28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪ੍ਰਧਾਨ ਮੰਤਰੀ ਦੀ ਇਜ਼ਰਾਈਲ ਯਾਤਰਾ ਦਾ ਹਾਸਿਲ

Ad Position 21
No active advertisement
ਅਜੀਤ ਡੈਸਕ 28-02-2026

ਦੁਨੀਆ ਭਰ ਦੇ ਬਹੁਤੇ ਮੁਲਕ ਇਸ ਸਮੇਂ ਵੱਡੇ ਤਣਾਅ 'ਚੋਂ ਗੁਜ਼ਰ ਰਹੇ ਹਨ | ਵੱਖ-ਵੱਖ ਥਾਵਾਂ 'ਤੇ ਆਪਸੀ ਲੜਾਈਆਂ ਭਿਆਨਕ ਰੂਪ ਧਾਰਦੀਆਂ ਨਜ਼ਰ ਆ ਰਹੀਆਂ ਹਨ | ਪਿਛਲੇ 4 ਸਾਲ ਤੋਂ ਰੂਸ ਅਤੇ ਯੂਕਰੇਨ ਵਿਚ ਖੂਨੀ ਜੰਗ ਚੱਲ ਰਹੀ ਹੈ | ਇਸੇ ਹੀ ਤਰ੍ਹਾਂ ਇਜ਼ਰਾਈਲ ਅਤੇ ਗਾਜ਼ਾ ਪੱਟੀ 'ਤੇ ਕਾਬਜ਼ ਖਾੜਕੂ ਜਥੇਬੰਦੀ 'ਹਮਾਸ' ਵਿਚਕਾਰ ਵੀ ਵੱਡਾ ਖੂਨੀ ਸੰਘਰਸ਼ ਛਿੜਿਆ ਰਿਹਾ ਹੈ, ਜਿਸ ਦੀ ਜ਼ੱਦ ਵਿਚ ਗਾਜ਼ਾ ਪੱਟੀ ਵਿਚ ਰਹਿਣ ਵਾਲੇ ਲੱਖਾਂ ਹੀ ਫਿਲਸਤੀਨੀ ਆਏ ਹੋਏ ਹਨ | ਇਜ਼ਰਾਈਲੀ ਫ਼ੌਜਾਂ ਵਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਬੁਰੀ ਤਰ੍ਹਾਂ ਕੋਹਿਆ ਜਾ ਰਿਹਾ ਹੈ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ ਭਰ ਪਹਿਲਾਂ ਤੋਂ ਇਸ ਸੰਘਰਸ਼ ਵਿਚ ਪੂਰਾ ਦਖ਼ਲ ਦੇਣ ਦਾ ਯਤਨ ਕੀਤਾ ਹੈ ਪਰ ਅਮਰੀਕਾ ਦੇ ਹਮੇਸ਼ਾ ਇਜ਼ਰਾਈਲ ਵੱਲ ਝੁਕੇ ਰਹਿਣ ਕਾਰਨ ਟਰੰਪ ਵਲੋਂ ਇਸ ਖਿੱਤੇ ਵਿਚ ਸੁਝਾਈ ਸ਼ਾਂਤੀ ਯੋਜਨਾ 'ਤੇ ਵਿਸ਼ਵਾਸ ਕੀਤਾ ਜਾਣਾ ਮੁਸ਼ਕਿਲ ਜਾਪਦਾ ਹੈ |
ਬਿਨਾਂ ਸ਼ੱਕ ਹਮਾਸ ਗੁਰੀਲਿਆਂ ਨੇ ਇਜ਼ਰਾਈਲ 'ਤੇ ਹਮਲਾ ਕਰ ਕੇ ਉੱਥੇ ਸੈਂਕੜੇ ਹੀ ਨਾਗਰਿਕਾਂ ਨੂੰ ਮਾਰ ਦਿੱਤਾ ਸੀ ਅਤੇ ਬਹੁਤ ਸਾਰਿਆਂ ਨੂੰ ਬੰਦੀ ਬਣਾ ਕੇ ਉਹ ਉਨ੍ਹਾਂ ਨੂੰ ਗਾਜ਼ਾ ਪੱਟੀ ਵਿਚ ਲੈ ਗਏ ਸਨ, ਜਿਸ ਦੇ ਪ੍ਰਤੀਕਰਮ ਵਜੋਂ ਇਜ਼ਰਾਈਲ ਵਲੋਂ ਕੀਤੇ ਹਮਲਿਆਂ ਵਿਚ ਹਜ਼ਾਰਾਂ ਹੀ ਫਿਲਸਤੀਨੀ ਜਾਨਾਂ ਗੁਆ ਬੈਠੇ | 7 ਅਕਤੂਬਰ, 2023 ਤੋਂ ਛਿੜੇ ਟਕਰਾਓ ਵਿਚ ਹੁਣ ਤੱਕ 80 ਹਜ਼ਾਰ ਫਿਲਸਤੀਨੀ ਮਾਰੇ ਜਾ ਚੁੱਕੇ ਹਨ | ਇਜ਼ਰਾਈਲ ਵਿਚ 1195 ਸ਼ਹਿਰੀ ਤੇ ਫ਼ੌਜੀ ਮਾਰੇ ਗਏ ਹਨ | ਹਮਾਸ ਦੇ 1600 ਗੁਰੀਲੇ ਵੀ ਮਰਨ ਵਾਲਿਆਂ ਵਿਚ ਸ਼ਾਮਿਲ ਹਨ | ਇਜ਼ਰਾਈਲ 1948 ਵਿਚ ਹੋਂਦ 'ਚ ਆਇਆ ਸੀ | ਉਸ ਸਮੇਂ ਤੋਂ ਲੈ ਕੇ ਅਰਬ ਮੁਲਕਾਂ ਨੇ ਇਸ ਦੀ ਹੋਂਦ ਦੀ ਵਿਰੋਧਤਾ ਕੀਤੀ ਹੈ | ਬਹੁਤ ਸਾਰੇ ਇਸਲਾਮਿਕ ਗੁਰੀਲਾ ਸੰਗਠਨ ਵੀ ਇਸ ਵਿਰੁੱਧ ਜਿਹਾਦ ਲਈ ਬਣੇ, ਜੋ ਲਗਾਤਾਰ ਇਜ਼ਰਾਈਲ ਖ਼ਿਲਾਫ਼ ਲੜਾਈ ਲੜਦੇ ਰਹੇ | ਅਰਬ ਦੇਸ਼ਾਂ ਅਤੇ ਇਜ਼ਰਾਈਲ ਵਿਚਕਾਰ ਕਈ ਜੰਗਾਂ ਹੋਈਆਂ, ਜਿਨ੍ਹਾਂ ਤੋਂ ਬਾਅਦ ਸਮਝੌਤੇ ਹੁੰਦੇ ਰਹੇ | ਅੱਜ ਬਹੁਤੇ ਦੇਸ਼ ਇਜ਼ਰਾਈਲ ਦੀ ਹੋਂਦ ਨੂੰ ਮੰਨਣ ਤੋਂ ਇਨਕਾਰੀ ਨਹੀਂ ਹਨ, ਸਗੋਂ ਉਨ੍ਹਾਂ ਨੇ ਉਸ ਨੂੰ ਮਾਨਤਾ ਵੀ ਦੇ ਦਿੱਤੀ ਹੈ, ਪਰ ਈਰਾਨ ਨੇ ਹਮੇਸ਼ਾ ਹੀ ਇਜ਼ਰਾਈਲ 'ਚੋਂ ਯਹੂਦੀਆਂ ਦਾ ਖ਼ੁਰਾ-ਖੋਜ ਮਿਟਾਉਣ ਦੀਆਂ ਧਮਕੀਆਂ ਹੀ ਨਹੀਂ ਦਿੱਤੀਆਂ, ਸਗੋਂ ਇਸ ਵਿਰੁੱਧ ਲੜਦੇ ਅਨੇਕਾਂ ਹੀ ਛੋਟੇ-ਵੱਡੇ ਸੰਗਠਨਾਂ ਨੂੰ ਹਥਿਆਰਾਂ ਤੋਂ ਲੈ ਕੇ ਹੋਰ ਹਰ ਤਰ੍ਹਾਂ ਦੀ ਪੂਰੀ-ਪੂਰੀ ਹਿਮਾਇਤ ਵੀ ਜਾਰੀ ਰੱਖੀ ਹੈ |
ਦੂਸਰੇ ਪਾਸੇ ਮੱਧ ਪੂਰਬ ਵਿਚ ਸਥਾਈ ਸ਼ਾਂਤੀ ਲਈ ਅੱਜ ਦੁਨੀਆ ਦੇ ਬਹੁਤੇ ਦੇਸ਼ ਫਿਲਸਤੀਨ ਨੂੰ ਇਕ ਵੱਖਰਾ ਆਜ਼ਾਦ ਦੇਸ਼ ਬਣਾਉਣ ਦੇ ਹਾਮੀ ਰਹੇ ਹਨ | ਬਹੁਤਿਆਂ ਦੀ ਇਹੀ ਸਮਝ ਹੈ ਕਿ ਅਜਿਹਾ ਕਰਨ ਨਾਲ ਹੀ ਇਸ ਲਗਾਤਾਰ ਬਣ ਰਹੇ ਟਕਰਾਅ 'ਚੋਂ ਨਿਕਲ ਕੇ ਇਸ ਖੇਤਰ ਵਿਚ ਸਥਾਈ ਸ਼ਾਂਤੀ ਵੱਲ ਵਧਿਆ ਜਾ ਸਕਦਾ ਹੈ | ਅਜਿਹਾ ਸੰਘਰਸ਼ ਅੱਜ ਵੀ ਜਾਰੀ ਹੈ ਅਤੇ ਆਉਂਦੇ ਸਮੇਂ ਵਿਚ ਵੀ ਇਸ ਦੇ ਜਾਰੀ ਰਹਿਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਭਾਰਤ ਨੇ ਆਜ਼ਾਦੀ ਤੋਂ ਬਾਅਦ ਗੱੁਟ ਨਿਰਲੇਪ ਰਹਿਣ ਦੀ ਨੀਤੀ ਅਪਣਾਈ ਅਤੇ ਇਸ ਭਾਵਨਾ ਵਿਚ ਆਪਣੇ ਨਾਲ ਕਈ ਦੇਸ਼ ਵੀ ਜੋੜੇ | ਉਸ ਸਮੇਂ ਦੁਨੀਆ ਦੋ ਹਿੱਸਿਆਂ ਵਿਚ ਵੰਡੀ ਨਜ਼ਰ ਆਉਂਦੀ ਸੀ | ਇਕ ਦੀ ਅਗਵਾਈ ਸੋਵੀਅਤ ਯੂਨੀਅਨ ਅਤੇ ਦੂਸਰੇ ਦੀ ਅਗਵਾਈ ਅਮਰੀਕਾ ਕਰ ਰਿਹਾ ਸੀ, ਪਰ ਸਾਲ 1991 ਵਿਚ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਕੌਮਾਂਤਰੀ ਸਥਿਤੀ ਵੱਡੀ ਹੱਦ ਤੱਕ ਬਦਲਦੀ ਨਜ਼ਰ ਆਈ | ਇਸ ਦੇ ਨਾਲ ਹੀ ਦੁਨੀਆ ਭਰ ਵਿਚ ਇਸਲਾਮੀ ਕੱਟੜਪੰਥੀ ਲਹਿਰਾਂ ਪੈਦਾ ਹੋਈਆਂ, ਜਿਨ੍ਹਾਂ ਨੇ ਆਪਣੀਆਂ ਹਿੰਸਕ ਕਾਰਵਾਈਆਂ ਨਾਲ ਦੁਨੀਆ ਭਰ ਦੇ ਦੇਸ਼ਾਂ ਨੂੰ ਪ੍ਰਭਾਵਿਤ ਕਰੀ ਰੱਖਿਆ |
ਇਜ਼ਰਾਈਲ ਅਤੇ ਭਾਰਤ ਇਸ ਹਿੰਸਕ ਅੱਤਵਾਦ ਦਾ ਸ਼ਿਕਾਰ ਬਣੇ ਰਹੇ ਹਨ | ਪਹਿਲਾਂ ਪਹਿਲ ਭਾਰਤ ਦੀ ਵਿਦੇਸ਼ ਨੀਤੀ ਇਜ਼ਰਾਈਲ ਤੋਂ ਆਪਣੇ-ਆਪ ਨੂੰ ਦੂਰ ਰੱਖਣ ਦੀ ਰਹੀ ਹੈ ਪਰ ਹੌਲੀ-ਹੌਲੀ ਇਸ ਵਿਚ ਬਦਲਾਅ ਆਉਂਦਾ ਗਿਆ | ਕਸ਼ਮੀਰ ਵਿਵਾਦ ਦੇ ਮਾਮਲੇ 'ਤੇ ਪਾਕਿਸਤਾਨ ਦੀਆਂ ਵੱਖ-ਵੱਖ ਥਾਵਾਂ ਤੋਂ ਭਾਰਤ ਵਿਰੁੱਧ ਆਪਣੀਆਂ ਕਾਰਵਾਈਆਂ ਚਲਾ ਰਹੇ ਅੱਤਵਾਦੀ ਸੰਗਠਨਾਂ ਨੇ ਹੁਣ ਤੱਕ ਭਾਰਤ ਦੇ ਨੱਕ ਵਿਚ ਦਮ ਕਰੀ ਰੱਖਿਆ ਹੈ | ਪੈਦਾ ਹੋਏ ਅਜਿਹੇ ਹਾਲਾਤ ਕਰਕੇ ਹੀ ਦੋਵੇਂ ਦੇਸ਼ ਭਾਰਤ ਤੇ ਇਜ਼ਰਾਈਲ ਨੇੜੇ-ਨੇੜੇ ਆਏ ਹਨ | ਪਹਿਲੀ ਵਾਰ ਨਰਸਿਮ੍ਹਾ ਰਾਓ ਦੇ ਪ੍ਰਧਾਨ ਮੰਤਰੀ ਹੁੰਦਿਆਂ 1992 ਵਿਚ ਇਜ਼ਰਾਈਲ ਨੂੰ ਮਾਨਤਾ ਦਿੱਤੀ ਗਈ ਸੀ, ਪਰ ਭਾਰਤ ਪਹਿਲਾਂ ਤੋਂ ਹੀ ਫਿਲਸਤੀਨ ਦੀ ਸੁਤੰਤਰਤਾ ਦਾ ਵੀ ਹਾਮੀ ਰਿਹਾ ਹੈ | ਅਰਬ ਦੇਸ਼ਾਂ ਵਿਚ ਆਈਆਂ ਤਬਦੀਲੀਆਂ ਤੇ ਪਾਕਿਸਤਾਨ ਤੋਂ ਭਾਰਤ ਵਿਚ ਲਗਾਤਾਰ ਗ਼ੈਰ-ਕਾਨੂੰਨੀ ਘੁਸਪੈਠ ਦੇ ਚਲਦਿਆਂ ਦੋਵੇਂ ਦੇਸ਼ ਹੋਰ ਵੀ ਵਧੇਰੇ ਨੇੜੇ ਆਉਂਦੇ ਰਹੇ ਹਨ | ਨਰਸਿਮ੍ਹਾ ਰਾਓ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਹੁੰਦਿਆਂ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਹੋਰ ਵੀ ਨੇੜਤਾ ਆਈ | ਉਸ ਸਮੇਂ ਇਜ਼ਰਾਈਲ ਦੇ ਤਤਕਾਲੀ ਰਾਸ਼ਟਰਪਤੀ ਏਰੀਆ ਸ਼ੇਰੋਨ ਨੇ ਭਾਰਤ ਦੀ ਯਾਤਰਾ ਕੀਤੀ ਸੀ | ਇਹ ਯਾਤਰਾ ਕਰਨ ਵਾਲਾ ਉਹ ਇਜ਼ਰਾਈਲ ਦਾ ਪਹਿਲਾ ਰਾਸ਼ਟਰਪਤੀ ਸੀ |
ਸਾਲ 2015 ਵਿਚ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਵੀ ਇਜ਼ਰਾਈਲ ਦਾ ਦੌਰਾ ਕੀਤਾ ਸੀ ਅਤੇ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਵੀ ਜੁਲਾਈ 2017 ਵਿਚ ਇਜ਼ਰਾਈਲ ਦੀ ਯਾਤਰਾ ਕੀਤੀ ਸੀ | ਮੋਦੀ ਅਜਿਹੀ ਯਾਤਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ | ਇਸ ਯਾਤਰਾ ਵਿਚ ਵੀ ਇਜ਼ਰਾਈਲ ਨਾਲ ਕਈ ਸਮਝੌਤੇ ਕੀਤੇ ਗਏ ਸਨ | ਉਸ ਤੋਂ ਬਾਅਦ ਸਾਲ 2018 ਵਿਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਜ਼ਾਮਿਨ ਨੇਤਨਯਾਹੂ ਨੇ ਭਾਰਤ ਦੀ ਯਾਤਰਾ ਕੀਤੀ ਅਤੇ ਉਸ ਸਮੇਂ ਸੈਲਾਨੀਆਂ ਦੇ ਨਾਲ-ਨਾਲ ਸਨਅਤੀ ਅਤੇ ਖੇਤੀ ਦੇ ਖੇਤਰ ਵਿਚ ਵੱਡੇ ਸਮਝੌਤੇ ਕੀਤੇ ਗਏ | ਇਨ੍ਹਾਂ ਦੇ ਨਾਲ-ਨਾਲ ਸਾਈਬਰ ਸੁਰੱਖਿਆ, ਤੇਲ, ਗੈਸ ਉਤਪਾਦਨ ਆਦਿ ਦੇ ਖੇਤਰਾਂ ਵਿਚ ਦੋਵਾਂ ਨੇ ਸਾਂਝੇਦਾਰੀ ਨੂੰ ਵਧਾਉਣ ਦੀਆਂ ਯੋਜਨਾਵਾਂ ਉਲੀਕੀਆਂ |
ਪਿਛਲੇ ਦਿਨੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੁੜ ਇਜ਼ਰਾਈਲ ਦੀ ਯਾਤਰਾ ਕੀਤੀ ਹੈ, ਜਿਸ ਦੀ ਵੱਡੀ ਚਰਚਾ ਹੋਈ ਹੈ | ਇਸ ਦੌਰਾਨ ਊਰਜਾ, ਸਿੱਖਿਆ, ਖੇਤੀਬਾੜੀ ਅਤੇ ਹੋਰ ਖੇਤਰਾਂ ਵਿਚ ਵਪਾਰਕ ਸਮਝੌਤੇ ਕੀਤੇ ਗਏ ਹਨ ਅਤੇ ਦੋਵਾਂ ਦੇਸ਼ਾਂ ਨੇ ਆਉਂਦੇ ਸਮੇਂ ਵਿਚ ਮੁਕਤ ਵਪਾਰ ਸਮਝੌਤੇ ਨੂੰ ਸਹੀਬੱਧ ਕਰਨ ਦੀ ਵੀ ਪ੍ਰਤੀਬੱਧਤਾ ਪ੍ਰਗਟਾਈ ਹੈ | ਅਸੀਂ ਭਾਰਤੀ ਪ੍ਰਧਾਨ ਮੰਤਰੀ ਦੀ ਇਸ ਯਾਤਰਾ ਨੂੰ ਮੱਧ-ਪੂਰਬ ਦੇ ਖੇਤਰ ਲਈ ਇਸ ਕਰਕੇ ਵੀ ਸੰਭਾਵਨਾਵਾਂ ਭਰਪੂਰ ਸਮਝਦੇ ਹਾਂ, ਕਿ ਭਾਰਤ ਦਾ ਬਹੁਤੇ ਅਰਬ ਮੁਲਕਾਂ ਨਾਲ ਚੰਗਾ ਸੰਬੰਧ ਬਣਿਆ ਹੋਇਆ ਹੈ | ਅਜਿਹੇ ਵਾਤਾਵਰਨ ਵਿਚ ਇਜ਼ਰਾਈਲ ਅਤੇ ਫਿਲਸਤੀਨ ਦੀ ਸਮੱਸਿਆ ਨੂੰ ਸੁਲਝਾਉਣ ਲਈ ਵੀ ਕੋਈ ਠੋਸ ਸੰਭਾਵੀ ਕਦਮ ਚੁੱਕੇ ਜਾਣ ਦੀ ਚੰਗੀ ਆਸ ਬਣ ਸਕਦੀ ਹੈ | ਭਾਰਤ ਨੂੰ ਇਜ਼ਰਾਈਲ ਨਾਲ ਸੰਬੰਧ ਬਣਾਉਣ ਦੇ ਨਾਲ-ਨਾਲ ਫਿਲਸਤੀਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੀ ਇਸ ਸਮੇਂ ਆਪਣਾ ਵੱਧ ਤੋਂ ਵੱਧ ਪ੍ਰਭਾਵ ਵਰਤਣ ਦੀ ਜ਼ਰੂਰਤ ਹੋਵੇਗੀ | ਅਜਿਹੀ ਪਹਿਲ ਮੱਧ-ਪੂਰਬ ਵਿਚ ਸਥਾਈ ਸ਼ਾਂਤੀ ਦੀ ਲਿਖਾਇਕ ਬਣ ਸਕਦੀ ਹੈ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਸਮੇਂ ਦੀ ਲੋੜ ਹਨ ਪੁਲਿਸ ਸੁਧਾਰ ਅਗਲੀ ਖ਼ਬਰ ਵਾਹਨ ਨੇ ਮਾਰੀ ਟੱਕਰ , 2 ਦੀ ਮੌਤ ,ਪਰਿਵਾਰ ਨੇ ਕੀਤਾ ਆਈ.ਟੀ.ਆਈ. ਚੌਕ ਜਾਮ
Ad Position 24