ਬੱਕਰੀ ਪਾਲਣ ਇਕ ਬਹੁਤ ਹੀ ਮੁਨਾਫ਼ਾਯੋਗ ਧੰਦਾ ਹੈ। ਇਸ ਮੁਨਾਫ਼ੇ 'ਚ ਹੋਰ ਵਾਧਾ ਅਸੀਂ ਫ਼ਸਲੀ ਚੱਕਰ ਦੇ ਰਹਿੰਦ-ਖੂੰਹਦ ਦੀ ਵਰਤੋਂ ਨਾਲ ਕਰ ਸਕਦੇ ਹਾਂ। ਭਾਰਤ ਵਿਚ ਪਸ਼ੂ ਪਾਲਣ ਨਾਲ ਸੰਬੰਧਿਤ ਜੁਗਾਲੀ ਕਰਨ ਵਾਲੇ ਛੋਟੇ ਪਸ਼ੂ ਜਿਵੇਂ ਕਿ ਬੱਕਰੀਆਂ ਤੇ ਭੇਡਾਂ, ਪੇਂਡੂ ਲੋਕਾਂ ਦੀ ਭੋਜਨ ਤੇ ਪੋਸ਼ਣ ਸੰਬੰਧੀ ਲੋੜਾਂ ਦੀ ਪੂਰਤੀ ਕਰਦੇ ਹਨ। ਇਹ ਪਸ਼ੂ ਗਰੀਬ ਅਤੇ ਦਰਮਿਆਨੇ ਕਿਸਾਨਾਂ ਦੀ ਸਮਾਜਿਕ-ਆਰਥਿਕ ਤਬਦੀਲੀ ਵਿਚ ਬਹੁਤ ਹੀ ਅਹਿਮ ਯੋਗਦਾਨ ਪਾਉਂਦੇ ਹਨ। ਇਸ ਤੋਂ ਇਲਾਵਾ ਬੱਕਰੀ ਪਾਲਣ ਗਰੀਬੀ ਨੂੰ ਦੂਰ ਕਰਨ ਲਈ, ਲੱਖਾਂ ਪੇਂਡੂ ਪਰਿਵਾਰਾਂ ਲਈ ਭੋਜਨ ਸੁਰੱਖਿਆਂ ਨੂੰ ਯਕੀਨੀ ਬਣਾਉਣ ਅਤੇ ਆਰਥਿਕ ਵਿਕਾਸ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰ ਰਿਹਾ ਹੈ। ਪਰ ਹਰ ਸਾਲ ਕਣਕ-ਝੋਨੇ ਦੇ ਭਾਅ ਵਧਣ ਕਰਕੇ ਚਾਰਿਆਂ ਹੇਠ ਰਕਬਾ ਵਧਣ ਦੀ ਥਾਂ ਘਟ ਰਿਹਾ ਹੈ। ਭਾਰਤ ਵਿਚ 62 ਫ਼ੀਸਦੀ ਅਤੇ ਪੰਜਾਬ ਵਿਚ 24 ਫ਼ੀਸਦੀ ਹਰੇ ਚਾਰੇ ਦੀ ਘਾਟ (ਕਮੀ) ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਪਸ਼ੂਆਂ ਦੇ ਮਾਮਲੇ ਵਿਚ ਰੁੱਖਾਂ ਦੇ ਚਾਰੇ ਨੂੰ ਆਮ ਤੌਰ 'ਤੇ ਐਮਰਜੈਂਸੀ ਚਾਰਾ ਜਾਂ ਘਾਟ ਵਾਲੇ ਚਾਰੇ ਵਜੋਂ ਜਾਣਿਆ ਜਾਂਦਾ ਹੈ ਅਤੇ ਖ਼ਾਸ ਤੌਰ 'ਤੇ ਬੱਕਰੀਆਂ ਅਤੇ ਭੇਡਾਂ ਵਿਚ ਇਹ ਇਕ ਅਨਿੱਖੜਵਾਂ ਅੰਗ ਹੈ। ਹੇਠ ਦਿੱਤੀ ਸਾਰਨੀ ਅਨੁਸਾਰ ਬੱਕਰੀ ਪਾਲਕ ਵੀਰ ਰੁੱਖ ਲਾ ਕੇ ਪੂਰਾ ਸਾਲ ਬੱਕਰੀਆਂ ਅਤੇ ਭੇਡਾਂ ਲਈ ਵੱਖ-ਵੱਖ ਪੌਸ਼ਟਿਕ ਤੱਤਾਂ ਨਾਲ ਭਰਪੂਰ ਚਾਰੇ ਦਾ ਪ੍ਰਬੰਧ ਕਰ ਸਕਦੇ ਹਨ ਅਤੇ ਘੱਟ ਖਰਚੇ ਨਾਲ ਬੱਕਰੀ ਪਾਲਣ ਦਾ ਮੁਨਾਫ਼ਾ ਵਧਾਇਆ ਜਾ ਸਕਦਾ ਹੈ।
ਪਸ਼ੂ ਦੀ ਖ਼ੁਰਾਕ ਦਾ ਮੁਨਾਫ਼ੇ 'ਤੇ ਸਿੱਧਾ ਅਸਰ ਪੈਂਦਾ ਹੈ। ਪਸ਼ੂ ਖ਼ੁਰਾਕ ਵਿਚ ਵੱਧ ਤੋਂ ਵੱਧ ਉਪਜਾਂ ਜਾਂ ਸਹਿ ਉਪਜਾਂ ਦਾ ਸੇਵਨ ਪਸ਼ੂ ਪਾਲਣ ਦੇ ਖ਼ਰਚੇ ਘੱਟ ਕਰਦਾ ਹੈ। ਬੱਕਰੀਆਂ ਲਈ ਸਭ ਤੋਂ ਮਨ ਭਾਉਂਦੀ ਖ਼ੁਰਾਕ ਦਰੱਖਤਾਂ ਦੇ ਪੱਤੇ ਆਦਿ ਹਨ। ਵੱਧ ਤੋਂ ਵੱਧ ਰੁੱਖਾਂ ਦੀ ਬਿਜਾਂਦ ਇਸ ਦੀ ਪੂਰਤੀ ਕਰਨ ਵਿਚ ਅਹਿਮ ਯੋਗਦਾਨ ਅਦਾ ਕਰ ਸਕਦੀ ਹੈ। ਸੋ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਇਸ ਲੇਖ ਰਾਹੀਂ ਸੰਦੇਸ਼ ਦਿੱਤਾ ਜਾਂਦਾ ਹੈ ਕਿ ਵੱਧ ਤੋਂ ਵੱਧ ਦਰੱਖਤਾਂ ਦੀ ਬਿਜਾਂਦ ਕੀਤੀ ਜਾਵੇ ਅਤੇ ਸਸਤੇ ਆਹਾਰ ਪੈਦਾ ਕੀਤੇ ਜਾਣ। ਇਹ ਸਭ ਪਹਿਲੂ ਸਹਾਇਕ ਧੰਦਿਆਂ ਦੀ ਕਾਮਯਾਬੀ ਵਿਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ।
-ਕ੍ਰਿਸ਼ੀ ਵਿਗਿਅਨ ਕੇਂਦਰ, ਮਾਨਸਾ।