28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਮੇਂ ਦੀ ਲੋੜ ਹਨ ਪੁਲਿਸ ਸੁਧਾਰ

Ad Position 21
No active advertisement
ਅਜੀਤ ਡੈਸਕ 28-02-2026

ਜੇ ਅਸੀਂ ਕੈਨੇਡਾ, ਅਮਰੀਕਾ, ਡੈਨਮਾਰਕ, ਨੀਦਰਲੈਂਡ, ਜਰਮਨ ਤੇ ਹੋਰ ਵਿਕਸਤ ਦੇਸ਼ਾਂ ਦੀ ਪੁਲਿਸ ਤੇ ਆਮ ਲੋਕਾਂ ਵਿਚ ਬਣੇ ਵਿਸ਼ਵਾਸ ਬਾਰੇ ਗੱਲ ਕਰੀਏ ਤਾਂ ਸਾਡੇ ਦੇਸ਼ ਦੀ ਪੁਲਿਸ ਤੇ ਆਮ ਜਨਤਾ ਵਿਚਾਲੇ ਬਹੁਤ ਵੱਡਾ ਪਾੜਾ ਸਪੱਸ਼ਟ ਨਜ਼ਰ ਆਉਂਦਾ ਹੈ | ਵਿਕਾਸਸ਼ੀਲ ਦੇਸ਼ਾਂ ਦੀ ਪੁਲਿਸ ਮੁਸੀਬਤ ਪੈਣ ਮੌਕੇ ਸਮੇਂ ਸਿਰ ਘਟਨਾ ਸਥਾਨ 'ਤੇ ਪਹੁੰਚ ਕੇ ਲੋਕਾਂ ਦੀ ਸੁਰੱਖਿਆ ਤੇ ਮਦਦ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਾਣੀ ਜਾਂਦੀ ਹੈ | ਇਨ੍ਹਾਂ ਦੇਸ਼ਾਂ ਵਿਚ ਪੁਲਿਸ ਵਿਭਾਗ ਕਿਸੇ ਵੀ ਸਿਆਸੀ ਦਖ਼ਲਅੰਦਾਜ਼ੀ ਤੇ ਭਿ੍ਸ਼ਟਾਚਾਰ ਤੋਂ ਮੁਕਤ ਹੋਣ ਕਰਕੇ ਆਪਣੀ ਪਾਰਦਰਸ਼ਿਤਾ ਲਈ ਮਸ਼ਹੂਰ ਹੈ | ਪਰ ਭਾਰਤ ਦਾ ਪੁਲਿਸ ਸਿਸਟਮ ਇਨ੍ਹਾਂ ਦੇਸ਼ਾਂ ਨਾਲੋਂ ਬਿੱਲਕੁੱਲ ਵੱਖਰਾ ਹੈ, ਜਿੱਥੇ ਸਿਆਸੀ ਲੀਡਰਾਂ ਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਸਾਂਝ ਹਮੇਸ਼ਾ ਤੋਂ ਕਾਇਮ ਰਹੀ ਹੈ | ਪੰਜਾਬ ਸਮੇਤ ਸਾਰੇ ਦੇਸ਼ 'ਚ ਪੁਲਿਸ ਦੇ ਸਰਕਾਰੀ ਕੰਟਰੋਲ 'ਚ ਹੋਣ ਕਰਕੇ ਇੱਥੇ ਰਾਜਨੀਤਿਕ ਲੀਡਰਸ਼ਿਪ ਦੀ ਦਖ਼ਲਅੰਦਾਜ਼ੀ ਬਹੁਤ ਜ਼ਿਆਦਾ ਹੈ | ਪੁਲਿਸ ਪ੍ਰਸ਼ਾਸਨ ਤੇ ਲੋਕਾਂ ਵਿਚਕਾਰ ਤਾਲਮੇਲ ਠੀਕ ਨਹੀਂ ਤੇ ਕੁਝ ਪੁਲਿਸ ਵਾਲਿਆਂ ਦੀ ਨਲਾਇਕੀ ਕਾਰਨ ਪੂਰਾ ਪੁਲਿਸ ਵਿਭਾਗ ਬਦਨਾਮ ਹੋ ਚੁੱਕਾ ਹੈ | ਦੇਸ਼ 'ਚ ਅਪਰਾਧਿਕ ਘਟਨਾਵਾਂ ਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਸ਼ਰਾਰਤੀਆਂ ਤੇ ਅਪਰਾਧੀਆਂ ਨੂੰ ਕਾਬੂ ਕਰਨਾ ਪੁਲਿਸ ਦੀ ਪਹਿਲੀ ਜ਼ਿੰਮੇਵਾਰੀ ਹੈ | ਪਰ ਪੁਲਿਸ ਦੀ ਗੈਰ-ਜ਼ਿੰਮੇਵਾਰਾਨਾ ਕਾਰਗੁਜ਼ਾਰੀ, ਆਮ ਲੋਕਾਂ 'ਤੇ ਦਬਾਅ ਪਾਉਣ ਵਾਲਾ ਵਤੀਰਾ ਤੇ ਮਾੜੇ ਅਨਸਰਾਂ ਪ੍ਰਤੀ ਢਿੱਲੀ ਕਾਰਵਾਈ ਉਨ੍ਹਾਂ ਨੂੰ ਹਮੇਸ਼ਾ ਸ਼ੱਕ ਦੇ ਦਾਇਰੇ ਵਿਚ ਖੜ੍ਹਾ ਕਰੀ ਰੱਖਦੀ ਹੈ |
ਜੇਕਰ ਪੁਲਿਸ ਵਿਵਸਥਾ ਦੀ ਗੱਲ ਕਰੀਏ ਤਾਂ ਅੰਗਰੇਜ਼ਾਂ ਦੇ ਸਮੇਂ ਤੋਂ ਜਾਰੀ ਸਿਸਟਮ ਅੱਜ ਵੀ ਜਾਰੀ ਹੈ | ਭਾਵੇਂ ਕੁਝ ਬਦਲਾਅ ਹੋਏ ਵੀ ਹਨ, ਪਰ ਹਾਲੇ ਵੀ ਪੁਲਿਸ ਪ੍ਰਬੰਧਾਂ 'ਚ ਬਹੁਤ ਸੁਧਾਰਾਂ ਦੀ ਲੋੜ ਹੈ | ਦੇਸ਼ ਦੀ ਪੁਲਿਸ ਅੱਜ ਵੀ ਨਵੀਂ ਟੈਕਨੋਲੋਜੀ ਤੇ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਸਮੇਂ ਦੇ ਹਾਣ ਦੀ ਨਹੀਂ ਹੋ ਸਕੀ | ਅਕਸਰ ਫੜੇ ਗਏ ਅਪਰਾਧੀਆਂ ਤੇ ਗੈਂਗਸਟਰਾਂ ਕੋਲੋਂ ਆਧੁਨਿਕ ਹਥਿਆਰ ਬਰਾਮਦ ਹੁੰਦੇੇ ਹਨ, ਪਰ ਪੁਲਿਸ ਪੁਰਾਣੇ ਹਥਿਆਰਾਂ 'ਤੇ ਨਿਰਭਰ ਹੈ | ਸਾਡੇ ਦੇਸ਼ ਵਿਚ ਪੁਲਿਸ ਰਾਜਨੀਤਿਕ ਲੀਡਰਾਂ ਦੀ ਰਹਿਨਮਾਈ 'ਚ ਕੰਮ ਕਰਦੀ ਹੋਣ ਕਰਕੇ ਮਾੜੇ ਅਨਸਰਾਂ ਨੂੰ ਫੜਨਾ ਜਾਂ ਛੱਡਣਾ ਵੀ ਸਿਆਸੀ ਲੀਡਰ ਤੈਅ ਕਰਦੀ ਹੈ | ਸੱਤਾਧਾਰੀ ਪਾਰਟੀਆਂ ਦੇ ਨੁਮਾਇੰਦੇ ਵਿਰੋਧੀਆਂ 'ਤੇ ਨਾਜਾਇਜ਼ ਪਰਚਾ ਦਰਜ ਕਰਵਾਉਣ ਨੂੰ ਆਪਣੀ ਸ਼ਾਨ ਸਮਝਦੇ ਹਨ | ਇਨਸਾਫ ਲਈ ਭਟਕਦੇ ਲੋਕ ਦੋਸ਼ ਲਗਾਉਂਦੇ ਹਨ ਕਿ ਉਨ੍ਹਾਂ ਨਾਲ ਧੱਕਾ ਕਰਨ ਵਾਲੇ ਸੱਤਾਧਾਰੀਆਂ ਜਾਂ ਪਹੁੰਚ ਵਾਲਿਆਂ ਦੇ ਖ਼ਾਸ ਹੋਣ ਕਰਕੇ ਸਾਡੀ ਸੁਣਵਾਈ ਨਹੀਂ ਹੋ ਰਹੀ | ਪੁਲਿਸ ਵਲੋਂ ਝੂਠੇ ਕੇਸ ਪਾਉਣ, ਨਜਾਇਜ਼ ਕੰਮਾਂ ਲਈ ਰਿਸ਼ਵਤ ਲੈਣ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ |
ਵਿਜੀਲੈਂਸ ਵਿਭਾਗ ਵਲੋਂ ਆਪਣੇ ਹੀ ਪੁਲਿਸ ਮੁਲਾਜ਼ਮ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜੇ ਜਾਂਦੇ ਹਨ | ਦੇਸ਼ ਭਰ 'ਚ ਹਿਰਾਸਤ ਦੌਰਾਨ ਪੁਲਿਸ ਤਸ਼ੱਦਦ ਜਾਂ ਕਿਸੇ ਦੀ ਮੌਤ ਹੋਣ ਦੀਆਂ ਖ਼ਬਰਾਂ ਅਕਸਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਹਨ | ਅੱਜਕੱਲ੍ਹ ਲੜਾਈ –ਝਗੜਿਆਂ ਦੇ ਸਭ ਮਾਮਲੇ ਸਿੱਧੇ ਪੁਲਿਸ ਥਾਣੇ ਪੁੱਜ ਜਾਂਦੇ ਹਨ ਤੇ ਬਹੁਤੀ ਵਾਰ ਪੁਲਿਸ ਦੋਹਾਂ ਧਿਰਾਂ ਤੋਂ ਪੈਸੇ ਲੈ ਕੇ ਰਾਜ਼ੀਨਾਮਾ ਕਰਵਾ ਦਿੰਦੀ ਹੈ | ਸਾਡੀ ਪੁਲਿਸ ਦੀ ਜਾਂਚ ਪੜਤਾਲ 'ਚ ਸੰਜੀਦਗੀ ਦੀ ਬਹੁਤ ਘਾਟ ਹੈ, ਜਿੱਥੇ ਬੇਗੁਨਾਹਾਂ ਨੂੰ ਦੋਸ਼ੀ ਬਣਾ ਕੇ ਸਜ਼ਾ ਕਰਵਾ ਦਿੱਤੀ ਜਾਂਦੀ ਹੈ | ਪਟਿਆਲਾ ਦਾ ਕਰਨਲ ਬਾਠ ਕੇਸ ਪਿਛਲੇ ਸਾਲ ਤੋਂ ਸੁਰਖੀਆਂ ਵਿਚ ਹੈ, ਜਿਸ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕੀਤਾ ਹੋਇਆ ਹੈ | ਪੀੜਤ ਕਰਨਲ ਬਾਠ ਦੀ ਪਤਨੀ ਨੂੰ ਇਨਸਾਫ਼ ਵਾਸਤੇ ਮਾਮਲੇ ਦੀ ਜਾਂਚ ਕਰਵਾਉਣ ਲਈ ਸੀ.ਬੀ.ਆਈ. ਦਾ ਸਹਾਰਾ ਲੈਣਾ ਪਿਆ ਹੈ | ਪੰਜਾਬ ਵਿਚ ਨਸ਼ਾ ਤਸਕਰੀ ਖਤਮ ਨਾ ਹੋਣ ਸੰਬੰਧੀ ਵੀ ਲੋਕਾਂ ਵਲੋਂ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਜਾ ਰਹੇ ਹਨ |
ਪੁਲਿਸ ਮੁਲਾਜ਼ਮਾਂ ਦੀ 'ਫਿਜ਼ੀਕਲ ਫਿਟਨੈਸ' ਨੂੰ ਬਿਹਤਰ ਬਣਾਉਣਾ ਅੱਜ ਸਮੇਂ ਦੀ ਲੋੜ ਹੈ, ਕਈ ਮੁਲਾਜ਼ਮ ਤਾਂ ਦਿਲ, ਸ਼ੂਗਰ, ਹਾਈਪਰਟੈਂਸ਼ਨ, ਚਿੜਚਿੜਾਪਣ, ਮਾਨਸਿਕ ਤਣਾਅ ਦੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ | ਜਿਸ ਦੀ ਵੱਡੀ ਵਜ੍ਹਾ ਮੁਲਾਜ਼ਮਾਂ ਦੁਆਰਾ ਦੇਰ ਤੱਕ ਡਿਊਟੀ ਕਰਨ ਤੋਂ ਇਲਾਵਾ ਉਨ੍ਹਾਂ 'ਤੇ ਹਮੇਸ਼ਾ ਸੀਨੀਅਰ ਅਧਿਕਾਰੀਆਂ ਦਾ ਦਬਾਅ ਪਾਇਆ ਜਾਣਾ ਹੈ | ਪੁਲਿਸ ਮੁਲਾਜ਼ਮ ਵੀ.ਆਈ.ਪੀ. ਡਿਊਟੀ 'ਤੇ ਤਾਇਨਾਤ ਹੋਣ ਕਾਰਨ ਬਹੁਤ ਪ੍ਰੇਸ਼ਾਨ ਰਹਿੰਦੇ ਹਨ | ਕਿਸੇ ਵੱਡੇ ਨੇਤਾ ਦੀ ਆਮਦ ਮੌਕੇ ਪੁਲਿਸ ਮੁਲਾਜ਼ਮਾਂ ਨੂੰ ਦਿਨ-ਰਾਤ ਡਿਊਟੀ ਦੇਣੀ ਪੈਂਦੀ ਹੈ ਅਤੇ ਉਹ ਗਰਮੀ, ਸਰਦੀ, ਧੁੱਪ, ਮੀਂਹ ਦੌਰਾਨ ਭੁੱਖਣ ਭਾਣੇ ਸੜਕਾਂ 'ਤੇ ਸੁਰੱਖਿਆ ਡਿਊਟੀ 'ਤੇ ਖੜ੍ਹੇ ਰਹਿੰਦੇ ਹਨ | ਸਰਕਾਰੀ ਦਫ਼ਤਰਾਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਡਿਊਟੀ ਦਾ ਸਮਾਂ ਨਿਸ਼ਚਿਤ ਹੈ,
ਪਰ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਦਾ ਸਮਾਂ ਜਾਂ ਕੰਮ ਦੇ ਘੰਟੇ ਨਿਯਮਿਤ ਨਹੀਂ ਹਨ | ਪੁਲਿਸ ਮੁਲਾਜ਼ਮਾਂ ਦੀ ਡਿਊਟੀ ਦਾ ਨਿਸ਼ਚਿਤ ਸਮਾਂ, ਉਨ੍ਹਾਂ ਲਈ ਲਾਜ਼ਮੀ ਕਸਰਤ ਤੇ ਸਿਖਲਾਈ, ਯੋਗਾ ਆਦਿ ਦਾ ਪੁਖਤਾ ਪ੍ਰਬੰਧ ਹੋਣਾ ਚਾਹੀਦਾ ਹੈ | ਪੁਲਿਸ ਦੇ ਕੰਮ 'ਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਕ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ, ਤਾਂ ਹੀ ਉਹ ਬਿਨਾਂ ਕਿਸੇ ਦਬਾਅ ਦੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਤੇ ਸਮਰਪਣ ਨਾਲ ਨਿਭਾਅ ਸਕਣਗੇ | ਪੁਲਿਸ ਨੂੰ ਥਾਣਿਆਂ 'ਚ ਆਪਣੀ ਫਰਿਆਦ ਲੈ ਕੇ ਆਉਣ ਵਾਲੇ ਲੋਕਾਂ ਨਾਲ ਚੰਗਾ ਸਲੂਕ ਕਰਦਿਆਂ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਚਾਹੀਦੀਆਂ ਹਨ | ਇਹ ਬਹੁਤ ਜ਼ਰੂਰੀ ਹੈ ਕਿ ਪੁਲਿਸ ਦਾ ਵਿਵਹਾਰ ਹਮੇਸ਼ਾ ਬੇਕਸੂਰਾਂ ਤੇ ਪੀੜਤਾਂ ਨੂੰ ਇਨਸਾਫ਼ ਦੇਣ ਵਾਲਾ ਤੇ ਮਾੜੇ ਅਨਸਰਾਂ ਪ੍ਰਤੀ ਸਖ਼ਤੀ ਤੇ ਸਬਕ ਸਿਖਾਉਣ ਵਾਲਾ ਹੋਣਾ ਚਾਹੀਦਾ ਹੈ |

-ਮੋਹਾਲੀ | ਮੋਬਾਈਲ : 78889-66168

Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਿਗਿਆਨ ਤੇ ਵਿਗਿਆਨੀਆਂ ਨੂੰ ਉਤਸ਼ਾਹਿਤ ਕਰੇ ਅਗਲੀ ਖ਼ਬਰ ਪ੍ਰਧਾਨ ਮੰਤਰੀ ਦੀ ਇਜ਼ਰਾਈਲ ਯਾਤਰਾ ਦਾ ਹਾਸਿਲ
Ad Position 24