ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਭਾਰਤ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕਰ ਰਹੀਆਂ ਹਨ ਔਰਤਾਂ

Ad Position 21
No active advertisement
ਅਜੀਤ ਡੈਸਕ 08-03-2026

ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਹੋਏ ਅਸੀਂ ਨਾ ਸਿਰਫ਼ ਭਾਰਤ ਦੀਆਂ ਔਰਤਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਦੇ ਹਾਂ, ਸਗੋਂ ਉਨ੍ਹਾਂ ਦੀ ਲਗਨ, ਪਾਲਣ-ਪੋਸ਼ਣ, ਦ੍ਰਿੜ੍ਹ ਇਰਾਦੇ ਤੇ ਪਰਿਵਰਤਨਸ਼ੀਲ ਭਾਵਨਾ ਦਾ ਵੀ ਸਨਮਾਨ ਕਰਦੇ ਹਾਂ। ਮਹਿਲਾ ਦਿਵਸ ਸਿਰਫ਼ ਕੈਲੰਡਰ 'ਤੇ ਇਕ ਤਰੀਕ ਨਹੀਂ, ਸਗੋਂ ਇਹ ਇਸ ਗੱਲ ਦੀ ਪੁਸ਼ਟੀ ਹੈ ਕਿ ਭਾਰਤ ਦੀ ਵਿਕਾਸ ਯਾਤਰਾ 'ਚ ਔਰਤਾਂ ਦੀ ਭੂਮਿਕਾ ਪ੍ਰਾਥਮਕ ਹੀ ਨਹੀਂ, ਸਗੋਂ ਕੇਂਦਰ ਵਿਚ ਰਹੀ ਹੈ। ਸਾਡੀਆਂ ਔਰਤਾਂ ਸਿਰਫ਼ ਸੰਸਥਾਵਾਂ ਤੇ ਬੋਰਡਰੂਮਾਂ ਤੱਕ ਸੀਮਤ ਨਹੀਂ ਹਨ, ਉਹ ਵਿਹੜਿਆਂ, ਖੇਤਾਂ, ਪ੍ਰਯੋਗਸ਼ਾਲਾਵਾਂ, ਕਲਾਸਰੂਮਾਂ, ਸੁਰੱਖਿਆ ਬਲਾਂ ਅਤੇ ਪ੍ਰਸ਼ਾਸਨਿਕ ਪ੍ਰਣਾਲੀਆਂ 'ਚ ਲੀਡਰਸ਼ਿਪ ਦੇ ਪੱਖ ਤੋਂ ਇਕ ਨਵਾਂ ਅਧਿਆਇ ਲਿਖ ਰਹੀਆਂ ਹਨ।
ਉੱਚ ਸਿੱਖਿਆ ਵਿਚ ਔਰਤਾਂ ਦੀ ਭਾਗੀਦਾਰੀ ਲਗਾਤਾਰ ਵਧ ਰਹੀ ਹੈ। ਉਹ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਤੇ ਗਣਿਤ (ਸਟੈਂਮ) ਦੇ ਖੇਤਰਾਂ ਵਿਚ ਨਵੀਆਂ ਪ੍ਰਾਪਤੀਆਂ ਕਰ ਰਹੀਆਂ ਹਨ। ਰੱਖਿਆ ਸੇਵਾਵਾਂ ਵਿਚ ਔਰਤ ਅਧਿਕਾਰੀ ਵਿਲੱਖਣਤਾ ਨਾਲ ਪ੍ਰਦਰਸ਼ਨ ਕਰ ਰਹੀਆਂ ਹਨ। ਇਤਿਹਾਸ ਭਾਰਤੀ ਔਰਤਾਂ ਦੀ ਤਾਕਤ ਦਾ ਗਵਾਹ ਹੈ। ਰਾਣੀ ਲਕਸ਼ਮੀਬਾਈ ਨੇ ਨਿਡਰਤਾ ਨਾਲ ਆਪਣੇ ਦੇਸ਼ ਦੀ ਰੱਖਿਆ ਕੀਤੀ। ਸਾਵਿਤ੍ਰੀਬਾਈ ਫੂਲੇ ਨੇ ਸਮਾਜਿਕ ਨਿਯਮਾਂ ਨੂੰ ਚੁਣੌਤੀ ਦਿੱਤੀ ਤੇ ਕੁੜੀਆਂ ਦੀ ਸਿੱਖਿਆ ਵਿਚ ਅਗਵਾਈ ਕੀਤੀ। ਦੇਵੀ ਅਹਿਲਿਆਬਾਈ ਹੋਲਕਰ ਨੇ ਬੁੱਧੀ ਤੇ ਦਇਆ ਨਾਲ ਜਨਤਕ ਭਲਾਈ ਨੂੰ ਸ਼ਾਸਨ ਦੇ ਕੇਂਦਰ ਵਿਚ ਰੱਖਿਆ। ਨੀਤੀ ਸੁਧਾਰ ਤੇ ਦ੍ਰਿੜ੍ਹਤਾ ਦੀ ਉਨ੍ਹਾਂ ਦੀ ਵਿਰਾਸਤ ਅੱਜ ਵੀ ਸਾਡਾ ਮਾਰਗਦਰਸ਼ਨ ਕਰਦੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ ਔਰਤਾਂ ਨੂੰ ਸਿਰਫ਼ ਲਾਭਪਾਤਰੀ ਵਜੋਂ ਦੇਖਣ ਤੋਂ ਅੱਗੇ ਵਧ ਕੇ ਉਨ੍ਹਾਂ ਨੂੰ ਵਿਕਾਸ ਦੀਆਂ ਆਗੂ ਤੇ ਚਾਲਕਾਂ ਵਜੋਂ ਮਾਨਤਾ ਦੇਣ ਵੱਲ ਵਧਿਆ ਹੈ।
ਔਰਤਾਂ ਦੀ ਅਗਵਾਈ ਵਾਲਾ ਵਿਕਾਸ ਹੁਣ ਇਕ ਇੱਛਾ ਨਹੀਂ ਰਹੀ, ਇਹ ਨੀਤੀ, ਸ਼ਾਸਨ ਤੇ ਰਾਸ਼ਟਰੀ ਤਰਜੀਹਾਂ 'ਚ ਪ੍ਰਤੀਬਿੰਬਤ ਹੁੰਦਾ ਹੈ। ਸਮਾਜ ਦੀ ਹਰ ਪ੍ਰਤੱਖ ਪ੍ਰਾਪਤੀ ਪਿੱਛੇ ਇਕ ਬੁਨਿਆਦੀ ਸ਼ਕਤੀ ਅਣਥੱਕ ਕੰਮ ਕਰਦੀ ਹੈ- ਦੇਖਭਾਲ ਦੀ ਅਰਥਵਿਵਸਥਾ (ਕੇਅਰ ਇਕਾਨੋਮੀ), ਇਹੀ ਚੁੱਪ ਊਰਜਾ ਹੈ, ਜੋ ਹਰ ਪਲ ਭਾਰਤ ਦੇ ਵਜੂਦ ਨੂੰ ਕਾਇਮ ਰੱਖਦੀ ਹੈ। ਇਹ ਇਕ ਮਾਂ ਦਾ ਸਮਰਪਣ ਹੈ, ਜੋ ਸੂਰਜ ਚੜ੍ਹਨ ਤੋਂ ਪਹਿਲਾਂ ਆਪਣੇ ਅਜ਼ੀਜ਼ਾਂ ਲਈ ਚੁੱਲ੍ਹਾ ਬਾਲਦੀ ਹੈ ਤੇ ਫਿਰ ਰੋਜ਼ੀ-ਰੋਟੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਿਕਲ ਪੈਂਦੀ ਹੈ। ਇਹ ਉਸ ਪਤਨੀ ਦੀ ਅਟੱਲ ਵਫ਼ਾਦਾਰੀ ਹੈ, ਜੋ ਸਭ ਤੋਂ ਔਖੇ ਸਮੇਂ ਵਿਚ ਵੀ ਪਰਿਵਾਰ ਦੀ ਨੀਂਹ ਨੂੰ ਬਰਕਰਾਰ ਰੱਖਦੀ ਹੈ। ਉਹ ਧੀ, ਜੋ ਪੂਰੇ ਦਿਨ ਦੇ ਕੰਮ ਨੂੰ ਰਾਤ ਨੂੰ ਬੁੱਢੇ ਮਾਪਿਆਂ ਦੀ ਦੇਖਭਾਲ ਨਾਲ ਸੰਤੁਲਿਤ ਕਰਦੀ ਹੈ। ਇਸ ਮਿਹਨਤ ਦਾ ਬਹੁਤ ਸਾਰਾ ਹਿੱਸਾ ਅਣਗੌਲਿਆ ਰਹਿ ਜਾਂਦਾ ਹੈ। ਇਸ ਨੂੰ ਪਛਾਣਦੇ ਹੋਏ ਸਰਕਾਰ ਵਿਕਾਸ ਦੀ ਨੀਂਹ ਵਜੋਂ ਦੇਖਭਾਲ ਦੇ ਕੰਮ ਦੀ ਕਦਰ ਕਰਨ, ਸਮਰਥਨ ਕਰਨ ਤੇ ਮਜ਼ਬੂਤ ਕਰਨ ਲਈ ਵਚਨਬੱਧ ਹੈ। ਭਾਰਤ ਦੀ ਮਹਿਲਾ ਕਿਰਤ ਸ਼ਕਤੀ ਭਾਗੀਦਾਰੀ ਦਰ (ਐੱਫ.ਐੱਲ.ਐੱਫ.ਪੀ.ਆਰ.) 'ਚ ਕਾਫ਼ੀ ਵਾਧਾ ਹੋਇਆ ਹੈ, ਜੋ 2017-18 ਵਿਚ 23.3 ਫ਼ੀਸਦੀ ਸੀ, ਜੋ 2023-24 ਵਿਚ 41.7 ਫ਼ੀਸਦੀ ਹੋ ਗਈ ਹੈ। ਇਹ ਅੰਕੜਾ ਭਾਰਤੀ ਔਰਤਾਂ ਦੀਆਂ ਵਧਦੀਆਂ ਇੱਛਾਵਾਂ ਤੇ ਆਰਥਿਕ ਸਰਗਰਮੀਆਂ ਵਿਚ ਉਨ੍ਹਾਂ ਦੇ ਵਧਦੇ ਦਬਦਬੇ ਨੂੰ ਦਰਸਾਉਂਦਾ ਹੈ।
ਇਹੀ ਕਾਰਨ ਹੈ ਕਿ ਕੇਂਦਰੀ ਬਜਟ 2026-27 ਦੇਖਭਾਲ ਅਰਥਵਿਵਸਥਾ (ਕੇਅਰ ਇਕਾਨੋਮੀ) ਨੂੰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਜ਼ੋਰ ਦਿੰਦਾ ਹੈ।
ਔਰਤ-ਅਗਵਾਈ ਵਾਲੇ ਵਿਕਾਸ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਇਤਿਹਾਸਕ 'ਜੈਂਡਰ ਬਜਟ' ਵਿਚ ਸਪੱਸ਼ਟ ਤੌਰ 'ਤੇ ਝਲਕਦੀ ਹੈ, ਜਿਸ ਦੀ ਵੰਡ 5 ਲੱਖ ਕਰੋੜ ਰੁਪਏ ਤੋਂ ਵੱਧ ਦੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਸਰਕਾਰ ਦੇ ਸੰਪੂਰਨ ਦ੍ਰਿਸ਼ਟੀਕੋਣ ਤਹਿਤ ਅਸੀਂ 1.5 ਲੱਖ ਦੇਖਭਾਲ ਕਰਨ ਵਾਲਿਆਂ ਦੇ ਹੁਨਰ ਵਿਕਾਸ ਵਿਚ ਨਿਵੇਸ਼ ਕਰ ਰਹੇ ਹਾਂ, ਕੰਮ ਕਰਨ ਵਾਲੀਆਂ ਔਰਤਾਂ ਦੇ ਹੋਸਟਲਾਂ ਦਾ ਵਿਸਥਾਰ ਕਰ ਰਹੇ ਹਾਂ ਤੇ ਆਂਗਣਵਾੜੀ ਕੇਂਦਰਾਂ ਨੂੰ ਆਧੁਨਿਕ ਬਣਾ ਕੇ ਬਚਪਨ ਦੀ ਦੇਖਭਾਲ ਨੂੰ ਯਕੀਨੀ ਬਣਾ ਰਹੇ ਹਾਂ। ਇਸ ਤੋਂ ਇਲਾਵਾ, ਸਿਹਤ ਅਤੇ ਪੋਸ਼ਣ ਪ੍ਰਣਾਲੀਆਂ ਦੇ ਤਾਲਮੇਲ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਸਾਰੇ ਯਤਨ ਇਕ ਸਪੱਸ਼ਟ ਰਾਜਨੀਤਕ ਤੇ ਨੈਤਿਕ ਵਚਨਬੱਧਤਾ ਨੂੰ ਦਰਸਾਉਂਦੇ ਹਨ।
ਸਮਾਜਿਕ ਸੁਰੱਖਿਆ ਕੋਡ ਅਤੇ ਕਿੱਤਾਮੁਖੀ ਸੁਰੱਖਿਆ, ਸਿਹਤ ਤੇ ਕੰਮਕਾਜੀ ਸਥਿਤੀਆਂ ਕੋਡ ਵਰਗੇ ਕਾਨੂੰਨੀ ਢਾਂਚੇ ਬਾਲ ਦੇਖਭਾਲ ਕੇਂਦਰਾਂ ਅਤੇ ਕਰਮਚਾਰੀ ਭਲਾਈ ਲਈ ਪ੍ਰਬੰਧਾਂ ਨੂੰ ਮਜ਼ਬੂਤ ਕਰਦੇ ਹਨ। ਸਾਡੀ ਸਰਕਾਰ ਔਰਤਾਂ ਤੇ ਬੱਚਿਆਂ ਨੂੰ ਜੋ ਦੇਸ਼ ਦੀ ਕੁੱਲ ਆਬਾਦੀ ਦਾ 65 ਫ਼ੀਸਦੀ ਤੋਂ ਵੱਧ ਹਨ, ਰਾਸ਼ਟਰੀ ਤਰਜੀਹਾਂ ਦੇ ਕੇਂਦਰ 'ਚ ਰੱਖਦੀ ਹੈ। ਇਸ ਲਈ ਉਨ੍ਹਾਂ ਦੀ ਸੰਪੂਰਨ ਤੰਦਰੁਸਤੀ ਇਕ ਜ਼ਰੂਰੀ ਰਣਨੀਤਕ ਜ਼ਰੂਰਤ ਹੈ। ਦੇਖਭਾਲ ਅਰਥਵਿਵਸਥਾ ਵਿਚ ਇਕੋ ਸਮੇਂ ਨਿਵੇਸ਼ ਕਰਨ ਨਾਲ ਕਈ ਰਾਸ਼ਟਰੀ ਟੀਚਿਆਂ ਨੂੰ ਮਜ਼ਬੂਤੀ ਮਿਲਦੀ ਹੈ। ਇਹ ਔਰਤ ਕਾਰਜਬਲ ਦੀ ਭਾਗੀਦਾਰੀ ਨੂੰ ਵਧਾਉਂਦਾ ਹੈ, ਬੱਚਿਆਂ ਦੇ ਵਿਕਾਸ ਦੇ ਨਤੀਜਿਆਂ ਵਿਚ ਸੁਧਾਰ ਕਰਦਾ ਹੈ, ਬਜ਼ੁਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਂਦਾ ਹੈ ਅਤੇ ਸਨਮਾਨਜਨਕ ਰੁਜ਼ਗਾਰ ਲਈ ਨਵੇਂ ਮੌਕੇ ਪੈਦਾ ਕਰਦਾ ਹੈ। ਜਿਵੇਂ-ਜਿਵੇਂ ਭਾਰਤ 'ਅੰਮ੍ਰਿਤਕਾਲ' ਤੋਂ 'ਵਿਕਸਿਤ ਭਾਰਤ-2047' ਵੱਲ ਵਧ ਰਿਹਾ ਹੈ, ਅਸੀਂ ਇਸ ਪਰਿਵਰਤਨਸ਼ੀਲ ਸਚਾਈ ਨੂੰ ਪਛਾਣ ਰਹੇ ਹਾਂ ਕਿ ਸਮਾਜਿਕ ਨੀਂਹਾਂ ਨੂੰ ਮਜ਼ਬੂਤ ਕੀਤੇ ਬਿਨਾਂ ਵਿਕਾਸ ਟਿਕਾਊ ਨਹੀਂ ਹੋ ਸਕਦਾ ਤੇ ਦੇਖਭਾਲ ਅਰਥਵਿਵਸਥਾ ਜ਼ਰੂਰੀ ਨੀਂਹ ਹੈ।
ਇਸ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਅਸੀਂ ਦੇਖਭਾਲ ਦੇ ਅਦਿੱਖ ਕਿਰਤ ਦਾ ਸਤਿਕਾਰ ਕਰਨ ਅਤੇ ਸੰਸਥਾਗਤ ਤੌਰ 'ਤੇ ਸਸ਼ਕਤੀਕਰਨ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ। 'ਔਰਤਾਂ ਦੀ ਅਗਵਾਈ ਵਾਲੇ ਵਿਕਸਤ ਭਾਰਤ' ਦਾ ਸਾਡਾ ਦ੍ਰਿਸ਼ਟੀਕੋਣ ਬੋਰਡਰੂਮਾਂ ਤੇ ਸੰਸਥਾਵਾਂ 'ਚ ਔਰਤਾਂ ਦੀ ਭਾਗੀਦਾਰੀ ਤੱਕ ਸੀਮਤ ਨਹੀਂ ਹੈ, ਸਗੋਂ ਮਜ਼ਬੂਤ ਦੇਖਭਾਲ ਪ੍ਰਣਾਲੀਆਂ 'ਤੇ ਆਧਾਰਤ ਹੈ, ਜੋ ਔਰਤਾਂ ਦੇ ਮਾਣ ਉਨ੍ਹਾਂ ਦੀਆਂ ਆਰਥਿਕ ਸੰਭਾਵਨਾਵਾਂ ਦਾ ਵਿਸਥਾਰ ਕਰਨ ਵੱਲ ਸੇਧਤ ਹੈ।
-(ਲੇਖਕਾ ਭਾਰਤ ਸਰਕਾਰ 'ਚ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਹਨ)

Ad Position 22
No active advertisement
ਪਿਛਲੀ ਖ਼ਬਰ ਪੰਜਾਬ ਬਾਰੇ ਹਰ ਇਕ ਨੂੰ ਗੰਭੀਰ ਹੋਣ ਦੀ ਲੋੜ ਅਗਲੀ ਖ਼ਬਰ ਮਨੁੱਖੀ ਹੋਂਦ ਲਈ ਬੇਹੱਦ ਖਤਰਨਾਕ ਹੈ ਪਲਾਸਟਿਕ ਪ੍ਰਦੂਸ਼ਣ
Ad Position 24
No active advertisement