ ਦਾ ਵੱਡਾ ਭੰਡਾਰ ਬਣਦੀਆਂ ਹਨ | ਇਹ ਕੁਏਜ਼ਰ ਕਈ ਤਰ੍ਹਾਂ ਦੀਆਂ ਤਰੰਗਾਂ ਛੱਡਦੇ ਰਹਿੰਦੇ ਹਨ, ਜਿਸ ਕਰਕੇ ਵਿਗਿਆਨੀਆਂ ਨੂੰ  ਇਨ੍ਹਾਂ ਦਾ ਪਤਾ ਲਗਦਾ ਰਹਿੰਦਾ ਹੈ | ਇਨ੍ਹਾਂ ਤਰੰਗਾਂ ਵਿਚ ਰੇਡੀਉ ਤਰੰਗਾਂ, ਇੰਫ਼ਰਾਰੈੱਡ ਕਿਰਨਾ, ਦਿਖਣ ਵਾਲੀ ਰੋਸ਼ਨੀ, ਅਲਟਰਾ ਵਾਇਓਲੈਟ ਕਿਰਨਾ, ਐਕਸ ਰੇਅਜ਼ ਅਤੇ ਗੈਮਾ ਰੇਅਜ਼ ਇਨ੍ਹਾਂ ਵਿਚ ਮੁੱਖ ਹੁੰਦੀਆਂ ਹਨ, ਜਿਨ੍ਹਾਂ ਕਰਕੇ ਇਨ੍ਹਾਂ ਨੂੰ  ਧਰਤੀ ਤੋਂ ਦੇਖਿਆ ਅਤੇ ਲੱਭਿਆ ਜਾ ਸਕਦਾ ਹੈ |
ਸਾਡੀ ਧਰਤੀ ਤੋਂ ਇਨ੍ਹਾਂ ਦਾ ਪਤਾ ਲਗਾਉਣ ਲਈ ਪਹਿਲਾਂ ਹੱਬਲ ਸਪੇਸ ਟੈਲੀਸਕੋਪ ਵਰਤੀ ਜਾਂਦੀ ਸੀ ਤੇ ਹੁਣ ਜੇਮਜ਼ ਵੈੱਬ ਇਸ 'ਤੇ ਬਾਖ਼ੂਬੀ ਨਾਲ ਕੰਮ ਕਰ ਰਹੀ ਹੈ | ਇਸ ਦੇ ਨਾਲ ਨਾਲ ਚਾਂਦਰਾ ਐਕਸ-ਰੇ ਤੇ ਵੀ ਐੱਲ ਟੀ ਵਰਗੀਆਂ ਟੈਲੀਸਕੋਪਾਂ ਨੇ ਇਨ੍ਹਾਂ ਦੇ ਅਧਿਅਨ ਵਿਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ | ਇਨ੍ਹਾਂ ਖੋਜਾਂ ਨੇ ਬ੍ਰਹਿਮੰਡ ਦੇ ਭੇਦ ਜਾਨਣ ਵਿਚ ਬਹੁਤ ਵੱਡਾ ਸਹਿਯੋਗ ਦਿੱਤਾ ਹੈ | ਪਹਿਲਾਂ ਪਹਿਲ ਮਨੁੱਖ ਬ੍ਰਹਿਮੰਡ ਦੀ ਉਤਪਤੀ ਲਈ ਸਿਰਫ਼ ਅੰਦਾਜ਼ੇ ਹੀ ਲਾਉਂਦਾ ਸੀ | ਉਸ ਦੀ ਕਲਪਨਾ ਹੀ ਸੱਚ ਮੰਨ ਲਈ ਜਾਂਦੀ ਸੀ | ਪਰੰਤੂ ਹੁਣ ਸ਼ਕਤੀਸ਼ਾਲੀ ਅਤੇ ਨਵੇਂ ਉਪਕਰਨਾਂ ਦੇ ਆ ਜਾਣ ਨਾਲ, ਹਰ ਬ੍ਰਹਿਮੰਡੀ ਘਟਨਾ ਦੇ ਸਾਡੇ ਕੋਲ ਪੁਖ਼ਤਾ ਸਬੂਤ ਹਨ | ਵੀਂਹਵੀ ਸਦੀ ਤੋਂ ਪਹਿਲਾਂ ਇਨ੍ਹਾਂ ਚਾਨਣ ਮੁਨਾਰਿਆਂ ਦੇ ਸਾਡੇ ਕੋਲ ਕੋਈ ਸਬੂਤ ਨਹੀਂ ਮਿਲਦੇ |
ਹੁਣ ਤੱਕ ਜਿੰਨੇ ਵੀ ਕੁਏਜ਼ਰ ਵੇਖੇ ਗਏ ਹਨ, ਉਹ ਸਾਡੀ ਧਰਤੀ ਤੋਂ ਬਹੁਤ ਦੂਰ ਹਨ | ਉਨ੍ਹਾਂ ਦੀ ਰੋਸ਼ਨੀ ਧਰਤੀ ਤੱਕ ਪੁੱਜਣ ਲਈ ਅਰਬਾਂ ਸਾਲ ਲਗਦੇ ਹੋਣਗੇ | ਜਿਸ ਕੁਏਜ਼ਰ ਨੂੰ  ਸਾਡੇ ਵਿਗਿਆਨੀ ਟੈਲੀਸਕੋਪਾਂ ਰਾਹੀਂ ਅੱਜ ਦੇਖਦੇ ਹਨ, ਹੋ ਸਕਦਾ ਹੈ ਉਹ ਅਰਬਾਂ ਸਾਲ ਪਹਿਲਾਂ ਉਸ ਰੂਪ ਵਿਚ ਉਥੇ ਹੋਵੇ | ਹੋ ਸਕਦਾ ਹੈ ਸਾਡਾ ਬ੍ਰਹਿਮੰਡ ਉਦੋਂ ਆਪਣੇ ਮੁੱਢਲੇ ਦਿਨਾਂ ਵਿਚ ਹੀ ਹੋਵੇ | ਪਰੰਤੂ ਇਨ੍ਹਾਂ ਦੇ ਜਾਨਣ ਨਾਲ ਸਾਨੂੰ ਬ੍ਰਹਿਮੰਡ ਬਣਨ ਦਾ ਸਮਾਂ, ਉਸ ਦੇ ਫੈਲਾਅ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਦਾ ਪਤਾ ਲਗਦਾ ਹੈ | ਗਲੈਕਸੀ ਦਾ ਕੇਂਦਰ ਤੇ ਉਨ੍ਹਾਂ ਦੇ ਬਣਨ ਦੀ ਪ੍ਰਕਿਰਿਆ ਸਮਝ ਆਉਂਦੀ ਹੈ | ਸੁਪਰਮੈਸਿਵ ਬਲੈਕ ਹੋਲਾਂ ਅਤੇ ਉਨ੍ਹਾਂ ਦੇ ਵਿਕਾਸ ਦਾ ਪਤਾ ਲਗਦਾ ਹੈ | ਬ੍ਰਹਿਮੰਡ ਵਿਚ ਫੈਲੀਆਂ ਪੁਰਾਤਨ ਗੈਸਾਂ ਦੀ ਸਮਝ ਆਉਂਦੀ ਹੈ | ਇਨ੍ਹਾਂ ਦੀ ਰੋਸ਼ਨੀ ਮਿਣਦਿਆਂ ਸਾਨੂੰ ਬ੍ਰਹਿਮੰਡ ਕਿੱਥੋਂ ਤੱਕ ਫੈਲਿਆ ਹੋ ਸਕਦਾ ਹੈ, ਇਸ ਗੱਲ ਦਾ ਵੀ ਪਤਾ ਲਗਦਾ ਹੈ |
ਵਿਗਿਆਨੀਆਂ ਵਲੋਂ ਹੁਣ ਤੱਕ ਕਈ ਕੁਏਜ਼ਰ ਖੋਜੇ ਜਾ ਚੁੱਕੇ ਹਨ, ਉਨ੍ਹਾਂ ਵਿਚੋਂ ਕੁਝ ਇਸ ਪ੍ਰਕਾਰ ਹਨ | ਸਭ ਤੋਂ ਪਹਿਲਾਂ ਜੋ ਕੁਏਜ਼ਰ ਖੋਜਿਆ ਗਿਆ ਉਹ ਵਿਰਗੋ ਰਾਸ਼ੀ ਮੰਡਲ ਵਿਚ ਸੀ, ਜਿਸ ਦਾ ਨਾਂਅ 33 273 ਰੱਖਿਆ ਗਿਆ | ਇਹ ਸਾਡੀ ਧਰਤੀ ਤੋਂ 2.4 ਅਰਬ ਪ੍ਰਕਾਸ਼ ਵਰ੍ਹੇ ਦੂਰ ਹੈ | ਇਹ ਨੂੰ  ਛੋਟੀ ਟੈਲੀਸਕੋਪ ਨਾਲ ਵੀ ਵੇਖਿਆ ਜਾ ਸਕਦਾ ਹੈ | ਇਕ ਹੋਰ ਕੁਏਜ਼ਰ ਨੂੰ  ਲੱਭ ਕੇ ਉਸ ਦਾ ਨਾਂਅ TON 618 ਰੱਖਿਆ ਗਿਆ | ਇਹ ਬਹੁਤ ਵੱਡਾ ਹੈ, ਜਿਸ ਦਾ ਭਾਰ 66 ਅਰਬ ਸੂਰਜਾਂ ਦੇ ਬਰਾਬਰ ਹੋ ਸਕਦਾ ਹੈ | ਇਹ ਸਾਡੀ ਧਰਤੀ ਤੋਂ 10.4 ਪ੍ਰਕਾਸ਼ ਵਰ੍ਹੇ ਦੂਰ ਹੈ |
ਇਕ ਹੋਰ ਕੁਏਜ਼ਰ ਜੋ ਬਹੁਤ ਪੁਰਾਣਾ ਤੇ ਸਭ ਤੋਂ ਦੂਰ ਦਾ ਹੋ ਸਕਦਾ ਹੈ, ਇਸ ਨੂੰ  UL1S •1342+0928 ਦਾ ਨਾਂਅ ਦਿੱਤਾ ਗਿਆ | ਇਹ ਬ੍ਰਹਿਮੰਡ ਬਣਨ ਜਾਂ ਮਹਾਂ-ਵਿਸਫੋਟ ਤੋਂ 690 ਲੱਖ ਸਾਲਾਂ ਬਾਅਦ ਹੋਂਦ ਵਿਚ ਆਇਆ ਦੱਸਿਆ ਜਾਂਦਾ ਹੈ | ਹੋ ਸਕਦਾ ਹੈ ਕਿ ਇਸ ਪ੍ਰਕਾਰ ਹੋਰ ਵੀ ਮਹਾਂ-ਮਿਨਾਰ ਸਾਡੇ ਬ੍ਰਹਿਮੰਡ ਵਿਚ ਮੌਜੂਦ ਹੋਣ ਜੋ ਅਜੇ ਸਾਡੀ ਪਹੁੰਚ ਤੋਂ ਬਾਹਰ ਹੋਣ | ਇਹ ਕੁਦਰਤ ਦੇ ਕਿ੍ਸ਼ਮੇ ਮਨੁੱਖ ਨੂੰ  ਹੌਲ਼ੀ-ਹੌਲ਼ੀ ਪਤਾ ਲਗਦੇ ਹਨ | ਅਸੀਂ ਸਿਰਫ਼ ਅਜੇ ਆਪਣੇ ਬ੍ਰਹਿਮੰਡ ਦੀ ਗੱਲ ਕਰ ਰਹੇ ਹਾਂ, ਬਹੁਤੇ ਵਿਗਿਆਨੀ ਇਹ ਵੀ ਮੰਨਦੇ ਹਨ ਕਿ ਸਾਡੇ ਬ੍ਰਹਿਮੰਡ ਦੇ ਸਮਾਂਤਰ ਹੋਰ ਬ੍ਰਹਿਮੰਡ ਵੀ ਹੋ ਸਕਦੇ ਹਨ, ਜਿੱਥੋਂ ਤੱਕ ਰੋਸ਼ਨੀ ਵੀ ਨਹੀਂ ਪੁੱਜਦੀ | ਇਸ ਅਨੰਤ ਵਰਤਾਰੇ ਨੂੰ  ਸਮਝਣਾ ਮਨੁੱਖੀ ਸਮਝ ਦੇ ਵੱਸ ਦਾ ਰੋਗ ਨਹੀਂ ਹੈ |
ਇਹ ਰੌਸ਼ਨੀ ਦੇ ਮਿਨਾਰ ਕਿਸ ਤਰ੍ਹਾਂ ਬਣੇ ਹੁੰਦੇ ਹਨ, ਆਉ ਇਹ ਵੀ ਜਾਣ ਲਈਏ | ਇਕ ਕੁਏਜ਼ਰ ਕੁਝ ਹਿੱਸਿਆਂ ਵਿਚ ਵੰਡਿਆ ਹੁੰਦਾ ਹੈ | ਇਸ ਨੂੰ  ਪੈਦਾ ਕਰਨ ਵਾਲੀ ਸੁਪਰਮੈਸਿਵ ਬਲੈਕ ਹੋਲ ਹੁੰਦੀ ਹੈ, ਜਿਸ ਵਿਚ ਗੈਸਾਂ ਅਤੇ ਧੂੜ ਦਾ ਬਲਣਾ, ਅਨੰਤ ਊਰਜਾ ਨੂੰ  ਜਨਮ ਦਿੰਦਾ ਹੈ | ਇਹ ਬਹੁਤ ਤੇਜ਼ ਘੁੰਮਦੀਆਂ ਗੈਸਾਂ ਇਕ ਅਗਨੀ ਡਿਸਕ ਬਣਾਉਂਦੀਆਂ ਹਨ, ਜਿਵੇਂ ਅਰਬਾਂ ਪ੍ਰਮਾਣੂ ਬੰਬ ਫਟ ਰਹੇ ਹੋਣ ਤੇ ਇਕ ਰੇਡੀਏਸ਼ਨ ਦਾ ਚਮਕਦਾਰ ਗ਼ੁਬਾਰਾ ਅਸਮਾਨ ਛੋਹ ਰਿਹਾ ਹੋਵੇ | ਇਸ ਨਾਲ ਸਾਰਾ ਬ੍ਰਹਿਮੰਡ ਰੁਸ਼ਨਾ ਉੱਠਦਾ ਹੈ | ਅਰਬਾਂ ਖ਼ਰਬਾਂ ਸੂਰਜਾਂ ਦੇ ਚੜ੍ਹਨ ਵਰਗੀ ਰੋਸ਼ਨੀ ਫੈਲਦੀ ਹੈ, ਜਿਸ ਨੂੰ  ਧਰਤੀ ਤੋਂ ਅਸੀਂ ਇਕ ਪ੍ਰਕਾਸ਼ ਬਿੰਦੂ ਦੇ ਰੂਪ ਵਿਚ ਵੇਖਦੇ ਹਾਂ | ਕਈ ਹਿੱਸੇ ਅਜਿਹੇ ਵੀ ਹੁੰਦੇ ਹਨ ਜਿੱਥੇ ਇਹ ਫਿਊਜ਼ਿਨ ਧੀਮੀ ਗਤੀ ਨਾਲ ਹੁੰਦੇ ਹਨ | ਏਥੇ ਗੈਸਾਂ ਦੀ ਘੱਟ ਮਿਕਦਾਰ ਕਾਰਨ ਇਸ ਖਿੱਤੇ ਨੂੰ  'ਨੈਰੋ ਲਾਈਨ' ਰੀਜਨ ਕਿਹਾ ਜਾਂਦਾ ਹੈ |
ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਕੁਏਜ਼ਰ ਧਰਤੀ ਤੋਂ ਅਰਬਾਂ ਖ਼ਰਬਾਂ ਪ੍ਰਕਾਸ਼ ਵਰੇ ਦੂਰ ਹੋਣ ਕਾਰਨ ਸਾਨੂੰ ਇਨ੍ਹਾਂ ਦੀ ਰੋਸ਼ਨੀ ਧਰਤੀ ਤੱਕ ਪੁੱਜਣ 'ਤੇ ਹੀ ਪਤਾ ਚਲਦਾ ਹੈ | ਜਦੋਂ ਇਹ ਰੋਸ਼ਨੀ ਉੱਥੋ ਤੁਰੀ ਹੋਵੇਗੀ, ਉਦੋਂ ਉਹ ਉਸ ਹਾਲਾਤ ਵਿਚ ਹੋਣਗੇ, ਜੋ ਸਾਨੂੰ ਹੁਣ ਪਤਾ ਲਗਦੀ ਹੈ | ਇਹ ਕਹਿਣਾ ਕਠਿਨ ਹੈ ਕਿ ਉਹ ਅੱਜ ਵੀ ਉੱਥੇ ਹੋਣਗੇ ਜਾਂ ਨਹੀਂ | ਖ਼ਿਆਲ ਕੀਤਾ ਜਾਂਦਾ ਹੈ ਕਿ ਹੁਣ ਇਹ ਬਹੁਤ ਘੱਟ ਹੋ ਸਕਦੇ ਹਨ | ਬ੍ਰਹਿਮੰਡ ਦੇ ਬਣਨ ਤੋਂ ਬਾਅਦ, ਜਦੋਂ ਗਲੈਕਸੀਆਂ ਬਣੀਆਂ ਤਾਂ ਤਾਪਮਾਨ ਬਹੁਤ ਉੱਚਾ ਹੋਵੇਗਾ, ਗੈਸਾਂ ਵੀ ਵਧੇਰੇ ਹੋਣਗੀਆਂ, ਪਰੰਤੂ ਸਮਾਂ ਬੀਤਣ ਨਾਲ ਤਾਪਮਾਨ ਘਟਿਆ ਤੇ ਗਲੈਕਸੀਆਂ ਨੇ ਆਪਣੇ ਰੂਪ ਲੈ ਲਏ | ਉਸ ਤੋਂ ਬਾਅਦ ਬਲੈਕ ਹੋਲਜ਼ ਸ਼ਾਂਤ ਹੋ ਸਕਦੇ ਹਨ | ਅੱਜ ਕੁਝ ਕੁ ਗਲੈਕਸੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਕੇਂਦਰ ਵਿਚ ਬਣੀ ਸੁਪਰਮੈਸਿਵ ਬਲੈਕ ਹੋਲ ਏਨੀ ਸਰਗਰਮ ਹੈ, ਹੋ ਸਕਦਾ ਹੈ ਕਿ ਉਹ ਕਿਸੇ ਕੁਏਜ਼ਰ ਨੂੰ  ਜਨਮ ਦੇ ਸਕੇ |
ਕੁਦਰਤ ਦੇ ਇਹ ਸਭ ਤੋਂ ਵੱਡੇ ਕਿ੍ਸ਼ਮੇ, ਸਾਡੇ ਵਿਗਿਆਨੀਆਂ ਲਈ ਇਸ ਕਰਕੇ ਬਹੁਤ ਮਹੱਤਵਪੂਰਨ ਹਨ, ਕਿਉਂਕਿ ਇਹ ਬ੍ਰਹਿਮੰਡ ਦੇ ਅਰਬਾਂ ਖ਼ਰਬਾਂ ਸਾਲ ਪਹਿਲਾਂ ਬੀਤ ਗਏ ਸਮੇਂ ਨੂੰ  ਸਮਝਣ ਵਿਚ ਮਦਦ ਕਰਦੇ ਹਨ | ਇਸ ਨਾਲ ਬ੍ਰਹਿਮੰਡ ਦਾ ਲਗਾਤਾਰ ਫੈਲ ਰਿਹਾ ਅਕਾਰ ਮਾਪਿਆ ਜਾ ਸਕਦਾ ਹੈ | ਇਹ ਉਸ ਦੌਰ ਵਿਚ ਗੈਸਾਂ ਦੇ ਬਣ ਰਹੇ ਬੱਦਲਾਂ ਬਾਰੇ ਤੇ ਬਲਣਸ਼ੀਲਤਾ ਬਾਰੇ ਗਿਆਨ ਦਿੰਦੇ ਹਨ | ਕਿਸੇ ਬਲੈਕ ਹੋਲ ਦੇ ਬਣਨ, ਉਸ ਦੀ ਸ਼ਕਤੀ ਤੇ ਸਥਿਤੀ ਦਾ ਇਨ੍ਹਾਂ ਤੋਂ ਹੀ ਪਤਾ ਲਗਦਾ ਹੈ | ਇਹ ਕਿਸੇ ਸਮੇਂ ਗੈਸਾਂ ਦੀਆਂ ਹੋ ਚੁੱਕੀਆਂ ਰਸਾਇਣਕ ਕਿਰਿਆਵਾਂ ਅਤੇ ਕਿਸਮਾਂ ਦੀ ਵੀ ਜਾਣਕਾਰੀ ਵੀ ਦਿੰਦੇ ਹਨ |
ਰੋਸ਼ਨੀ ਦੇ ਇਹ ਮਹਾਂ-ਮਿਨਾਰ ਸਾਡੇ ਬ੍ਰਹਿਮੰਡ ਵਿਚ ਸਭ ਤੋਂ ਵੱਧ ਤਾਕਤ ਦੇ ਸਰੋਤ ਹਨ | ਇਨ੍ਹਾਂ ਦੀ ਚਮਕ ਸਾਨੂੰ ਪੂਰੇ ਬ੍ਰਹਿਮੰਡ ਤੇ ਗਲੈਕਸੀਆਂ ਦੇ ਬਣਨ ਦੀ ਸੂਝ ਦਿੰਦੀ ਹੈ | ਇਸ ਨੇ ਹੀ ਸਾਨੂੰ ਗਲੈਕਸੀਆਂ ਦੇ ਕੇਂਦਰ ਵਿਚ ਕੁਦਰਤ ਦੇ ਰੱਖੇ 'ਡਸਟ ਬਿੱਨ' ਜੋ ਗੈਸਾਂ, ਧੂੜ ਤੇ ਵਾਧੂ ਪਦਾਰਥਾਂ ਨੂੰ  ਨਸ਼ਟ ਕਰਦੇ ਹਨ, ਬਾਰੇ ਜਾਣਕਾਰੀ ਦਿੱਤੀ ਹੈ | ਜਿਵੇਂ ਅਸੀਂ ਕੂੜਾ ਕਰਕਟ ਜਾਲਦੇ ਹਾਂ ਤੇ ਅੱਗ ਦੀ ਇਕ ਲਾਟ ਉੱਠਦੀ ਹੈ ਉਸੇ ਪਰਕਾਰ ਇਹ ਮਰ ਚੁੱਕੇ ਤਾਰਿਆਂ ਦਾ ਮਾਦਾ, ਪੂਰੀਆਂ ਧਰਤੀਆਂ, ਨਵੇਂ ਬਣੇ ਤਾਰਿਆਂ ਤੋਂ ਪੈਦਾ ਹੋਣ ਵਾਲੀਆਂ ਗੈਸਾਂ ਨੂੰ  ਨਸ਼ਟ ਕਰਦੇ ਰਹਿੰਦੇ ਹਨ | ਕੁਦਰਤ ਦੀ ਇਹ ਭੱਠੀ ਇਕ ਅਜੂਬਾ ਹੀ ਕਿਹਾ ਜਾ ਸਕਦਾ ਹੈ, ਜਿਸ ਦੀ ਅਰਬਾਂ ਖ਼ਰਬਾਂ ਪ੍ਰਕਾਸ਼ ਵਰਿ੍ਹਆਂ ਤੱਕ ਉੱਠਦੀ ਲਾਟ ਰੋਸ਼ਨੀ ਦਾ ਮਹਾਂ ਮਿਨਾਰ ਬਣਦੀ ਹੈ | ਤੇ ਇਸ ਮਹਾਂਵਰਤਾਰੇ ਨੂੰ  ਜਾਣਦਿਆਂ ਬੰਦੇ ਦੀ ਸੋਚ ਚਕਰਾ ਜਾਂਦੀ ਹੈ |
-ਸੰਪਰਕ : 0014167272071
major.mangat0gmail.com

Ad Position 22
No active advertisement
ਪਿਛਲੀ ਖ਼ਬਰ ਹੁੰਮਸ ਕਾਰਨ ਪੰਜਾਬ ’ਚ ਬਿਜਲੀ ਦੀ ਮੰਗ 15,515 ਮੈਗਾਵਾਟ ਤੋਂ ਟੱਪੀ ਅਗਲੀ ਖ਼ਬਰ ਗਮਾਡਾ ਦੀਆਂ 27 ਜਾਇਦਾਦਾਂ ਤੋਂ 5400 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ-ਮੁੰਡੀਆਂ
Ad Position 24