ਰਾਸ਼ਟਰੀ ਵਿਗਿਆਨ ਦਿਵਸ 'ਤੇ ਵਿਸ਼ੇਸ਼
ਸੀ.ਵੀ. ਰਮਨ ਅਤੇ ਰਮਨ ਇਫੈਕਟ
ਰਾਸ਼ਟਰੀ ਵਿਗਿਆਨ ਦਿਵਸ 28 ਫਰਵਰੀ ਨੂੰ ਭਾਰਤ ਦੇ ਮਹਾਨ ਭੌਤਿਕ ਵਿਗਿਆਨੀ ਨੋਬਲ ਪੁਰਸਕਾਰ ਜੇਤੂ ਡਾ. ਸੀ.ਵੀ. ਰਮਨ ਦੀ ਯਾਦ 'ਚ ਮਨਾਇਆ ਜਾਂਦਾ ਹੈ | 7 ਨਵੰਬਰ, 1888 'ਚ ਤਾਮਿਲਨਾਡੂ ਦੇ ਤਿਰੂਚਿਰਾਪੱਲੀ 'ਚ ਜਨਮੇ ਡਾ. ਚੰਦਰਸ਼ੇਖਰ ਵੇਂਕਟ (ਸੀ.ਵੀ.) ਰਮਨ ਨੇ 40 ਸਾਲ ਦੀ ਉਮਰ 'ਚ ਆਪਣੀ 'ਰਮਨ ਇਫੈਕਟ' ਖੋਜ ਨਾਲ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਉਹ 42 ਸਾਲ ਦੀ ਉਮਰ 'ਚ ਨੋਬਲ ਪੁਰਸਕਾਰ ਜੇਤੂ ਬਣੇ ਸੀ | ਉਨ੍ਹਾਂ ਨੂੰ ਬਾਅਦ 'ਚ 'ਭਾਰਤ ਰਤਨ' ਤੇ ਲੈਨਿਨ ਸ਼ਾਂਤੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ | ਉਨ੍ਹਾਂ ਨੇ 1970 'ਚ ਆਪਣੇ ਆਖਰੀ ਸਾਹ ਤੱਕ ਵਿਗਿਆਨ ਦੀ ਸੇਵਾ ਕੀਤੀ | ਉਨ੍ਹਾਂ ਦੀ ਖੋਜ, ਰਮਨ ਸਪੈਕਟ੍ਰੋਸਕੋਪੀ, ਦੁਨੀਆ ਭਰ 'ਚ ਉਪਯੋਗੀ ਹੈ ਅਤੇ ਲੱਖਾਂ ਪ੍ਰਯੋਗਸ਼ਾਲਾਵਾਂ 'ਚ ਅੱਜ ਵੀ ਵਰਤੀ ਜਾਂਦੀ ਹੈ, ਜਿਸ ਦੀ ਵਰਤੋਂ ਰਸਾਇਣ ਵਿਗਿਆਨ, ਡਰੱਗ ਟੈਸਟਿੰਗ, ਕੈਂਸਰ ਟਿਸ਼ੂ ਅਤੇ ਅਸਲੀ ਤੇ ਨਕਲੀ ਹੀਰਿਆਂ ਦੀ ਪਛਾਣ ਕਰਨ 'ਚ ਵੀ ਕੀਤੀ ਜਾਂਦੀ ਹੈ |
ਉਨ੍ਹਾਂ ਆਪਣੀ ਕਮਾਈ ਨਾਲ ਬੈਂਗਲੁਰੂ 'ਚ ਰਮਨ ਰਿਸਰਚ ਇੰਸਟੀਚਿਊਟ ਦੀ ਸਥਾਪਨਾ ਕੀਤੀ ਸੀ ਅਤੇ ਉਨ੍ਹਾਂ ਨੂੰ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਦੇ ਪਹਿਲੇ ਭਾਰਤੀ ਡਾਇਰੈਕਟਰ ਬਣਨ ਦਾ ਮਾਣ ਪ੍ਰਾਪਤ ਹੈ | ਉਨ੍ਹਾਂ ਲੋਕਾਂ ਨੂੰ ਅੰਧਵਿਸ਼ਵਾਸ ਤੇ ਭਰਮ ਨੂੰ ਛੱਡ ਕੇ ਵਿਗਿਆਨਕ ਸੋਚ ਤੇ ਵਿਗਿਆਨਕ ਪਹੁੰਚ ਅਪਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਸੀ | ਨਤੀਜੇ ਵਜੋਂ ਲੋਕ ਅਸਲੀਅਤ ਤੇ ਧੋਖਾਧੜੀ 'ਚ ਅੰਤਰ ਨੂੰ ਸਮਝਣ ਲੱਗੇ ਅਤੇ ਸਮਾਜ 'ਚ ਇਕ ਨਵੀਂ ਜਾਗਰੂਕਤਾ ਪੈਦਾ ਹੋਣ ਨਾਲ ਨੌਜਵਾਨਾਂ ਨੂੰ ਪਾਖੰਡ ਦਾ ਖੋਖਲਾਪਣ ਦਿਖਾਈ ਦੇਣ ਲੱਗਾ ਸੀ |
ਭਾਰਤ 'ਚ ਵਿਗਿਆਨ ਤੇ ਖੋਜ
ਭਾਰਤ 'ਚ ਵਿਗਿਆਨਕ ਖੋਜ ਤੇ ਤੱਥ-ਅਧਾਰਿਤ ਖੋਜ ਦਾ ਅਭਿਆਸ ਬਹੁਤ ਪੁਰਾਣਾ ਹੈ | ਉਦਾਹਰਣ ਵਜੋਂ- ਸਿੰਧੂ ਘਾਟੀ ਸੱਭਿਅਤਾ 'ਚ ਸ਼ਹਿਰ ਦੀ ਯੋਜਨਾਬੰਦੀ, ਪਾਣੀ ਤੇ ਸੀਵਰੇਜ ਪ੍ਰਣਾਲੀਆਂ ਕਿਸੇ ਵੀ ਸਥਾਨ ਦੇ ਸਮੁੱਚੇ ਵਿਕਾਸ ਲਈ ਨਦੀਆਂ ਦੇ ਨੇੜੇ ਹੋਣ, ਨਦੀਆਂ ਦੇ ਵਹਾਅ ਬਾਰੇ ਜਾਣਕਾਰੀ, ਜੰਗਲੀ ਖੇਤਰਾਂ ਦੀ ਜ਼ਰੂਰਤ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਢੁਕਵੇਂ ਉਪਾਅ ਕਿਸੇ ਵੀ ਸਥਾਨ ਨੂੰ ਵਿਕਸਿਤ ਕਰਨ ਤੋਂ ਪਹਿਲਾਂ ਵਿਚਾਰੇ ਜਾਂਦੇ ਸਨ | ਇਸੇ ਕਰਕੇ ਇਤਿਹਾਸ 'ਚ ਦਰਿਆਈ ਹੜ੍ਹਾਂ, ਬੇਮੌਸਮੀਆਂ ਬਾਰਿਸ਼ਾਂ, ਪਹਾੜੀ ਦਰਾਰਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਆਮ ਤੌਰ 'ਤੇ ਨਹੀਂ ਮਿਲਦੀਆਂ | ਵੈਦਿਕ ਕਾਲ ਦÏਰਾਨ ਜੋਤਿਸ਼, ਜਿਓਮੈਟਰੀ, ਗਣਿਤ ਤੇ ਖਗੋਲ ਵਿਗਿਆਨ ਵਧੇ-ਫੁੱਲੇ | ਭਾਰਤ 'ਚ ਹੀ 'ਜ਼ੀਰੋ' ਦੀ ਖੋਜ ਹੋਈ ਸੀ, ਆਰੀਆ ਭੱਟ ਨੇ ਧਰਤੀ ਦੀ ਗੋਲਾਕਾਰਤਾ ਤੇ ਇਸ ਦੀ ਸੂਰਜ ਦੁਆਲੇ ਪਰਿਕਰਮਾ ਬਾਰੇ ਸੰਕਲਪ ਪੇਸ਼ ਕੀਤੇ | ਭਾਰਤੀ ਵਿਗਿਆਨ ਬਹੁਤ ਉੱੱਨਤ ਸੀ, ਵਿਦੇਸ਼ੀ ਹਮਲਾਵਰਾਂ ਕਾਰਨ ਖੋਜ ਦੇ ਪ੍ਰਾਚੀਨ ਗ੍ਰੰਥ, ਸੰਸਕ੍ਰਿਤ ਤੇ ਹੋਰ ਭਾਸ਼ਾਵਾਂ 'ਚ ਲਿਖੀਆਂ ਮਹੱਤਵਪੂਰਨ ਹੱਥ-ਲਿਖਤਾਂ ਤਬਾਹ ਹੋ ਗਈਆਂ ਜਾਂ ਉਨ੍ਹਾਂ ਨੂੰ ਲੁੱਟ ਕੇ ਕਈ ਦੇਸ਼ਾਂ ਨੇ ਉਨ੍ਹਾਂ 'ਤੇ ਆਧਾਰਿਤ ਵੱਖ-ਵੱਖ ਤਕਨੀਕਾਂ ਤੇ ਤਕਨਾਲੋਜੀਆਂ ਵਿਕਸਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ |
ਆਜ਼ਾਦੀ ਤੋਂ ਬਾਅਦ ਭਾਰਤ 'ਚ ਖੇਤੀਬਾੜੀ ਤੇ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਕੂਲ ਤਕਨਾਲੋਜੀਆਂ ਤੇ ਦੇਸ਼ ਨੂੰ ਖੁਸ਼ਹਾਲ ਬਣਾਉਣ ਲਈ ਉਨ੍ਹਾਂ ਦੀ ਵਰਤੋਂ ਕਰਨ ਲਈ ਦੇਸ਼ 'ਚ ਸਮਰਪਿਤ ਵਿਗਿਆਨ ਤੇ ਤਕਨਾਲੋਜੀ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ | ਇਹ ਸਭ ਕੁੁਝ ਪਲਕ ਝਪਕਦੇ ਹੋਣ ਵਾਲਾ ਕੰਮ ਨਹੀਂ ਸੀ; ਇਸ ਲਈ ਮਹੀਨੇ ਜਾਂ ਸਾਲ ਲੱਗਦੇ ਹਨ | ਵਿਗਿਆਨੀਆਂ ਨੇ ਆਪਣਾ ਕੰਮ ਜਾਰੀ ਰੱਖਦਿਆਂ ਤਕਨਾਲੋਜੀਆਂ ਵਿਕਸਿਤ ਕਰਕੇ ਉਨ੍ਹਾਂ ਨੂੰ ਪ੍ਰਯੋਗਸ਼ਾਲਾ ਦੀਆਂ ਸ਼ੈਲਫਾਂ ਜਾਂ ਢੁਕਵੀਆਂ ਥਾਵਾਂ 'ਤੇ ਸਟੋਰ ਕੀਤਾ ਅਤੇ ਆਪਣੇ ਅਗਲੇ ਕੰਮ 'ਚ ਲੱਗੇੇ ਰਹੇੇ | ਪਰ ਸਰਕਾਰ ਤੇ ਸੰਬੰਧਿਤ ਸੰਸਥਾਵਾਂ 'ਚ ਕੰਮ ਕਰਨ ਵਾਲੇ ਉਨ੍ਹਾਂ ਲੋਕਾਂ ਨਾਲ ਸੰਪਰਕ ਕਰਨਾ ਭੁੱਲ ਗਏ, ਜਿਨ੍ਹਾਂ ਲਈ ਇਹ ਸਾਰਾ ਕੰਮ ਕੀਤਾ ਗਿਆ ਸੀ | ਮਤਲਬ ਕਿਸਾਨਾਂ ਤੇ ਉੱਦਮੀਆਂ ਨੂੰ ਕਦੇ ਪਤਾ ਵੀ ਨਹੀਂ ਲੱਗਾ ਕਿ ਇੰਨਾ ਮਹੱਤਵਪੂਰਨ ਕੰਮ ਵਿਗਿਆਨੀਆਂ ਨੇ ਉਨ੍ਹਾਂ ਦੇ ਫਾਇਦੇ ਲਈ ਕੀਤਾ ਹੈ! ਕੁਝ ਹੱਦ ਤੱਕ ਜਾਣੂ ਕਿਸਾਨਾਂ ਤੇ ਉੱੱਦਮੀਆਂ ਨੇ ਇਨ੍ਹਾਂ ਦਾ ਫਾਇਦਾ ਜ਼ਰੂਰ ਉਠਾਇਆ, ਪਰ ਜ਼ਿਆਦਾਤਰ ਜਾਣਕਾਰੀ ਦੀ ਘਾਟ ਕਾਰਨ ਅਣਜਾਣ ਹੀ ਰਹੇ | ਇਸ ਤਰ੍ਹਾਂ ਉੱਨਤ ਤਕਨਾਲੋਜੀ ਤੇ ਤਕਨੀਕੀ ਗਿਆਨ ਸ਼ੈਲਫਾਂ 'ਤੇ ਅਣਵਰਤਿਆ ਹੀ ਪੁਰਾਣਾ ਤੇ ਬੇਕਾਰ ਹੋ ਗਿਆ | ਇਕ ਸਰਵੇਖਣ ਅਨੁਸਾਰ ਜ਼ਿਆਦਾਤਰ ਖਪਤਕਾਰ ਇਸ ਗੱਲ ਤੋਂ ਅਨਜਾਣ ਹਨ ਕਿ ਦੇਸ਼ 'ਚ ਕਈ ਅਜਿਹੀਆਂ ਸੰਸਥਾਵਾਂ ਮੌਜੂਦ ਹਨ, ਜੋ ਉਨ੍ਹਾਂ ਦੇ ਫਾਇਦੇ ਲਈ ਕੰਮ ਕਰਦੀਆਂ ਹਨ | ਕਿਸਾਨ ਤੇ ਨੌਜਵਾਨ ਉੱੱਦਮੀ ਆਪਣੇ ਉਤਪਾਦਾਂ ਦੀ ਗੁਣਵੱਤਾ ਨੂੰ ਸੁਧਾਰਨ ਬਾਰੇ ਉਲਝਣਾਂ 'ਚ ਹੀ ਰਹੇ | ਕਿਸਾਨ ਕਹਿੰਦੇ ਹਨ ਕਿ ਉਨ੍ਹਾਂ ਕੋਲ ਉੱਚ-ਗੁਣਵੱਤਾ ਵਾਲੀ ਤਕਨਾਲੋਜੀ ਤੇ ਉਪਕਰਨਾਂ ਦੀ ਘਾਟ ਹੈ ਅਤੇ ਉਹ ਵਿਦੇਸ਼ਾਂ ਤੋਂ ਉਨ੍ਹਾਂ ਨੂੰ ਆਯਾਤ ਕਰਨ ਦੇ ਸਮਰੱਥ ਨਾ ਹੋਣ ਕਰਕੇ ਆਪਣੀ ਉਪਜ ਕਿਵੇਂ ਵਧਾ ਸਕਦੇ ਹਨ? ਇਹੀ ਗੱਲ ਉੱਦਮੀਆਂ ਲਈ ਵੀ ਸੱਚ ਹੈ, ਕਿਉਂਕਿ ਨਵੀਨਤਮ ਖੋਜਾਂ ਨੂੰ ਉਨ੍ਹਾਂ ਤੱਕ ਪਹੁੰਚਯੋਗ ਬਣਾਉਣ ਲਈ ਕੋਈ ਪ੍ਰਣਾਲੀ ਨਹੀਂ ਹੈ |
ਕੀ ਉਮੀਦ ਕੀਤੀ ਜਾ ਸਕਦੀ ਹੈ?
ਰਾਸ਼ਟਰੀ ਵਿਗਿਆਨ ਦਿਵਸ 'ਤੇ ਸਰਕਾਰ ਤੇ ਸੰਬੰਧਿਤ ਸੰਸਥਾਵਾਂ ਤੋਂ ਇਹ ਉਮੀਦ ਕਰਨਾ ਗਲਤ ਨਹੀਂ ਹੋਵੇਗਾ ਕਿ ਉਹ ਇਕ ਅਜਿਹੀ ਨੀਤੀ ਤਿਆਰ ਕਰਨ, ਜੋ ਇਹ ਯਕੀਨੀ ਬਣਾਏ ਕਿ ਕੋਈ ਵੀ ਨਵੀਨਤਮ ਕਾਢ, ਅਤਿ-ਆਧੁਨਿਕ ਉਪਕਰਣ ਜਾਂ ਵਿਸ਼ਵ-ਪੱਧਰੀ ਕਾਢ ਭਾਰਤੀ ਉੱਦਮੀਆਂ, ਕਿਸਾਨਾਂ ਤੇ ਨÏਜਵਾਨਾਂ ਤੱਕ ਬਿਨਾਂ ਕਿਸੇ ਦੇਰੀ ਦੇ ਪਹੁੰਚੇੇ | ਇਸ ਤੋਂ ਇਲਾਵਾ ਇਸ ਦੀ ਕੀਮਤ ਇੰਨੀ ਘੱਟ ਹੋਵੇ ਕਿ ਉਪਭੋਗਤਾਵਾਂ ਨੂੰ ਆਪਣੀ ਜੇਬ ਦੇ ਪੈਸੇ ਬਾਰੇ ਬਹੁਤੀ ਚਿੰਤਾ ਨਾ ਕਰਨੀ ਪਵੇ | ਉਦਾਹਰਣ ਵਜੋਂ ਬਿਜਲੀ ਤੇ ਊਰਜਾ, ਸਿਹਤ ਤੇ ਫਾਰਮਾਸਿਊਟੀਕਲ ਤੋਂ ਲੈ ਕੇ ਕਈ ਮਹੱਤਵਪੂਰਨ ਖੇਤਰਾਂ 'ਚ ਵਿਕਸਿਤ ਭਾਰਤੀ ਤਕਨਾਲੋਜੀ ਪਹਿਲਾਂ ਵਿਦੇਸ਼ਾਂ 'ਚ ਵੇਚੀ ਜਾਂਦੀ ਹੈ, ਪਰ ਉਹ ਘਰੇਲੂ ਵਰਤੋਂ ਲਈ ਉਪਲੱਬਧ ਨਹੀਂ ਹੁੰਦੀ | ਅਸੀਂ ਅਣਉੱਚਿਤ ਤਰੀਕਿਆਂ ਨਾਲ ਥੋਰੀਅਮ ਤੇ ਯੂਰੇਨੀਅਮ ਨਿਰਯਾਤ ਕਰਦੇ ਹਾਂ | ਅਸੀਂ ਸੂਰਜੀ ਤਕਨਾਲੋਜੀ, ਵਪਾਰਕ ਉਪਗ੍ਰਹਿ ਤੇ ਇਲੈਕਟਿ੍ਕ ਵਾਹਨਾਂ ਤੋਂ ਵਿਦੇਸ਼ੀ ਮੁਦਰਾ ਕਮਾਉਂਦੇ ਹਾਂ, ਪਰ ਉਨ੍ਹਾਂ ਨੂੰ ਭਾਰਤੀ ਵਰਤੋਂ ਲਈ ਇੰਨਾ ਮਹਿੰਗਾ ਬਣਾਉਂਦੇ ਹਾਂ ਕਿ ਉਹ ਔਸਤ ਖਪਤਕਾਰ ਦੀ ਪਹੁੰਚ ਤੋਂ ਬਾਹਰ ਹਨ | ਭਾਰਤ 'ਚ ਸੂਰਜੀ ਪ੍ਰਣਾਲੀਆਂ, ਇਲੈਕਟਿ੍ਕ ਵਾਹਨ ਤੇ ਪਾਵਰ ਪਲਾਂਟ ਇੰਨੇ ਮਹਿੰਗੇ ਹਨ ਕਿ ਲੋਕ ਪੁਰਾਣੀ ਥਰਮਲ ਪਾਵਰ ਤਕਨਾਲੋਜੀ ਜਾਂ ਪੈਟਰੋਲ-ਡੀਜ਼ਲ ਵਾਹਨਾਂ 'ਤੇ ਨਿਰਭਰ ਕਰਦੇ ਹਨ | ਸਾਡੇ ਦੇਸ਼ 'ਚ ਪ੍ਰਤਿਭਾਸ਼ਾਲੀ, ਕੁਸ਼ਲ ਤੇ ਸਮਰੱਥ ਨÏਜਵਾਨਾਂ ਦੀ ਕੋਈ ਘਾਟ ਨਹੀਂ ਹੈ, ਪਰ ਦੇਸ਼ ਦੇ ਅੰਦਰ ਲੋੜੀਂਦੇ ਸਰੋਤਾਂ ਦੀ ਘਾਟ ਕਾਰਨ ਨਿਰਾਸ਼ ਹੋ ਕੇ ਥੋੜ੍ਹੀ ਜਿਹੀ ਸੰਭਾਵਨਾ ਦੇਖ ਕੇ ਵਿਦੇਸ਼ ਚਲੇ ਜਾਂਦੇ ਹਨ | ਭਾਰਤੀਆਂ ਨੇ ਵਿਗਿਆਨ ਦੇ ਖੇਤਰ 'ਚ ਵਿਸ਼ਵ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ, ਜੇਕਰ ਉਹ ਦੇਸ਼ 'ਚ ਹੀ ਰਹਿੰਦੇ ਤਾਂ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਭਾਰਤੀ ਹੋਣ ਵਜੋਂ ਮਾਨਤਾ ਮਿਲਣੀ ਸੀ | ਸਰਕਾਰ ਨੂੰ ਹਰ ਹਾਲਤ 'ਚ ਦੇਸ਼ 'ਚੋਂ ਦਿਮਾਗੀ ਨਿਕਾਸ ਨੂੰ ਰੋਕਣ ਲਈ ਢੁਕਵੀਂ ਪਹਿਲ ਕਰਨੀ ਚਾਹੀਦੀ ਹੈ | ਇਹ ਤਾਂ ਹੀ ਹੋ ਸਕੇਗਾ ਜੇਕਰ ਉਨ੍ਹਾਂ ਨੂੰ ਦੇਸ਼ ਦੇ ਅੰਦਰ ਢੁਕਵੀਆਂ ਸਹੂਲਤਾਂ, ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਤਨਖਾਹਾਂ ਤੇ ਹੋਰ ਲਾਭ ਪ੍ਰਦਾਨ ਕਰਦਿਆਂ ਉਨ੍ਹਾਂ 'ਤੇ ਭਰੋਸਾ ਪ੍ਰਗਟਾਇਆ ਜਾਵੇ | ਇਹ ਵੀ ਮਹੱਤਵਪੂਰਨ ਹੈ ਕਿ ਉਨ੍ਹਾਂ ਨੂੰ ਕੁਝ ਨਵਾਂ ਸਿੱਖਣ ਲਈ ਉੱਨਤ ਸਿਖਲਾਈ ਲਈ ਵਿਦੇਸ਼ ਭੇਜਿਆ ਜਾਵੇ ਅਤੇ ਉਹ ਭਾਰਤ ਵਾਪਸ ਆ ਕੇ ਆਪਣੇ ਵਿਸ਼ਵ ਵਿਆਪੀ ਗਿਆਨ ਨਾਲ ਦੇਸ਼ ਨੂੰ ਅਮੀਰ ਬਣਾਉਣ, ਤਾਂ ਹੀ ਅਸੀਂ ਸੱਚਮੁੱਚ ਆਤਮ ਨਿਰਭਰ ਬਣ ਸਕਦੇ ਹਾਂ |
Email: pooranchandsarin@gmail.com