08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਅੱਜ ਵੀ ਬਰਕਰਾਰ ਹੈ ਹਾਕੀ ਦਾ ਜਜ਼ਬਾ

Ad Position 21
No active advertisement
ਅਜੀਤ ਡੈਸਕ 26-05-2026

 ਭਾਰਤ ਵਿਚ ਜਦੋਂ ਵੀ ਖੇਡਾਂ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਕ੍ਰਿਕਟ ਦਾ ਨਾਂਅ ਲਿਆ ਜਾਂਦਾ ਹੈ। ਟੀ.ਵੀ. ਸਕਰੀਨਾਂ ਤੋਂ ਲੈ ਕੇ ਗਲੀਆਂ ਤੱਕ, ਸੋਸ਼ਲ ਮੀਡੀਆ ਤੋਂ ਲੈ ਕੇ ਕਰੋੜਾਂ ਦੇ ਵਿਗਿਆਪਨਾਂ ਤੱਕ ਹਰ ਥਾਂ ਕ੍ਰਿਕਟ ਦਾ ਹੀ ਬੋਲਬਾਲਾ ਹੈ। ਪਰ ਇਸ ਚਮਕ-ਦਮਕ ਦੇ ਪਿੱਛੇ ਇਕ ਹੋਰ ਖੇਡ ਹੈ, ਜਿਸ ਦੇ ਖਿਡਾਰੀ ਆਪਣਾ ਲਹੂ-ਪਸੀਨਾ ਵਹਾ ਕੇ ਦੇਸ਼ ਦਾ ਮਾਣ ਵਧਾ ਰਹੇ ਹਨ ਤੇ ਉਹ ਖੇਡ ਹੈ ਹਾਕੀ। ਜਦੋਂ ਵਿਰਾਟ ਕੋਹਲੀ ਵਰਗਾ ਵਿਸ਼ਵ ਪ੍ਰਸਿੱਧ ਬੱਲੇਬਾਜ਼ ਖ਼ੁਦ ਕਹਿੰਦਾ ਹੋਵੇ ਕਿ ਉਹ ਤਾਂ ਹਾਕੀ ਖਿਡਾਰੀਆਂ ਦੀ ਫਿਟਨੈੱਸ ਦੇ 15 ਫ਼ੀਸਦੀ ਵੀ ਨਹੀਂ ਹਨ, ਤਾਂ ਇਹ ਸਿਰਫ਼ ਇਕ ਬਿਆਨ ਨਹੀਂ ਰਹਿੰਦਾ, ਸਗੋਂ ਇਕ ਕੌੜਾ ਸੱਚ ਬਣ ਜਾਂਦਾ ਹੈ। ਕ੍ਰਿਕਟ ਦੇ ਮੈਦਾਨਾਂ 'ਚ ਚਮਕਦਾਰ ਲਾਈਟਾਂ, ਕਰੋੜਾਂ-ਕਰੋੜਾਂ ਦੀਆਂ ਲੀਗਾਂ, ਵੱਡੇ ਸਪਾਂਸਰ ਤੇ ਸਿਤਾਰਿਆਂ ਵਰਗੀ ਚਮਕਦੀ ਜ਼ਿੰਦਗੀ ਹੈ। ਇਕ ਚੰਗਾ ਆਈ.ਪੀ.ਐੱਲ. ਸੀਜ਼ਨ ਖਿਡਾਰੀ ਦੀ ਜ਼ਿੰਦਗੀ ਬਦਲ ਦਿੰਦਾ ਹੈ। ਪਰ ਭਾਰਤ ਵਿਚ ਕ੍ਰਿਕਟ ਹੁਣ ਸਿਰਫ਼ ਖੇਡ ਨਹੀਂ ਰਹੀ, ਸਗੋਂ ਇਕ ਵੱਡਾ ਕਾਰੋਬਾਰ ਬਣ ਚੁੱਕਾ ਹੈ। ਦੂਜੇ ਪਾਸੇ ਹਾਕੀ ਜੋ ਭਾਰਤ ਦੀ ਸ਼ਾਨ ਤੇ ਰਾਸ਼ਟਰੀ ਖੇਡ ਹੈ, ਅੱਜ ਵੀ ਜ਼ਿਆਦਾਤਰ ਖਿਡਾਰੀਆਂ ਦੀ ਜ਼ਿੱਦ, ਮਿਹਨਤ ਤੇ ਦੇਸ਼ ਪ੍ਰੇਮ ਦੇ ਸਹਾਰੇ ਅੱਗੇ ਵਧ ਰਹੀ ਹੈ। ਹਾਕੀ ਖਿਡਾਰੀਆਂ ਨੂੰ ਕ੍ਰਿਕਟਰਾਂ ਵਰਗੀ ਚਮਕਦਾਰ ਜ਼ਿੰਦਗੀ ਜਾਂ ਬੇਅੰਤ ਧਨ-ਦੌਲਤਾਂ ਦੇ ਮੌਕੇ ਤਾਂ ਨਹੀਂ ਮਿਲਦੇ, ਪਰ ਫਿਰ ਵੀ ਉਹ ਆਪਣਾ ਸਰੀਰ, ਮਨ ਤੇ ਜ਼ਿੰਦਗੀ ਖੇਡ ਨੂੰ ਸਮਰਪਿਤ ਕਰਦੇ ਹਨ। ਉਹ ਹਰ ਮੌਸਮ 'ਚ ਤੜਕੇ ਉੱਠ ਕੇ ਦੌੜਦੇ ਹਨ, ਟੁੱਟੀਆਂ ਟਰਫ਼ਾਂ 'ਤੇ ਅਭਿਆਸ ਕਰਦੇ ਹਨ, ਉਨ੍ਹਾਂ ਕੋਲ ਨਾ ਕੈਮਰਿਆਂ ਦੀ ਭੀੜ ਹੁੰਦੀ ਹੈ, ਨਾ ਹੀ ਰੋਜ਼ਾਨਾ ਟ੍ਰੈਂਡਿੰਗ ਹੈਸ਼ਟੈਗ। ਹਾਕੀ ਸਿਰਫ਼ ਇਕ ਖੇਡ ਨਹੀਂ, ਇਹ ਹੌਸਲੇ ਦੀ ਪਰਖ ਹੈ। ਇਸ ਵਿਚ ਖਿਡਾਰੀ ਇਕ ਪਲ ਲਈ ਵੀ ਢਿੱਲ ਨਹੀਂ ਛੱਡ ਸਕਦਾ। ਪੂਰੇ ਮੈਚ ਦੌਰਾਨ ਲਗਾਤਾਰ ਦੌੜ, ਤੇਜ਼ੀ, ਟੈਕਲ, ਪਾਸਿੰਗ ਤੇ ਮਾਨਸਿਕ ਧਿਆਨ ਇਹ ਸਭ ਕੁਝ ਇਕੱਠਾ ਚਲਦਾ ਹੈ। ਹਾਕੀ ਦੀ ਖੇਡ 'ਚ ਹਰ ਸਕਿੰਟ ਜੰਗ ਵਰਗਾ ਹੁੰਦਾ ਹੈ। ਇਸੇ ਲਈ ਦੁਨੀਆ ਦੇ ਬਹੁਤ ਸਾਰੇ ਫਿਟਨੈੱਸ ਮਾਹਿਰ ਮੰਨਦੇ ਹਨ ਕਿ ਹਾਕੀ ਖਿਡਾਰੀ ਸਭ ਤੋਂ ਵੱਧ ਮੁਕੰਮਲ ਅਥਲੀਟ ਹੁੰਦੇ ਹਨ। ਇਕ ਸਮਾਂ ਸੀ ਜਦੋਂ ਭਾਰਤ ਦੀ ਪਛਾਣ ਹੀ ਹਾਕੀ ਹੁੰਦੀ ਸੀ। ਪੰਜਾਬ ਦੀ ਮਿੱਟੀ ਨੇ ਵੀ ਦੇਸ਼ ਨੂੰ ਬੇਅੰਤ ਹਾਕੀ ਦੇ ਹੀਰੋ ਦਿੱਤੇ ਹਨ। ਪਿੰਡਾਂ ਦੀਆਂ ਧੂੜ ਭਰੀਆਂ ਗਲੀਆਂ 'ਚੋਂ ਨਿਕਲੇ ਖਿਡਾਰੀਆਂ ਨੇ ਦੁਨੀਆ ਦੇ ਵੱਡੇ ਸਟੇਡੀਅਮਾਂ 'ਚ ਤਿਰੰਗਾ ਲਹਿਰਾਇਆ। ਬੇਸ਼ੱਕ ਅੱਜ ਕ੍ਰਿਕਟ ਬਹੁਤ ਵੱਡੀ ਖੇਡ ਬਣ ਚੁੱਕੀ ਹੈ, ਜਿਸ ਦੇ ਖਿਡਾਰੀਆਂ ਦੀ ਮਿਹਨਤ ਵੀ ਕਾਬਿਲ-ਏ-ਸਤਿਕਾਰ ਹੈ। ਪਰ ਜਦੋਂ ਦੇਸ਼ 'ਚ ਸਿਰਫ਼ ਇਕ ਖੇਡ ਨੂੰ ਹੀ ਸਾਰੀ ਦੌਲਤ, ਸਾਰਾ ਮੀਡੀਆ ਤੇ ਸਾਰੀ ਸ਼ੁਹਰਤ ਮਿਲੇ ਤਾਂ ਹੋਰ ਖੇਡਾਂ ਨਾਲ ਬੇਇਨਸਾਫ਼ੀ ਹੋ ਜਾਂਦੀ ਹੈ। ਹਾਕੀ, ਕੁਸ਼ਤੀ, ਅਥਲੈਟਿਕਸ, ਬਾਕਸਿੰਗ ਤੇ ਹੋਰ ਖੇਡਾਂ ਦੇ ਖਿਡਾਰੀ ਵੀ ਉਨੇੇ ਹੀ ਸਤਿਕਾਰ ਦਾ ਹੱਕ ਰੱਖਦੇ ਹਨ। ਕਈ ਵਾਰ ਉਹ ਬਿਨਾਂ ਵੱਡੀਆਂ ਸਹੂਲਤਾਂ ਦੇ ਵੀ ਦੇਸ਼ ਲਈ ਤਗਮੇ ਜਿੱਤ ਲਿਆਉਂਦੇ ਹਨ। ਅਸਲੀ ਖਿਡਾਰੀ ਉਹ ਨਹੀਂ ਜਿਸ ਦੇ ਸਭ ਤੋਂ ਵੱਧ ਫਾਲੋਅਰਜ਼ ਹੋਣ, ਸਗੋਂ ਉਹ ਹੁੰਦੇ ਹਨ ਜੋ ਥੱਕੇ ਹੋਏ ਸਰੀਰ ਨਾਲ ਵੀ ਦੇਸ਼ ਲਈ ਦੌੜਦੇ ਹਨ। ਜਿਨ੍ਹਾਂ ਦੇ ਗੋਡੇ ਛਿੱਲੇ ਜਾਣ ਪਰ ਜਜ਼ਬਾ ਨਹੀਂ ਟੁੱਟਦਾ। ਹਾਕੀ ਦੇ ਮੈਦਾਨਾਂ 'ਚ ਅੱਜ ਵੀ ਉਹੀ ਜਜ਼ਬਾ ਜਿਊਂਦਾ ਹੈ। ਉੱਥੇ ਪੈਸਾ ਘੱਟ ਹੈ, ਪਰ ਦਿਲ ਵੱਡੇ ਹਨ। ਵਿਰਾਟ ਕੋਹਲੀ ਦਾ ਉਕਤ ਬਿਆਨ ਸਿਰਫ਼ ਹਾਕੀ ਦੀ ਤਾਰੀਫ਼ ਹੀ ਨਹੀਂ, ਸਗੋਂ ਇਕ ਵੱਡਾ ਸੰਦੇਸ਼ ਵੀ ਹੈ। ਖੇਡ ਮਹਾਨਤਾ ਸਿਰਫ਼ ਪੈਸੇ, ਟੀ.ਵੀ. ਰੇਟਿੰਗ ਜਾਂ ਸੋਸ਼ਲ ਮੀਡੀਆ ਫਾਲੋਅਰਜ਼ ਨਾਲ ਨਹੀਂ ਮਾਪੀ ਜਾਂਦੀ, ਸਗੋਂ ਅਸਲੀ ਖਿਡਾਰੀ ਉਹ ਹੁੰਦਾ ਹੈ ਜੋ ਆਪਣੇ ਸਰੀਰ ਅਤੇ ਮਨ ਦੀਆਂ ਹੱਦਾਂ ਤੋਂ ਪਰ੍ਹੇ ਜਾ ਕੇ ਦੇਸ਼ ਤੇ ਖੇਡ ਲਈ ਜੂਝਦਾ ਹੈ। ਸ਼ਾਇਦ ਇਸੇ ਲਈ ਹਾਕੀ ਨੂੰ ਅਜੇ ਵੀ 'ਅਸਲੀ ਜੁਝਾਰੂ ਅਥਲੀਟਾਂ ਦੀ ਖੇਡ' ਕਿਹਾ ਜਾਂਦਾ ਹੈ।

-ਮੋਬਾਈਲ : 98729-78781

Ad Position 22
No active advertisement
ਪਿਛਲੀ ਖ਼ਬਰ ਚੈਂਪੀਅਨਜ਼ ਲੀਗ-2025 26 ਕਾਫ਼ੀ ਰੁਮਾਂਚਕ ਹੋਵੇਗਾ ਪੀ. ਐੱਸ. ਜੀ. ਤੇ ਆਰਸੇਨਲ ਦਾ ਫਾਈਨਲ ਮੁਕਾਬਲਾ ਅਗਲੀ ਖ਼ਬਰ ਸੂਬਿਆਂ ਦੇ ਹਿੱਤ 'ਚ ਨਹੀਂ ਹੈ ਸੱਤਾ ਦਾ ਲੋੜੋਂ ਵੱਧ ਕੇਂਦਰੀਕਰਨ
Ad Position 24