23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਖਾਲਿਦਾ ਜ਼ਿਆ ਦੀ ਮੌਤ ਦਾ ਉਸ ਦੀ ਪਾਰਟੀ ਬੀ.ਐਨ.ਪੀ. ਨੂੰ ਮਿਲ ਸਕਦਾ ਹੈ ਸਿਆਸੀ ਲਾਭ

Ad Position 21
No active advertisement
ਅਜੀਤ ਡੈਸਕ 07-01-2026

ਬੰਗਲਾਦੇਸ਼ ਦੀ ਸਿਆਸਤ ਦੇ ਰੰਗ-ਢੰਗ

ਗੁਆਂਢੀ ਬੰਗਲਾਦੇਸ਼ 'ਚ ਰਾਜਨੀਤਕ ਘਟਨਾਵਾਂ ਕਈ ਵਾਰ ਅਣਕਿਆਸੇ ਮੋੜ ਲੈ ਲੈਂਦੀਆਂ ਹਨ, ਪਰ ਜੁਲਾਈ ਕ੍ਰਾਂਤੀ ਦੀ ਅਗਵਾਈ ਕਰਨ ਵਾਲੇ ਵਿਦਿਆਰਥੀ ਸੰਗਠਨ ਦੀ ਪਾਰਟੀ ਐਨ.ਸੀ.ਪੀ. ਅਤੇ ਕੱਟੜਪੰਥੀ ਜਮਾਤ-ਏ-ਇਸਲਾਮੀ ਵਿਚਕਾਰ ਹੋਏ ਤਾਜ਼ਾ ਗੱਠਜੋੜ ਨੇ ਉਨ੍ਹਾਂ ਪ੍ਰਗਤੀਸ਼ੀਲ ਤਾਕਤਾਂ ਨੂੰ ਹੈਰਾਨ ਕਰ ਦਿੱਤਾ ਹੈ ਜਿਨ੍ਹਾਂ ਨੇ 5 ਅਗਸਤ 2024 ਨੂੰ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਨੂੰ ਡੇਗਣ ਵਾਲੇ ਵਿਦਰੋਹ ਦਾ ਸਮਰਥਨ ਕੀਤਾ ਸੀ। ਇਸ ਸਾਲ 12 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੀ ਨਾਮਜ਼ਦਗੀ ਪ੍ਰਕਿਰਿਆ 21 ਜਨਵਰੀ ਤੱਕ ਪੂਰੀ ਹੋ ਜਾਵੇਗੀ। ਅਗਲੇ ਕੁਝ ਦਿਨਾਂ ਦੌਰਾਨ ਬੰਗਲਾਦੇਸ਼ ਸੰਸਦ ਦੀਆਂ 300 ਸੀਟਾਂ ਲਈ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਲਈ ਦੋਵੇਂ ਵਿਰੋਧੀ ਗੱਠਜੋੜਾਂ ਵਿਚਕਾਰ ਜ਼ੋਰਦਾਰ ਗੱਲਬਾਤ ਹੋਵੇਗੀ। ਇਸ ਗੱਠਜੋੜ ਨੂੰ ਅਜੇ ਵੀ ਧਰਮ ਨਿਰਪੱਖ ਸੋਚ ਵਾਲੇ ਐਨ.ਸੀ.ਪੀ. ਵਰਕਰਾਂ ਦੇ ਇਕ ਹਿੱਸੇ ਵਲੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਤੀਜੇ ਵਜੋਂ ਕਈ ਅਸਤੀਫੇ ਹੋਏ ਹਨ, ਪਰ ਐਨ.ਸੀ.ਪੀ. ਦੀ ਮੁੱਖ ਲੀਡਰਸ਼ਿਪ ਜਮਾਤ ਨਾਲ ਸੀਟ-ਸ਼ੇਅਰਿੰਗ ਸਮਝੌਤੇ ਨਾਲ ਅੱਗੇ ਵਧ ਰਹੀ ਹੈ।
ਬੀ.ਐਨ.ਪੀ. ਦੀ ਚੇਅਰਪਰਸਨ ਖਾਲਿਦਾ ਜ਼ਿਆ ਦੀ ਲੰਬੀ ਬਿਮਾਰੀ ਤੋਂ ਬਾਅਦ 31 ਦਸੰਬਰ ਨੂੰ ਮੌਤ ਹੋਣ 'ਤੇ ਆਮ ਬੰਗਲਾਦੇਸ਼ੀਆਂ ਵਿਚ ਪਾਰਟੀ ਲਈ ਹਮਦਰਦੀ ਦੀ ਲਹਿਰ ਦੌੜ ਗਈ ਹੈ। ਇਹ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਲੋਕਾਂ ਦੇ ਭਾਰੀ ਇਕੱਠ ਤੇ ਦੇਸ਼ਵਿਆਪੀ ਸੋਗ ਤੋਂ ਸਪੱਸ਼ਟ ਸੀ। ਲੋਕ 12 ਫਰਵਰੀ ਦੀਆਂ ਚੋਣਾਂ ਤੋਂ ਬਾਅਦ ਖਾਲਿਦਾ ਜ਼ਿਆ ਦੇ ਦੁਬਾਰਾ ਪ੍ਰਧਾਨ ਮੰਤਰੀ ਚੁਣੇ ਜਾਣ ਨਾਲ ਬੀ.ਐਨ.ਪੀ. ਦੇ ਸੱਤਾ ਵਿਚ ਵਾਪਸ ਆਉਣ ਦੀ ਉਮੀਦ ਕਰ ਰਹੇ ਸਨ। ਹੁਣ ਖ਼ਾਲਿਦਾ ਜ਼ਿਆ ਦਾ ਪੁੱਤਰ ਤਾਰਿਕ ਰਹਿਮਾਨ ਪਾਰਟੀ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਹੈ। ਬੀ.ਐਨ.ਪੀ. 90 ਫ਼ੀਸਦੀ ਤੋਂ ਵੱਧ ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਕੁਝ ਸੀਟਾਂ ਆਪਣੇ ਸਹਿਯੋਗੀਆਂ ਤੇ ਆਜ਼ਾਦ ਉਮੀਦਵਾਰਾਂ ਲਈ ਛੱਡ ਰਹੀ ਹੈ। ਹੁਣ ਜਮਾਤ ਨਾਲ ਗੱਠਜੋੜ ਕਰਨ ਤੋਂ ਨਾਰਾਜ਼ ਕਈ ਐਨ.ਸੀ.ਪੀ. ਨੇਤਾਵਾਂ ਨੇ ਟਿਕਟ ਲਈ ਬੀ.ਐਨ.ਪੀ. ਲੀਡਰਸ਼ਿਪ ਨਾਲ ਸੰਪਰਕ ਕੀਤਾ ਹੈ, ਜਿਸ ਬਾਰੇ ਅੰਤਿਮ ਫ਼ੈਸਲਾ ਤਾਰਿਕ ਰਹਿਮਾਨ ਲਵੇਗਾ ਅਤੇ ਉਸ ਨੇ ਖ਼ੁਦ 3 ਹਲਕਿਆਂ ਤੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ।
1 ਜਨਵਰੀ ਤੱਕ ਹੋਏ ਓਪੀਨੀਅਨ ਪੋਲ ਤੇ ਸਰਵੇਖਣਾਂ ਨੇ ਬੀ.ਐਨ.ਪੀ. ਤੋਂ ਬਾਅਦ ਜਮਾਤ ਨੂੰ ਮੂਹਰੇ ਰੱਖਿਆ ਹੈ। ਸ਼ਾਇਦ ਐਨ.ਸੀ.ਪੀ. ਨੇ ਜਮਾਤ ਨਾਲ ਗੱਠਜੋੜ ਲਈ ਇਸ ਕਰਕੇ ਲਾਬਿੰਗ ਕੀਤੀ ਹੈ ਕਿ ਇਸ ਤਰ੍ਹਾਂ ਉਨ੍ਹਾਂ ਦਾ ਗੱਠਜੋੜ ਬੀ.ਐਨ.ਪੀ. ਲਈ ਚੁਣੌਤੀ ਪੇਸ਼ ਕਰ ਸਕਦਾ ਹੈ। ਪਰ ਢਾਕਾ ਦੇ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਜਮਾਤ-ਐਨ.ਸੀ.ਪੀ. ਗੱਠਜੋੜ ਅਸਫ਼ਲ ਹੋ ਸਕਦਾ ਹੈ ਕਿਉਂਕਿ ਐਨ.ਸੀ.ਪੀ. ਦੇ ਸਮਰਥਕ ਜਮਾਤ ਦੇ ਉਮੀਦਵਾਰਾਂ ਨੂੰ ਵੋਟ ਨਹੀਂ ਪਾਉਣਗੇ ਅਤੇ ਜਮਾਤ ਦੇ ਸਮਰਥਕ ਨਿਸਚਿਤ ਤੌਰ 'ਤੇ ਐਨ.ਸੀ.ਪੀ. ਦੇ ਉਮੀਦਵਾਰਾਂ ਨੂੰ ਵੋਟ ਨਹੀਂ ਦੇਣਗੇ। ਦੋਵੇਂ ਪਾਰਟੀਆਂ ਆਪਣੀਆਂ ਸਰਗਰਮੀਆਂ ਤੇ ਨੀਤੀਆਂ ਵਿਚ ਇੰਨੀਆਂ ਵੱਖਰੀਆਂ ਹਨ ਕਿ ਰਾਜਨੀਤਕ ਸੰਬੰਧਾਂ ਤੋਂ ਬਾਹਰ ਆਮ ਲੋਕਾਂ ਲਈ ਇਹ ਗੱਠਜੋੜ ਸਿਰਫ਼ ਮੌਕਾਪ੍ਰਸਤੀ ਜਾਪਦਾ ਹੈ। ਗੱਠਜੋੜ ਦਾ ਸਮਰਥਨ ਕਰਨ ਵਾਲੇ ਐਨ.ਸੀ.ਪੀ. ਦੇ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਗੱਠਜੋੜ ਸਿਰਫ਼ ਚੋਣਾਂ ਵਿਚ ਬੀ.ਐਨ.ਪੀ. ਦਾ ਮੁਕਾਬਲਾ ਕਰਨ ਲਈ ਹੈ। ਐਨ.ਸੀ.ਪੀ. ਨੇ ਆਪਣੇ ਪ੍ਰੋਗਰਾਮ ਨੂੰ ਕਮਜ਼ੋਰ ਨਹੀਂ ਕੀਤਾ ਹੈ; ਉਹ ਆਪਣੇ ਜੁਲਾਈ ਦੇ ਚਾਰਟਰ ਪ੍ਰਤੀ ਵਚਨਬੱਧ ਹੈ ਅਤੇ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਉਸੇ 'ਤੇ ਚੱਲੇਗੀ। ਐਨ.ਸੀ.ਪੀ. ਲੀਡਰਸ਼ਿਪ ਜਾਣਦੀ ਹੈ ਕਿ ਹਸੀਨਾ ਸਰਕਾਰ ਨੂੰ ਹਟਾਉਣ ਦੇ ਅੰਦੋਲਨ 'ਚ ਵੱਡੀ ਭੂਮਿਕਾ ਨਿਭਾਉਣ ਦੇ ਬਾਵਜੂਦ ਉਸ ਨੂੰ ਲੋਕਾਂ ਦਾ ਸਮਰਥਨ ਨਹੀਂ ਮਿਲ ਰਿਹਾ। ਜੇਕਰ ਇਹ ਇਕੱਲੇ ਚੋਣਾਂ ਲੜਦੀ ਹੈ ਤਾਂ ਉਸ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ। ਇਸੇ ਲਈ ਉਨ੍ਹਾਂ ਸਨਮਾਨਜਨਕ ਸੀਟਾਂ ਪ੍ਰਾਪਤ ਕਰਨ ਲਈ ਜਮਾਤ ਨਾਲ ਗੱਠਜੋੜ ਕੀਤਾ ਹੈ।
ਪਰ ਇਸ ਪ੍ਰਕਿਰਿਆ 'ਚ ਪਾਰਟੀ ਨੇ ਇਕ ਅਜਿਹੀ ਪਾਰਟੀ ਨਾਲ ਗੱਠਜੋੜ ਕਰ ਲਿਆ, ਜਿਸ ਦੀ ਬੰਗਲਾਦੇਸ਼ ਵਿਚ ਘੱਟ-ਗਿਣਤੀਆਂ ਵਿਰੁੱਧ ਫਿਰਕੂ ਤਣਾਅ ਭੜਕਾਉਣ 'ਚ ਵੱਡੀ ਭੂਮਿਕਾ ਹੈ। ਇਨ੍ਹਾਂ ਦੋਹਾਂ ਦੀਆਂ ਸਿਰਫ਼ ਭਾਰਤ ਵਿਰੋਧੀ ਸਰਗਰਮੀਆਂ ਤੇ ਨੀਤੀਆਂ ਹੀ ਉਨ੍ਹਾਂ ਨੂੰ ਇਕਜੁੱਟ ਕਰਦੀਆਂ ਹਨ; ਨਹੀਂ ਤਾਂ ਉਨ੍ਹਾਂ ਵਿਚ ਕੁਝ ਵੀ ਸਾਂਝਾ ਨਹੀਂ ਹੈ। ਜਦੋਂ ਹਸੀਨਾ ਸਰਕਾਰ ਦੇ ਪਤਨ ਤੋਂ ਬਾਅਦ ਸ਼ੁਰੂ 'ਚ ਜਮਾਤ ਸਮਰਥਕਾਂ ਨੇ ਘੱਟ ਗਿਣਤੀਆਂ 'ਤੇ ਹਮਲਾ ਕੀਤਾ ਸੀ ਤਾਂ ਐਨ.ਸੀ.ਪੀ. ਦੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਸੀ। ਬੰਗਲਾਦੇਸ਼ 'ਚ ਹੋਏ ਇਸ ਵਿਦਿਆਰਥੀ ਅੰਦੋਲਨ ਬਾਅਦ ਫਰਵਰੀ 2025 'ਚ ਨੈਸ਼ਨਲ ਸਿਟੀਜ਼ਨਜ਼ ਪਾਰਟੀ (ਐਨ.ਸੀ.ਪੀ.) ਦੀ ਸਥਾਪਨਾ ਹੋਈ, ਜੋ ਦੱਖਣ ਏਸ਼ੀਆ ਉਪ-ਮਹਾਂਦੀਪ ਦੇ ਕਿਸੇ ਦੇਸ਼ ਵਿਚ ਇਕ ਨੌਜਵਾਨ ਅੰਦੋਲਨ ਦੇ ਭਟਕਣ ਦੀ ਇਕ ਹੋਰ ਉਦਾਹਰਨ ਹੈ। ਐਨ.ਸੀ.ਪੀ. ਨੇ ਆਪਣੇ ਸਥਾਪਨਾ ਸੰਮੇਲਨ ਵਿਚ ਇਕ ਪਰਿਵਰਤਨਸ਼ੀਲ ਪ੍ਰੋਗਰਾਮ ਦਾ ਐਲਾਨ ਕੀਤਾ, ਜੋ ਸ਼ੇਖ ਹਸੀਨਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਬੰਗਲਾਦੇਸ਼ ਦੀ ਧਰਮ ਆਧਾਰਿਤ ਰਾਜਨੀਤੀ ਦੇ ਇਕ ਪ੍ਰਗਤੀਸ਼ੀਲ ਬਦਲ ਵਜੋਂ ਉਭਰਨ ਦੀ ਇੱਛਾ ਰੱਖਦੀ ਸੀ। ਐਨ.ਸੀ.ਪੀ. ਨੇ ਪ੍ਰਸ਼ਾਸਕੀ ਸੁਧਾਰਾਂ, ਭ੍ਰਿਸ਼ਟਾਚਾਰ ਵਿਰੋਧੀ ਤੇ ਸਰਕਾਰੀ ਕੰਮਕਾਜ ਵਿਚ ਪਾਰਦਰਸ਼ਿਤਾ ਬਾਰੇ ਵਿਆਪਕ ਤੌਰ 'ਤੇ ਗੱਲ ਕੀਤੀ ਸੀ।
ਬਹੁਤ ਸਾਰੇ ਖੱਬੇਪੱਖੀ ਲੋਕ ਅਜੇ ਵੀ ਐਨ.ਸੀ.ਪੀ. 'ਚ ਹਨ, ਹਾਲਾਂਕਿ ਹਾਲ ਹੀ ਵਿਚ ਕਈ ਪਾਰਟੀ ਛੱਡ ਗਏ ਹਨ। ਪਰ ਜੋ ਲੋਕ ਸੱਚਮੁੱਚ ਇਕ ਬਦਲ ਦੀ ਭਾਲ 'ਚ ਸਨ, ਉਨ੍ਹਾਂ ਨੂੰ ਮੁੱਖ ਰੱਖ ਕੇ ਐਨ.ਸੀ.ਪੀ. ਨੇ ਜੁਲਾਈ ਚਾਰਟਰ 'ਤੇ ਆਧਾਰਿਤ ਆਪਣਾ ਪ੍ਰੋਗਰਾਮ ਲੈ ਕੇ ਲੋਕਾਂ ਤੋਂ ਵੋਟਾਂ ਮੰਗਣ ਦੀ ਪੂਰੀ ਕੋਸ਼ਿਸ਼ ਕੀਤੇ ਬਗੈਰ ਜਮਾਤ ਨਾਲ ਗੱਠਜੋੜ ਕਰ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਤੋੜ ਦਿੱਤਾ। ਬੰਗਲਾਦੇਸ਼ ਵਿਚ ਜਿਹੜੇ ਲੋਕ ਇਕ ਅਸਲੀ ਬਦਲ ਦੀ ਭਾਲ 'ਚ ਸਨ, ਉਨ੍ਹਾਂ ਲਈ ਹੁਣ ਕੁਝ ਵੀ ਨਹੀਂ ਬਚਿਆ। ਇਹ ਹੋ ਸਕਦਾ ਹੈ ਕਿ 12 ਫਰਵਰੀ ਦੀਆਂ ਚੋਣਾਂ ਤੋਂ ਬਾਅਦ ਰਾਜਨੀਤੀ ਪੁਰਾਣੀਆਂ ਰੂੜੀਵਾਦੀ ਰਵਾਇਤੀ ਪਾਰਟੀਆਂ ਕੋਲ ਵਾਪਸ ਚਲੀ ਜਾਵੇਗੀ। ਬੰਗਲਾਦੇਸ਼ ਦੇ ਪ੍ਰਮੁੱਖ ਅੰਗਰੇਜ਼ੀ-ਭਾਸ਼ਾ ਦੇ ਰੋਜ਼ਾਨਾ ਅਖ਼ਬਾਰ 'ਡੇਲੀ ਸਟਾਰ' ਨੇ ਸਪੱਸ਼ਟ ਤੌਰ 'ਤੇ ਪੁੱਛਿਆ ਹੈ ਕਿ ਇਹ ਗਠਜੋੜ ਉਨ੍ਹਾਂ ਵੋਟਰਾਂ ਨੂੰ ਕੀ ਕਹੇਗਾ, ਜੋ ਐਨ.ਸੀ.ਪੀ. ਦੀ ਨਵੀਂ ਰਾਜਨੀਤੀ ਦੇ ਵਾਅਦੇ ਵਿਚ ਵਿਸ਼ਵਾਸ ਰੱਖਦੇ ਸਨ? ਇਕ ਗੱਲ ਤਾਂ ਇਹ ਹੈ ਕਿ ਵਿਚਾਰਧਾਰਕ ਸਪੱਸ਼ਟਤਾ ਹਮੇਸ਼ਾ ਗੱਲਬਾਤ ਨਾਲ ਤੈਅ ਹੋ ਸਕਦੀ ਹੈ। ਜੇਕਰ ਬਹੁਤੇ ਲੋਕਾਂ ਲਈ ਐਨ.ਸੀ.ਪੀ. ਦੇ ਪ੍ਰਤੀ ਸ਼ੁਰੂਆਤੀ ਖਿੱਚ ਇਸ ਦੀ ਨੌਜਵਾਨ ਊਰਜਾ ਤੇ ਅਤੀਤ ਨਾਲੋਂ ਨਾਤਾ ਤੋੜਨ ਦੀ ਵਚਨਬੱਧਤਾ ਸੀ ਤਾਂ ਉਹ ਗੁਣ ਹੁਣ ਉਸ ਨੇ ਗੁਆ ਲਿਆ ਹੈ। ਜਿਨ੍ਹਾਂ ਨੌਜਵਾਨ ਸਮਰਥਕਾਂ ਨੂੰ ਇਸ ਨੇ ਕਦੇ ਭਰਮਾਇਆ ਸੀ, ਉਨ੍ਹਾਂ ਕੋਲ ਹੁਣ ਨਿਰਾਸ਼ਾ ਤੇ ਮੋਹਭੰਗ ਦੇ ਵਿਚਕਾਰ ਚੋਣ ਕਰਨ ਦਾ ਇਕੋ ਬਦਲ ਬਚਿਆ ਹੈ ਕਿਉਂਕਿ ਉਹ ਜਿਸ ਪਾਰਟੀ ਦਾ ਸਮਰਥਨ ਕਰ ਰਹੇ ਸਨ, ਉਹ ਇਕ ਅਜਿਹੇ ਸਮੂਹ ਨਾਲ ਗੱਠਜੋੜ ਕਰ ਰਹੀ ਹੈ ਜਿਸ ਦਾ ਇਤਿਹਾਸ ਅਜੇ ਵੀ ਵਿਵਾਦਿਤ ਹੈ। ਇਹ ਗੱਠਜੋੜ ਸਿਰਫ਼ ਇਕ ਚੋਣ ਸਮਝੌਤਾ ਨਹੀਂ ਹੈ। ਇਹ ਪ੍ਰਤੀਕਾਤਮਿਕ ਹੈ। ਇਹ ਵੋਟਰਾਂ ਨੂੰ ਦੱਸਦਾ ਹੈ ਕਿ ਚੋਣ ਗਣਿਤ ਬਿਰਤਾਂਤਕ ਨਿਰੰਤਰਤਾ ਨਾਲੋਂ ਵੱਧ ਮਾਇਨੇ ਰੱਖਦਾ ਹੈ।
ਐਨ.ਸੀ.ਪੀ. ਦੇ ਨੇਤਾ ਸੁਭਾਵਿਕ ਤੌਰ 'ਤੇ ਕਹਿ ਰਹੇ ਹਨ ਕਿ ਗੱਠਜੋੜ ਬਣਾਉਣਾ ਲੋਕਤੰਤਰੀ ਰਾਜਨੀਤੀ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਖੰਡਿਤ ਰਾਜਨੀਤਕ ਮਾਹੌਲ 'ਚ ਸਮਾਨ ਸੋਚ ਵਾਲੀਆਂ ਤਾਕਤਾਂ ਨਾਲ ਕੰਮ ਕਰਨਾ ਵਿਹਾਰਕ ਹੈ। ਉਹ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਇਹ ਸਮਝੌਤਾ ਸਿਰਫ਼ ਚੋਣ ਉਦੇਸ਼ਾਂ ਲਈ ਹੈ। ਦਰਅਸਲ ਐਨ.ਸੀ.ਪੀ. ਨੇ ਇਕ ਬਿਆਨ ਵਿਚ ਜ਼ੋਰ ਦੇ ਕੇ ਕਿਹਾ ਕਿ ਉਹ ਗੱਠਜੋੜ ਵਿਚ ਸਿਰਫ਼ ਇਸ ਲਈ ਸ਼ਾਮਿਲ ਹੋਏ ਹਨ, ਕਿਉਂਕਿ ਉਹ ਮੌਜੂਦਾ ਹਾਲਾਤ ਵਿਚ 'ਇਕੱਲੇ ਚੋਣਾਂ ਨਹੀਂ ਲੜ ਸਕਦੇ ਸਨ'। ਐਨ.ਸੀ.ਪੀ. ਨੂੰ ਉਮੀਦ ਹੈ ਕਿ ਚੋਣਾਂ ਤੋਂ ਬਾਅਦ ਉਹ ਆਪਣੀ ਪੁਰਾਣੀ ਸਾਖ਼ ਨੂੰ ਮੁੜ ਪ੍ਰਾਪਤ ਕਰ ਲਵੇਗੀ, ਕਿਉਂਕਿ ਸੱਤਾ 'ਚ ਆਉਣ ਵਾਲੀਆਂ ਰਵਾਇਤੀ ਪਾਰਟੀਆਂ ਕੋਲ ਇਕ ਨਵਾਂ ਬੰਗਲਾਦੇਸ਼ ਬਣਾਉਣ ਲਈ ਸਹੀ ਦ੍ਰਿਸ਼ਟੀਕੋਣ ਨਹੀਂ ਹੋਵੇਗਾ। ਜਿਸ ਤਰ੍ਹਾਂ ਦੇ ਰੁਝਾਨ ਦਿਖਾਈ ਦੇ ਰਹੇ ਹਨ, ਉਸ ਤੋਂ ਗੱਠਜੋੜ ਲਈ ਜਿੱਤ ਇਕ ਦੂਰ ਦੀ ਗੱਲ ਜਾਪਦੀ ਹੈ। ਇਹ ਬੰਗਲਾਦੇਸ਼ ਦੀ ਰਾਜਨੀਤੀ ਦੀ ਇਕ ਵੱਡੀ ਤ੍ਰਾਸਦੀ ਹੈ ਅਤੇ ਐਨ.ਸੀ.ਪੀ. ਦੀ ਸਿਖ਼ਰਲੀ ਲੀਡਰਸ਼ਿਪ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਪਵੇਗੀ। (ਸੰਵਾਦ)

Ad Position 22
No active advertisement
ਪਿਛਲੀ ਖ਼ਬਰ ਸਮੇਂ ਦੀ ਲੋੜ ਬਣਦੀ ਜਾ ਰਹੀ ਹੈ ਈ-ਸਿਮ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ
Ad Position 24