02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੰਜਾਬੀ ਬੋਲੀ ਅਪਣਾਈਏ ਪੰਜਾਬ ਬਚਾਈਏ

Ad Position 21
repet_subhas-goyals [Copy P29]
ਅਜੀਤ ਡੈਸਕ 21-02-2026

ਅੱਜ ਕੌਮਾਂਤਰੀ ਮਾਂ-ਬੋਲੀ ਦਿਵਸ 'ਤੇ ਵਿਸ਼ੇਸ਼


ਸਾਰੇ ਦੇਸ਼ ਵਿਚ ਸੂਬਿਆਂ ਦੀ ਹੱਦਬੰਦੀ ਬੋਲੀ 'ਤੇ ਆਧਾਰਿਤ ਹੋਈ ਸੀ ਪਰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੰਬਾਂ ਸਮਾਂ ਸੰਘਰਸ਼ ਕਰਨਾ ਪਿਆ ਤੇ ਕੁਰਬਾਨੀਆਂ ਦੇਣੀਆਂ ਪਈਆਂ। ਇਸ ਦੇ ਨਾਲ ਹੀ ਆਪਣੀ ਚੋਖੀ ਧਰਤੀ ਵੀ ਦੇਣੀ ਪਈ। ਪਰ ਹੁਣ ਵੀ ਪੰਜਾਬ ਵਿਚ ਪੰਜਾਬੀ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਲਈ ਵਿਦਵਾਨ ਤੇ ਪੰਜਾਬੀ ਹਿਤੈਸ਼ੀਆਂ ਨੂੰ ਧਰਨੇ ਮਾਰਨੇ ਪੈ ਰਹੇ ਹਨ ਤੇ ਸੈਮੀਨਾਰਾਂ ਦੀ ਵੀ ਭਰਮਾਰ ਹੈ, ਪਰ ਇਹ ਵੀ ਸੱਚ ਹੈ ਕਿ ਅਖੌਤੀ ਪੰਜਾਬੀ ਹਿਤੈਸ਼ੀਆਂ ਦੇ ਆਪਣੇ ਬੱਚੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਦੇ ਹਨ ਅਤੇ ਪੰਜਾਬੀ ਤੋਂ ਅਨਜਾਣ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬੋਲੀ ਅਤੇ ਸੱਭਿਆਚਾਰ ਦੇ ਵਿਕਾਸ ਲਈ ਸਰਕਾਰੀ ਸਰਪ੍ਰਸਤੀ ਦੀ ਲੋੜ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਲੋਕੀਂ ਆਪਣੀ ਭਾਸ਼ਾ ਨੂੰ ਅਪਨਾਉਣ ਲਈ ਆਪ ਪਹਿਲ ਕਰਨ। ਇਹ ਪੰਜਾਬ ਹੀ ਹੈ ਜਿਥੇ ਘਰਾਂ, ਦੁਕਾਨਾਂ ਤੇ ਦਫਤਰਾਂ ਦੇ ਬਾਹਰ ਬੋਰਡ ਅੰਗਰੇਜ਼ੀ ਵਿਚ ਲੱਗੇ ਹੋਏ ਹਨ। ਸਰਕਾਰ ਨਾਲ ਚਿੱਠੀ ਪੱਤਰ ਲਈ ਅਸੀਂ ਅੰਗਰੇਜ਼ੀ ਦੀ ਵਰਤੋਂ ਕਰਦੇ ਹਾਂ। ਬੈਂਕਾਂ, ਡਾਕਘਰਾਂ ਤੇ ਦਫਤਰਾਂ ਵਿਚ ਫਾਰਮ ਅੰਗਰੇਜ਼ੀ ਵਿਚ ਭਰਦੇ ਹਾਂ ਫਿਰ ਭਲਾ ਅਸੀਂ ਸਰਕਾਰ ਨੂੰ ਕਿਵੇਂ ਦੋਸ਼ੀ ਆਖ ਸਕਦੇ ਹਾਂ। ਰਜਵੀਂ ਰੋਟੀ ਖਾਣ ਵਾਲੇ ਘਰਾਂ ਦੇ ਬੱਚੇ ਪੰਜਾਬੀ ਪੜ੍ਹਦੇ ਹੀ ਨਹੀਂ। ਉਨ੍ਹਾਂ ਨਾਲ ਅਸੀਂ ਘਰ ਵਿਚ ਤੇ ਸਕੂਲ ਅੰਦਰ ਅੰਗਰੇਜ਼ੀ ਜਾਂ ਹਿੰਦੀ ਵਿਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸਲ ਵਿਚ ਅੰਗਰੇਜ਼ੀ ਦੇ ਪ੍ਰਭਾਵ ਵਿਚ ਆਏ ਮਾਪੇ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੋਣ ਹੀ ਨਹੀਂ ਦਿੰਦੇ। ਦੋ ਸਾਲ ਦੇ ਬੱਚੇ ਨੂੰ ਹੀ ਅਖੌਤੀ ਨਰਸਰੀ ਸਕੂਲਾਂ ਵਿਚ ਭੇਜ ਦਿੰਦੇ ਹਾਂ। ਖੇਲਣ ਤੇ ਮਾਪਿਆਂ ਨਾਲ ਘੁਲਣ-ਮਿਲਣ ਦੀ ਉਮਰ ਵਿਚ ਉਹ ਸਕੂਲੀ ਅਨੁਸ਼ਾਸਨ ਵਿਚ ਬੰਨ੍ਹੇ ਜਾਂਦੇ ਹਨ ਤੇ ਧੱਕੇ ਨਾਲ ਉਨ੍ਹਾਂ ਨੂੰ ਅੰਗਰੇਜ਼ੀ ਰਟਾਈ ਜਾਂਦੀ ਹੈ। ਇੰਝ ਉਨ੍ਹਾਂ ਦੀ ਆਪਣੀ ਸੋਚ ਅਤੇ ਬੌਧਿਕਤਾ ਨੂੰ ਬੰਨ੍ਹ ਦਿੱਤਾ ਜਾਂਦਾ ਹੈ। ਸੋਚ ਦੀਆਂ ਉਡਾਰੀਆਂ ਤੇ ਮੁਢਲਾ ਗਿਆਨ ਆਪਣੀ ਮਾਂ-ਬੋਲੀ ਰਾਹੀਂ ਪ੍ਰਾਪਤ ਹੋ ਸਕਦਾ ਹੈ। ਪੰਜਵੀਂ ਜਮਾਤ ਵਿਚ ਪਹੁੰਚ ਕੇ ਬੱਚੇ ਨੂੰ ਸੋਝੀ ਆ ਜਾਂਦੀ ਹੈ ਤੇ ਵਿਦੇਸ਼ੀ ਭਾਸ਼ਾ ਉਹ ਸਹਿਜ ਨਾਲ ਸਿੱਖ ਸਕਦਾ ਹੈ। ਡਾ. ਕਲਾਮ, ਡਾ. ਮਨਮੋਹਨ ਸਿੰਘ, ਮੋਦੀ ਆਦਿ ਤੱਪੜਾਂ ਵਾਲੇ ਪੇਂਡੂ ਸਕੂਲਾਂ ਵਿਚ ਪੜ੍ਹੇ ਹਨ। ਉਨ੍ਹਾਂ ਅੰਗਰੇਜ਼ੀ ਵੀ ਪੰਜਵੀਂ ਜਮਾਤ ਵਿਚ ਆ ਕੇ ਹੀ ਸਿਖਣੀ ਸ਼ੁਰੂ ਕੀਤੀ ਸੀ ਪਰ ਉਹ ਅੰਗਰੇਜ਼ੀ ਵਿਚ ਕਿਸੇ ਪਾਸਿਓਂ ਘੱਟ ਨਹੀਂ ਹਨ। ਅੱਜ ਦੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹੇ ਬੱਚੇ ਅੰਗਰੇਜ਼ੀ ਬੋਲ ਤਾਂ ਭਾਵੇਂ ਸਕਦੇ ਹੋਣ ਪਰ ਸ਼ੁੱਧ ਅੰਗਰੇਜ਼ੀ ਲਿਖਣ ਤੋਂ ਅਸਮਰੱਥ ਹਨ। ਅਸਲ ਵਿਚ ਉਹ ਆਪਣੀਆਂ ਸੋਚਾਂ ਤੇ ਭਾਵਨਾਵਾਂ ਨੂੰ ਉਜਾਗਰ ਕਰ ਹੀ ਨਹੀਂ ਸਕਦੇ, ਕਿਉਂਕਿ ਅੰਗਰੇਜ਼ੀ ਵਿਚ ਇਹ ਹੋਣਾ ਔਖਾ ਹੈ, ਆਪਣੀ ਬੋਲੀ ਉਨ੍ਹਾਂ ਨੂੰ ਆਉਂਦੀ ਨਹੀਂ।
ਇਸੇ ਕਰਕੇ ਅਸੀਂ ਜੁਗਾੜੀ ਤਾਂ ਬਣ ਗਏ ਹਾਂ ਪਰ ਵਧੀਆ ਵਿਗਿਆਨੀ ਨਹੀਂ ਬਣ ਸਕੇ। ਸੂਬੇ ਦੀਆਂ ਬਹੁਤੀਆਂ ਮੁਸ਼ਕਿਲਾਂ ਦਾ ਇਕ ਕਾਰਨ ਇਹ ਵੀ ਹੈ ਕਿ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਢੁਕਵੇਂ ਵਿਗਿਆਨਕ ਢੰਗ ਵਿਕਸਿਤ ਹੀ ਨਹੀਂ ਕਰ ਸਕੇ। ਪੰਜਾਬ ਨੂੰ ਵਿਕਾਸ ਦੇ ਅਗਲੇ ਪੜਾਅ ਤੇ ਲੈ ਕੇ ਜਾਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਬੋਲੀ ਵਿਚ ਸੋਚੀਏ ਤੇ ਆਪਣੇ ਸੱਭਿਆਚਾਰ ਆਧਾਰਿਤ ਵਿਕਾਸ ਦੀਆਂ ਯੋਜਨਾਵਾਂ ਉਲੀਕੀਏ। ਪੱਛਮੀ ਦੇਸ਼ਾਂ ਦੀ ਨਕਲ ਨੂੰ ਵਿਕਾਸ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਬੋਲੀ 'ਤੇ ਆਧਾਰਿਤ ਬਣੇ ਸੂਬੇ ਦੀ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਵਿਕਸਿਤ ਕਰੇ। ਸਾਰੇ ਸਰਕਾਰੀ ਕੰਮਕਾਜ ਪੰਜਾਬੀ ਵਿਚ ਕੀਤੇ ਜਾਣ ਅਤੇ ਪੰਜਾਬੀ ਗੀਤ-ਸੰਗੀਤ ਵਿਚ ਵਧ ਰਹੇ ਲੱਚਰਪੁਣੇ ਨੂੰ ਵੀ ਠੱਲ੍ਹ ਪਾਈ ਜਾਵੇ ਪਰ ਬੋਲੀ ਅਤੇ ਸੱਭਿਆਚਾਰ ਉਦੋਂ ਹੀ ਵਿਕਸਿਤ ਹੋ ਸਕਣਗੇ, ਜਦੋਂ ਪੰਜਾਬੀ ਆਪ ਆਪਣੀ ਬੋਲੀ ਅਤੇ ਸੱਭਿਆਚਾਰ ਨੂੰ ਅਪਣਾਉਣਗੇ ਅਤੇ ਇਸ ਉਤੇ ਮਾਣ ਕਰਨਗੇ। ਆਓ, ਆਪਣੇ ਰੋਜ਼ਾਨਾ ਦੇ ਕੰਮਕਾਜ ਵਿਚ ਪੰਜਾਬੀ ਦੀ ਵਰਤੋਂ ਕਰੀਏ। ਘਰਾਂ, ਦਫਤਰਾਂ ਅਤੇ ਦੁਕਾਨਾਂ ਦੇ ਬਾਹਰ ਬੋਰਡ ਪੰਜਾਬੀ ਵਿਚ ਲਗਾਏ ਜਾਣ। ਸਰਕਾਰੀ ਫਾਰਮ ਅਤੇ ਹੋਰ ਚਿੱਠੀ ਪੱਤਰ ਪੰਜਾਬੀ ਵਿਚ ਕੀਤਾ ਜਾਵੇ। ਬੈਂਕਾਂ ਅਤੇ ਡਾਕਘਰਾਂ ਵਿਚ ਫਾਰਮ ਤੇ ਚੈੱਕ ਪੰਜਾਬੀ ਵਿਚ ਲਿਖੇ ਜਾਣ।
ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਭੇਜੀਏ। ਬੇਸ਼ੱਕ ਇਨ੍ਹਾਂ ਸਕੂਲਾਂ ਵਿਚ ਸਹੂਲਤਾਂ ਦੀ ਘਾਟ ਹੈ ਪਰ ਅਧਿਆਪਕ ਵੱਧ ਪੜ੍ਹੇ-ਲਿਖੇ ਅਤੇ ਵੱਧ ਤਨਖਾਹ ਲੈਂਦੇ ਹਨ। ਜੇਕਰ ਵੱਡੇ ਘਰਾਂ ਦੇ ਬੱਚੇ ਇਨ੍ਹਾਂ ਸਕੂਲਾਂ ਵਿਚ ਜਾਣਗੇ ਤਾਂ ਅਧਿਆਪਕ ਵੀ ਪੂਰੀ ਸੰਜੀਦਗੀ ਨਾਲ ਆਪਣੀ ਡਿਊਟੀ ਨਿਭਾਉਣਗੇ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਜੋ ਅਖੌਤੀ ਅੰਗਰੇਜ਼ੀ ਸਕੂਲਾਂ ਵਲੋਂ ਮਾਪਿਆਂ ਦਾ ਮੁੱਖ ਮੋੜਿਆ ਜਾ ਸਕੇ। ਹੁਣ ਸਥਿਤੀ ਇਹ ਬਣ ਗਈ ਹੈ ਕਿ ਸਰਕਾਰੀ ਸਕੂਲਾਂ ਵਿਚ ਠੀਕ ਢੰਗ ਨਾਲ ਪੜ੍ਹਾਈ ਹੁੰਦੀ ਨਹੀਂ। ਕੋਈ ਤਿੰਨ ਤਿਹਾਈ ਬੱਚੇ ਦਸਵੀਂ ਪਾਸ ਕਰਨ ਤੋਂ ਪਹਿਲਾਂ ਹੀ ਸਕੂਲ ਛੱਡ ਜਾਂਦੇ ਹਨ। ਜਦੋਂਕਿ ਅਖੌਤੀ ਸਕੂਲ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣ ਦੀ ਥਾਂ ਸਵਾਰਥੀ ਵਪਾਰੀ ਬਣਾ ਰਹੇ ਹਨ। ਬੱਚੇ ਹਊਮੈ ਵਿਚ ਗ੍ਰਸੇ ਜਾ ਰਹੇ ਹਨ। ਉਹ ਸਵੇਰੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਸਕੂਲ ਅਤੇ ਟਿਊਸ਼ਨਾਂ ਦੇ ਚੱਕਰ ਵਿਚ ਹੀ ਘੁੰਮਦੇ ਹਨ, ਜਦੋਂ ਕੁਝ ਵਿਹਲ ਮਿਲਦੀ ਹੈ ਤਾਂ ਆਪਣੇ ਮੋਬਾਈਲ ਨਾਲ ਖੇਡਦੇ ਹਨ। ਹੁਣੇ ਹੋਏ ਇਕ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਸਰਕਾਰੀ ਸਕੂਲਾਂ ਦੇ ਬਹੁਗਿਣਤੀ ਬੱਚਿਆਂ ਕੋਲ ਸਮਾਰਟ ਫ਼ੋਨ ਹਨ ਪਰ ਉਹ ਆਪਣੀ ਮਾਂ-ਬੋਲੀ ਵਾਲੀ ਕਿਤਾਬ ਠੀਕ ਢੰਗ ਨਾਲ ਨਹੀਂ ਪੜ੍ਹ ਸਕਦੇ। ਖੇਡਣਾ, ਸਾਥੀਆਂ ਨਾਲ ਠੱਠਾ ਮਖੌਲ, ਮਾਪਿਆਂ ਨਾਲ ਗੱਲਬਾਤ ਦਾ ਮੌਕਾ ਹੀ ਨਹੀਂ ਮਿਲਦਾ। ਉਹ ਕੇਵਲ ਆਪਣੀ ਬੋਲੀ ਅਤੇ ਸੱਭਿਆਚਾਰ ਤੋਂ ਹੀ ਦੂਰ ਨਹੀਂ ਹੋ ਰਹੇ ਸਗੋਂ ਸਮਾਜਿਕ ਰਿਸ਼ਤਿਆਂ ਦੇ ਨਿੱਘ ਤੋਂ ਵੀ ਅਨਜਾਣ ਬਣ ਰਹੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਦੇ ਅਵੇਸਲੇਪਨ ਨੂੰ ਦੂਰ ਕਰਨ ਲਈ ਸੰਘਰਸ਼ ਕਰਨਾ ਚਾਹੀਦਾ ਹੈ ਪਰ ਸਭ ਤੋਂ ਪਹਿਲਾਂ ਇਹ ਸੰਘਰਸ਼ ਆਪਣੇ ਆਪ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਕਿਸੇ ਵੀ ਭਾਸ਼ਾ ਨੂੰ ਕਿਸੇ ਧਰਮ ਨਾਲ ਜੋੜਨਾ ਉੱਚਿਤ ਨਹੀਂ ਹੈ। ਪੰਜਾਬੀ ਤਾਂ ਸਾਰੇ ਪੰਜਾਬੀਆਂ ਦੀ ਭਾਸ਼ਾ ਹੈ। ਸਾਨੂੰ ਆਪਣੀ ਬੋਲੀ ਅਤੇ ਸੱਭਿਆਚਾਰ ਉੱਤੇ ਮਾਣ ਕਰਨਾ ਚਾਹੀਦਾ ਹੈ। ਜਦੋਂ ਤੱਕ ਕੋਈ ਆਪਣੀ ਬੋਲੀ ਅਤੇ ਸੱਭਿਆਚਾਰ ਉਤੇ ਮਾਣ ਨਹੀਂ ਕਰਦਾ, ਉਸ ਵਿਚ ਆਤਮ ਵਿਸ਼ਵਾਸ ਨਹੀਂ ਆਉਂਦਾ। ਉਹ ਨਕਲ ਤਾਂ ਚੰਗੀ ਮਾਰ ਸਕਦਾ ਹੈ ਪਰ ਆਪਣੀ ਲੋੜ ਅਨੁਸਾਰ ਨਵੀਆਂ ਕਾਢਾਂ ਨਹੀਂ ਵਿਕਸਤ ਕਰ ਸਕਦਾ। ਮਾਤ-ਭਾਸ਼ਾ ਦਿਵਸ ਉਤੇ ਸਾਰੇ ਪੰਜਾਬੀ ਪ੍ਰਣ ਕਰਨ ਕਿ ਅਸੀਂ ਆਪਣੀ ਮਾਂ-ਬੋਲੀ ਪੰਜਾਬੀ ਨੂੰ ਅਪਣਾਵਾਂਗੇ ਤੇ ਇਸ ਦੀ ਵਰਤੋਂ ਸਾਰੇ ਕੰਮਾਂ ਕਾਰਾਂ ਲਈ ਵੱਧ ਤੋਂ ਵੱਧ ਕਰਾਂਗੇ।
ਘਰ ਵਿਚ ਆਪਣੇ ਬੱਚਿਆਂ ਨਾਲ ਪੰਜਾਬੀ ਵਿਚ ਗੱਲਬਾਤ ਕਰੀਏ, ਉਨ੍ਹਾਂ ਨੂੰ ਸੋਚ ਦੀਆਂ ਉਡਾਰੀਆਂ ਮਾਰਨ ਲਈ ਉਕਸਾਈਏ। ਪੰਜਾਬ ਦਾ ਵਿਰਸਾ ਬਹੁਤ ਹੀ ਮਹਾਨ ਹੈ। ਨਵੀਂ ਪੀੜ੍ਹੀ ਨੂੰ ਇਸ ਮਹਾਨ ਵਿਰਸੇ ਦਾ ਗਿਆਨ ਕਰਵਾਈਏ। ਪੰਜਾਬੀਆਂ ਸਾਹਮਣੇ ਮਹਾਨ ਸ਼ਖ਼ਸੀਅਤਾਂ ਜਿਹੜੀਆਂ ਉਨ੍ਹਾਂ ਲਈ ਰੋਲ ਮਾਡਲ ਅਤੇ ਪ੍ਰੇਰਨਾ ਸਰੋਤ ਬਣ ਸਕਣ ਦੀ ਘਾਟ ਹੈ, ਕਿਉਂਕਿ ਅਸੀਂ ਉਨ੍ਹਾਂ ਨੂੰ ਆਪਣੇ ਮਹਾਨ ਵਿਰਸੇ ਤੋਂ ਜਾਣੂ ਕਰਵਾਇਆ ਹੀਂ ਨਹੀਂ ਹੈ। ਇਹ ਜ਼ਿੰਮੇਵਾਰੀ ਪੰਜਾਬੀ ਲੇਖਕਾਂ ਅਤੇ ਮੀਡੀਏ ਦੀ ਬਣਦੀ ਹੈ ਕਿ ਉਹ ਬੱਚਿਆਂ ਲਈ ਵਿਰਸੇ ਆਧਾਰਿਤ ਪੁਸਤਕਾਂ, ਟੀ. ਵੀ. ਪ੍ਰੋਗਰਾਮ ਅਤੇ ਸੋਸ਼ਲ ਮੀਡੀਆ ਲਈ ਪ੍ਰੋਗਰਾਮ ਤਿਆਰ ਕਰਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਮੀਡੀਅਮ ਵਾਲੇ ਸਕੂਲਾਂ ਵਿਚ ਭੇਜਣ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਲਈ ਭੇਜਣ। ਇਹ ਆਮ ਆਖਿਆ ਜਾਂਦਾ ਹੈ ਕਿ ਹਰੇਕ ਅਧਿਆਪਕ ਸਰਕਾਰੀ ਸਕੂਲ ਵਿਚ ਨੌਕਰੀ ਕਰਨੀ ਚਾਹੁੰਦਾ ਹੈ ਪਰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਤੋਂ ਕੰਨੀ ਕਤਰਾਉਂਦਾ ਹੈ। ਕਦੇ ਸਮਾਂ ਸੀ ਜਦੋਂ ਬੱਚੇ ਨੂੰ ਪਹਿਲ ਦੇ ਆਧਾਰ ਉਤੇ ਸਰਕਾਰੀ ਸਕੂਲ ਵਿਚ ਭੇਜਿਆ ਜਾਂਦਾ ਸੀ। ਇਹ ਸਕੂਲ ਵੀ ਲੋਕਾਂ ਨੇ ਹੀ ਖੋਲ੍ਹੇ ਸਨ, ਵਪਾਰੀਆਂ ਦੀਆਂ ਦੁਕਾਨਾਂ ਨਹੀਂ ਸਨ। ਜਦੋਂ ਨੇੜੇ-ਤੇੜੇ ਕੋਈ ਸਰਕਾਰੀ ਸਕੂਲ ਨਹੀਂ ਸੀ ਹੁੰਦਾ, ਉਦੋਂ ਹੀ ਬੱਚਿਆਂ ਨੂੰ ਮਜਬੂਰੀਵਸ ਗ਼ੈਰ-ਸਰਕਾਰੀ ਸਕੂਲ ਵਿਚ ਭੇਜਿਆ ਜਾਂਦਾ ਸੀ। ਸਾਰੇ ਘਰਾਂ, ਦਫਤਰਾਂ ਅਤੇ ਦੁਕਾਨਾਂ ਦੇ ਬਾਹਰ ਲੱਗੇ ਬੋਰਡ ਪੰਜਾਬੀ ਵਿਚ ਲਿਖਣ ਲਈ ਮੁਹਿੰਮ ਸ਼ੁਰੂ ਕਰੀਏ। ਆਪਣਾ ਸਾਰਾ ਲਿਖਣ-ਪੜ੍ਹਨ ਪੰਜਾਬੀ ਵਿਚ ਕਰੀਏ।
ਹੁਣ ਪੰਜਾਬੀ ਵਿਚ ਅਰਜ਼ੀ ਲਿਖਣੀ ਜਾਂ ਫਾਰਮ ਭਰਨਾ ਹੀਣਤਾ ਸਮਝੀ ਜਾਂਦੀ ਹੈ, ਜਦੋਂ ਪੰਜਾਬੀ ਪਿਆਰਿਆਂ ਵਲੋਂ ਆਪਣਾ ਕਾਰੋਬਾਰ ਪੰਜਾਬੀ ਵਿਚ ਸ਼ੁਰੂ ਹੋ ਗਿਆ ਤਾਂ ਫਿਰ ਹੌਲੀ-ਹੌਲੀ ਸਾਰੇ ਹੀ ਅਜਿਹਾ ਕਰਨ ਲੱਗ ਪੈਣਗੇ। ਆਪਣੇ ਸਾਰੇ ਸੱਦਾ ਪੱਤਰ ਪੰਜਾਬੀ ਵਿਚ ਛਾਪੀਏ। ਇਹ ਸਾਦੇ ਤੇ ਸੁੰਦਰ ਬਣਾਏ ਜਾਣ। ਜਦੋਂ ਅਸੀਂ ਪੰਜਾਬੀ ਨੂੰ ਅਪਣਾ ਲਿਆ, ਉਦੋਂ ਜਿਹੜੀ ਵਿਖਾਵੇ ਦੀ ਭੈੜੀ ਬਿਮਾਰੀ ਸਾਨੂੰ ਲੱਗੀ ਹੋਈ ਹੈ, ਇਹ ਵੀ ਘਟ ਹੋਣ ਲੱਗ ਪਵੇਗੀ। ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹੋਣਾ ਵਿਦਵਤਾ ਦੀ ਨਿਸ਼ਾਨੀ ਹੈ ਪਰ ਆਪਣੀ ਬੋਲੀ ਤੋਂ ਮੁੱਖ ਮੋੜਨਾ ਘਟੀਆਪਨ ਦੀ ਨਿਸ਼ਾਨੀ ਹੈ। ਪਿਛਲੇ ਦਿਨੀਂ ਡਾ. ਨਿਰਮਲ ਜੌੜਾ ਦੇ ਪੁੱਤਰ ਦੇ ਵਿਆਹ ਦਾ ਕਾਰਡ ਮਿਲਿਆ। ਇਹ ਕੇਵਲ ਪੰਜਾਬੀ ਵਿਚ ਹੀ ਨਹੀਂ ਸੀ ਸਗੋਂ ਪੰਜਾਬੀ ਸੱਭਿਆਚਾਰ ਦੀ ਝਲਕ ਵੀ ਦੇ ਰਿਹਾ ਸੀ। ਪੰਜਾਬੀ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲੋਂ ਟੁੱਟੇ ਹੋਏ ਹਨ, ਇਸੇ ਕਰਕੇ ਇਥੇ ਭ੍ਰਿਸ਼ਟਾਚਾਰ, ਹੇਰਾਫੇਰੀ ਅਤੇ ਨਸ਼ਿਆਂ ਦਾ ਵਾਧਾ ਹੋਇਆ ਹੈ। ਅਸੀਂ ਆਪਣੇ ਗੁਰੂ ਸਾਹਿਬਾਨ ਦੇ ਹੁਕਮਾਂ ਨੂੰ ਭੁੱਲ ਗਏ ਹਾਂ, ਹੱਕ ਪਰਾਏ ਬਾਰੇ ਆਖੇ ਗੁਰੂ ਨਾਨਕ ਸਾਹਿਬ ਦੇ ਹੁਕਮਾਂ ਨੂੰ ਵਿਸਾਰ ਦਿੱਤਾ ਹੈ। ਗੁਰੂ ਜੀ ਨੇ ਪਵਨ, ਪਾਣੀ ਅਤੇ ਧਰਤੀ ਨੂੰ ਗੁਰੂ, ਪਿਤਾ ਤੇ ਮਾਤਾ ਦਾ ਦਰਜਾ ਦਿੱਤਾ ਸੀ ਪਰ ਅਸੀਂ ਇਨ੍ਹਾਂ ਨੂੰ ਪਲੀਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਆਵੋ ਆਪਣੇ ਗੁਰੂਆਂ ਦੇ ਹੁਕਮਾਂ ਦੀ ਪਾਲਣਾ ਕਰੀਏ ਪਰ ਅਜਿਹਾ ਉਦੋਂ ਹੀ ਹੋਵੇਗਾ ਜਦੋਂ ਅਸੀਂ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੁੜਾਂਗੇ। ਪੰਜਾਬੀ ਬੋਲੀ ਅਤੇ ਆਪਣੇ ਸਭਿਆਚਾਰ ਨਾਲ ਜੁੜੀਏ ਅਤੇ ਪੰਜਾਬ ਨੂੰ ਬਚਾਈਏ।

-ਮੋਬਾਈਲ : 94170-87328

Ad Position 22
No active advertisement
ਪਿਛਲੀ ਖ਼ਬਰ ਵਿਕਾਸ ਦੇ ਨਾਲ-ਨਾਲ ਜ਼ਰੂਰੀ ਹੈ ਵਾਤਾਵਰਨ ਸੁਰੱਖਿਆ ਅਗਲੀ ਖ਼ਬਰ ਸਰਬਉੱਚ ਅਦਾਲਤ ਦੀ ਨਾਰਾਜ਼ਗੀ
Ad Position 24