ਮੈਰਾਥਨ ਦੌੜ ਨੂੰ 'ਲਹੂ ਪੀਣੀ ਦੌੜ' ਵੀ ਆਖਿਆ ਜਾਂਦਾ ਹੈ। ਕੋਈ ਵੱਡੇ ਜਿਗਰੇ ਵਾਲਾ ਖਿਡਾਰੀ ਹੀ ਇਸ ਦੌੜ ਨਾਲ ਮੱਥਾ ਲਾਉਂਦਾ ਹੈ, ਕਿਉਂਕਿ ਮੈਰਾਥਨ ਦੌੜਾਕ ਨੂੰ ਅਭਿਆਸ ਦੌਰਾਨ 60-70 ਕਿਲੋਮੀਟਰ ਤਾਂ ਦੌੜਨਾ ਪੈਂਦਾ ਹੀ ਪੈਂਦਾ ਹੈ। ਉਲੰਪਿਕ ਤੇ ਵਿਸ਼ਵ ਪੱਧਰੀ ਇਨ੍ਹਾਂ ਮੁਕਾਬਲਿਆਂ 'ਚ ਕੀਨੀਆ ਤੇ ਇਥੋਪੀਆ ਦੇ ਖਿਡਾਰੀ ਕਿਸੇ ਨੂੰ ਨੇੜੇ ਖੰਘਣ ਨਹੀਂ ਦਿੰਦੇ, ਜਦਕਿ ਏਸ਼ਿਆਈ ਖਿੱਤੇ 'ਚ ਜਪਾਨ ਦੀਆਂ ਖਿਡਾਰਨਾਂ ਦੀ ਤੂਤੀ ਬੋਲਦੀ ਹੈ। ਸਾਡੇ ਦੇਸ਼ ਦੇ ਗਿਣਵੇਂ-ਚੁਣਵੇਂ ਖਿਡਾਰੀ ਹੀ ਹਨ, ਜਿਨ੍ਹਾਂ ਨੇ ਇਸ ਖੇਡ ਨਾਲ ਮੱਥਾ ਲਾਇਆ ਹੈ। ਅਜਿਹੇ ਖਿਡਾਰੀਆਂ 'ਚੋਂ ਹੀ ਇਕ ਹਨ ਹੌਲਦਾਰ ਮੂਲਾ ਸਿੰਘ, ਜਿਨ੍ਹਾਂ ਨੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ 'ਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਉਨ੍ਹਾਂ ਦਾ ਜਨਮ ਸ. ਭਾਨ ਸਿੰਘ ਦੇ ਘਰ 8 ਅਗਸਤ, 1952 ਨੂੰ ਹੋਇਆ। ਗਰੀਬ ਪਰਿਵਾਰ 'ਚ ਜਨਮੇ ਇਸ ਖਿਡਾਰੀ ਨੇ ਚਾਰ ਅੱਖਰਾਂ ਦੇ ਗਿਆਨ ਲਈ ਕਦੇ ਸਕੂਲ ਦਾ ਰਾਹ ਵੀ ਨਹੀਂ ਵੇਖਿਆ। ਗਰੀਬੀ ਦੀ ਦਲਦਲ 'ਚ ਫ਼ਸੇ ਮੂਲਾ ਸਿੰਘ ਦੀ ਜ਼ਿੰਦਗੀ 'ਚ ਕਿਸਮਤ ਨੇ ਉਦੋਂ ਚਾਨਣ ਦੀਆਂ ਕਿਰਨਾਂ ਬਖੇਰੀਆਂ, ਜਦੋਂ ਉਹ 1971 'ਚ 26 ਸਾਲਾਂ ਦੀ ਉਮਰ ਵਿਚ ਫ਼ੌਜ ਵਿਚ ਭਰਤੀ ਹੋ ਗਏ। ਉਹ ਰੰਗਰੂਟੀ ਲਈ ਫ਼ਤਹਿਗੜ੍ਹ (ਯੂ.ਪੀ.) ਦੇ ਸਿਖਲਾਈ ਸੈਂਟਰ 'ਚ ਗਏ, ਜਿੱਥੇ ਆਰਮੀ ਦੇ ਸਪੋਰਟਸ ਹਾਲ 'ਚ ਲੱਗੀਆਂ ਫ਼ੌਜੀ ਖਿਡਾਰੀਆਂ ਦੀਆਂ ਤਸਵੀਰਾਂ ਵੇਖ ਕੇ ਉਨ੍ਹਾ ਨੂੰ ਚੰਗਾ ਖਿਡਾਰੀ ਬਣਨ ਦੀ ਚੇਟਕ ਲੱਗੀ। ਉਹ ਰੰਗਰੂਟੀ ਦੀ ਸਖ਼ਤ ਪਰੇਡ ਦੀ ਥਕਾਵਟ ਮਹਿਸੂਸ ਹੀ ਨਾ ਕਰਦੇ ਤੇ ਉਸ ਤੋਂ ਬਿਨਾਂ ਵੀ ਦੋ-ਦੋ ਘੰਟੇ ਟਰੈਕ 'ਤੇ ਦੌੜਦੇ ਰਹਿੰਦੇ। ਉਹ ਕਈ ਵਾਰ ਰਾਤ ਨੂੰ ਵੀ ਦੌੜਦੇ। ਉਨ੍ਹਾਂ ਦੇ ਸਾਥੀ ਕਈ ਵਾਰ ਉਨ੍ਹਾਂ 'ਤੇ ਹੱਸਦੇ। ਪਰ ਉਦੋਂ ਸਭ ਦੇ ਦੰਦ ਜੁੜ ਗਏ, ਜਦੋਂ ਉਨ੍ਹਾਂ ਨੇ 42 ਕਿਲੋਮੀਟਰ ਮੈਰਾਥਨ ਦੌੜ ਨਾਲ ਮੱਥਾ ਲਾ ਕੇ ਟਰਾਇਲ ਪਾਸ ਕਰਕੇ ਬਾਹਰ ਖੇਡਣ ਦੀ ਹਰੀ ਝੰਡੀ ਲੈ ਲਈ।
ਸਭ ਤੋਂ ਪਹਿਲਾਂ ਜਪਾਨ ਲਈ ਉਨ੍ਹਾਂ ਨੇ ਦਿੱਲੀ ਵਿਖੇ ਟਰਾਇਲਾਂ ਦੌਰਾਨ 42 ਕਿਲੋਮੀਟਰ ਦੌੜ ਦਾ 2 ਘੰਟੇ 18 ਮਿੰਟ 39 ਸਕਿੰਟ ਸਮਾਂ ਤੈਅ ਕੀਤਾ। 85ਵੀਂ ਵਿਸ਼ਵ ਕੱਪ ਮੈਰਾਥਨ ਹੀਰੋਸੀਮਾ (ਜਪਾਨ) ਵਿਖੇ ਉਨ੍ਹਾਂ ਨੇ 42 ਕਿਲੋਮੀਟਰ 2 ਘੰਟੇ 31 ਮਿੰਟ 33 ਸਕਿੰਟ ਨਾਲ ਪੂਰੀ ਕਰਕੇ 500 ਖਿਡਾਰੀਆਂ 'ਚੋਂ 158ਵਾਂ ਸਥਾਨ ਪ੍ਰਾਪਤ ਕੀਤਾ। 14 ਅਕਤੂਬਰ, 1982 ਨੂੰ ਦਿੱਲੀ ਵਿਖੇ 82ਵੀਂ ਏਸ਼ੀਅਨ ਮੈਰਾਥਨ ਦੌੜ 2 ਘੰਟੇ 17 ਮਿੰਟ ਵਿਚ ਪੂਰੀ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। 15 ਮਈ, 1987 ਨੂੰ ਚੰੜੀਗੜ੍ਹ ਵਿਖੇ ਕੌਮੀ ਖੇਡਾਂ 'ਚ 42 ਕਿਲੋਮੀਟਰ 2 ਘੰਟੇ 20 ਮਿੰਟ 58 ਸੈਕਿੰਡ ਨਾਲ ਪੂਰੀ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਲੈਫਟੀਨੈਂਟ ਕਰਨਲ ਬੀ.ਕੇ. ਤਲਵਾਰ ਨੇ ਉਨ੍ਹਾਂ ਨੂੰ 5 ਹਜ਼ਾਰ ਰੁਪਏ ਤੇ ਪਲਟਨ ਵਲੋਂ ਵਧਾਈ ਦਿੱਤੀ। ਇਨ੍ਹਾਂ ਖੇਡਾਂ ਤੋਂ ਬਾਅਦ ਮੂਲਾ ਸਿੰਘ ਨੇ ਇੰਗਲੈਂਡ ਜਾਣਾ ਸੀ, ਪਰ ਇੱਥੋਂ ਦੇ ਅਧਿਕਾਰੀਆਂ ਦੇ ਕੁਝ ਅੰਦਰੂਨੀ ਕਾਰਨਾਂ ਕਰਕੇ ਉਨ੍ਹਾਂ ਦਾ ਸੁਪਨਾ ਵਿਚੇ ਰਹਿ ਗਿਆ। ਇੰਗਲੈਂਡ ਵਿਖੇ 42 ਕਿਲੋਮੀਟਰ ਦੇ ਜੇਤੂ ਖਿਡਾਰੀ ਨੇ 2 ਘੰਟੇ 26 ਮਿੰਟਾਂ ਦਾ ਸਮਾਂ ਕੱਢਿਆ, ਪਰ ਮੂਲਾ ਸਿੰਘ ਨੇ ਕਿਹਾ ਕਿ ਜੇ ਉਹ ਇਨ੍ਹਾਂ ਖੇਡਾਂ 'ਚ ਹਿੱਸਾ ਲੈਂਦਾ ਤਾਂ ਪੱਕਾ ਸੋਨ ਤਗਮਾ ਜਿੱਤਦਾ, ਇਸੇ ਗੱਲ ਦਾ ਅਫ਼ਸੋਸ ਉਸ ਨੂੰ ਸਾਰੀ ਜ਼ਿੰਦਗੀ ਰਹੇਗਾ। 21 ਤੋਂ 25 ਨਵੰਬਰ, 1979-80 ਨੂੰ ਅੰਬਾਲਾ ਵਿਖੇ ਹੋਏ ਪੱਛਮੀ ਕਮਾਂਡ ਦੇ ਅਥਲੈਟਿਕ ਮੁਕਾਬਲੇ 'ਚ ਉਨ੍ਹਾਂ ਨੇ 42 ਕਿਲੋਮੀਟਰ 'ਚ ਕੌਮੀ ਤੇ ਏਸ਼ੀਅਨ ਰਿਕਾਰਡ 2 ਘੰਟੇ 9 ਮਿੰਟ 5 ਸਕਿੰਟ ਨਾਲ ਤੋੜੇ। ਉਸ ਸਮੇਂ ਕੌਮੀ ਤੇ ਏਸ਼ੀਅਨ ਰਿਕਾਰਡ ਜੋ 2 ਘੰਟੇ 11 ਮਿੰਟ 59 ਸਕਿੰਟ ਤੇ 2 ਘੰਟੇ 15 ਮਿੰਟ 55.4 ਸਕਿੰਟ ਦੇ ਸਨ। ਉਲੰਪਿਕ ਰਿਕਾਰਡ ਜੋ 2 ਘੰਟੇ 7 ਮਿੰਟ 55.9 ਸਕਿੰਟ ਦਾ ਸੀ, ਤੋਂ ਉਹ ਸਿਰਫ਼ 2 ਮਿੰਟ 1 ਸਕਿੰਟ ਨਾਲ ਪਿੱਛੇ ਸਨ। ਉਲੰਪਿਕ ਯੂਥ ਦਿੱਲੀ ਵਿਖੇ ਹੋਏ ਓਪਨ ਆਲ ਇੰਡੀਆ ਮੁਕਾਬਲੇ, ਜੋ 11 ਅਗਸਤ 1977 ਨੂੰ ਹੋਏ, ਵਿਚ ਉਨ੍ਹਾਂ ਨੇ 6 ਕਿਲੋਮੀਟਰ 'ਚ 15 ਮਿੰਟ 55.2 ਸਕਿੰਟ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। 8 ਅਗਸਤ, 1977 ਨੂੰ ਦਿੱਲੀ ਵਿਖੇ ਰਨਰ ਕਲੱਬ ਮੁਕਾਬਲੇ 10 ਕਿਲੋਮੀਟਰ 'ਚ ਤੀਜਾ ਸਥਾਨ ਪ੍ਰਾਪਤ ਕੀਤਾ। ਸੇਵਾਮੁਕਤ ਹੋ ਕੇ ਜਦ ਉਹ ਘਰ ਆਏ ਤਾਂ ਉਨ੍ਹਾਂ ਨੂੰ ਆਉਂਦਿਆਂ ਹੋਇਆਂ 15 ਅਗਸਤ, 1986 ਨੂੰ ਜਨਰਲ ਕੇ. ਸੁੰਦਰਜੀ ਨੇ ਸਿਰਫ਼ ਇਕ ਵਧਾਈ ਪੱਤਰ ਦਿੱਤਾ। ਉਹ ਅੱਜ-ਕੱਲ੍ਹ ਪਿੰਡ 'ਚ ਹੀ ਆਪਣੇ ਗੁਜ਼ਾਰੇ ਜੋਗੀ ਖੇਤੀ ਨਾਲ ਪਰਿਵਾਰ ਪਾਲ ਰਹੇ ਹਨ। ਉਨ੍ਹਾਂ ਦਾ ਇਕ ਬੇਟਾ ਦੇਸ਼ ਦੀ ਸੇਵਾ ਕਰ ਰਿਹਾ ਹੈ। ਹੌਲਦਾਰ ਮੂਲਾ ਸਿੰਘ ਦਾ ਕਹਿਣਾ ਹੈ ਕਿ ਸੇਵਾਮੁਕਤੀ ਤੋਂ ਬਾਅਦ ਕਿਸੇ ਵੀ ਸਰਕਾਰ ਜਾਂ ਖੇਡ ਕਲੱਬ ਨੇ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਨਹੀਂ ਕੀਤਾ। ਸਰਕਾਰਾਂ ਤੇ ਖੇਡ ਕਲੱਬਾਂ ਨੂੰ ਅਜਿਹੇ ਹੀਰਿਆਂ ਦੀ ਕਦਰ ਕਰਨੀ ਚਾਹੀਦੀ ਹੈ।
-ਤਹਿਸੀਲ ਸੁਨਾਮ, (ਸੰਗਰੂਰ)।
ਮੋਬਾਈਲ : 94631-28483