ਈ-ਸਿਮ ਕੀ ਹੈ, ਮੋਬਾਈਲ ਵਰਤੋਂਕਾਰਾਂ ਦੀ ਸੁਰੱਖਿਆ ਲਈ ਕਿਉਂ ਹੈ ਜ਼ਰੂਰੀ?
ਸਾਰੀਆਂ ਕੰਪਨੀਆਂ ਵਲੋਂ ਆਪਣੇ ਨਵੇਂ ਮੋਬਾਈਲਾਂ ਵਿਚ ਮੋਬਾਈਲ ਵਰਤੋਂਕਾਰਾਂ ਦੀ ਸੁਰੱਖਿਆ ਵਧਾਉਣ ਦੇ ਮਦੇਨਜ਼ਰ ਈ-ਸਿਮ (ਐਮਬੈਡਡ ਸਿਮ) ਦੀ ਸਹੂਲਤ ਦਾ ਚਲਣ ਤੇਜ਼ੀ ਨਾਲ ਵਧਾ ਦਿੱਤਾ ਗਿਆ ਹੈ। ਪਰ ਦੇਸ਼ ਦੇ ਮੋਬਾਈਲ ਉਪਭੋਗਤਾਵਾਂ ਨੂੰ ਈ-ਸਿਮ ਤਕਨੀਕ ਦੀ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਬਹੁਤੇ ਉਪਭੋਗਤਾਵਾਂ ਵਲੋਂ ਇਸ ਦੀ ਵਰਤੋਂ ਦੋ ਕਾਰਨਾਂ ਕਰਕੇ ਨਹੀਂ ਕੀਤੀ ਜਾ ਰਹੀ, ਜਿਸ ਵਿਚ ਪਹਿਲਾ ਉਨ੍ਹਾਂ ਦਾ ਇਸ ਤਕਨੀਕ ਨੂੰ ਲੈ ਕੇ ਡਰ ਤੇ ਦੂਸਰਾ ਉਨ੍ਹਾਂ ਦੇ ਪੁਰਾਣੇ ਮੋਬਾਈਲ 'ਚ ਈ-ਸਿਮ ਵਰਗੀ ਸਹੂਲਤ ਦਾ ਨਾ ਹੋਣਾ ਹੈ। ਇਹ ਤਕਨਾਲੋਜੀ ਮੋਬਾਈਲ ਕੰਪਨੀਆਂ ਵਲੋਂ ਫ਼ੋਨ ਦੀ ਸੁਰੱਖਿਆ ਤੇ ਫ਼ੋਨ ਵਿਚ ਸਿਮ ਸਲਾਟ ਦੀ ਥਾਂ ਬਚਾ ਕੇ ਫ਼ੋਨ ਦੇ ਡਿਜ਼ਾਈਨ ਅਤੇ ਬੈਟਰੀ ਨੂੰ ਬਿਹਤਰ ਕਰਨ ਦੇ ਨਾਲ-ਨਾਲ ਡਬਲ ਸਿਮ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੈ। ਫ਼ਿਲਹਾਲ ਜਿਹੜੇ ਡਿਵਾਈਸ ਈ-ਸਿਮ ਸਪੋਰਟ ਕਰਦੇ ਹਨ, ਉਨ੍ਹਾਂ ਵਿਚ ਨਵੇਂ ਆਈ ਫ਼ੋਨ, ਕਈ ਸੈਮਸੰਗ, ਗੂਗਲ ਪੀਕਸਲ ਅਤੇ ਹੋਰ ਫਲੈਗਸ਼ਿਪ ਫ਼ੋਨ ਤੋਂ ਇਲਾਵਾ ਸਮਾਰਟ ਵਾਚ ਅਤੇ ਟੈਬਲੈਟ ਵੀ ਸ਼ਾਮਿਲ ਹਨ। ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿੱਥੇ 2024 ਦਸੰਬਰ ਤੱਕ 1.3 ਅਰਬ ਸਮਾਰਟ ਫ਼ੋਨ ਈ-ਸਿਮ ਵਰਗੀ ਸਹੂਲਤ ਨਾਲ ਚੱਲ ਰਹੇ ਸਨ, ਉੱਥੇ ਹੀ ਇਹ ਅੰਕੜਾ 2030 ਤੱਕ 3.1 ਅਰਬ ਤੱਕ ਪਹੁੰਚਣ ਦੀ ਉਮੀਦ ਹੈ।
ਈ-ਸਿਮ ਫ਼ੋਨ ਨੂੰ ਕਈ ਤਰੀਕਿਆਂ ਨਾਲ ਜ਼ਿਆਦਾ ਸੁਰੱਖਿਅਤ ਬਣਾਉਂਦੀ ਹੈ। ਪਹਿਲਾਂ ਮੋਬਾਈਲ ਚੋਰੀ ਕਰਨ ਵੇਲੇ ਚੋਰਾਂ ਵਲੋਂ ਸਭ ਤੋਂ ਪਹਿਲਾਂ ਫ਼ੋਨ 'ਚੋਂ ਸਿਮ ਨੂੰ ਬਾਹਰ ਕੱਢ ਕੇ ਸੁੱਟ ਦਿੱਤਾ ਜਾਂਦਾ ਸੀ, ਜਿਸ ਨਾਲ ਮੋਬਾਈਲ 'ਤੇ ਨੈੱਟਵਰਕ ਨਾ ਰਹਿਣ ਕਾਰਨ ਮੋਬਾਈਲ ਦਾ ਇੰਟਰਨੈੱਟ ਬੰਦ ਹੋ ਜਾਂਦਾ ਸੀ ਤੇ ਉਪਭੋਗਤਾ ਆਪਣੇ ਫ਼ੋਨ ਨੂੰ ਟਰੈਕ ਨਹੀਂ ਕਰ ਪਾਉਂਦਾ ਸੀ। ਪਰ ਹੁਣ ਇਸ ਈ-ਸਿਮ ਵਰਗੀ ਨਵੀਂ ਸਹੂਲਤ ਨਾਲ ਜਿੱਥੇ ਮੋਬਾਈਲ ਵਿਚ ਸਿਮ ਪਾਉਣ ਦੀ ਲੋੜ ਨਹੀਂ, ਉੱਥੇ ਹੀ ਈ-ਸਿਮ ਬਿਨਾਂ ਫ਼ੋਨ ਦਾ ਲਾਕ ਖੋਲ੍ਹੇ ਅਤੇ ਫ਼ੋਨ ਸੈਟਿੰਗ 'ਚੋਂ ਡਿਲੀਟ ਕੀਤੇ ਬਿਨਾਂ ਬੰਦ ਨਹੀਂ ਹੋ ਸਕੇਗੀ। ਈ-ਸਿਮ ਨੂੰ ਬੰਦ ਕਰਨਾ ਇਕ ਲੰਬੀ ਪ੍ਰਕਿਰਿਆ ਹੈ, ਜੋ ਵਰਤੋਂਕਾਰ ਤੋਂ ਬਿਨਾਂ ਚੋਰਾਂ ਲਈ ਲਗਭਗ ਅਸੰਭਵ ਹੋਵੇਗਾ। ਇਸ ਨਾਲ ਮੋਬਾਈਲ ਫ਼ੋਨ ਚੋਰੀ ਜਾਂ ਮੋਬਾਈਲ ਦੀ ਗ਼ਲਤ ਵਰਤੋਂ ਕਰਨੀ ਔਖੀ ਹੋਵੇਗੀ। ਇਹ ਤਕਨੀਕ ਮੋਬਾਈਲ ਧਾਰਕਾਂ ਨੂੰ ਸਿਮ-ਸਵੈਪ ਵਰਗੀ ਧੋਖਾਧੜੀ ਤੋਂ ਬਚਾਅ ਕਰੇਗੀ ਤੇ ਇਸ ਨਾਲ ਹੈਕਰਾਂ ਵਲੋਂ ਕਿਸੇ ਦੇ ਨੰਬਰ ਨੂੰ ਹਾਈਜੈਕ ਕਰਨ ਦਾ ਖ਼ਤਰਾ ਵੀ ਘਟ ਜਾਵੇਗਾ। ਫ਼ੋਨ ਗੁੰਮ ਜਾਂ ਚੋਰੀ ਹੋਣ ਦੀ ਸੂਰਤ ਵਿਚ ਉਪਭੋਗਤਾ ਆਪਣੀ ਈ-ਸਿਮ ਪ੍ਰੋਫਾਈਲ ਨੂੰ ਦੂਰੋਂ ਬੰਦ ਜਾਂ ਬਦਲ ਸਕਣ ਦੇ ਸਮਰੱਥ ਹੋਵੇਗਾ। ਈ-ਸਿਮ ਨਾਲ ਨੰਬਰ ਤੇ ਡਾਟਾ ਸੁਰੱਖਿਅਤ ਰਹੇਗਾ ਤੇ ਫ਼ੋਨ ਚੋਰੀ ਹੋਣ ਦੀ ਸੂਰਤ 'ਚ 'ਫਾਈਂਡ ਮਾਈ ਫ਼ੋਨ ਜਾਂ ਫਾਈਂਡ ਮਾਈ ਡਿਵਾਈਸ' ਵਰਗੀਆਂ ਸਹੂਲਤਾਂ ਨਾਲ ਸੌਖੇ ਤਰੀਕੇ ਨਾਲ ਫ਼ੋਨ ਨੂੰ ਲੱਭਿਆ ਜਾ ਸਕੇਗਾ।
ਵਿਸ਼ੇਸ਼ ਤਕਨੀਕ ਦੁਆਰਾ ਈ-ਸਿਮ ਪ੍ਰੋਫਾਈਲ ਇਨਕ੍ਰਿਪਟ ਕੀਤੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਡਿਜੀਟਲ ਤਰੀਕੇ ਨਾਲ ਸੰਭਾਲਿਆ ਜਾਂਦਾ ਹੈ, ਜਿਸ ਨਾਲ ਕਿਧਰੇ ਵੀ ਸਫ਼ਰ ਕਰਨ ਜਾਂਦਿਆਂ ਆਪਣਾ ਮੇਨ ਨੰਬਰ ਬਿਨਾਂ ਕੱਢੇ ਉੱਥੋਂ ਦੀ ਲੋਕਲ ਈ-ਸਿਮ ਐਡ ਕੀਤੀ ਜਾ ਸਕਦੀ ਹੈ। ਇਸ ਤਕਨੀਕ ਨਾਲ ਜਿੱਥੇ ਸਿਮ ਦੇ ਗੁੰਮ ਹੋਣ ਜਾਂ ਟੁੱਟਣ ਦਾ ਖ਼ਤਰਾ ਨਹੀਂ ਰਹਿੰਦਾ, ਉੱਥੇ ਹੀ ਈ-ਸਿਮ ਫ਼ੋਨ ਦੀ ਸੁਰੱਖਿਆ ਨੂੰ ਵੀ ਵਧਾਉਂਦੀ ਹੈ ਅਤੇ ਗੁੰਮ ਫ਼ੋਨ ਲੱਭਣ ਲਈ ਬਿਹਤਰ ਕੰਟਰੋਲ ਦਿੰਦੀ ਹੈ। ਪਿਛਲੇ ਕੁਝ ਸਾਲਾਂ ਵਿਚ ਈ-ਸਿਮ ਦੀ ਸਹੂਲਤ ਇਕ ਬਦਲ ਵਜੋਂ ਸਾਹਮਣੇ ਆਈ ਹੈ ਅਤੇ ਨਵੇਂ ਫ਼ੋਨਾਂ 'ਚ ਹੁਣ ਵਰਤੋਂਕਾਰਾਂ ਕੋਲ ਰਵਾਇਤੀ ਸਲਾਟ ਸਿਮ ਤੇ ਈ-ਸਿਮ ਦੋਵੇਂ ਵਰਤਣ ਦਾ ਬਦਲ ਹੁੰਦਾ ਹੈ। ਹੁਣ ਦੇ ਸਮੇਂ ਆਈਫ਼ੋਨ, ਸੈਮਸੰਗ ਅਤੇ ਗੂਗਲ ਭਾਵੇਂ ਈ-ਸਿਮ ਨੂੰ ਇਕ ਬਦਲ ਵਜੋਂ ਤਰਜੀਹ ਰਹੇ ਹਨ ਪਰ ਬਹੁਤੀਆਂ ਥਾਵਾਂ 'ਤੇ ਫਿਜ਼ੀਕਲ ਸਿਮ ਨੂੰ ਵੀ ਜਾਰੀ ਰੱਖਿਆ ਹੋਇਆ ਹੈ। ਭਾਰਤ ਵਿਚ ਹਾਲੇ ਫ਼ੋਨ 'ਚ ਇਕ ਸਿਮ (ਸਿਮ ਸਲਾਟ) ਤੇ ਦੂਜੀ ਸਿਮ (ਈ-ਸਿਮ) ਦੀ ਆਪਸ਼ਨ ਆ ਰਹੀ ਹੈ। ਐਪਲ ਤੇ ਸੈਮਸੰਗ ਵਲੋਂ ਆਪਣੇ ਸਭ ਤੋਂ ਨਵੇਂ ਮਾਡਲਾਂ ਦੇ ਫ਼ੋਨਾਂ ਵਿਚ ਈ-ਸਿਮ ਮਾਡਲ ਤਿਆਰ ਕੀਤੇ ਗਏ ਹਨ ਪਰ ਭਾਰਤ ਸਮੇਤ ਕੁਝ ਦੇਸ਼ਾਂ 'ਚ ਫ਼ਿਲਹਾਲ ਇਕ ਫਿਜ਼ੀਕਲ ਤੇ ਇਕ ਈ-ਸਿਮ ਸਲਾਟ ਦੀ ਆਪਸ਼ਨ ਦਿੱਤੀ ਜਾ ਰਹੀ ਹੈ। ਹੋਰ ਕੰਪਨੀਆਂ ਜਿਵੇਂ ਕਿ ਸੈਮਸੰਗ, ਗੂਗਲ, ਵਨਪਲੱਸ, ਹੁਵਾਈ ਵੀ ਈ-ਸਿਮ ਤਕਨੀਕ ਨੂੰ ਅਪਣਾ ਰਹੇ ਹਨ ਪਰ ਹਾਲੇ ਵੀ ਕੁਝ ਦੇਸ਼ਾਂ ਵਿਚ ਉਨ੍ਹਾਂ ਵਲੋਂ ਫਿਜ਼ੀਕਲ ਸਿਮ ਨੂੰ ਜਾਰੀ ਰੱਖਿਆ ਗਿਆ ਹੈ।
ਕੀ ਹੈ ਈ-ਸਿਮ?
ਈ-ਸਿਮ (ਐਮਬੈਡਡ ਸਿਮ) ਇਕ ਡਿਜੀਟਲ ਸਿਮ ਹੁੰਦੀ ਹੈ, ਜੋ ਫ਼ੋਨ ਦੇ ਅੰਦਰ ਹੀ ਲੱਗੀ ਹੁੰਦੀ ਹੈ। ਪੁਰਾਣੀ ਸਿਮ ਸਲਾਟ ਨਾਲੋਂ ਵੱਖਰੀ ਹੋਣ ਦੇ ਨਾਲ-ਨਾਲ ਇਸ ਨੂੰ ਫ਼ੋਨ 'ਚੋਂ ਕੱਢਣ ਜਾਂ ਪਾਉਣ ਦੀ ਲੋੜ ਨਹੀਂ ਹੁੰਦੀ। ਈ-ਸਿਮ ਦੀ ਸਹੂਲਤ ਕਾਰਨ ਮੋਬਾਈਲ ਵਿਚ ਕਿਸੇ ਵੀ ਫਿਜ਼ੀਕਲ ਸਿਮ ਦੀ ਲੋੜ ਨਹੀਂ ਹੁੰਦੀ ਅਤੇ ਉਪਭੋਗਤਾ ਵਲੋਂ ਕਿਸੇ ਵੀ ਕੰਪਨੀ ਦੀ ਈ-ਸਿਮ ਨੂੰ ਡਿਜੀਟਲ ਤਰੀਕੇ (ਕਿਊਆਰ ਕੋਡ ਜਾਂ ਕੰਪਨੀ ਦੀ ਐਪ ਰਾਹੀਂ) ਨਾਲ ਚਾਲੂ ਕੀਤਾ ਜਾਂਦਾ ਹੈ। ਇਸ ਨਾਲ ਜਿੱਥੇ ਮੋਬਾਈਲ ਉਪਭੋਗਤਾ ਨੂੰ ਇਕ ਤੋਂ ਦੂਜੇ ਨੈੱਟਵਰਕ ਨੂੰ ਬਦਲਣਾ ਆਸਾਨ ਹੋ ਜਾਂਦਾ ਹੈ, ਉੱਥੇ ਹੀ ਇਸ ਤਕਨੀਕ ਨਾਲ ਸਿਮ ਬਦਲਣ ਦੀ ਲੋੜ ਨਹੀਂ ਪੈਂਦੀ ਤੇ ਇਹ ਤੁਰੰਤ ਚਾਲੂ ਹੋ ਜਾਂਦੀ ਹੈ ਅਤੇ ਉਪਭੋਗਤਾ ਕਾਲ, ਮੈਸੇਜ ਤੇ ਮੋਬਾਈਲ ਡਾਟਾ ਆਮ ਸਿਮ ਵਾਂਗ ਵਰਤ ਸਕਦਾ ਹੈ।
-ਇੰਚਾਰਜ, ਉਪ ਦਫ਼ਤਰ ਪਟਿਆਲਾ।
ਮੋਬਾਈਲ : 98760-06700