23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ

Ad Position 21
No active advertisement
ਅਜੀਤ ਡੈਸਕ 07-01-2026

ਪੰਜਾਬ ਸਰਕਾਰ ਦੁਆਰਾ ਹਰੇਕ ਪਰਿਵਾਰ ਲਈ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ ਨੂੰ ਲਾਗੂ ਕੀਤਾ ਜਾਣਾ ਬਿਨਾਂ ਸ਼ੱਕ ਰਾਜ ਦੇ ਲੋਕਾਂ ਲਈ ਇਕ ਵੱਡਾ ਰਾਹਤ ਵਾਲਾ ਕਦਮ ਹੋ ਸਕਦਾ ਹੈ। ਇਸ ਯੋਜਨਾ ਦਾ ਐਲਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਖ਼ੁਦ ਕੀਤਾ ਗਿਆ ਹੈ ਅਤੇ ਇਸ ਨੂੰ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਦਾ ਨਾਂਅ ਦਿੱਤਾ ਗਿਆ ਹੈ। ਇਸ ਯੋਜਨਾ ਦੇ 15 ਜਨਵਰੀ ਦੇ ਬਾਅਦ ਲਾਗੂ ਹੋ ਜਾਣ ਨਾਲ ਸੂਬੇ ਦੇ ਕਰੋੜਾਂ ਲੋਕਾਂ ਨੂੰ ਸਿਹਤ ਸੰਬੰਧੀ ਖਰਚਿਆਂ ਤੋਂ ਵੱਡੀ ਰਾਹਤ ਮਿਲਣ ਲੱਗੇਗੀ। ਇਸ ਯੋਜਨਾ ਦਾ ਦਾਇਰਾ ਸਿਹਤ ਸੰਬੰਧੀ ਸੂਬਾ ਸਰਕਾਰ ਦੀਆਂ ਇਸ ਤੋਂ ਪਹਿਲਾਂ ਦੀਆਂ ਸਭ ਯੋਜਨਾਵਾਂ ਨਾਲੋਂ ਕਾਫ਼ੀ ਵੱਡਾ ਹੈ। ਇਸ ਯੋਜਨਾ ਦੇ ਤਹਿਤ ਸੂਬੇ ਦੇ ਕਿਸੇ ਵੀ ਸਾਧਾਰਨ ਪਰਿਵਾਰ ਦੇ ਕਿਸੇ ਵੀ ਨਾਗਰਿਕ ਨੂੰ ਸਰਕਾਰੀ ਜਾਂ ਗ਼ੈਰ-ਸਰਕਾਰੀ ਕਿਸੇ ਵੀ ਹਸਪਤਾਲ ਤੋਂ 10 ਲੱਖ ਤੱਕ ਦਾ ਮੁਫਤ ਇਲਾਜ ਕਰਵਾਉਣ ਦਾ ਅਧਿਕਾਰ ਪ੍ਰਾਪਤ ਹੋਵੇਗਾ। ਪੰਜਾਬ 'ਚ ਕੇਂਦਰ ਸਰਕਾਰ ਦੀ 5 ਲੱਖ ਤੱਕ ਦੀ 'ਆਯੁਸ਼ਮਾਨ ਸਿਹਤ ਬੀਮਾ ਯੋਜਨਾ' ਭਾਵੇਂ ਪਹਿਲਾਂ ਤੋਂ ਹੀ ਲਾਗੂ ਹੈ, ਪਰ ਪੰਜਾਬ ਦੀ ਯੋਜਨਾ ਵਿਚ ਮੁਫ਼ਤ ਇਲਾਜ ਲਈ ਰਾਸ਼ੀ 10 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਯੋਜਨਾ ਦੇ ਘੇਰੇ ਵਿਚ ਸੂਬੇ ਦੇ ਬਹੁਤ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਸ਼ਾਮਿਲ ਕਰ ਲਿਆ ਗਿਆ ਹੈ। ਇਸ ਯੋਜਨਾ ਦੇ ਤਹਿਤ ਇਲਾਜ ਕਰਵਾਉਣ ਲਈ ਕੁੱਲ 824 ਸਰਕਾਰੀ ਤੇ ਗ਼ੈਰ-ਸਰਕਾਰੀ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ। ਇਸ ਯੋਜਨਾ ਦੀ ਇਕ ਹੋਰ ਵੱਡੀ ਗੱਲ ਇਹ ਹੈ ਕਿ ਇਸ ਦੇ ਲਈ ਸਰਕਾਰ ਨੇ ਇਕ ਵੱਡੀ ਬੀਮਾ ਕੰਪਨੀ ਨਾਲ ਵਿਆਪਕ ਸਮਝੌਤਾ ਵੀ ਕੀਤਾ ਹੈ ਤਾਂ ਜੋ ਹਸਪਤਾਲ ਨਿੱਜੀ ਤੌਰ 'ਤੇ ਆਰਥਿਕ ਸਮੱਸਿਆ ਦਾ ਕੋਈ ਬਹਾਨਾ ਨਾ ਬਣਾ ਸਕਣ। ਇਸ ਯੋਜਨਾ ਵਿਚ ਸੂਬੇ ਦੇ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨ ਧਾਰਕਾਂ ਨੂੰ ਵੀ ਪੂਰਾ ਲਾਭ ਮਿਲੇਗਾ। ਮੁਢਲੇ ਪੱਧਰ 'ਤੇ ਸੂਬੇ ਦੇ ਕੁੱਲ 65 ਲੱਖ ਪਰਿਵਾਰਾਂ ਦੇ ਹਰੇਕ ਮੈਂਬਰ ਨੂੰ 1-1 ਲੱਖ ਰੁਪਏ ਦਾ ਬੀਮਾ ਲਾਭ ਹੋਵੇਗਾ, ਜੋ ਲੋੜ ਪੈਣ 'ਤੇ 10 ਲੱਖ ਰੁਪਏ ਦੇ ਸਿਹਤ ਇਲਾਜ 'ਚ ਬਦਲ ਜਾਵੇਗਾ।
ਇਹ ਯੋਜਨਾ ਇਸ ਲਈ ਉੱਚ ਪੱਧਰ ਦੀ ਹੈ ਕਿਉਂਕਿ ਇਸ ਦੇ ਤਹਿਤ ਸੂਬੇ ਦੇ ਹਰੇਕ ਪਰਿਵਾਰ ਤੇ ਉਸ ਦੇ ਹਰੇਕ ਮੈਂਬਰ ਨੂੰ ਸਿਹਤ ਸੁਰੱਖਿਆ ਪ੍ਰਦਾਨ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ। ਬਿਨਾਂ ਸ਼ੱਕ ਮੁੱਖ ਮੰਤਰੀ ਸਿਹਤ ਯੋਜਨਾ ਦਾ ਦਾਇਰਾ ਬਹੁਤ ਵਿਆਪਕ ਹੈ, ਪ੍ਰੰਤੂ ਇਸ ਨੂੰ ਲਾਗੂ ਕਰਨ ਦੇ ਰਸਤੇ 'ਚ ਕੁਝ ਮੁਸ਼ਕਿਲਾਂ ਵੀ ਆ ਸਕਦੀਆਂ ਹਨ ਜਿਨ੍ਹਾਂ ਦੇ ਹੱਲ ਦੀ ਪੂਰੀ ਵਿਵਸਥਾ ਸਰਕਾਰ ਨੂੰ ਕਰਨੀ ਹੋਵੇਗੀ। ਸਰਕਾਰ ਨੂੰ ਇਸ ਦੀ ਪਾਰਦਰਸ਼ਿਤਾ ਤੇ ਵਿਵਹਾਰਿਕਤਾ ਨੂੰ ਬਣਾ ਕੇ ਰੱਖਣ ਦਾ ਪ੍ਰਬੰਧ ਵੀ ਹੇਠਲੇ ਪੱਧਰ ਤੱਕ ਕਰਨਾ ਪਵੇਗਾ। 65 ਲੱਖ ਪਰਿਵਾਰਾਂ ਦੇ ਹਰੇਕ ਜੀਅ ਨੂੰ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਸਹੂਲਤ ਦੇਣ ਲਈ ਅਰਬਾਂ ਰੁਪਏ ਦੇ ਬਜਟ ਦੀ ਵਿਵਸਥਾ ਵੀ ਕਰਨੀ ਪਵੇਗੀ, ਜੋ ਬਹੁਤ ਕਠਿਨ ਕਾਰਜ ਪ੍ਰਤੀਤ ਹੁੰਦਾ ਹੈ। ਸੂਬੇ ਦੀ ਵਿੱਤੀ ਹਾਲਤ ਪਹਿਲਾਂ ਹੀ ਕੋਈ ਬਹੁਤ ਚੰਗੀ ਦਿਖਾਈ ਨਹੀਂ ਦੇ ਰਹੀ। ਸਰਕਾਰ ਨੂੰ ਇਸ ਲਈ ਆਮਦਨ ਦੇ ਨਵੇਂ ਸਰੋਤ ਵੀ ਜ਼ਰੂਰ ਤਲਾਸ਼ ਕਰਨੇ ਪੈਣਗੇ।
ਅਸੀਂ ਸਮਝਦੇ ਹੈ ਕਿ ਇਹ ਯੋਜਨਾ ਬਹੁਤ ਵਿਆਪਕ ਤੇ ਲੋਕ ਪੱਖੀ ਹੈ। ਇਸ ਨੂੰ ਲਾਗੂ ਕਰਨ ਲਈ ਵਿਆਪਕ ਪ੍ਰਸ਼ਾਸਨਿਕ ਅਤੇ ਹੋਰ ਪੱਖਾਂ ਤੋਂ ਅਨੇਕਾਂ ਪ੍ਰਬੰਧ ਕਰਨੇ ਪੈਣਗੇ। ਇਸ ਯੋਜਨਾ ਦੇ ਰਸਤੇ 'ਚ ਕੋਈ ਰੁਕਾਵਟ ਪੈਦਾ ਨਾ ਹੋ ਸਕੇ, ਇਸ ਲਈ ਸਰਕਾਰ ਨੂੰ ਇਸ ਦੇ ਸਭ ਪਹਿਲੂਆਂ 'ਤੇ ਵਿਚਾਰ ਕਰਨਾ ਹੋਵੇਗਾ। ਭਾਵੇਂ ਇਸ ਯੋਜਨਾ ਨੂੰ ਲੈ ਕੇ ਸਰਕਾਰ ਦੇ ਇਰਾਦੇ 'ਤੇ ਕੋਈ ਸਵਾਲ ਨਹੀਂ ਉਠਾਇਆ ਜਾ ਸਕਦਾ, ਪਰ ਇੰਨੀ ਵੱਡੀ ਯੋਜਨਾ ਨੂੰ ਲਾਗੂ ਕਰਨਾ ਕੋਈ ਸੌਖਾ ਕਾਰਜ ਨਹੀਂ ਹੈ। ਸੂਬੇ 'ਚ ਮਾਹਿਰ ਡਾਕਟਰਾਂ ਦੀ ਪਹਿਲਾਂ ਤੋਂ ਹੀ ਬਹੁਤ ਵੱਡੀ ਕਮੀ ਹੈ। ਸਰਕਾਰ ਨੇ ਖ਼ੁਦ ਮੁੱਖ ਮੰਤਰੀ ਸਿਹਤ ਯੋਜਨਾ ਲਈ 300 ਮਾਹਿਰ ਡਾਕਟਰਾਂ ਨੂੰ ਸੂਚੀਬੱਧ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦੇ ਤਹਿਤ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ ਵਧੇਗੀ, ਉਸੇ ਅਨੁਪਾਤ ਨਾਲ ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ 'ਚ ਮਾਹਿਰ ਡਾਕਟਰਾਂ ਦੀ ਗਿਣਤੀ ਵੀ ਵਧਾਉਣੀ ਪਵੇਗੀ। ਇਸ ਸਮੇਂ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ 2098 ਮਾਹਿਰਾਂ ਦੀਆਂ ਆਸਾਮੀਆਂ 'ਚੋਂ ਪਹਿਲਾਂ ਹੀ 1050 ਆਸਾਮੀਆਂ ਖਾਲੀ ਪਈਆਂ ਹਨ।
ਇਸ ਯੋਜਨਾ ਦੇ ਲਾਗੂ ਹੋਣ ਨਾਲ ਪੰਜਾਬ ਇੰਨੀ ਵੱਡੀ ਰਕਮ ਦੀ ਸਿਹਤ ਸੁਰੱਖਿਆ ਪ੍ਰਦਾਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ। ਪਰ ਇਹ ਯੋਜਨਾ ਆਪਣੇ ਸਭ ਚੰਗੇ ਪਹਿਲੂਆਂ ਨਾਲ ਅੱਗੇ ਵਧਦੀ ਰਹੇ, ਇਸ ਲਈ ਸਰਕਾਰ ਤੇ ਉਸ ਦੇ ਸੰਪੂਰਨ ਪ੍ਰਸ਼ਾਸਨਿਕ ਤੰਤਰ 'ਤੇ ਕੁਝ ਵਾਧੂ ਜ਼ਿੰਮੇਵਾਰੀਆਂ ਜ਼ਰੂਰ ਪੈਣਗੀਆਂ। ਕਿਸੇ ਵੀ ਲੋਕਤੰਤਰਿਕ ਸ਼ਾਸਨ 'ਚ ਸਿੱਖਿਆ, ਸਿਹਤ ਤੇ ਭੋਜਨ ਸਾਰਿਆਂ ਨਾਗਰਿਕਾਂ ਨੂੰ ਉਪਲਬਧ ਕਰਾਉਣਾ ਮੁਢਲੀ ਜ਼ਰੂਰਤ ਹੁੰਦੀ ਹੈ। ਅਜਿਹੀ ਸਥਿਤੀ 'ਚ ਅਸੀਂ ਸਮਝਦੇ ਹਾਂ ਕਿ ਸੱਚਮੁੱਚ ਇਹ ਯੋਜਨਾ ਜੇਕਰ ਆਪਣੀ ਮੂਲ ਭਾਵਨਾ ਦੇ ਨਾਲ ਲਾਗੂ ਹੋ ਜਾਂਦੀ ਹੈ ਤਾਂ ਇਸ ਨਾਲ ਰਾਜ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਪ੍ਰਾਪਤ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਖਾਲਿਦਾ ਜ਼ਿਆ ਦੀ ਮੌਤ ਦਾ ਉਸ ਦੀ ਪਾਰਟੀ ਬੀ.ਐਨ.ਪੀ. ਨੂੰ ਮਿਲ ਸਕਦਾ ਹੈ ਸਿਆਸੀ ਲਾਭ ਅਗਲੀ ਖ਼ਬਰ ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ
Ad Position 24