07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਮਿਸਰ ਦਾ ਚੋਟੀ ਦਾ ਫੁੱਟਬਾਲਰ ਮੁਹੰਮਦ ਸਲਾਹ

Ad Position 21
No active advertisement
ਅਜੀਤ ਡੈਸਕ 28-04-2026

ਪ੍ਰੀਮੀਅਰ ਲੀਗ 'ਚ ਸਭ ਤੋਂ ਵੱਧ ਗੋਲ ਕਰਨ ਵਾਲਾ ਵਿਦੇਸ਼ੀ ਫੁੱਟਬਾਲ ਖਿਡਾਰੀ ਮੁਹੰਮਦ ਸਲਾਹ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਵਿਚ ਸ਼ਾਮਿਲ ਹੈ, ਜਿਸ ਦਾ ਜਨਮ ਮਿਸਰ ਦੇ ਬਸਯੋਨ ਇਲਾਕੇ ਦੇ ਪਿੰਡ ਨਗਰੀਜ਼ ਵਿਖੇ 15 ਜੂਨ 1992 ਨੂੰ ਹੋਇਆ। ਕੌਮਾਂਤਰੀ ਪੱਧਰ 'ਤੇ ਆਪਣੀ ਤੇਜ਼ ਰਫ਼ਤਾਰ ਤੇ ਡ੍ਰਿਬਲਿੰਗ ਕਲਾ ਲਈ ਜਾਣੇ ਜਾਂਦੇ ਸਲਾਹ ਨੇ ਆਪਣੀ ਜੂਨੀਅਰ ਖੇਡ ਦੀ ਸ਼ੁਰੂਆਤ ਆਪਣੇ ਇਲਾਕੇ ਦੇ ਕਲੱਬ 'ਇਤਿਹਾਦ ਬਸਯੋਨ' ਤੋਂ ਸਾਲ 2004 'ਚ ਕੀਤੀ। ਉਸ ਨੇ ਸਾਲ 2006 ਤੋਂ 2010 ਤੱਕ ਮਿਸਰ ਦੀ ਪ੍ਰਸਿੱਧ ਕਲੱਬ 'ਅਲ ਮਕਾਵਲੂਨ' ਵਿਚ ਬਤੌਰ ਜੂਨੀਅਰ ਖਿਡਾਰੀ ਖੇਡਦਿਆਂ ਸ਼ਾਨਦਾਰ ਖੇਡ ਕਲਾ ਦਾ ਪ੍ਰਦਰਸ਼ਨ ਵੀ ਕੀਤਾ ਸੀ। ਉਸ ਨੇ ਇਸੇ ਕਲੱਬ ਵਿਚ ਸੀਨੀਅਰ ਖਿਡਾਰੀ ਦੇ ਤੌਰ 'ਤੇ ਖੇਡਦਿਆਂ 40 ਮੈਚਾਂ 'ਚ 11 ਗੋਲਾਂ ਦਾ ਯੋਗਦਾਨ ਪਾਇਆ ਸੀ। ਸਲਾਹ ਨੂੰ ਸਾਲ 2012 ਤੋਂ 2017 ਤੱਕ ਅਨੇਕਾਂ ਕੌਮਾਂਤਰੀ ਨਾਮਵਰ ਕਲੱਬਾਂ ਵਿਚ ਆਪਣੇ ਹੁਨਰ ਵਿਖਾਉਣ ਦਾ ਮੌਕਾ ਮਿਲਿਆ। ਉਸ ਨੇ ਬਾਸਲ ਕਲੱਬ ਵਲੋਂ ਖੇਡਦਿਆਂ 47 ਮੈਚਾਂ 'ਚ 9 ਗੋਲਾਂ, ਚੇਲਸੀ ਕਲੱਬ ਵਲੋਂ 13 ਮੈਚਾਂ 'ਚ 2, ਫਲੋਰੇਟੀਨਾ ਕਲੱਬ ਵਲੋਂ 16 ਮੈਚਾਂ 'ਚ (ਬਤੌਰ ਤਕਾਵੀ ਖਿਡਾਰੀ) 6, ਰੋਮਾ ਕਲੱਬ ਵਲੋਂ (ਤਕਾਵੀ ਖਿਡਾਰੀ ਦੇ ਤੌਰ 'ਤੇ) 34 ਮੈਚਾਂ 'ਚ 14 ਅਤੇ ਇਸੇ ਹੀ ਕਲੱਬ ਵੱਲੋਂ ਨਿਯਮਿਤ ਖਿਡਾਰੀ ਦੇ ਤੌਰ 'ਤੇ 31 ਮੈਚਾਂ 'ਚ 15 ਗੋਲਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ। ਉਹ 2017 ਤੋਂ ਲਿਵਰਪੂਲ ਕਲੱਬ ਵਲੋਂ ਖੇਡ ਰਿਹਾ ਹੈ, ਜਿੱਥੇ ਉਸ ਨੇ 310 ਮੈਚਾਂ 'ਚ 189 ਗੋਲ ਕਰਕੇ ਅਹਿਮ ਭੂਮਿਕਾ ਨਿਭਾਈ ਹੈ। ਮੁਹੰਮਦ ਸਲਾਹ 2010 ਤੋਂ ਆਪਣੇ ਦੇਸ਼ ਮਿਸਰ ਦੀ ਫੁੱਟਬਾਲ ਟੀਮ ਵਲੋਂ ਖੇਡ ਰਿਹਾ ਹੈ। ਉਸ ਨੇ ਅੰਡਰ-20 ਦੇ 11 ਮੈਚ ਖੇਡ ਕੇ 3 ਗੋਲਾਂ, ਅੰਡਰ-23 ਟੀਮ 'ਚ 11 ਮੈਚ ਖੇਡ ਕੇ 4 ਗੋਲਾਂ ਦਾ ਅਹਿਮ ਯੋਗਦਾਨ ਪਾਇਆ ਸੀ। ਫੁਰਤੀ ਅਤੇ ਤਕਨੀਕ ਦੇ ਸ਼ਾਨਦਾਰ ਸੁਮੇਲ ਮੁਹੰਮਦ ਸਲਾਹ ਨੇ ਡ੍ਰਿਬਲਿੰਗ ਕਰਦਿਆਂ ਆਪਣੀ ਟੀਮ ਦੇ ਦੂਜੇ ਖਿਡਾਰੀਆਂ ਨਾਲ ਤਾਲਮੇਲ ਬਿਠਾ ਕੇ ਗੋਲ ਕਰਨ ਦੀ ਜ਼ਬਰਦਸਤ ਮੁਹਾਰਤ ਹਾਸਿਲ ਕੀਤੀ ਹੈ। ਉਹ ਆਪਣੀ ਕੌਮੀ ਫੁੱਟਬਾਲ ਟੀਮ ਦਾ ਇਕ ਅਹਿਮ ਮੈਂਬਰ ਹੈ ਤੇ ਉਸ ਦੀ ਖੇਡ ਦੀ ਬਦੌਲਤ ਹੀ ਮਿਸਰ ਟੀਮ ਦੋ ਵਾਰ (2017 ਤੇ 2021) 'ਅਫਰੀਕਾ ਕੱਪ ਆਫ ਨੇਸ਼ਨਜ਼' ਵਿਚ ਉਪ ਜੇਤੂ ਰਹੀ। ਉਹ 2018 ਦੇ ਫੀਫਾ ਵਿਸ਼ਵ ਕੱਪ ਦੇ ਕੁਆਲੀਫਾਇਰ ਮੈਚਾਂ ਵਿਚ ਮਿਸਰ ਦਾ ਸਭ ਤੋਂ ਵੱਧ ਪੰਜ ਗੋਲ ਕਰਨ ਵਾਲਾ ਖਿਡਾਰੀ ਬਣਿਆ। 2018 ਦੇ ਵਿਸ਼ਵ ਕੱਪ ਵਿਚ ਇਹ ਟੀਮ ਗਰੁੱਪ ਮੈਚਾਂ ਵਿਚ ਹੀ ਬਾਹਰ ਹੋ ਗਈ ਸੀ। 2022 ਵਿਚ ਇਹ ਟੀਮ ਕੁਆਲੀਫਾਈ ਨਹੀਂ ਕਰ ਪਾਈ। 2026 ਦੇ ਵਿਸ਼ਵ ਕੱਪ ਕੁਆਲੀਫੀਕੇਸ਼ਨ ਮੈਚਾਂ ਵਿਚ ਸਲਾਹ ਨੇ ਸਭ ਤੋਂ ਵੱਧ 9 ਗੋਲ ਕੀਤੇ ਹਨ ਤੇ ਉਸ ਦੀ ਟੀਮ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਚੁੱਕੀ ਹੈ। ਮੁਹੰਮਦ ਸਲਾਹ ਦਾ ਆਪਣੇ ਦੇਸ਼ ਦੀ ਫੁੱਟਬਾਲ ਟੀਮ ਦੀ ਕਾਰਗੁਜ਼ਾਰੀ 'ਚ ਅਹਿਮ ਯੋਗਦਾਨ ਰਿਹਾ ਹੈ, ਜਿੱਥੇ ਉਸ ਨੇ 115 ਮੈਚ ਖੇਡ ਕੇ 67 ਗੋਲਾਂ ਦਾ ਸ਼ਾਨਦਾਰ ਯੋਗਦਾਨ ਪਾਇਆ ਹੈ।
ਸਲਾਹ ਨੂੰ ਅਨੇਕਾਂ ਕੌਮੀ ਤੇ ਕੌਮਾਂਤਰੀ ਇਨਾਮਾਂ ਨਾਲ ਸਤਿਕਾਰਿਆ ਜਾ ਚੁੱਕਾ ਹੈ, ਜਿਨ੍ਹਾਂ 'ਚ ਕੁਝ ਇਹ ਹਨ- ਗਲੋਬ ਸਾਕਰ ਬੈਸਟ ਅਰਬ ਪਲੇਅਰ ਆਫ ਦਿ ਯੀਅਰ (2016), ਬੀ.ਬੀ.ਸੀ. ਅਫਰੀਕਨ ਫੁੱਟਬਾਲਰ ਆਫ ਦਿ ਯੀਅਰ (2017, 2018), ਪ੍ਰੀਮੀਅਰ ਲੀਗ ਗੋਲਡਨ ਬੂਟ (2017-18, 2018-19, 2021 22, 2024 25), ਪ੍ਰੀਮੀਅਰ ਲੀਗ ਪਲੇਅਰ ਆਫ਼ ਦਿ ਸੀਜ਼ਨ (2017-18, 2024 25), ਬੀ.ਬੀ.ਸੀ. ਪ੍ਰੀਮੀਅਰ ਲੀਗ ਪਲੇਅਰ ਆਫ਼ ਦਿ ਯੀਅਰ (2021), ਗੋਲਡਨ ਫੁੱਟ (2021), ਫੈਂਜ਼ ਫੁੱਟਬਾਲਰ ਆਫ਼ ਦਿ ਯੀਅਰ ਐਵਾਰਡ (2020, 2021), ਫੀਫਾ ਕਲੱਬ ਵਿਸ਼ਵ ਕੱਪ ਗੋਲਡਨ ਬਾਲ (2019), ਲਿਵਰਪੂਲ ਪਲੇਅਰ ਆਫ਼ ਦਿ ਸੀਜ਼ਨ (2017-18, 20-21, 21 22, 23 24, 24 25)।

-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾਈਲ : 62842-20595

Ad Position 22
No active advertisement
ਪਿਛਲੀ ਖ਼ਬਰ ਸੋਇਆਬੀਨ ਦੀ ਸਫ਼ਲ ਕਾਸ਼ਤ ਦੇ ਨੁਕਤੇ ਅਗਲੀ ਖ਼ਬਰ ਰਵਾਇਤੀ ਖੇਡ ਕਬੱਡੀ 'ਤੇ ਮੰਡਰਾਉਂਦਾ ਸੰਕਟ
Ad Position 24