08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਤੇਜ਼ ਧੁੱਪ 'ਚ ਸਬਜ਼ੀ ਦੇ ਬੂਟੇ ਬਚਾਉਣ ਦੇ ਪ੍ਰਭਾਵਸ਼ਾਲੀ ਢੰਗ

Ad Position 21
No active advertisement
ਅਜੀਤ ਡੈਸਕ 26-05-2026

ਪੰਜਾਬ ਵਿਚ ਵਧ ਰਹੀ ਗਰਮੀ ਤੇ ਲੂ ਖੇਤਾਂ 'ਚ ਬੀਜੀਆਂ ਸਬਜ਼ੀ ਦੀਆਂ ਫ਼ਸਲਾਂ ਲਈ ਗੰਭੀਰ ਚੁਣੌਤੀ ਬਣ ਰਹੀਆਂ ਹਨ। ਉਚ ਤਾਪਮਾਨ ਕਾਰਨ ਬੂਟਿਆਂ ਦਾ ਵਾਧਾ, ਫੁੱਲ ਬਣਨਾ ਅਤੇ ਫ਼ਲ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਪੈਦਾਵਾਰ ਅਤੇ ਗੁਣਵੱਤਾ ਘਟ ਜਾਂਦੀ ਹੈ। ਇਸ ਲਈ ਤਪਸ਼ ਦੇ ਦਬਾਅ ਦੀ ਸਮੱਸਿਆ ਨੂੰ ਸਮਝਣਾ ਤੇ ਇਸ ਦਾ ਸਮੇਂ ਸਿਰ ਢੁਕਵਾਂ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਤਾਪਮਾਨ ਬੂਟੇ ਦੀ ਸਹਿਨਸ਼ੀਲਤਾ ਤੋਂ ਵਧ ਜਾਂਦਾ ਹੈ ਤਾਂ ਬੂਟਾ ਤਪਸ਼ ਦੇ ਦਬਾਅ ਹੇਠ ਆ ਜਾਂਦਾ ਹੈ। ਇਸ ਦੌਰਾਨ ਬੂਟੇ ਦੇ ਅੰਦਰ ਆਰ.ਓ.ਐਸ. (ਪ੍ਰਤੀਕਿਰਿਆਸ਼ੀਲ ਆਕਸੀਜਨ ਪ੍ਰਜਾਤੀਆਂ) ਬਣ ਜਾਂਦੇ ਹਨ, ਜੋ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਬੂਟੇ ਦੀ ਆਮ ਕਿਰਿਆਵਾਂ ਵਿਚ ਰੁਕਾਵਟ ਪੈਂਦੀ ਹੈ।
ਮੁੱਖ ਲੱਛਣ
* ਪੱਤੇ ਮੁਰਝਾਣਾ *÷ ਫੁੱਲਾਂ ਦਾ ਝੜਨਾ *÷ ਛੋਟੇ ਜਾਂ ਬੇਆਕਾਰ ਫ਼ਲ *÷ ਬੂਟੇੇ ਦੀ ਵਾਧ ਰੁਕਣਾ
ਬਚਾਅ ਦੇ ਪ੍ਰਭਾਵਸ਼ਾਲੀ ਢੰਗ
ਸਿੰਜਾਈ ਪ੍ਰਬੰਧ-ਗਰਮੀ ਦੇ ਮੌਸਮ ਵਿਚ ਬੂਟਿਆ 'ਚ ਪਾਣੀ ਦੀ ਘਾਟ ਜਲਦੀ ਹੋ ਜਾਂਦੀ ਹੈ, ਜਿਸ ਨਾਲ ਬੂਟੇ ਦਾ ਵਾਧਾ ਤੇ ਫ਼ਲ ਬਣਨਾ ਪ੍ਰਭਾਵਿਤ ਹੁੰਦਾ ਹੈ। ਸਵੇਰੇ ਜਾਂ ਸ਼ਾਮ ਦੇ ਸਮੇਂ ਸਿੰਜਾਈ ਕਰਨ ਨਾਲ ਮਿੱਟੀ ਵਿਚ ਨਮੀ ਬਰਕਰਾਰ ਰਹਿੰਦੀ ਹੈ ਅਤੇ ਬੂਟੇ ਨੂੰ ਗਰਮੀ ਦੇ ਦਬਾਅ ਤੋਂ ਬਚਾਉਣ ਵਿਚ ਮਦਦ ਮਿਲਦੀ ਹੈ। ਤੁਪਕਾ ਸਿੰਜਾਈ ਨਾਲ ਪਾਣੀ ਸਿੱਧਾ ਜੜ੍ਹਾਂ ਤੱਕ ਪਹੁੰਚਦਾ ਹੈ, ਜਿਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਬੂਟਿਆਂ ਨੂੰ ਲਗਾਤਾਰ ਨਮੀ ਮਿਲਦੀ ਰਹਿੰਦੀ ਹੈ। ਫੁਆਰਾ ਸਿੰਚਾਈ ਨਾਲ ਖੇਤ ਵਿਚ ਹਲਕੀ ਵਰਖਾ ਵਰਗਾ ਮਾਹੌਲ ਬਣਿਆ ਰਹਿੰਦਾ ਹੈ, ਜਿਸ ਨਾਲ ਤਾਪਮਾਨ ਘਟਦਾ ਹੈ ਤੇ ਬੂਟਿਆਂ ਨੂੰ ਠੰਢਕ ਮਿਲਦੀ ਹੈ।
ਮਲਚਿੰਗ ਦੀ ਵਰਤੋਂ-ਮਲਚਿੰਗ ਨਾਲ ਮਿੱਟੀ ਦਾ ਤਾਪਮਾਨ ਘਟਦਾ ਹੈ ਤੇ ਨਮੀ ਲੰਬੇ ਸਮੇਂ ਲਈ ਸੰਭਾਲੀ ਰਹਿੰਦੀ ਹੈ। ਪਲਾਸਟਿਕ ਜਾਂ ਜੈਵਿਕ ਮਲਚ ਦੀ ਵਰਤੋਂ ਨਾਲ ਜੜ੍ਹਾਂ ਨੂੰ ਠੰਢਕ ਮਿਲਦੀ ਹੈ, ਜਿਸ ਨਾਲ ਬੂਟੇ ਗਰਮੀ ਨੂੰ ਵਧੀਆ ਤਰੀਕੇ ਨਾਲ ਸਹਿਣ ਕਰ ਸਕਦੇ ਹਨ।
ਸ਼ੇਡ ਨੈੱਟ ਦੀ ਵਰਤੋਂ-ਉਚ ਤਾਪਮਾਨ ਤੇ ਤਿੱਖੀ ਧੁੱਪ ਬੂਟਿਆਂ ਦੇ ਪੱਤਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਵਾਧਾ ਰੋਕ ਦਿੰਦੀ ਹੈ। 35 50 ਫ਼ੀਸਦੀ ਸ਼ੇਡ ਨੈੱਟ ਦੀ ਵਰਤੋਂ ਨਾਲ ਬੂਟਿਆਂ ਨੂੰ ਸਿੱਧੀ ਧੁੱਪ ਤੋਂ ਬਚਾਅ ਮਿਲਦਾ ਹੈ ਅਤੇ ਤਾਪਮਾਨ ਘਟਦਾ ਹੈ, ਜਿਸ ਨਾਲ ਵਾਧ ਸੁਧਰਦੀ ਹੈ। ਗ੍ਰੀਨ ਸ਼ੇਡ ਨੈੱਟ (ਲਗਭਗ 50 ਫ਼ੀਸਦੀ) ਹੇਠ ਬੂਟਿਆਂ 'ਚ ਤਾਪਮਾਨ ਘਟਦਾ ਹੈ ਅਤੇ ਬੂਟਿਆਂ ਅਨੁਕੂਲ ਸੂਖਮ ਜਲਵਾਯੂ ਬਣਦਾ ਹੈ, ਜਿਸ ਨਾਲ ਬੂਟਿਆਂ ਦੀ ਵਾਧ ਸੁਧਰਦੀ ਹੈ। ਇਸ ਹੇਠ ਟਮਾਟਰ ਵਿਚ ਬੂਟੇੇ ਦੀ ਉਚਾਈ, ਪੱਤਿਆਂ ਦਾ ਖੇਤਰਫਲ, ਫ਼ਲ ਸੈੱਟ ਤੇ ਕੁੱਲ ਪੈਦਾਵਾਰ ਵਿਚ ਵਾਧਾ ਵੇਖਿਆ ਗਿਆ ਹੈ। ਇਸ ਤੋਂ ਇਲਾਵਾ ਫ਼ਲਾਂ ਦੀ ਗੁਣਵੱਤਾ ਵਿਚ ਵੀ ਸੁਧਾਰ ਹੁੰਦਾ ਹੈ, ਜਿਵੇਂ ਕਿ ਵੱਧ ਸਮਾਨ ਆਕਾਰ, ਧੁੱਪ ਨਾਲ ਝੁਲਸਣ ਤੋਂ ਬਚਾਅ ਅਤੇ ਬਿਹਤਰ ਕੁੱਲ ਗੁਣਵੱਤਾ। ਗਰਮੀ ਦੇ ਦਬਾਅ ਨੂੰ ਘਟਾਉਣ ਕਾਰਨ ਫੁੱਲਾਂ ਦਾ ਝੜਨਾ ਘਟਦਾ ਹੈ ਤੇ ਫ਼ਲ ਬਣਨ ਦੀ ਦਰ ਵਧਦੀ ਹੈ।
ਗਰਮੀ ਸਹਿਣਸ਼ੀਲ ਕਿਸਮਾਂ ਦੀ ਚੋਣ-ਹਰ ਫ਼ਸਲ ਦੀ ਗਰਮੀ ਦੀ ਸਹਿਣਸ਼ੀਲਤਾ ਵੱਖਰੀ ਹੁੰਦੀ ਹੈ। ਇਸ ਲਈ ਸਥਾਨਕ ਹਾਲਾਤ ਲਈ ਉਚਿਤ ਕਿਸਮਾਂ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ। ਗਰਮੀ ਦੀ ਸਹਿਣਸ਼ੀਲਤਾ ਵਾਲੀਆਂ ਕਿਸਮਾਂ ਵਿਚ ਫੁੱਲ ਤੇ ਫ਼ਲ ਬਣਨ ਦੀ ਸਮਰੱਥਾ ਵੱਧ ਹੁੰਦੀ ਹੈ, ਜਿਸ ਨਾਲ ਪੈਦਾਵਾਰ ਸਥਿਰ ਰਹਿੰਦੀ ਹੈ।
ਐਂਟੀ-ਸਟ੍ਰੈੱਸ ਸਪਰੇ-ਗਰਮੀ ਦੇ ਦਬਾਅ ਦੌਰਾਨ ਬੂਟਿਆਂ ਵਿਚ ਪਾਣੀ ਤੇ ਪੋਸ਼ਕ ਤੱਤਾਂ ਦਾ ਸੰਤੁਲਨ ਵਿਗੜ ਜਾਂਦਾ ਹੈ। 0.5 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ (™©®੩), 1 2 ਫ਼ੀਸਦੀ ਕਾਓਲਿਨ ਸਪਰੇ ਅਤੇ ਪ੍ਰੋਲਾਈਨ ਜਾਂ ਗਲਾਈਸੀਨ ਬੀਟੇਨ ਵਰਗੇ ਪਦਾਰਥਾਂ ਦੇ ਛਿੜਕਾਅ ਨਾਲ ਬੂਟਿਆਂ ਦੀ ਸਹਿਣਸ਼ੀਲਤਾ ਵਧਦੀ ਹੈ ਅਤੇ ਪੱਤਿਆਂ ਦਾ ਤਾਪਮਾਨ ਘਟਦਾ ਹੈ।
ਪੋਸ਼ਣ ਪ੍ਰਬੰਧਨ-ਪੋਟਾਸ਼, ਕੈਲਸ਼ੀਅਮ ਅਤੇ ਬੋਰਾਨ ਬੂਟਿਆਂ ਦੀ ਕੋਸ਼ਿਕਾ ਬਣਤਰ ਤੇ ਫ਼ਲ ਬਣਨ ਲਈ ਮਹੱਤਵਪੂਰਨ ਹਨ। ਇਹ ਤੱਤ ਬੂਟਿਆਂ ਦੀ ਮਜ਼ਬੂਤੀ ਵਧਾਉਂਦੇ ਹਨ ਅਤੇ ਫੁੱਲਾਂ ਦੇ ਝੜਨ ਨੂੰ ਘਟਾਉਂਦੇ ਹਨ, ਜਿਸ ਨਾਲ ਗਰਮੀ ਦੇ ਤਣਾਅ ਦਾ ਅਸਰ ਘੱਟ ਹੁੰਦਾ ਹੈ।
ਨਰਸਰੀ ਪ੍ਰਬੰਧਨ-ਨਰਸਰੀ ਪੜਾਅ ਵਿਚ ਬੂਟੇ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ ਅਤੇ ਗਰਮੀ ਦਾ ਅਸਰ ਜਲਦੀ ਦਿਖਾਈ ਦਿੰਦਾ ਹੈ। ਇਸ ਲਈ ਨਰਸਰੀ ਨੂੰ ਹਲਕੀ ਛਾਂ ਹੇਠ ਰੱਖਣਾ ਅਤੇ ਨਿਯਮਿਤ ਹਲਕੀ ਸਿੰਜਾਈ ਕਰਨੀ ਜ਼ਰੂਰੀ ਹੈ ਤਾਂ ਜੋ ਵਧੀਆ ਬੂਟੇੇ ਤਿਆਰ ਹੋ ਸਕਣ।
ਬਿਜਾਈ ਦਾ ਸਮਾਂ-ਉਚ ਤਾਪਮਾਨ ਦੌਰਾਨ ਬਿਜਾਈ ਕਰਨ ਨਾਲ ਬੂਟਿਆਂ ਨੂੰ ਵੱਧ ਝਟਕਾ ਲਗਦਾ ਹੈ ਅਤੇ ਉਹ ਠੀਕ ਤਰ੍ਹਾਂ ਸਥਾਪਤ ਨਹੀਂ ਹੁੰਦੇ। ਸ਼ਾਮ ਦੇ ਸਮੇਂ ਜਾਂ ਠੰਢੇ ਮੌਸਮ ਵਿਚ ਰੋਪਾਈ ਕਰਨ ਨਾਲ ਬੂਟਿਆਂ ਦੀਆਂ ਜੜ੍ਹਾਂ ਜਲਦੀ ਫੈਲਦੀਆਂ ਹਨ ਅਤੇ ਵਾਧ ਵਧੀਆ ਹੁੰਦੀ ਹੈ।
ਜੈਵਿਕ ਉਤੇਜਕ-ਸੀਵੀਡ ਐਕਸਟ੍ਰੈਕਟ ਅਤੇ ਹਿਊਮਿਕ ਐਸਿਡ ਵਰਗੇ ਜੈਵਿਕ ਪਦਾਰਥ ਬੂਟਿਆਂ ਦੀ ਵਾਧ ਅਤੇ ਸਹਿਣਸ਼ੀਲਤਾ ਵਧਾਉਂਦੇ ਹਨ। ਇਹ ਬੂਟਿਆਂ ਦੇ ਅੰਦਰ ਜੈਵਿਕ ਕਿਰਿਆਵਾਂ ਨੂੰ ਤੇਜ਼ ਕਰਦੇ ਹਨ, ਜਿਸ ਨਾਲ ਬੂਟੇ ਗਰਮੀ ਦੇ ਦਬਾਅ ਨੂੰ ਵਧੀਆ ਤਰੀਕੇ ਨਾਲ ਸਹਿਣ ਕਰਦੇ ਹਨ।
ਇਸ ਤਰ੍ਹਾਂ ਸਹੀ ਪ੍ਰਬੰਧਨ ਤਰੀਕਿਆਂ ਅਤੇ ਵਿਗਿਆਨਕ ਸਿਫ਼ਾਰਸ਼ਾਂ ਨੂੰ ਅਪਣਾ ਕੇ ਕਿਸਾਨ ਬੂਟਿਆਂ 'ਤੇ ਗਰਮੀ ਦੇ ਦਬਾਅ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰ ਸਕਦੇ ਹਨ ਅਤੇ ਵਧੀਆ ਪੈਦਾਵਾਰ ਪ੍ਰਾਪਤ ਕਰਕੇ ਮੁਨਾਫ਼ਾ ਕਮਾ ਸਕਦੇ ਹਨ।

-ਪੀ.ਐੱਚ.ਡੀ. ਸਬਜ਼ੀ ਵਿਗਿਆਨ,
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

Ad Position 22
No active advertisement
ਪਿਛਲੀ ਖ਼ਬਰ ਬੱਕਰੀਆਂ ਲਈ ਸਸਤੀ ਖ਼ੁਰਾਕ ਹਨ ਰੁੱਖ ਅਗਲੀ ਖ਼ਬਰ ਕੌਮਾਂਤਰੀ ਮੈਰਾਥਨ ਦੌੜਾਕ ਹੌਲਦਾਰ ਮੂਲਾ ਸਿੰਘ ਗੰਢੂਆਂ
Ad Position 24