07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸੋਇਆਬੀਨ ਦੀ ਸਫ਼ਲ ਕਾਸ਼ਤ ਦੇ ਨੁਕਤੇ

Ad Position 21
No active advertisement
ਅਜੀਤ ਡੈਸਕ 28-04-2026

ਸੋਇਆਬੀਨ 'ਗੋਲਡਨ ਬੀਨ' ਦੇ ਨਾਂਅ ਨਾਲ ਜਾਣੀ ਜਾਣ ਵਾਲੀ ਇਕ ਅਹਿਮ ਤੇਲ ਬੀਜ ਫਲੀਦਾਰ ਫ਼ਸਲ ਹੈ। ਸੋਇਆਬੀਨ 'ਚ ਤਕਰੀਬਨ 40% ਪ੍ਰੋਟੀਨ ਤੇ 20% ਤੇਲ ਦੀ ਮਾਤਰਾ ਪਾਈ ਜਾਂਦੀ ਹੈ। ਇਸ ਦੀ ਕਾਸ਼ਤ ਹਵਾ 'ਚੋਂ ਨਾਈਟ੍ਰੋਜਨ ਜ਼ਮੀਨ ਵਿਚ ਜਮ੍ਹਾਂ ਕਰਦੀ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਪੰਜਾਬ ਵਿਚ ਝੋਨਾ-ਕਣਕ ਫ਼ਸਲੀ ਚੱਕਰ ਕਾਫ਼ੀ ਦਹਾਕਿਆਂ ਤੋਂ ਚਲਦਾ ਆ ਰਿਹਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈੈ। ਸੋਇਆਬੀਨ ਫ਼ਸਲੀ ਵਿਭਿੰਨਤਾ 'ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀ ਹੈ। ਪੰਜਾਬ 'ਚ ਇਸ ਫ਼ਸਲ ਦਾ ਚੰਗਾ ਝਾੜ ਲੈਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਫ਼ਾਰਸ਼ ਕੀਤੀਆਂ ਹੇਠ ਲਿਖੀਆਂ ਖੇਤੀ ਵਿਗਿਆਨਕ ਵਿਧੀਆਂ ਅਪਣਾਉਣੀਆਂ ਚਾਹੀਦੀਆਂ ਹਨ।
ਸੁਧਰੀਆਂ ਕਿਸਮਾਂ-ਖੇਤੀਬਾੜੀ ਯੂਨੀਵਰਸਿਟੀ ਵਲੋਂ ਪੰਜਾਬ 'ਚ ਬਿਜਾਈ ਲਈ ਸੋਇਆਬੀਨ ਦੀਆਂ ਤਿੰਨ ਕਿਸਮਾਂ ਐਸਐਲ-744, ਐਸਐਲ-525 ਤੇ ਐਸਐਲ-295 ਸਿਫ਼ਾਰਸ਼ ਕੀਤੀਆਂ ਗਈਆਂ ਹਨ। ਇਹ ਕਿਸਮਾਂ 139-144 ਦਿਨਾਂ 'ਚ ਪੱਕ ਜਾਂਦੀਆਂ ਹਨ, ਜਿਨ੍ਹਾਂ ਦਾ ਔਸਤਨ ਝਾੜ 6 ਤੋਂ 7.3 ਕੁਇੰਟਲ ਪ੍ਰਤੀ ਏਕੜ ਹੈ।
ਬੀਜ ਨੂੰ ਟੀਕਾ ਲਾਉਣਾ-ਬੀਜ ਨੂੰ ਬਿਜਾਈ ਤੋਂ ਪਹਿਲਾਂ ਬ੍ਰੈਡੀਰਾਈਜ਼ੋਬੀਅਮ (ਐੱਲ.ਐੱਸ. ਆਰ. ਬੀ-3) ਦੇ ਟੀਕੇ ਨਾਲ ਸੋਧੋ। ਬੀਜ ਨੂੰ ਟੀਕਾ ਲਾਉਣ ਨਾਲ ਝਾੜ 'ਚ 8% ਤੱਕ ਵਾਧਾ ਹੁੰਦਾ ਹੈ। ਬੀਜ ਨੂੰ ਟੀਕਾ ਲਗਾਉਣ ਲਈ ਪਹਿਲਾਂ ਇਕ ਏਕੜ ਦੇ ਸਿਫ਼ਾਰਸ਼ ਬੀਜ ਨੂੰ ਘੱਟੋ-ਘੱਟ ਪਾਣੀ ਨਾਲ ਗਿੱਲਾ ਕਰੋ ਤੇ ਬ੍ਰੈਡੀਰਾਈਜ਼ੋਬੀਅਮ ਦੇ ਇਕ ਪੈਕੇਟ ਨਾਲ ਚੰਗੀ ਤਰ੍ਹਾਂ ਮਿਲਾਓ ਤੇ ਇਸ ਨੂੰ ਛਾਵੇਂ ਸੁੱਕਣ ਦਿਓ, ਫਿਰ ਤੁਰੰਤ ਬੀਜੋ। ਜੀਵਾਣੂ ਖਾਦ ਦਾ ਇਹ ਟੀਕਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਬੀਜਾਂ ਦੀ ਦੁਕਾਨ ਗੇਟ ਨੰ. 1 ਅਤੇ ਵੱਖੋ-ਵੱਖਰੇ ਜ਼ਿਲ੍ਹਿਆਂ 'ਚ ਕ੍ਰਿਸ਼ੀ ਵਿਗਿਆਨ/ਫਾਰਮ ਸਲਾਹਕਾਰ ਕੇਂਦਰਾਂ ਤੋਂ ਮਿਲਦਾ ਹੈ।
ਮਾਤਰਾ, ਸਮਾਂ ਤੇ ਢੰਗ-ਪੌਦਿਆਂ ਦੀ ਲੋੜੀਂਦੀ ਗਿਣਤੀ ਪ੍ਰਾਪਤ ਕਰਨ ਲਈ 25-30 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰਨੀ ਚਾਹੀਦੀ ਹੈ। ਸੋਇਆਬੀਨ ਦਾ ਚੰਗਾ ਝਾੜ ਪ੍ਰਾਪਤ ਕਰਨ ਲਈ ਬਿਜਾਈ ਜੂਨ ਦੇ ਪਹਿਲੇ ਪੰਦ੍ਹਰਵਾੜੇ 'ਚ ਕਰੋ। ਬਿਜਾਈ ਤੋਂ ਬਾਅਦ ਭਾਰੀ ਮੀਂਹ ਸੋਇਆਬੀਨ ਦੇ ਉੱਗਣ 'ਤੇ ਮਾੜਾ ਅਸਰ ਪਾਉਂਦਾ ਹੈ। ਇਸ ਲਈ ਫ਼ਸਲ ਦੀ ਬਿਜਾਈ ਮੌਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਚੰਗੀ ਨਮੀ ਵਾਲੀ ਸਥਿਤੀ 'ਚ ਕਰੋ।
ਪੱਧਰੀ ਬਿਜਾਈ-ਪੱਧਰੀ ਬਿਜਾਈ ਲਈ ਬੀਜ 2.5 ਤੋਂ 5 ਸੈਂ.ਮੀ. ਡੂੰਘਾ ਬੀਜੋ ਅਤੇ ਬੂਟਿਆਂ ਤੇ ਕਤਾਰਾਂ ਦਾ ਵਕਫ਼ਾ ਕ੍ਰਮਵਾਰ 4-5 ਸੈਂ.ਮੀ. ਤੇ 45 ਸੈਂ.ਮੀ. ਰੱਖੋ।
ਜ਼ੀਰੋ ਟਿਲ ਡ੍ਰਿੱਲ ਬਿਜਾਈ-ਸੋਇਆਬੀਨ ਦੀ ਬਿਜਾਈ ਜ਼ੀਰੋ ਟਿਲ ਡ੍ਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਵਹਾਈ ਦੇ ਖ਼ਰਚੇ ਦੀ ਬੱਚਤ ਹੁੰਦੀ ਹੈ।
ਬੈੱਡਾਂ 'ਤੇ ਬਿਜਾਈ-ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ 'ਤੇ ਸੋਇਆਬੀਨ ਦੀ ਬਿਜਾਈ ਕਣਕ ਦੇ ਬੈੱਡ ਪਲਾਂਟਰ ਦੀ ਵਰਤੋਂ ਕਰਕੇ 67.5 ਸੈਂਟੀਮੀਟਰ ਦੀ ਦੂਰੀ ਵਾਲੇ ਬੈੱਡਾਂ (37.5 ਬੈੱਡ ਟਾਪ, 30 ਸੈਂ.ਮੀ. ਖ਼ਾਲੀ) 'ਤੇ ਕੀਤੀ ਜਾ ਸਕਦੀ ਹੈ। ਬੀਜ ਤੇ ਖਾਦ ਦੀ ਉਹੀ ਮਾਤਰਾ ਵਰਤੋ ਜੋ ਪੱਧਰੀ ਬਿਜਾਈ ਲਈ ਹੈ। ਅਜਿਹੇ ਬੈੱਡਾਂ 'ਤੇ ਸੋਇਆਬੀਨ ਦੀਆਂ ਦੋ ਕਤਾਰਾਂ ਪ੍ਰਤੀ ਬੈੱਡ ਬੀਜੋ। ਬਿਜਾਈ ਕਰਦੇ ਸਮੇਂ ਚੰਗੀ ਨਮੀ ਦੀ ਸਥਿਤੀ ਨੂੰ ਯਕੀਨੀ ਬਣਾਓ ਤੇ ਅਜਿਹਾ ਨਾ ਹੋਣ ਦੀ ਸਥਿਤੀ 'ਚ ਬਿਜਾਈ ਤੋਂ 2-3 ਦਿਨਾਂ ਦੇ ਅੰਦਰ-ਅੰਦਰ ਖਾਲ਼ੀਆਂ 'ਚ ਸਿੰਚਾਈ ਕਰੋ ਤਾਂ ਕਿ ਬੀਜਾਂ ਦਾ ਉੱਗਣਾ ਯਕੀਨੀ ਬਣਾਇਆ ਜਾ ਸਕੇ। ਸੋਇਆਬੀਨ 'ਚ ਨਮੀ ਦੀ ਸੰਭਾਲ ਲਈ ਕਣਕ ਦੇ ਨਾੜ ਜਾਂ ਪਰਾਲੀ ਦੀ ਵਰਤੋਂ ਕਰਕੇ ਕਤਾਰਾਂ ਨੂੰ ਢਕ ਕੇ ਕੀਤੀ ਜਾ ਸਕਦੀ ਹੈ ।
ਜੈਵਿਕ ਖਾਦ-ਦਰਮਿਆਨੀਆਂ ਉਪਜਾਊ ਜ਼ਮੀਨਾਂ ਤੇ ਬਿਜਾਈ ਤੋਂ ਪਹਿਲਾਂ 4 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਓ ਜਾਂ ਸੋਇਆਬੀਨ ਬੀਜਣ ਤੋਂ ਪਹਿਲਾਂ ਖੇਤ ਵਿਚ ਹਰੀ ਖਾਦ ਦਬਾਓ। ਹਰੀ ਖਾਦ ਲਈ ਸਣ (20 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ) ਦੀ ਅਪ੍ਰੈਲ ਦੇ ਦੂਸਰੇ ਪੰਦ੍ਹਰਵਾੜੇ 'ਚ ਬਿਜਾਈ ਕਰ ਦਿਓ। ਜਦੋਂ ਹਰੀ ਖਾਦ ਦੀ ਫ਼ਸਲ 40-45 ਦਿਨਾਂ ਦੀ ਹੋ ਜਾਵੇ ਤਾਂ ਸੋਇਆਬੀਨ ਦੀ ਬਿਜਾਈ ਤੋਂ ਪਹਿਲਾਂ ਫ਼ਸਲ ਨੂੰ 5-7 ਦਿਨਾਂ ਲਈ ਦੱਬ ਦਿਓ ਤੇ ਗਲਣ ਦਿਓ। ਸੋਇਆਬੀਨ-ਕਣਕ ਫ਼ਸਲੀ ਚੱਕਰ 'ਚ ਸੋਇਆਬੀਨ ਦਾ ਵੱਧ ਝਾੜ ਲੈਣ ਲਈ ਹਰੀ ਖਾਦ ਦੇ ਨਾਲ-ਨਾਲ 28 ਕਿਲੋ ਯੂਰੀਆ ਪ੍ਰਤੀ ਏਕੜ ਪਾਓ।
ਰਸਾਇਣਕ ਖਾਦਾਂ-ਬਿਜਾਈ ਸਮੇਂ 28 ਕਿਲੋ ਯੂਰੀਆ ਤੇ 200 ਕਿਲੋ ਸਿੰਗਲ ਸੁਪਰਫਾਸਫੇਟ (ਐਸਐਸਪੀ) ਪ੍ਰਤੀ ਏਕੜ ਪਾਓ। ਜੇ ਸੋਇਆਬੀਨ ਨੂੰ ਕਣਕ ਤੋਂ ਬਾਅਦ ਬੀਜਣਾ ਹੋਵੇ, ਜਿਸ ਨੂੰ ਫਾਸਫੋਰਸ ਦੀ ਪੂਰੀ ਮਾਤਰਾ ਪਾਈ ਗਈ ਹੋਵੇ ਤਾਂ 150 ਕਿਲੋ ਸਿੰਗਲ ਸੁਪਰ ਫਾਸਫੇਟ ਕਾਫ਼ੀ ਹੈ। ਇਸ ਤੋਂ ਇਲਾਵਾ 2% ਯੂਰੀਆ (3 ਕਿਲੋ ਯੂਰੀਆ 150 ਲਿਟਰ ਪਾਣੀ 'ਚ ਪ੍ਰਤੀ ਏਕੜ ਦੇ ਹਿਸਾਬ ਨਾਲ) ਬਿਜਾਈ ਤੋਂ 60 ਤੇ 75 ਦਿਨਾਂ ਬਾਅਦ ਛਿੜਕਾਅ ਕਰਨ ਨਾਲ ਝਾੜ 'ਚ ਵਾਧਾ ਹੁੰਦਾ ਹੈ।
ਨਦੀਨਾਂ ਦੀ ਰੋਕਥਾਮ-ਸੋਇਆਬੀਨ 'ਚ ਨਦੀਨਾਂ ਦੀ ਰੋਕਥਾਮ ਲਈ ਦੋ ਗੋਡੀਆਂ, ਪਹਿਲੀ ਬਿਜਾਈ ਤੋਂ 20 ਤੇ ਦੂਜੀ 40 ਦਿਨਾਂ ਬਾਅਦ ਕਰਨੀਆਂ ਚਾਹੀਦੀਆਂ ਹਨ ਜਾਂ ਸਟੌਂਪ 30 ਈਸੀ 600 ਮਿ.ਲਿ. ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 1-2 ਦਿਨਾਂ ਦੇ ਅੰਦਰ-ਅੰਦਰ 200 ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬਿਜਾਈ ਦੇ 15-20 ਦਿਨਾਂ ਬਾਅਦ 300 ਮਿਲੀਲਿਟਰ ਪਰੀਮੇਜ਼ 10 ਐੱਸਐੱਲ (ਇਮੇਜ਼ਥਾਪਾਇਰ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਨਾਲ ਘਾਹ, ਚੌੜੀ ਪੱਤੀ ਅਤੇ ਮੋਥਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਸਿੰਜਾਈ-ਜੇ ਮੀਂਹ ਚੰਗੇ ਪੈਣ ਤਾਂ ਫ਼ਸਲ ਨੂੰ ਸਿੰਜਾਈ ਕਰਨ ਦੀ ਕੋਈ ਲੋੜ ਨਹੀਂ ਪੈਂਦੀ, ਨਹੀਂ ਤਾਂ ਫ਼ਸਲ ਨੂੰ 3-4 ਸਿੰਚਾਈਆਂ ਦੀ ਲੋੜ ਹੁੰਦੀ ਹੈ। ਫਲੀਆਂ 'ਚ ਦਾਣੇ ਪੈਣ ਸਮੇਂ ਇਕ ਸਿੰਜਾਈ ਬਹੁਤ ਲਾਭਦਾਇਕ ਹੈ ਅਤੇ ਇਸ ਸਮੇਂ 'ਤੇ ਫ਼ਸਲ ਨੂੰ ਪਾਣੀ ਦੀ ਔੜ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।
ਵਾਢੀ, ਗਹਾਈ ਤੇ ਭੰਡਾਰਨ-ਜਦੋਂ ਜ਼ਿਆਦਾਤਰ ਪੱਤੇ ਝੜ ਜਾਂਦੇ ਹਨ ਤੇ ਫਲੀਆਂ ਦਾ ਰੰਗ ਬਦਲ ਜਾਂਦਾ ਹੈ ਤਾਂ ਫ਼ਸਲ ਵਾਢੀ ਲਈ ਤਿਆਰ ਹੁੰਦੀ ਹੈ। ਵਾਢੀ 'ਚ ਦੇਰੀ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਫਲੀਆਂ 'ਚੋਂ ਦਾਣੇ ਕਿਰਨ ਲਗਦੇ ਹਨ। ਗਹਾਈ ਦੌਰਾਨ ਫ਼ਸਲ ਨੂੰ ਬਹੁਤ ਜ਼ਿਆਦਾ ਕੁੱਟਿਆ ਜਾਂ ਲਿਤਾੜਿਆ ਨਾ ਜਾਵੇ ਕਿਉਂਕਿ ਇਹ ਬੀਜਾਂ ਦੀ ਗੁਣਵੱਤਾ ਤੇ ਉੱਗਣ ਦੀ ਸਮਰੱਥਾ ਨੂੰ ਘਟਾਉਂਦਾ ਹੈ।

-ਪਲਾਂਟ ਬਰੀਡਿੰਗ ਤੇ ਜੈਨੇਟਿਕਸ ਵਿਭਾਗ, ਪੀ.ਏ.ਯੂ. ਲੁਧਿਆਣਾ।

Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਮਸ਼ੀਨੀ ਲਵਾਈ 'ਚ ਕਾਮਯਾਬੀ ਦੀ ਮਿਸਾਲ ਤਪਿੰਦਰ ਸਿੰਘ ਅਗਲੀ ਖ਼ਬਰ ਮਿਸਰ ਦਾ ਚੋਟੀ ਦਾ ਫੁੱਟਬਾਲਰ ਮੁਹੰਮਦ ਸਲਾਹ
Ad Position 24