07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਰਵਾਇਤੀ ਖੇਡ ਕਬੱਡੀ 'ਤੇ ਮੰਡਰਾਉਂਦਾ ਸੰਕਟ

Ad Position 21
No active advertisement
ਅਜੀਤ ਡੈਸਕ 28-04-2026

ਕਬੱਡੀ ਪੰਜਾਬ ਦੀ ਮਿੱਟੀ ਨਾਲ ਜੁੜੀ ਉਹ ਖੇਡ ਹੈ ਜੋ ਸਿਰਫ਼ ਸਰੀਰਕ ਤਾਕਤ ਦਾ ਪ੍ਰਦਰਸ਼ਨ ਨਹੀਂ, ਸਗੋਂ ਸਬਰ, ਅਨੁਸ਼ਾਸਨ ਤੇ ਭਾਈਚਾਰੇ ਦੀ ਪ੍ਰਤੀਕ ਹੈ। ਇਸ ਖੇਡ ਨੇ ਨੌਜਵਾਨਾਂ ਦੇ ਮਨਾਂ 'ਚ ਉਤਸ਼ਾਹ ਪੈਦਾ ਕੀਤਾ, ਨਸ਼ਿਆਂ ਤੋਂ ਦੂਰ ਰੱਖਿਆ ਤੇ ਇੱਜ਼ਤ ਨਾਲ ਜਿਉਣ ਦਾ ਢੰਗ ਸਿਖਾਇਆ। ਅੱਜ ਇਹੀ ਖੇਡ ਇਕ ਡਰਾਉਣਾ ਸਵਾਲ ਬਣ ਕੇ ਖੜ੍ਹੀ ਹੈ ਕਿ ਕੀ ਕਬੱਡੀ ਅਜੇ ਵੀ ਸਾਡੀ ਸੱਭਿਆਚਾਰਕ ਧਰੋਹਰ ਹੈ ਜਾਂ ਇਹ ਅਪਰਾਧੀ ਗੈਂਗਵਾਰ ਦੀ ਜੜ੍ਹ ਬਣ ਚੁੱਕੀ ਹੈ? ਪਿਛਲੇ ਕੁਝ ਸਾਲਾਂ 'ਚ ਪੰਜਾਬ ਦੇ ਕਬੱਡੀ ਟੂਰਨਾਮੈਂਟਾਂ ਨਾਲ ਜੁੜੀਆਂ ਘਟਨਾਵਾਂ ਨੇ ਸਪੱਸ਼ਟ ਕੀਤਾ ਹੈ ਕਿ ਅਖਾੜੇ ਹੁਣ ਸਿਰਫ਼ ਖੇਡ ਦਾ ਮੈਦਾਨ ਨਹੀਂ ਰਹੇ। ਨੰਗਲ ਅੰਬੀਆਂ, ਤੇਜਪਾਲ ਸਿੰਘ ਤੇ ਗੁਰਵਿੰਦਰ ਸਿੰਘ ਵਰਗੇ ਕਬੱਡੀ ਖਿਡਾਰੀਆਂ ਨਾਲ ਵਾਪਰੀਆਂ ਵਾਰਦਾਤਾਂ ਨੇ ਇਹ ਭਰਮ ਤੋੜ ਦਿੱਤਾ ਹੈ। ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਟੂਰਨਾਮੈਂਟ ਦੌਰਾਨ ਕਤਲ ਇਸ ਗੱਲ ਦੀ ਸਭ ਤੋਂ ਭਿਆਨਕ ਮਿਸਾਲ ਹੈ। ਜਿੱਥੇ ਦਰਸ਼ਕ ਤਾੜੀਆਂ ਵੱਜਣ ਦੀ ਉਡੀਕ ਕਰ ਰਹੇ ਸਨ, ਉੱਥੇ ਗੋਲੀਆਂ ਦੀ ਗੂੰਜ ਨੇ ਖੇਡ ਦੀ ਰੂਹ ਨੂੰ ਜ਼ਖ਼ਮੀ ਕਰ ਦਿੱਤਾ। ਇਹ ਕਤਲ ਸਿਰਫ਼ ਇਕ ਵਿਅਕਤੀ ਦੀ ਮੌਤ ਨਹੀਂ, ਇਹ ਲੋਕਾਂ ਦੇ ਵਿਸ਼ਵਾਸ ਦੀ ਮੌਤ ਹੈ। ਖੇਡ ਮੈਦਾਨ 'ਚ ਹੋਈ ਹਿੰਸਾ ਨੇ ਹਰ ਮਾਂ-ਬਾਪ ਦੇ ਮਨ 'ਚ ਡਰ ਪੈਦਾ ਕਰ ਦਿੱਤਾ ਹੈ। ਜਦੋਂ ਅਪਰਾਧੀ ਆਪਣੇ-ਆਪ ਨੂੰ ਇਨਸਾਫ਼ ਕਰਨ ਵਾਲੇ ਦਿਖਾਉਂਦੇ ਹਨ ਤਾਂ ਇਹ ਨੌਜਵਾਨਾਂ ਦੇ ਮਨਾਂ 'ਚ ਗਲਤ ਧਾਰਨਾ ਪੈਦਾ ਕਰਦੇ ਹਨ। ਅੱਜ ਕਬੱਡੀ ਦੇ ਅਖਾੜੇ ਇਸ ਨਕਲੀ ਨਾਇਕੀ ਦਾ ਮੰਚ ਬਣਦੇ ਜਾ ਰਹੇ ਹਨ। ਇਸ ਸਭ ਦੀ ਜੜ੍ਹ ਪੈਸਾ ਵੀ ਹੈ। ਅੱਜ ਕਬੱਡੀ ਟੂਰਨਾਮੈਂਟਾਂ 'ਚ ਲੱਖਾਂ, ਕਰੋੜਾਂ ਰੁਪਏ ਦਾ ਲੈਣ-ਦੇਣ ਹੁੰਦਾ ਹੈ। ਵੱਡੇ ਇਨਾਮ, ਮਹਿੰਗੀਆਂ ਟਰਾਫ਼ੀਆਂ, ਸਪਾਂਸਰਸ਼ਿਪ, ਟਿਕਟਾਂ ਤੇ ਸੱਟੇਬਾਜ਼ੀ ਇਹ ਸਭ ਕੁਝ ਸਵਾਲਾਂ ਦੇ ਘੇਰੇ 'ਚ ਹੈ। ਪ੍ਰਮੋਟਰਾਂ ਦੀ ਭੂਮਿਕਾ ਇੱਥੇ ਸਭ ਤੋਂ ਵੱਧ ਸਵਾਲਾਂ 'ਚ ਹੈ। ਜੇ ਹਰ ਪ੍ਰਮੋਟਰ ਖੇਡ ਦਾ ਭਲਾ ਸੋਚੇ ਤਾਂ ਕਬੱਡੀ ਕਾਰੋਬਾਰ ਨਾ ਬਣੇ, ਨਾ ਡਰ ਤੇ ਦਹਿਸ਼ਤ ਨਾਲ ਕਮਾਈ ਕੀਤੀ ਜਾਵੇ। ਇਸ ਸਾਰੇ ਮਾਹੌਲ 'ਚ ਸਭ ਤੋਂ ਵੱਧ ਨੁਕਸਾਨ ਖਿਡਾਰੀਆਂ ਦਾ ਹੁੰਦਾ ਹੈ। ਉਹ ਸੋਚਦੇ ਹਨ ਕਿ ਇਹ ਖੇਡ ਉਨ੍ਹਾਂ ਲਈ ਰੁਜ਼ਗਾਰ ਤੇ ਇੱਜ਼ਤ ਦਾ ਰਾਹ ਖੋਲ੍ਹੇਗੀ, ਪਰ ਜਦੋਂ ਅਖਾੜੇ 'ਚ ਹਿੰਸਾ ਦਾਖ਼ਲ ਹੋ ਜਾਂਦੀ ਹੈ ਤਾਂ ਖਿਡਾਰੀ ਮੋਹਰੇ ਬਣ ਕੇ ਰਹਿ ਜਾਂਦੇ ਹਨ। ਕਈ ਵਾਰ ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ ਤੇ ਕਈ ਵਾਰ ਚੁੱਪ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਪਿੰਡਾਂ ਦੇ ਨੌਜਵਾਨਾਂ ਲਈ ਇਹ ਖੇਡ ਕਦੇ ਨਸ਼ਿਆਂ ਤੋਂ ਦੂਰ ਰਹਿਣ ਦਾ ਸਾਧਨ ਸੀ। ਅੱਜ ਉਹੀ ਨੌਜਵਾਨ ਦੇਖ ਰਹੇ ਹਨ, ਖੇਡ ਦੇ ਮੈਦਾਨ 'ਚ ਇੱਜ਼ਤ ਬੰਦੂਕ ਦੀ ਗੋਲੀ ਨਾਲ ਮਿਲ ਰਹੀ ਹੈ। ਇਹ ਸੋਚ ਪੂਰੀ ਪੀੜ੍ਹੀ ਨੂੰ ਭਟਕਾ ਸਕਦੀ ਹੈ। ਜਦੋਂ ਹਿੰਸਾ ਨੂੰ ਸਫ਼ਲਤਾ ਨਾਲ ਜੋੜਿਆ ਜਾਂਦਾ ਹੈ ਤਾਂ ਸਮਾਜ ਦੀ ਨੀਂਹ ਹਿੱਲ ਜਾਂਦੀ ਹੈ। ਇਹ ਸਿਰਫ਼ ਖੇਡ ਦੀ ਹਾਰ ਨਹੀਂ, ਇਕ ਸੱਭਿਆਚਾਰ ਦੀ ਹਾਰ ਹੈ। ਇੱਥੇ ਪ੍ਰਸ਼ਾਸਨ ਦੀ ਭੂਮਿਕਾ ਵੀ ਸਵਾਲਾਂ 'ਚ ਹੈ। ਜਦੋਂ ਟੂਰਨਾਮੈਂਟਾਂ ਤੋਂ ਪਹਿਲਾਂ ਹੀ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਤਾਂ ਸੁਰੱਖਿਆ ਕਿਉਂ ਨਹੀਂ ਵਧਾਈ ਜਾਂਦੀ? ਕਤਲਾਂ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ 'ਤੇ ਲਈ ਜਾਂਦੀ ਹੈ, ਪਰ ਡਰ ਕਿਉਂ ਨਹੀਂ ਘਟਦਾ? ਇਹ ਸਵਾਲ ਸਿਰਫ਼ ਸਵਾਲ ਨਹੀਂ, ਪ੍ਰਸ਼ਾਸਨ 'ਤੇ ਲੱਗੇ ਦਾਗ ਹਨ। ਕਬੱਡੀ ਨੂੰ ਬਚਾਉਣ ਲਈ ਹੁਣ ਅਧੂਰੇ ਬਿਆਨਾਂ ਨਾਲ ਕੰਮ ਨਹੀਂ ਚੱਲੇਗਾ। ਟੂਰਨਾਮੈਂਟਾਂ ਦੀ ਫੰਡਿੰਗ ਦੀ ਪੂਰੀ ਜਾਂਚ, ਪ੍ਰਮੋਟਰਾਂ ਦੇ ਪਿਛੋਕੜ ਦੀ ਤਸਦੀਕ, ਸਖ਼ਤ ਸੁਰੱਖਿਆ ਪ੍ਰਬੰਧ ਤੇ ਸਖ਼ਤ ਅਸਹਿਣਸ਼ੀਲਤਾ (ਜ਼ੀਰੋ ਟਾਲਰੈਂਸ) ਨੀਤੀ ਲਾਜ਼ਮੀ ਹੈ। ਖੇਡ ਫੈੱਡਰੇਸ਼ਨਾਂ, ਪੇਂਡੂ ਕਮੇਟੀਆਂ ਤੇ ਸਮਾਜਿਕ ਸੰਸਥਾਵਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਕਬੱਡੀ ਅਜੇ ਵੀ ਬਚ ਸਕਦੀ ਹੈ ਕਿਉਂਕਿ ਅਖਾੜਿਆਂ 'ਚ ਅਜੇ ਵੀ ਮਿਹਨਤ ਕਰਨ ਵਾਲੇ ਨੌਜਵਾਨ ਹਨ, ਜੋ ਸਿਰਫ਼ ਖੇਡਣਾ ਚਾਹੁੰਦੇ ਹਨ।

-ਬਰਨਾਲਾ।

ਮੋਬਾਈਲ : 94171-63426

Ad Position 22
No active advertisement
ਪਿਛਲੀ ਖ਼ਬਰ ਮਿਸਰ ਦਾ ਚੋਟੀ ਦਾ ਫੁੱਟਬਾਲਰ ਮੁਹੰਮਦ ਸਲਾਹ ਅਗਲੀ ਖ਼ਬਰ ਭਾਰਤੀ ਹਾਕੀ ਮੁੜ ਪਛਾਣ ਬਣਾਉਣ ਦੀ ਰਾਹ 'ਤੇ
Ad Position 24