ਸਾਡੀ ਰਾਸ਼ਟਰੀ ਖੇਡ ਹਾਕੀ ਹਮੇਸ਼ਾ ਹੀ ਸਮੁੱਚੇ ਮੁਲਕ ਦਾ ਮਾਣ ਰਹੀ ਹੈ। ਇਕ ਅਜਿਹਾ ਦੌਰ ਵੀ ਸੀ, ਜਦੋਂ ਭਾਰਤੀ ਹਾਕੀ ਵਿਸ਼ਵਵਿਆਪੀ ਹਾਕੀ ਜਗਤ 'ਤੇ ਰਾਜ ਕਰਦੀ ਸੀ। ਇਤਿਹਾਸ ਗਵਾਹ ਹੈ ਕਿ ਭਾਰਤੀ ਹਾਕੀ ਨੇ ਵਿਸ਼ਵ ਦੀ ਹਰ ਚੋਟੀ ਦੀ ਟੀਮ ਨੂੰ ਲਤਾੜਿਆ ਹੈ। ਪਰ ਕਈ ਵਾਰ ਹਾਕੀ ਪ੍ਰੇਮੀਆਂ ਲਈ ਇਹ ਗੱਲਾਂ ਸਮਝ ਤੋਂ ਬਾਹਰ ਹੋ ਜਾਂਦੀਆਂ ਹਨ ਕਿ ਅਜਿਹੇ ਕਿਹੜੇ ਕਾਰਨ ਪੈਦਾ ਹੋਏ ਕਿ ਭਾਰਤੀ ਹਾਕੀ ਆਪਣੇ ਬੁਨਿਆਦੀ ਰਾਹਾਂ ਤੋਂ ਭਟਕ ਕੇ ਗਿਰਾਵਟ ਦੇ ਉਸ ਦੌਰ 'ਤੇ ਆ ਖੜ੍ਹੀ ਕਿ ਬੀਜਿੰਗ ਉਲੰਪਿਕ ਲਈ ਕੁਆਲੀਫਾਈ ਕਰਨ ਤੋਂ ਵੀ ਖੁੰਝ ਗਈ। 80 ਸਾਲਾਂ ਬਾਅਦ ਭਾਰਤੀ ਹਾਕੀ ਪਹਿਲੀ ਵਾਰ ਇਸ ਉਲੰਪਿਕ ਵਿਚ ਗ਼ੈਰ-ਹਾਜ਼ਰ ਰਹੀ। ਇਹ ਕਹਿਣ 'ਚ ਕੋਈ ਅਤਿਕਥਨੀ ਨਹੀਂ ਹੈ ਕਿ ਇਹ ਸਫ਼ਰ ਅਰਸ਼ ਤੋਂ ਫ਼ਰਸ਼ ਦਾ ਹੈ ਜਿਸ ਵਿਚ ਕਈ ਪ੍ਰਸ਼ਾਸਕੀ ਗਲਤੀਆਂ, ਪੱਖਪਾਤ, ਖੇਤਰਵਾਦ ਤੇ ਕਮਜ਼ੋਰ ਪ੍ਰਬੰਧਕੀ ਘਾਟਾਂ ਸ਼ਾਮਿਲ ਹਨ। 1928 ਤੋਂ 1956 ਤੱਕ ਭਾਰਤ ਨੇ ਉਲੰਪਿਕ ਵਿਚ ਲਗਾਤਾਰ ਸੋਨ ਤਗਮੇ ਜਿੱਤੇ ਤੇ ਆਪਣੀ ਬਾਦਸ਼ਾਹਤ ਕਾਇਮ ਕੀਤੀ। ਮੇਜਰ ਧਿਆਨ ਚੰਦ ਵਰਗੇ ਮਹਾਨ ਖਿਡਾਰੀਆਂ ਨੇ ਹਾਕੀ ਨੂੰ ਨਵੀਂ ਉੱਚਾਈ 'ਤੇ ਪਹੁੰਚਾਇਆ। ਆਜ਼ਾਦੀ ਤੋਂ ਬਾਅਦ ਵੀ ਇਹ ਦੌਰ ਜਾਰੀ ਰਿਹਾ। ਪਰ 1960 ਤੋਂ ਬਾਅਦ ਹੌਲੀ-ਹੌਲੀ ਗਿਰਾਵਟ ਆਉਣੀ ਸ਼ੁਰੂ ਹੋ ਗਈ, ਜਿਸ ਦੇ ਕਈ ਕਾਰਨ ਸਨ, ਜਿਨ੍ਹਾਂ 'ਚ ਖ਼ਾਸ ਤੌਰ 'ਤੇ ਪ੍ਰਸ਼ਾਸਨਿਕ ਨਾਕਾਮੀਆਂ ਹਨ। 1970 ਦੇ ਦਹਾਕੇ ਵਿਚ ਜਦੋਂ ਹਾਕੀ ਘਾਹ ਤੋਂ ਐਸਟ੍ਰੋਟਰਫ਼ 'ਤੇ ਆ ਗਈ ਤਾਂ ਭਾਰਤ ਇਸ ਬਦਲਾਅ ਨਾਲ ਖ਼ੁਦ ਨੂੰ ਢਾਲ ਨਾ ਸਕਿਆ। ਦੇਸ਼ ਵਿਚ ਐਸਟ੍ਰੋਟਰਫ਼ ਮੈਦਾਨਾਂ ਦੀ ਘਾਟ ਸੀ, ਜਿਸ ਨਾਲ ਖਿਡਾਰੀ ਅੰਤਰਰਾਸ਼ਟਰੀ ਮਾਪਦੰਡਾਂ ਤੋਂ ਪਿੱਛੇ ਰਹੇ। ਜਿਹੜੇ ਖਿਡਾਰੀ ਘਾਹ ਦੇ ਮੈਦਾਨਾਂ 'ਤੇ ਰੋਕੇ ਨਾ ਰੁਕਦੇ ਸਨ, ਉਨ੍ਹਾਂ ਦੀ ਰਫ਼ਤਾਰ ਆਧੁਨਿਕ ਮੈਦਾਨਾਂ 'ਤੇ ਆਪ ਮੁਹਾਰੇ ਹੀ ਘਟਦੀ ਗਈ।
ਹਾਕੀ ਦੇ ਦਿੱਗਜ਼ ਮਾਹਿਰਾਂ ਅਨੁਸਾਰ ਭਾਰਤੀ ਕੋਚਿੰਗ ਪ੍ਰਣਾਲੀ ਵੀ ਸਮੇਂ ਦੀ ਹਾਣੀ ਨਾ ਬਣ ਸਕੀ। ਹੋਰ ਦੇਸ਼ ਜਿੱਥੇ ਨਵੀਂ ਤਕਨੀਕ ਨਾਲ ਅੱਗੇ ਵਧ ਰਹੇ ਸਨ, ਉੱਥੇ ਭਾਰਤ ਪੁਰਾਣੇ ਢੰਗ-ਤਰੀਕਿਆਂ 'ਤੇ ਹੀ ਅੜਿਆ ਰਿਹਾ। ਭਾਰਤੀ ਹਾਕੀ ਦੀ ਅਹਿਮ ਸੰਸਥਾ ਨੂੰ 2008 ਵਿਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਸਾਹਮਣਾ ਵੀ ਕਰਨਾ ਪਿਆ। ਕਈ ਗੰਭੀਰ ਕਾਰਨਾਂ ਕਰਕੇ ਉਲੰਪਿਕ ਐਸੋਸੀਏਸ਼ਨ ਨੂੰ ਅਪ੍ਰੈਲ 2008 ਵਿਚ ਇਸ ਨੂੰ ਬਰਖ਼ਾਸਤ ਕਰਨਾ ਪਿਆ, ਜਿਸ ਨਾਲ ਖੇਡ ਨੂੰ ਵੱਡਾ ਝਟਕਾ ਲੱਗਾ। ਇਕ ਅਜਿਹਾ ਦੌਰ ਵੀ ਆਇਆ ਜਿਸ ਵਿਚ ਮਾਹਿਰ ਖਿਡਾਰੀਆਂ ਨੂੰ ਜਾਣਬੁੱਝ ਕੇ ਬਾਹਰ ਬਿਠਾਇਆ ਜਾਂਦਾ ਸੀ ਜਾਂ ਖੇਡਣ ਦੇ ਮੌਕੇ ਨਹੀਂ ਦਿੱਤੇ ਜਾਂਦੇ ਸਨ। ਅਹਿਮ ਟੂਰਨਾਮੈਂਟਾਂ ਲਈ ਵੀ ਸਿਫ਼ਾਰਸ਼ੀ ਖਿਡਾਰੀਆਂ ਦੀ ਚੋਣ ਹੋਣ ਲੱਗੀ। ਸਪਾਂਸਰਸ਼ਿਪ ਲਈ ਵੀ ਭਾਰਤੀ ਹਾਕੀ ਨੂੰ ਭਟਕਣਾ ਪਿਆ। ਬਾਅਦ ਵਿਚ 'ਹਾਕੀ ਇੰਡੀਆ' ਬਣੀ ਪਰ ਅੱਜ ਵੀ ਕਈ ਵਾਰ ਪ੍ਰਸ਼ਾਸਨਿਕ ਵਿਵਾਦ ਸਾਹਮਣੇ ਆਉਂਦੇ ਰਹਿੰਦੇ ਹਨ।
ਦੇਸ਼ ਵਿਚ ਹਾਲੇ ਵੀ ਬਹੁਤ ਥਾਈਂ ਮੈਦਾਨਾਂ ਤੇ ਸਿਖਲਾਈ ਸਹੂਲਤਾਂ ਦੀ ਘਾਟ ਹੈ। ਹਾਲੀਆ ਰਿਪੋਰਟਾਂ 'ਚ ਵੀ ਦਿਖਾਇਆ ਗਿਆ ਕਿ ਕਈ ਸਟੇਡੀਅਮ ਅਧੂਰੇ ਜਾਂ ਖਰਾਬ ਹਾਲਤ 'ਚ ਹਨ। ਪਿੰਡ ਪੱਧਰ 'ਤੇ ਤਾਂ ਹਾਕੀ ਲਗਭਗ ਅਲੋਪ ਹੋਣ ਦੇ ਰਾਹਾਂ 'ਤੇ ਹੈ। ਉਹ ਬੀਤੇ ਸਮੇਂ ਦੀਆਂ ਗੱਲਾਂ ਬਣ ਗਈਆਂ ਜਦੋਂ ਗਲੀਆਂ 'ਚ ਖਿੱਦੋ ਖੁੰਡੀ ਖੇਡਦੇ ਜਵਾਕਾਂ ਹੱਥ ਹੌਲੀ-ਹੌਲੀ ਆਪੇ ਸਟਿੱਕ ਆ ਜਾਂਦੀ ਸੀ। ਜ਼ੋਨ ਪੱਧਰ 'ਤੇ ਤਾਂ ਕੀ, ਜ਼ਿਲ੍ਹਾ ਪੱਧਰ 'ਤੇ ਵੀ ਹਾਕੀ ਦੇ ਚੰਗੇ ਮੈਚ ਦੇਖਣ ਨੂੰ ਨਹੀਂ ਮਿਲਦੇ। ਖੇਡਾਂ ਪ੍ਰਤੀ ਸਕੂਲਾਂ ਵਿਚ ਅਹਿਮ ਬੁਨਿਆਦੀ ਘਾਟਾਂ ਅੱਜ ਵੀ ਮੌਜੂਦ ਹਨ। ਹਾਲਾਂਕਿ ਭਾਰਤੀ ਹਾਕੀ ਨੇ ਮੁੜ ਉੱਠਣ ਦੇ ਸੰਕੇਤ ਦਿੱਤੇ ਹਨ। 2020 ਟੋਕਿਓ ਉਲੰਪਿਕ ਵਿਚ ਜਰਮਨ ਨੂੰ 5-4 ਦੇ ਫ਼ਰਕ ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਣ ਮਗਰੋਂ ਭਾਰਤ ਨੇ 2024 ਪੈਰਿਸ ਉਲੰਪਿਕ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪੇਨ ਨੂੰ 2-1 ਨਾਲ ਹਰਾ ਕੇ ਲਗਾਤਾਰ ਦੂਜਾ ਕਾਂਸੀ ਦਾ ਤਗਮਾ ਜਿੱਤਿਆ। ਫਾਈਨਲ ਵਿਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਭਾਰਤੀ ਰਵਾਇਤੀ ਖੇਡ ਖੇਡਦਿਆਂ ਦੋ ਗੋਲ ਕੀਤੇ ਤੇ 2028 ਲਾਸ ਏਂਜਲਸ ਵਿਖੇ ਹੋਣ ਵਾਲੀਆਂ ਉਲੰਪਿਕ ਖੇਡਾਂ 'ਚ ਸੋਨ ਤਗਮਾ ਜਿੱਤਣ ਦਾ ਵਿਗਲ ਵਜਾਇਆ ਹੈ। ਇਹ ਜਿੱਤ ਸਾਬਤ ਕਰਦੀ ਹੈ ਕਿ ਭਾਰਤੀ ਹਾਕੀ ਮੁੜ ਆਪਣੀ ਪਛਾਣ ਬਣਾਉਣ ਦੀ ਰਾਹ 'ਤੇ ਹੈ। 41 ਸਾਲਾਂ ਬਾਅਦ ਟੋਕਿਓ ਵਿਚ ਤਗਮਾ ਤੇ ਫਿਰ ਪੈਰਿਸ ਵਿਚ ਲਗਾਤਾਰ ਦੂਜਾ ਤਗਮਾ ਇਸ ਗੱਲ ਦਾ ਸਬੂਤ ਹਨ ਕਿ ਭਾਰਤੀ ਹਾਕੀ ਸ਼ੈਲੀ ਆਪਣੇ ਬੁਨਿਆਦੀ ਰਾਹਾਂ ਨੂੰ ਖੋਜਣ ਵਿਚ ਸਫ਼ਲ ਹੋ ਰਹੀ ਹੈ। ਜੇ ਸਰਕਾਰਾਂ, ਸੰਸਥਾਵਾਂ ਤੇ ਖਿਡਾਰੀ ਮਿਲ ਕੇ ਸਹੀ ਦਿਸ਼ਾ 'ਚ ਕੰਮ ਕਰਨ ਤਾਂ ਉਹ ਦਿਨ ਦੂਰ ਨਹੀਂ ਜਦ ਭਾਰਤੀ ਹਾਕੀ ਦੀ ਬਾਦਸ਼ਾਹਤ ਧਰੂ ਤਾਰੇ ਵਾਂਗ ਮੁੜ ਚਮਕਦੀ ਨਜ਼ਰ ਆਏਗੀ।
-ਸੋਸ਼ਲ ਸਾਇੰਸ ਅਧਿਆਪਕ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਮੀਦੀ।
ਮੋਬਾਈਲ : 94633-17199