23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਕਿੰਨਾ ਕੁ ਲੋਕ ਹਿਤਕਾਰੀ ਹੋਵੇਗਾ ਨਵਾਂ ਰੁਜ਼ਗਾਰ ਕਾਨੂੰਨ?

Ad Position 21
No active advertisement
ਅਜੀਤ ਡੈਸਕ 07-01-2026

ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਦੀ ਥਾਂ ਲੈਣ ਲਈ ਇਕ ਨਵਾਂ ਕਾਨੂੰਨ ਲੋਕ ਸਭਾ ਵਿਚ ਪਾਸ ਕੀਤਾ ਗਿਆ, ਇਹ ਬਿੱਲ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਹ ਕਾਨੂੰਨ ਪੇਂਡੂ ਭਾਰਤ ਵਿਚ ਰੋਜ਼ੀ-ਰੋਟੀ ਦੀ ਸੁਰੱਖਿਆ ਦੀ ਨੀਂਹ 'ਤੇ ਹਮਲਾ ਕਰਦਾ ਹੈ ਅਤੇ ਭਾਰਤ ਸਰਕਾਰ ਦੇ ਆਪਣੇ ਪੇਂਡੂ ਨਾਗਰਿਕਾਂ ਨਾਲ ਕੀਤੇ ਇਤਿਹਾਸਕ ਵਾਅਦੇ ਨੂੰ ਕਮਜ਼ੋਰ ਕਰਦਾ ਹੈ। ਮਨਰੇਗਾ ਸਿਰਫ਼ ਇਕ ਭਲਾਈ ਯੋਜਨਾ ਨਹੀਂ ਸੀ; ਸਗੋਂ ਭਾਰਤ ਸਰਕਾਰ ਵਲੋਂ ਪੇਂਡੂ ਆਬਾਦੀ ਨੂੰ ਰੋਜ਼ੀ-ਰੋਟੀ ਤੇ ਗੁਜ਼ਾਰਾ ਸਹਾਇਤਾ ਪ੍ਰਦਾਨ ਕਰਨ ਲਈ ਇਕ ਕਾਨੂੰਨੀ ਗਰੰਟੀ ਸੀ। ਹਰ ਘਰ 'ਚ ਰੁਜ਼ਗਾਰ ਯਕੀਨੀ ਬਣਾ ਕੇ ਇਸ ਕਾਨੂੰਨ ਨੇ ਲੱਖਾਂ ਪੇਂਡੂ ਪਰਿਵਾਰਾਂ ਨੂੰ ਮਜ਼ਬੂਤ ਕੀਤਾ, ਪ੍ਰੇਸ਼ਾਨੀ ਵਾਲੇ ਪ੍ਰਵਾਸ ਨੂੰ ਘਟਾਇਆ ਅਤੇ ਦੇਸ਼ ਭਰ ਵਿਚ ਪਿੰਡ-ਪੱਧਰੀ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ ਸੀ।
ਇਹ ਯੋਜਨਾ ਲੋਕਾਂ ਨਾਲ ਗਹਿਰੀ ਤਰ੍ਹਾਂ ਜੁੜੀ ਹੋਈ ਤੇ ਗਾਂਧੀਵਾਦੀ ਸਿਧਾਂਤਾਂ 'ਤੇ ਅਧਾਰਿਤ ਸੀ। ਇਸ ਨੇ ਲੱਖਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੀ ਭਾਲ 'ਚ ਸ਼ਹਿਰਾਂ ਵੱਲ ਜਾਣ ਤੋਂ ਰੋਕਿਆ ਤੇ ਉਨ੍ਹਾਂ ਨੂੰ ਘਰ ਵਿਚ ਰੁਜ਼ਗਾਰ ਪ੍ਰਦਾਨ ਕੀਤਾ। ਮਨਰੇਗਾ ਨੇ ਇਸ ਵਿਸ਼ਵਾਸ ਨੂੰ ਕਾਇਮ ਰੱਖਿਆ ਕਿ ਹਰ ਵਿਅਕਤੀ ਨੂੰ ਇਮਾਨਦਾਰੀ ਵਾਲੇ ਕੰਮ ਦੁਆਰਾ ਇਕ ਵਧੀਆ ਜੀਵਨ ਦਾ ਅਧਿਕਾਰ ਹੈ। 2005 'ਚ ਭਾਰਤ ਦੇ 365 ਤੋਂ ਵੱਧ ਜ਼ਿਲ੍ਹੇ ਆਰਥਿਕ ਅਸਮਾਨਤਾ ਕਾਰਨ ਨਕਸਲਵਾਦ ਤੋਂ ਪ੍ਰਭਾਵਿਤ ਸਨ, ਜੋ 10 ਸਾਲਾਂ ਦੌਰਾਨ ਘਟ ਕੇ 78 ਜ਼ਿਲ੍ਹਿਆਂ ਤੱਕ ਸੀਮਤ ਹੋ ਗਏ ਸਨ। ਜ਼ਿਕਰਯੋਗ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵਾਰ-ਵਾਰ ਇਸ ਫਲਸਫੇ 'ਤੇ ਜ਼ੋਰ ਦਿੱਤਾ ਸੀ ਕਿ ਮੁਫ਼ਤ ਅਨਾਜ ਵੰਡਣ ਦੀ ਬਜਾਏ ਉਨ੍ਹਾਂ ਲੋਕਾਂ ਦੇ ਦਰਵਾਜ਼ਿਆਂ 'ਤੇ ਰੁਜ਼ਗਾਰ ਪ੍ਰਦਾਨ ਕੀਤਾ ਜਾਵੇ। ਉਨ੍ਹਾਂ ਦੀ ਸੁਯੋਗ ਅਗਵਾਈ ਹੇਠ ਮਨਰੇਗਾ ਯੋਜਨਾ ਸਮੂਹਿਕ ਵਿਕਾਸ, ਸਮਾਜਿਕ ਨਿਆਂ ਤੇ ਆਰਥਿਕ ਮਜ਼ਬੂਤੀ ਲਈ ਇਕ ਸ਼ਕਤੀਸ਼ਾਲੀ ਸਾਧਨ ਬਣ ਗਈ ਸੀ। ਅਜਿਹੇ ਇਤਿਹਾਸਕ ਤੇ ਮਾਨਵਤਾਵਾਦੀ ਕਾਨੂੰਨ ਨੂੰ ਰੁਜ਼ਗਾਰ ਦੀ ਕਾਨੂੰਨੀ ਗਰੰਟੀ ਪ੍ਰਦਾਨ ਕੀਤੇ ਬਗੈਰ ਇਕ ਨਵੇਂ ਢਾਂਚੇ ਨਾਲ ਬਦਲਨਾ-ਪੇਂਡੂ ਭਾਰਤ ਪ੍ਰਤੀ ਸਰਕਾਰ ਦੀ ਵਚਨਬੱਧਤਾ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਇਸ ਪ੍ਰਸਤਾਵਿਤ ਨਵੀਂ ਯੋਜਨਾ ਦੇ ਬੋਝ-ਵੰਡ ਫਾਰਮੂਲੇ ਤਹਿਤ ਸੂਬਿਆਂ ਨੂੰ ਵਿੱਤੀ ਲਾਗਤ ਦਾ ਲਗਭਗ 40 ਫ਼ੀਸਦੀ ਸਹਿਣ ਕਰਨਾ ਪਵੇਗਾ, ਜੋ ਅਸਲ 'ਚ ਇਸ ਪ੍ਰੋਗਰਾਮ ਲਈ ਮੌਤ ਦੀ ਘੰਟੀ ਸਾਬਤ ਹੋਵੇਗਾ। ਬਹੁਤੇ ਸੂਬੇ ਪਹਿਲਾਂ ਹੀ ਬਹੁਤ ਜ਼ਿਆਦਾ ਵਿੱਤੀ ਦਬਾਅ ਹੇਠ ਹੋਣ ਕਰਕੇ ਇਸ ਬੋਝ ਨੂੰ ਸਹਿਣ ਕਰਨ ਦੇ ਯੋਗ ਨਹੀਂ ਹੋਣਗੇ, ਜਿਸ ਨਾਲ ਕਵਰੇਜ ਘਟਣ ਤੇ ਭੁਗਤਾਨ 'ਚ ਦੇਰੀ ਹੋਣ ਕਰਕੇ ਅੰਤ ਵਿਚ ਇਹ ਯੋਜਨਾ ਬੰਦ ਹੋ ਜਾਵੇਗੀ। ਨਵੇਂ ਕਾਨੂੰਨ ਨੂੰ ਜਾਣਬੁੱਝ ਕੇ ਕਮਜ਼ੋਰ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਪ੍ਰੋਗਰਾਮ ਆਉਣ ਵਾਲੇ ਸਾਲਾਂ ਵਿਚ ਕਮਜ਼ੋਰ ਪੈ ਕੇ ਆਪਣੀ ਕੁਦਰਤੀ ਮੌਤ ਮਰ ਜਾਵੇ। ਇਸ ਨਾਲ ਗਰੀਬੀ ਤੇ ਬੇਰੁਜ਼ਗਾਰੀ ਵਧੇਗੀ, ਇਹ ਸਭ ਤੋਂ ਗਰੀਬ ਖਾਸ ਕਰਕੇ ਖੇਤੀਬਾੜੀ ਤੇ ਕਿਰਤ ਖੇਤਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ। ਭਾਰਤ ਸਰਕਾਰ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਦੇਸ਼ 'ਚ ਸਭ ਤੋਂ ਗਰੀਬ ਲੋਕ ਵੀ ਜ਼ਰੂਰੀ ਵਸਤੂਆਂ ਤੇ ਸੇਵਾਵਾਂ ਦੀ ਖਰੀਦ ਕਰਨ ਸਮੇਂ ਅਸਿੱਧੇ ਟੈਕਸਾਂ ਰਾਹੀਂ ਸਰਕਾਰੀ ਮਾਲੀਏ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਰੁਜ਼ਗਾਰ ਕੋਈ ਦਾਨ ਨਹੀਂ ਹੈ; ਇਹ ਨਾਗਰਿਕਾਂ ਦਾ ਸੰਵਿਧਾਨਕ ਤੇ ਨੈਤਿਕ ਅਧਿਕਾਰ ਹੈ, ਜਿਨ੍ਹਾਂ ਦੀ ਸਖ਼ਤ ਮਿਹਨਤ ਤੇ ਖਪਤ ਭਾਰਤ ਦੀ ਆਰਥਿਕਤਾ ਨੂੰ ਚਲਾਉਂਦੀ ਹੈ। ਭਾਰਤੀ ਸੰਵਿਧਾਨ ਧਾਰਾ 38 ਰਾਹੀਂ ਰਾਜ ਨੂੰ ਸਮਾਜਿਕ ਵਿਵਸਥਾ ਨੂੰ ਉਤਸ਼ਾਹਿਤ ਕਰਨ ਤੇ ਅਸਮਾਨਤਾਵਾਂ ਨੂੰ ਘਟਾਉਣ ਦਾ ਆਦੇਸ਼ ਦਿੰਦਾ ਹੈ; ਧਾਰਾ 39 (ਏ) ਰਾਜ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੰਦੀ ਹੈ ਕਿ ਨਾਗਰਿਕਾਂ ਕੋਲ ਰੋਜ਼ੀ-ਰੋਟੀ ਦੇ ਢੁਕਵੇਂ ਸਾਧਨ ਹੋਣ; ਧਾਰਾ 41 ਖਾਸ ਤੌਰ 'ਤੇ ਰਾਜ ਨੂੰ ਆਪਣੀ ਆਰਥਿਕ ਸਮਰੱਥਾ ਦੇ ਅੰਦਰ ਕੰਮ ਕਰਨ ਦਾ ਅਧਿਕਾਰ ਪ੍ਰਦਾਨ ਕਰਨ ਦਾ ਆਦੇਸ਼ ਦਿੰਦੀ ਹੈ; ਅਤੇ ਧਾਰਾ 43 ਰਾਜ ਨੂੰ ਆਪਣੀ ਆਰਥਿਕ ਸਮਰੱਥਾ ਦੇ ਅੰਦਰ ਕੰਮ ਕਰਨ ਦਾ ਅਧਿਕਾਰ ਪ੍ਰਦਾਨ ਕਰਨ 'ਤੇ ਜ਼ੋਰ ਦਿੰਦੀ ਹੈ, ਜੋ ਮਾਣ-ਸਨਮਾਨ ਨੂੰ ਯਕੀਨੀ ਬਣਾਉਂਦੀਆਂ ਹਨ। ਮਨਰੇਗਾ ਰਾਜਨੀਤੀ ਦੇ ਇਨ੍ਹਾਂ ਨਿਰਦੇਸ਼ਕ ਸਿਧਾਂਤਾਂ ਦਾ ਇਕ ਵਿਲੱਖਣ ਤੇ ਸ਼ਕਤੀਸ਼ਾਲੀ ਕਾਨੂੰਨੀ ਰੂਪ ਸੀ, ਇਹ ਸੰਵਿਧਾਨਕ ਇਰਾਦੇ ਨੂੰ ਲਾਗੂ ਕਰਨ ਯੋਗ ਅਮਲ ਬਣਾਉਂਦਾ ਸੀ। ਕੋਈ ਵੀ ਨੀਤੀ ਜੋ ਇਸ ਅਧਿਕਾਰ ਨੂੰ ਕਮਜ਼ੋਰ ਕਰਦੀ ਹੈ, ਉਹ ਸੰਵਿਧਾਨਕ ਜ਼ਿੰਮੇਵਾਰੀਆਂ ਤੇ ਸਮਾਜਿਕ ਨਿਆਂ ਨਾਲ ਵਿਸ਼ਵਾਸਘਾਤ ਹੈ।
ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੀ ਪਾਰਟੀ ਤੇ ਭਾਰਤ ਦੀਆਂ ਪ੍ਰਮੁੱਖ ਪਾਰਟੀਆਂ ਨਾਲ ਸਲਾਹ-ਮਸ਼ਵਰਾ ਕਰਕੇ ਇਸ ਫੈਸਲੇ 'ਤੇ ਮੁੜ ਵਿਚਾਰ ਕਰੇ ਅਤੇ ਮਨਰੇਗਾ 'ਚ ਸ਼ਾਮਿਲ ਰੁਜ਼ਗਾਰ ਗਰੰਟੀ ਦੀ ਭਾਵਨਾ ਨੂੰ ਬਰਕਰਾਰ ਰੱਖੇ। ਇਹ ਵੀ ਬਹੁਤ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਆਰ.ਐੱਸ.ਐੱਸ. ਦੀ ਵਿਚਾਰਧਾਰਾ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਭਾਜਪਾ ਨੇਤਾ ਗਾਂਧੀਵਾਦੀ ਕਦਰਾਂ-ਕੀਮਤਾਂ ਪ੍ਰਤੀ ਅਗਿਆਨਤਾ ਤੇ ਨਫ਼ਰਤ ਨਾਲ ਭਰੇ ਹੋਏ ਹਨ, ਮੌਜੂਦਾ ਸਰਕਾਰ ਇਸ ਇਤਿਹਾਸਕ ਪ੍ਰੋਜੈਕਟ ਤੋਂ ਰਾਸ਼ਟਰ ਪਿਤਾ ਦਾ ਨਾਮ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਪ੍ਰਧਾਨ ਮੰਤਰੀ ਤੇ ਹੋਰ ਭਾਜਪਾ ਨੇਤਾ ਸੱਚਮੁੱਚ ਗਾਂਧੀ ਜੀ ਪ੍ਰਤੀ ਇੰਨੀ ਨਫ਼ਰਤ ਰੱਖਦੇ ਹਨ ਤਾਂ ਬੌਧਿਕ ਇਮਾਨਦਾਰੀ ਮੰਗ ਕਰਦੀ ਹੈ ਕਿ ਉਨ੍ਹਾਂ ਨੂੰ ਰਾਜਘਾਟ ਦੇ ਰਸਮੀ ਦੌਰੇ ਬੰਦ ਕਰ ਦੇਣੇ ਚਾਹੀਦੇ ਹਨ। ਮਹਾਤਮਾ ਗਾਂਧੀ ਨੂੰ ਦਿਖਾਵੇ ਦੀ ਸ਼ਰਧਾਂਜਲੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਉੱਥੇ ਜਾਣਾ ਬੰਦ ਕਰ ਦੇਣਾ ਚਾਹੀਦਾ ਹੈ।
ਮੇਰਾ ਮੰਨਣਾ ਹੈ ਕਿ ਗਾਂਧੀ ਜੀ ਦੇ ਸਿਧਾਂਤਾਂ 'ਤੇ ਅਧਾਰਿਤ ਕਿਰਤ ਤੇ ਸਮਾਜਿਕ ਨਿਆਂ ਪੂਰੇ ਦੇਸ਼ ਦੀਆਂ ਜੜ੍ਹਾਂ ਤੇ ਤਾਕਤ ਹਨ। ਇਸ ਨੂੰ ਯੋਜਨਾਬੱਧ ਢੰਗ ਨਾਲ ਖਤਮ ਕੀਤਾ ਜਾ ਰਿਹਾ ਹੈ। ਕੋਈ ਵੀ ਸੁਧਾਰ ਪੇਂਡੂ ਭਾਰਤ ਦੇ ਅਧਿਕਾਰਾਂ, ਮਾਣ ਤੇ ਰੋਜ਼ੀ-ਰੋਟੀ ਦੀ ਸੁਰੱਖਿਆ ਨੂੰ ਮਜ਼ਬੂਤ ਕਰ ਵਾਲਾ ਹੋਣਾ ਚਾਹੀਦਾ ਹੈ, ਕਮਜ਼ੋਰ ਕਰਨ ਵਾਲਾ ਨਹੀਂ।
ਭਾਰਤ ਦੇ ਗਰੀਬ ਲੋਕਾਂ ਨੂੰ ਭੀਖ ਮੰਗਣ ਲਈ ਮਜਬੂਰ ਕਰਨ ਦੀ ਬਜਾਏ ਆਪਣੀ ਮਿਹਨਤ ਰਾਹੀਂ ਵਧੀਆ ਰੁਜ਼ਗਾਰ ਪ੍ਰਾਪਤ ਕਰਨ ਦੇ ਸਮਰੱਥ ਬਣਾਉਣਾ ਚਾਹੀਦਾ ਹੈ।
ਅਜਿਹੇ ਪ੍ਰੋਗਰਾਮਾਂ ਨੂੰ ਬੰਦ ਕਰਨਾ ਗ਼ਲਤ ਹੈ। ਇਸ ਕਦਮ ਨਾਲ ਭਾਰਤ ਦੇ ਸਮਾਜਿਕ ਤਾਣੇ-ਬਾਣੇ 'ਤੇ ਗੰਭੀਰ ਪ੍ਰਭਾਵ ਪਵੇਗਾ ਤੇ ਸਰਕਾਰਾਂ ਲਈ ਬਚਣਾ ਮੁਸ਼ਕਿਲ ਹੋ ਜਾਵੇਗਾ।

-ਸਾਬਕਾ ਮੰਤਰੀ, ਪੰਜਾਬ।

Ad Position 22
No active advertisement
ਪਿਛਲੀ ਖ਼ਬਰ 07-01-2026 ਅਗਲੀ ਖ਼ਬਰ ਸਮੇਂ ਦੀ ਲੋੜ ਬਣਦੀ ਜਾ ਰਹੀ ਹੈ ਈ-ਸਿਮ
Ad Position 24