ਯੂਏਫ਼ਾ ਵਲੋਂ ਚੈਂਪੀਅਨਜ਼ ਲੀਗ ਦਾ 34ਵਾਂ ਸੀਜ਼ਨ ਆਖਰੀ ਪੜਾਅ 'ਚ ਪਹੁੰਚ ਗਿਆ ਹੈ। ਇਸ ਦੇ ਕੁਆਰਟਰ ਫਾਈਨਲ ਮੁਕਾਬਲੇ 'ਚ ਜਿਹੜੀਆਂ 8 ਟੀਮਾਂ ਪਹੁੰਚੀਆਂ ਸਨ, ਉਨ੍ਹਾਂ 'ਚ ਆਰਸੇਨਲ, ਪੀ.ਐੱਸ.ਜੀ. (ਪੈਰਿਸ ਸੇਂਟ ਜਰਮੇਨ) ਅਤੇ ਬਾਇਰਨ ਮਿਊਨਿਖ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਆਰਸੇਨਲ ਨੇ ਸਪੋਰਟਿੰਗ ਸੀ.ਪੀ. ਦੀ ਟੀਮ ਨੂੰ ਦੋ ਪੜਾਵਾਂ 'ਚ 1 0 ਤੇ 0 0 ਭਾਵ ਕੁੱਲ ਮਿਲਾ ਕੇ 1 0 ਗੋਲਾਂ ਦੇ ਫ਼ਰਕ ਨਾਲ ਹਰਾਇਆ ਸੀ। ਮੌਜੂਦਾ ਸੀਜ਼ਨ ਦੌਰਾਨ ਜਿਸ ਟੀਮ ਨੇ ਸਭ ਤੋਂ ਵੱਧ ਹੈਰਾਨ ਕੀਤਾ ਹੈ, ਉਹ ਹੈ ਇੰਟਰਮਿਲਾਨ ਦੀ ਟੀਮ। ਇਹ ਵੱਕਾਰੀ ਟੀਮ ਪਲੇਅ ਆਫ ਮੈਚਾਂ ਵਿਚ ਬੋਦਾ ਗਲਿਮਤ ਦੀ ਟੀਮ ਕੋਲੋਂ ਦੋਵੇਂ ਮੈਚ 'ਚ ਹਾਰ ਗਈ ਸੀ। ਜ਼ਿਕਰਯੋਗ ਹੈ ਕਿ ਪੀ.ਐੱਸ.ਜੀ. ਪਿਛਲੇ ਸਾਲ ਦੀ ਚੈਂਪੀਅਨ ਟੀਮ ਹੈ ਤੇ ਇਹ ਇਸ ਟੀਮ ਦਾ ਪਹਿਲਾ ਖ਼ਿਤਾਬ ਸੀ। ਰੀਅਲ ਮੈਡਰਿਡ ਟੀਮ ਇਸ ਲੀਗ ਦੀ ਰਿਕਾਰਡ 15 ਵਾਰ ਦੀ ਚੈਂਪੀਅਨ ਟੀਮ ਹੈ। ਦੱਸਣਾ ਬਣਦਾ ਹੈ ਕਿ ਇਸ ਲੀਗ ਦੀ ਜੇਤੂ ਟੀਮ ਅਗਲੇ ਸਾਲ ਦੇ ਚੈਂਪੀਅਨ ਲੀਗ ਦੇ ਲੀਗ ਮੁਕਾਬਲਿਆਂ ਲਈ ਸਿੱਧੇ ਤੌਰ 'ਤੇ ਚੁਣ ਲਈ ਜਾਂਦੀ ਹੈ ਅਤੇ ਇੰਟਰਕਾਨਟੀਨੈਂਟਲ ਕੱਪ ਤੇ ਫੀਫਾ ਕਲੱਬ ਵਿਸ਼ਵ ਕੱਪ ਲਈ ਖੇਡਣ ਦੀ ਹੱਕਦਾਰ ਬਣ ਜਾਂਦੀ ਹੈ। ਕੁਆਰਟਰ ਫਾਈਨਲ 'ਚ ਪੈਰਿਸ ਸੇਂਟ ਜਰਮੇਨ, ਆਰਸੇਨਲ ਤੇ ਅਟਲੈਟਿਕ ਮੈਡਰਿਡ ਦੀਆਂ ਟੀਮਾਂ ਨੇ ਆਪਣੀਆਂ ਵਿਰੋਧੀ ਟੀਮਾਂ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ। ਪੈਰਿਸ ਸੇਂਟ ਜਰਮੇਨ ਟੀਮ ਬਾਇਰਨ ਮਿਊਨਿਖ ਨੂੰ ਸੈਮੀਫਾਈਨਲ 'ਚ 5 4 ਤੇ 1 1 ਭਾਵ 6 5 ਨਾਲ ਹਰਾ ਕੇ ਫਾਈਨਲ 'ਚ ਪਹੁੰਚੀ ਹੈ। ਆਰਸੇਨਲ ਦੀ ਟੀਮ ਨੇ ਅਟਲੈਟਿਕ ਮੈਡਰਿਡ ਨੂੰ 1 1 ਤੇ 1 0 ਭਾਵ 2 1 ਨਾਲ ਹਰਾਇਆ ਹੈ। ਗੱਲ ਕਰੀਏ ਜੇ ਪੈਰਿਸ ਸੇਂਟ ਜਰਮੇਨ ਦੀ ਤਾਂ ਇਹ ਟੀਮ ਤੀਜੀ ਵਾਰ ਚੈਂਪੀਅਨ ਲੀਗ ਦੇ ਫਾਈਨਲ 'ਚ ਪਹੁੰਚੀ ਹੈ। ਇਸ ਤੋਂ ਪਹਿਲਾਂ ਇਹ ਟੀਮ 2019 20 ਤੇ 2024 25 ਵਿਚ ਫਾਈਨਲ 'ਚ ਪਹੁੰਚੀ ਸੀ। 2019 20 ਦੇ ਫਾਈਨਲ 'ਚ ਇਹ ਜਰਮਨ ਦੀ ਕਲੱਬ ਬਾਇਰਨ ਮਿਊਨਿਖ ਕੋਲੋਂ 1 0 ਨਾਲ ਹਾਰ ਕੇ ਉਪ ਜੇਤੂ ਬਣੀ ਸੀ ਤੇ ਪਿਛਲੇ ਸੀਜ਼ਨ 'ਚ ਇਹ ਚੈਂਪੀਅਨ ਬਣੀ ਸੀ। ਇਸ ਵਾਰ ਵੀ ਪੀ.ਐੱਸ.ਜੀ. ਟੀਮ ਚੈਂਪੀਅਨ ਬਣਨ ਤੋਂ ਸਿਰਫ਼ ਇਕ ਕਦਮ ਦੂਰ ਹੈ। ਇਸ ਨੂੰ ਯੂਰਪੀ ਚੈਂਪੀਅਨ ਬਣਨ ਲਈ 30 ਮਈ ਨੂੰ ਹੋਣ ਵਾਲੇ ਫਾਈਨਲ ਮੈਚ ਵਿਚ ਆਰਸੇਨਲ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਇਸ ਵਾਰ ਫਾਈਨਲ ਦੀ ਦੂਜੀ ਟੀਮ ਆਰਸੇਨਲ ਨੂੰ 20 ਸਾਲਾਂ ਬਾਅਦ ਚੈਂਪੀਅਨ ਲੀਗ ਦੇ ਫਾਈਨਲ 'ਚ ਖੇਡਣ ਦਾ ਮੌਕਾ ਮਿਲਿਆ ਹੈ। ਰੀਅਲ ਮੈਡਰਿਡ ਦਾ ਫਾਰਵਰਡ ਖਿਡਾਰੀ ਕਿਲੀਅਨ ਐਮਬਾਪੇ ਇਸ ਸੀਜ਼ਨ 'ਚ 15 ਗੋਲ ਕਰਕੇ ਹੁਣ ਤੱਕ ਦਾ ਟਾਪ ਸਕੋਰਰ ਰਿਹਾ ਹੈ। ਬਾਇਰਨ ਮਿਊਨਿਖ ਦੇ ਖਿਡਾਰੀ ਹੈਰੀ ਕੇਨ ਨੇ 14 ਗੋਲ ਕੀਤੇ ਹਨ। ਗੱਲ ਕਰੀਏ ਜੇ ਪਿਛਲੇ ਸੀਜ਼ਨ ਦੀ ਤਾਂ ਉਸ ਵਿਚ ਪੀ.ਐੱਸ.ਜੀ. ਟੀਮ ਨੇ ਸਮੁੱਚੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਕੀਤੀ ਸੀ ਅਤੇ ਇੰਟਰ ਮਿਲਾਨ ਨੂੰ ਫਾਈਨਲ ਮੁਕਾਬਲੇ 'ਚ 5 0 ਨਾਲ ਹਰਾ ਕੇ ਚੈਂਪੀਅਨ ਬਣੀ ਸੀ। ਸੀਜ਼ਨ 2024 25 ਵਿਚ ਪੀ.ਐੱਸ.ਜੀ. ਦੇ ਫਾਰਵਰਡ ਖਿਡਾਰੀ ਔਸਮੇਨ ਡੈਂਬੇਲੇ ਨੂੰ 'ਪਲੇਅਰ ਆਫ਼ ਦਿ ਸੀਜ਼ਨ' ਐਲਾਨਿਆ ਗਿਆ ਸੀ। ਮੌਜੂਦਾ ਸੀਜ਼ਨ ਦਾ ਫਾਈਨਲ 30 ਮਈ 2026 ਨੂੰ ਹੰਗਰੀ ਦੇ ਸ਼ਹਿਰ ਬੁਡਾਪੇਸਟ ਦੇ ਪੁਸਕਾਸ ਅਰੀਨਾ ਫੁੱਟਬਾਲ ਸਟੇਡੀਅਮ 'ਚ ਹੋਵੇਗਾ।
-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾਈਲ : 62842-20595