ਪੰਜਾਬ ਵਿਚ ਝੋਨਾ ਸਾਉਣੀ ਦੀ ਮੁੱਖ ਫ਼ਸਲ ਹੈ। ਇਸ ਦੀ ਲਵਾਈ ਸਮੇਂ ਮਜ਼ਦੂਰਾਂ ਦੀ ਕਾਫ਼ੀ ਘਾਟ ਰਹਿੰਦੀ ਹੈ, ਜਿਸ ਨਾਲ ਖੇਤੀ ਲਾਗਤਾਂ ਵਧਦੀਆਂ ਹਨ। ਗ਼ੈਰ ਮਿਆਰੀ ਲਵਾਈ ਹੁੰਦੀ ਹੈ ਅਤੇ ਲਵਾਈ ਵਿਚ ਦੇਰੀ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਹੋਰ ਫ਼ਸਲੀ ਕੰਮਾਂਕਾਰਾਂ ਵਾਂਗ ਇਨ੍ਹਾਂ ਮੁਸ਼ਕਿਲਾਂ ਨੂੰ ਵੀ ਮਸ਼ੀਨੀਕਰਨ ਨਾਲ ਸੁਧਾਰਿਆ ਜਾ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਝੋਨੇ ਦੀ ਮਸ਼ੀਨੀ ਲਵਾਈ ਦੀ ਸ਼ਿਫ਼ਾਰਸ਼ ਕੀਤੀ ਹੋਈ ਹੈ, ਜਿਸ ਨੂੰ ਕਾਫ਼ੀ ਕਿਸਾਨ ਅਪਣਾ ਰਹੇ ਹਨ। ਅਜਿਹੇ ਹੀ ਇਕ ਅਗਾਂਹਵਧੂ ਸੋਚ ਰੱਖਣ ਵਾਲਾ ਕਿਸਾਨ ਪਿੰਡ ਜੋਧਾਂ (ਜ਼ਿਲ੍ਹਾ ਲੁਧਿਆਣਾ) ਦਾ ਰਹਿਣ ਵਾਲਾ ਸ. ਤਪਿੰਦਰ ਸਿੰਘ ਪੁੱਤਰ ਸ. ਰੁਪਿੰਦਰ ਸਿੰਘ ਹੈ, ਜਿਸ ਨੇ ਕੰਪਿਊਟਰ ਸਾਇੰਸ ਦੀ ਪੜ੍ਹਾਈ ਪੂਰੀ ਕਰਕੇ ਆਪਣੇ ਸ਼ੌਂਕ ਅਨੁਸਾਰ ਖੇਤੀ ਨੂੰ ਹੀ ਆਪਣਾ ਪੇਸ਼ਾ ਬਣਾਇਆ ਅਤੇ ਇਕ ਸਫ਼ਲ ਕਿਸਾਨ ਬਣਿਆ। ਉਹ ਸ਼ੁਰੂ ਵਿਚ 12 ਏਕੜ 'ਤੇ ਖੇਤੀ ਕਰਦਾ ਸੀ, ਜੋ ਕਿ ਅੱਜ 25 ਤੋਂ 30 ਏਕੜ 'ਤੇ ਕਣਕ-ਝੋਨੇ ਦੇ ਫ਼ਸਲੀ ਚੱਕਰ ਦੇ ਨਾਲ-ਨਾਲ ਆਲੂ, ਮੱਕੀ, ਮੂੰਗੀ ਦੀ ਕਾਸ਼ਤ ਕਰਦਾ ਹੈ। ਉਸ ਨੇ ਇਸ ਸਾਲ 2 ਏਕੜ ਵਿਚ ਪਿਆਜ਼ਾਂ ਦੀ ਖੇਤੀ ਵੀ ਕੀਤੀ ਹੈ। ਉਹ ਪਹਿਲਾਂ ਝੋਨੇ ਦੀ ਕਾਸ਼ਤ ਰਵਾਇਤੀ ਢੰਗ ਨਾਲ ਕਰਦਾ ਸੀ ਜਿਸ ਵਿਚ ਪਨੀਰੀ ਨੂੰ ਪੁੱਟ ਕੇ ਖੇਤ ਵਿਚ ਲਗਾਉਣ ਨਾਲ ਕਾਫ਼ੀ ਜ਼ਿਆਦਾ ਖ਼ਰਚਾ, ਸਮਾਂ ਤੇ ਲੇਬਰ ਲੱਗਦੀ ਸੀ, ਜਿਸ ਨਾਲ ਖੇਤੀ ਖਰਚੇ ਵਿਚ ਵਾਧਾ ਹੁੰਦਾ ਸੀ। ਸਾਲ 2018 ਵਿਚ ਕਿਸਾਨ ਮੇਲੇ ਦੌਰਾਨ ਉਸ ਨੂੰ ਝੋਨਾ ਟਰਾਂਸਪਲਾਂਟਰ ਮਸ਼ੀਨ ਬਾਰੇ ਜਾਣਕਾਰੀ ਮਿਲੀ ਅਤੇ ਫਿਰ ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮਾਹਿਰਾਂ ਨਾਲ ਰਾਬਤਾ ਕਰਕੇ ਇਸ ਬਾਰੇ ਪੂਰੀ ਜਾਣਕਾਰੀ ਹਾਸਿਲ ਕੀਤੀ। ਅਗਲੇ ਹੀ ਸਾਲ ਉਸ ਨੇ ਹੌਸਲਾ ਕਰਕੇ ਝੋਨਾ ਟਰਾਂਸਪਲਾਂਟਰ ਮਸ਼ੀਨ ਖਰੀਦ ਲਈ ਅਤੇ ਪੀਆਰ-121 ਅਤੇ ਪੀਆਰ-126 ਦੀ ਮੈਟ ਨਰਸਰੀ ਤਿਆਰ ਕੀਤੀ। ਇਸ ਸਮੇਂ ਉਸ ਦੇ ਕੋਲ ਝੋਨਾ ਲਾਉਣ ਵਾਲੀਆਂ ਦੋ ਮਸ਼ੀਨਾਂ ਹਨ, ਜੋ ਕਿ 4 ਤੇ 6 ਕਤਾਰਾਂ ਵਿਚ ਝੋਨੇ ਦੀ ਲਵਾਈ ਕਰ ਸਕਦੀਆਂ ਹਨ। ਉਸ ਨੇ ਲਗਾਤਾਰ ਪੀ. ਏ. ਯੂ. ਨਾਲ ਰਾਬਤਾ ਕਾਇਮ ਕਰਕੇ ਇਸ ਤਕਨੀਕ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਉਹ ਪਿਛਲੇ 7 ਸਾਲਾਂ ਤੋਂ ਲਾਗਾਤਾਰ ਰਵਾਇਤੀ ਢੰਗ ਨਾਲੋਂ 2 ਤੋਂ 3 ਕੁਇੰਟਲ/ ਏਕੜ ਦਾ ਮੁਨਾਫ਼ਾ ਪ੍ਰਾਪਤ ਕਰ ਰਿਹਾ ਹੈ। ਇਸੇ ਤਰ੍ਹਾਂ ਪਿਛਲੇ ਸਾਲ 2024 ਵਿਚ ਵੀ ਉਸ ਨੇ ਮਸ਼ੀਨੀ ਲਵਾਈ ਦਾ ਝਾੜ ਰਵਾਇਤੀ ਤਰੀਕੇ ਦੇ ਮੁਕਾਬਲੇ ਨਾਲੋਂ ਵੱਧ ਝਾੜ ਲਿਆ ਹੈ। ਉਸ ਨੇ ਆਪਣੇ ਜੋਧਾਂ ਪਿੰਡ ਦੇ ਨਾਲ ਲੱਗਦੇ 6-7 ਪਿੰਡਾਂ ਵਿਚ ਝੋਨਾ ਟਰਾਂਸਪਲਾਂਟਰ ਨਾਲ ਪਨੀਰੀ ਲਗਾਈ ਅਤੇ ਕਿਰਾਏ 'ਤੇ ਵੀ ਮਸ਼ੀਨਾਂ ਨੂੰ ਚਲਾਇਆ। ਉਹ ਕਿਸਾਨਾਂ ਲਈ ਮੈਟ ਨਰਸਰੀ ਵੀ ਉਪਲਬਧ ਕਰਵਾਉਂਦਾ ਹੈ। ਪਿਛਲੇ ਸਾਲ ਉਸ ਨੇ ਇਨ੍ਹਾਂ ਵੱਖ-ਵੱਖ ਪਿੰਡਾਂ ਵਿਚ 200 ਏਕੜ ਦੇ ਰਕਬੇ 'ਚ ਝੋਨਾ ਟਰਾਂਸਪਲਾਂਟਰ ਨਾਲ ਬਿਜਾਈ ਕੀਤੀ। ਕਿਸਾਨ ਝੋਨੇ ਦੀ ਮਸ਼ੀਨੀ ਲਵਾਈ ਤੋਂ ਕਾਫ਼ੀ ਪ੍ਰਭਾਵਿਤ ਤੇ ਸੰਤੁਸ਼ਟ ਹੋਏ। ਉਸ ਦੇ ਕੁਝ ਨਿੱਜੀ ਤਜਰਬੇ ਇਸ ਪ੍ਰਕਾਰ ਹਨ:-÷
ਮਸ਼ੀਨੀ ਲਵਾਈ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਸਾਰੀ ਲਵਾਈ ਸਮੇਂ ਸਿਰ ਹੋ ਜਾਂਦੀ ਹੈ।
÷ ਮਸ਼ੀਨ ਦੀ ਵਰਤੋਂ ਨਾਲ ਖੇਤ ਵਿਚ ਝੋਨੇ ਦੇ ਬੂਟੇ ਯੂਨੀਵਰਸਿਟੀ ਦੀ ਸਿਫ਼ਾਰਸ਼ ਮੁਤਾਬਿਕ ਸਹੀ ਗਿਣਤੀ ਵਿਚ ਲੱਗਦੇ ਹਨ, ਜਿਸ ਨਾਲ ਫ਼ਸਲ ਦਾ ਝਾੜ ਵਧਦਾ ਹੈ।
÷ ਝੋਨੇ ਦੀ ਲਵਾਈ ਸਿੱਧੀਆਂ ਕਤਾਰਾਂ ਵਿਚ ਹੋਣ ਕਾਰਨ ਖਾਦ ਪਾਉਣ ਅਤੇ ਸਪਰੇਆਂ ਕਰਨ ਵਿਚ ਆਸਾਨੀ ਰਹਿੰਦੀ ਹੈ। ਇਸ ਤੋਂ ਇਲਾਵਾ ਖੇਤ ਵਿਚ ਚੰਗੀ ਹਵਾ ਪੈਂਦੀ ਹੈ, ਜਿਸ ਨਾਲ ਫ਼ਸਲ ਨੂੰ ਬਿਮਾਰੀਆਂ ਘੱਟ ਲਗਦੀਆਂ ਹਨ ਅਤੇ ਸਪਰੇਆਂ ਦਾ ਖਰਚਾ ਬਚਦਾ ਹੈ।
÷ ਜੇਕਰ ਵਾਧੂ ਲੇਬਰ ਲਾ ਕੇ ਪਨੀਰੀ ਦੇ ਮੈਟ ਪਹਿਲਾਂ ਹੀ ਕੱਟ ਕੇ ਰੱਖੇ ਜਾਣ ਅਤੇ ਲਵਾਈ ਲਗਾਤਾਰ ਚੱਲੇ ਤਾਂ ਦਿਹਾੜੀ ਦੇ 5-6 ਏਕੜ ਆਰਾਮ ਨਾਲ ਲੱਗ ਜਾਂਦੇ ਹਨ।
÷ ਮਸ਼ੀਨੀ ਲਵਾਈ ਦਾ ਝਾੜ ਰਵਾਇਤੀ ਤਰੀਕੇ ਦੇ ਮੁਕਾਬਲੇ 2-3 ਕੁਇੰਟਲ/ਏਕੜ ਜ਼ਿਆਦਾ ਨਿਕਲਦਾ ਹੈ।
÷ ਝੋਨਾ ਟਰਾਂਸਪਲਾਂਟਰ ਮਸ਼ੀਨ ਲਈ ਮੈਟ ਨਰਸਰੀ ਲਗਾਉਣ ਦੀ ਅਗਾਊਂ ਸਿਖਲਾਈ ਲੈਣੀ ਜ਼ਰੂਰੀ ਹੈ।
ਤਪਿੰਦਰ ਸਿੰਘ ਦੀ ਕਹਾਣੀ ਇਹ ਸਾਬਤ ਕਰਦੀ ਹੈ ਕਿ ਜੇ ਨੌਜਵਾਨ ਕਿਸਾਨ ਇਸ ਤਕਨੀਕ ਨੂੰ ਅਪਣਾਉਣ ਲਈ ਤਿਆਰ ਹੋਣ ਤਾਂ ਉਹ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ। ਹੌਲੀ-ਹੌਲੀ ਝੋਨੇ ਦੀ ਮਸ਼ੀਨੀ ਲਵਾਈ ਸਮੇਂ ਦੀ ਲੋੜ ਬਣਦੀ ਜਾ ਰਹੀ ਹੈ। ਲੋੜ ਹੈ ਤਪਿੰਦਰ ਸਿੰਘ ਵਾਂਗ ਇਸ ਤਕਨੀਕ ਨੂੰ ਸਮੇਂ ਸਿਰ ਅਪਣਾ ਕੇ ਮੋਹਰੀ ਕਿਸਾਨ ਬਣ ਕੇ ਇਲਾਕੇ ਵਿਚ ਹੋਰ ਕਿਸਾਨਾਂ ਲਈ ਮਿਸਾਲ ਬਣਨ ਦੀ।
-ਪਸਾਰ ਸਿੱਖਿਆ ਵਿਭਾਗ, ਪੀ.ਏ.ਯੂ. ਲੁਧਿਆਣਾ।