ਜਿਸ ਧਰਤੀ 'ਤੇ ਮਨੁੱਖ ਆਪਣਾ ਜੀਵਨ ਗੁਜ਼ਾਰਦਾ ਹੈ, ਜੇ ਉਹੀ ਡੂੰਘੇ ਸੰਕਟਾਂ ਦੀ ਲਪੇਟ 'ਚ ਆਈ ਹੋਵੇ ਤਾਂ ਮਨੁੱਖੀ ਜੀਵਨ ਵੀ ਪ੍ਰਭਾਵਿਤ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ। ਪੰਜਾਬ ਗਹਿਰੇ ਸੰਕਟਾਂ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ। ਹਰ ਪਾਸੇ ਬਦਹਾਲੀ ਨਜ਼ਰ ਆਉਂਦੀ ਹੈ। ਨਿੱਤ ਦਿਨ ਅਜਿਹਾ ਕੁੱਝ ਵਾਪਰ ਰਿਹਾ ਹੈ ਕਿ ਮਨ ਦਹਿਲ ਉੱਠਦਾ ਹੈ। ਕੋਈ ਵੀ ਸੋਚਵਾਨ ਤੇ ਸੰਵੇਦਨਸ਼ੀਲ ਬੰਦਾ ਮਨ ਹੀ ਮਨ ਤੜਫ ਕੇ ਰਹਿ ਜਾਂਦਾ ਹੈ। ਪਿਛਲੇ ਕਈ ਸਾਲਾਂ ਤੋਂ ਅਜਿਹਾ ਮਹਿਸੂਸ ਹੋਣ ਲੱਗਾ ਹੈ ਕਿ ਪੰਜਾਬ ਦਾ ਜਿਵੇਂ ਕੋਈ ਵਾਲੀ-ਵਾਰਿਸ ਹੀ ਨਹੀਂ ਹੁੰਦਾ। ਥੋੜ੍ਹੇ ਬਹੁਤ ਫ਼ਰਕ ਨਾਲ ਪੰਜਾਬ 'ਚ ਹਕੂਮਤ ਕਰਨ ਵਾਲੀਆਂ ਸਿਆਸੀ ਧਿਰਾਂ ਨੇ ਪੰਜਾਬ ਦੀ ਬਿਹਤਰੀ ਲਈ ਕੋਈ ਸਾਰਥਿਕ ਤੇ ਸੁਹਿਰਦ ਉਪਰਾਲੇ ਕਰਨ ਦੀ ਥਾਂ 'ਤੇ ਵੋਟ ਰਾਜਨੀਤੀ ਨੂੰ ਤਰਜੀਹ ਦਿੱਤੀ ਹੈ, ਜੋ ਪੰਜਾਬ ਲਈ ਬੇਹੱਦ ਹਾਨੀਕਾਰਕ ਸਿੱਧ ਹੋਈ ਹੈ। ਪੰਜਾਬ ਨਾਲ ਜੁੜੇ ਮੁੱਦਿਆਂ ਪ੍ਰਤੀ ਹਰ ਸਿਆਸੀ ਜਮਾਤ ਬਿਆਨਬਾਜ਼ੀ ਕਰਕੇ ਇਹ ਦਰਸਾਉਣ ਦਾ ਯਤਨ ਕਰਦੀ ਹੈ ਕਿ ਉਹ ਹੀ ਪੰਜਾਬ ਤੇ ਪੰਜਾਬੀਆਂ ਦੀ ਸਭ ਤੋਂ ਵੱਧ ਸ਼ੁੱਭ-ਚਿੰਤਕ ਹੈ। ਕਈ-ਕਈ ਸਾਲਾਂ ਤੋਂ ਚਲਦੇ ਮਸਲਿਆਂ ਪ੍ਰਤੀ ਸਿਆਸੀ ਪਾਰਟੀਆਂ ਨੇ ਕਦੇ ਵੀ ਕੋਈ ਸਾਂਝੀ ਰਣਨੀਤੀ ਬਣਾ ਕੇ ਮੁੱਦਿਆਂ ਨੂੰ ਹੱਲ ਕਰਾਉਣ ਲਈ ਕਦੇ ਵੀ ਸਿਰ ਜੋੜ ਕੇ ਬੈਠਣ ਦਾ ਯਤਨ ਨਹੀਂ ਕੀਤਾ। ਇਸੇ ਕਾਰਨ ਹੀ ਸਾਲਾਂ ਤੋਂ ਮਸਲੇ ਉਵੇਂ ਦੇ ਉਵੇਂ ਖੜ੍ਹੇ ਹਨ। ਹੁਣ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸਾਲਾਂ ਦੇ ਸਾਲ ਲਟਕਦੇ ਰਹਿਣ ਕਾਰਨ ਇਹ ਮਸਲੇ ਏਨੇ ਗੁੰਝਲਦਾਰ ਹੋ ਗਏ ਹਨ ਕਿ ਇਨ੍ਹਾਂ ਦਾ ਕੋਈ ਸਿਰਾ ਲੱਭਣਾ ਟੇਢੀ-ਖੀਰ ਬਣ ਗਿਆ ਹੈ। ਪੰਜਾਬ ਦੀ ਹਕੂਮਤ ਦਾ ਹਿੱਸਾ ਬਣੀ ਕਿਸੇ ਵੀ ਪਾਰਟੀ ਨੇ ਕਦੇ ਵੀ ਪੰਜਾਬ ਦੇ ਮੁੱਦਿਆਂ ਬਾਰੇ ਬੀਤੇ ਵਿਚ ਹੋਈਆਂ ਗ਼ਲਤੀਆਂ ਲਈ ਕਦੇ ਮੁਆਫ਼ੀ ਨਹੀਂ ਮੰਗੀ। ਹਾਂ, ਇਹ ਜ਼ਰੂਰ ਹੈ ਕਿ ਹਰ ਪਾਰਟੀ ਦੂਜਿਆਂ 'ਤੇ ਚਿੱਕੜ ਉਛਾਲੀ ਕਰਕੇ ਆਪਣੇ-ਆਪ ਨੂੰ ਪਾਕ-ਸਾਫ਼ ਦੱਸਣ ਦੀ ਕੋਸ਼ਿਸ਼ ਜ਼ਰੂਰ ਕਰਦੀ ਹੈ।
ਦਹਾਕਿਆਂ ਤੋਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਿਆਂ ਬਹੁਤ ਪਾਣੀ ਇਨ੍ਹਾਂ ਪੁਲਾਂ ਹੇਠੋਂ ਲੰਘ ਚੁੱਕਾ ਹੈ ਪਰ ਇਮਾਨਦਾਰੀ ਨਾਲ ਮਸਲੇ ਦੇ ਹੱਲ ਲਈ ਕਿਸੇ ਨੇ ਵੀ ਕਦੇ ਕੁਝ ਨਹੀਂ ਕੀਤਾ। ਆਪਣੀਆਂ ਸਿਆਸੀ ਗਿਣਤੀਆਂ-ਮਿਣਤੀਆਂ ਨੂੰ ਕੇਂਦਰ ਵਿਚ ਰੱਖਦਿਆਂ ਬਿਆਨ ਦਾਗੇ ਜਾਂਦੇ ਹਨ। ਜੇ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਤਾਂ ਪੰਜਾਬ ਵਿਚ ਬਿਆਨ ਦੇ ਦਿਓ ਤੇ ਜੇ ਹਰਿਆਣੇ ਵਿਚ ਹੋਵੋ ਤਾਂ ਉਨ੍ਹਾਂ ਦੇ ਹੱਕ ਵਿਚ ਬਿਆਨ ਦੇ ਦਿਓ। ਸਿਆਸੀ ਲਾਲਸਾਵਾਂ ਕਾਰਨ ਪੰਜਾਬ ਹਰ ਪੱਖ ਤੋਂ ਨਿਘਾਰ ਦੀ ਚਰਮਸੀਮਾ 'ਤੇ ਪਹੁੰਚ ਚੁੱਕਾ ਹੈ। ਸਭ ਤੋਂ ਵੱਧ ਦੁਖਦਾਈ ਪੱਖ ਇਹ ਹੈ ਕਿ ਅਜੋਕੇ ਸਮੇਂ ਸਿਆਸਤ ਵਿਚ ਏਨਾ ਨਿਘਾਰ ਆ ਚੁੱਕਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦੁਆਰਾ ਦਿੱਤੇ ਬਿਆਨ 'ਤੇ ਲੋਕਾਂ ਨੂੰ ਯਕੀਨ ਹੀ ਨਹੀਂ ਰਿਹਾ। ਅਕਸਰ ਹੀ ਦੇਖਦੇ ਹਾਂ ਕਿ ਸਿਆਸੀ ਪਾਰਟੀਆਂ ਜੋ ਬੋਲਦੀਆਂ ਹਨ, ਉਹ ਕਰਦੀਆਂ ਨਹੀਂ ਅਤੇ ਜੋ ਕਰਦੀਆਂ ਹਨ, ਉਹ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਹੁੰਦਾ। ਅਜੋਕੀ ਗੰਦੀ ਸਿਆਸਤ ਤੋਂ ਲੋਕਾਂ ਦਾ ਮਨ ਏਨਾ ਉਕਤਾ ਚੁੱਕਾ ਹੈ ਕਿ ਇਨ੍ਹਾਂ ਪ੍ਰਤੀ ਲੋਕ-ਮਨਾਂ ਵਿਚ ਬੇਵਿਸ਼ਵਾਸੀ ਪੈਦਾ ਹੋ ਗਈ ਹੈ।
ਪੰਜਾਬ ਦੀ ਜ਼ਰਖੇਜ਼ ਧਰਤੀ ਦੇ ਮਿਹਨਤੀ ਕਿਸਾਨਾਂ ਨੇ ਪੂਰੇ ਦੇਸ਼ ਦਾ ਢਿੱਡ ਭਰਨ ਲਈ ਅਨਾਜ ਦੇ ਭੰਡਾਰ ਭਰਨ ਵਿਚ ਕੋਈ ਕਸਰ ਨਹੀਂ ਛੱਡੀ ਪਰ ਇਹ ਕਰਦਿਆਂ ਉਨ੍ਹਾਂ ਨੇ ਆਪਣਾ ਬਹੁਤ ਕੁਝ ਗੁਆ ਲਿਆ। ਫ਼ਸਲ ਦਾ ਝਾੜ ਵਧਾਉਣ ਦੀ ਮਨਸ਼ਾ ਨਾਲ ਕਿਸਾਨਾਂ ਨੇ ਰਸਾਇਣਕ ਖਾਦਾਂ ਤੇ ਜ਼ਹਿਰਾਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਹੀ ਤਬਾਹ ਕਰ ਲਿਆ। ਫ਼ਸਲਾਂ ਲਈ ਵਰਤੀਆਂ ਇਨ੍ਹਾਂ ਜ਼ਹਿਰਾਂ ਕਾਰਨ ਹੀ ਪੰਜਾਬ ਵਿਚ ਭਿਆਨਕ ਬਿਮਾਰੀਆਂ ਨੇ ਪੈਰ-ਪਸਾਰੇ ਹੋਏ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਨੂੰ ਦਰਕਿਨਾਰ ਕਰਕੇ ਕਿਸਾਨਾਂ ਨੇ ਜ਼ਹਿਰਾਂ ਦੀ ਇਸ ਕਦਰ ਵਰਤੋਂ ਕੀਤੀ ਕਿ ਹੁਣ ਹਰ ਚੀਜ਼ ਹੀ ਸਿਹਤ ਲਈ ਨੁਕਸਾਨਦੇਹ ਹੋ ਗਈ ਹੈ। ਭਾਵੇਂ ਵਪਾਰਕ ਨਜ਼ਰੀਆ ਮਾੜਾ ਨਹੀਂ ਹੈ ਪਰ ਖੇਤੀ ਦੇ ਇਸ ਮਾਡਲ ਨੇ ਪੰਜਾਬ ਨੂੰ ਤਬਾਹ ਕਰਨ 'ਚ ਕੋਈ ਕਸਰ ਨਹੀਂ ਛੱਡੀ। ਧਰਤੀ ਹੇਠਲੇ ਪਾਣੀ ਦੀ ਨੀਵੀਂ ਹੋ ਰਹੀ ਪੱਧਰ ਬਾਰੇ ਵੀ ਕਿਸੇ ਨੂੰ ਕੋਈ ਚਿੰਤਾ ਨਹੀਂ।
ਝੋਨੇ ਦੀ ਫ਼ਸਲ 'ਚ ਹਰ ਸਾਲ ਵਾਧਾ ਹੋ ਰਿਹਾ ਹੈ ਤੇ ਧਰਤੀ 'ਚੋਂ ਪਾਣੀ ਕੱਢਦੀਆਂ ਪੰਦਰਾਂ ਲੱਖ ਮੋਟਰਾਂ ਸਾਲ-ਦਰ-ਸਾਲ ਹੋਰ ਡੂੰਘੀਆਂ ਹੋ ਰਹੀਆਂ ਹਨ। ਕਿਸਾਨਾਂ ਨੂੰ ਫ਼ਸਲੀ-ਚੱਕਰ ਬਦਲਣ ਦੀਆਂ ਕਈ ਸਾਲਾਂ ਤੋਂ ਸਲਾਹਾਂ ਦਿੱਤੀਆ ਜਾ ਰਹੀਆਂ ਹਨ ਪਰ ਗੰਭੀਰਤਾ ਨਾਲ ਖੇਤੀ ਵਿਭਿੰਨਤਾ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਕਿਸਾਨ ਨੂੰ ਝੋਨੇ ਦਾ ਕੋਈ ਬਦਲ ਹੀ ਨਹੀਂ ਦੱਸਿਆ ਜਾ ਰਿਹਾ। ਕਿਸਾਨ ਕੀ ਕਰੇ, ਉਸ ਦੀ ਆਮਦਨ ਦਾ ਸਾਧਨ ਤਾਂ ਫ਼ਸਲ-ਬਾੜੀ ਹੀ ਹੈ। ਜੇ ਉਸ ਦੀ ਫ਼ਸਲ ਮੰਡੀ 'ਚ ਵਿਕੇਗੀ ਨਹੀਂ ਤਾਂ ਉਸ ਦਾ ਗੁਜ਼ਾਰਾ ਕਿਵੇਂ ਚੱਲੇਗਾ? ਕਣਕ-ਝੋਨੇ ਦੇ ਬੀਜਣ ਪਿੱਛੇ ਮੁੱਖ ਕਾਰਨ ਹੀ ਇਹ ਹੈ ਕਿ ਇਹ ਦੋਵੇਂ ਫ਼ਸਲਾਂ ਮੰਡੀ 'ਚ ਸਰਕਾਰ ਵਲੋਂ ਨਿਰਧਾਰਤ ਕੀਮਤ 'ਤੇ ਵਿਕਦੀਆਂ ਹਨ।
ਕਈ ਸਾਲਾਂ ਤੋਂ ਵਾਤਾਵਰਨ ਮਾਹਰ ਚੀਖ-ਚੀਖ ਕੇ ਲੋਕਾਂ ਨੂੰ ਕਹਿ ਰਹੇ ਹਨ ਕਿ ਪੰਜਾਬ ਦਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਪਰ ਲੋਕ ਬਹੁਤ ਅਵੇਸਲੇ ਹਨ। ਰੁੱਖਾਂ ਦਾ ਹਰ ਥਾਂ ਸਫਾਇਆ ਕੀਤਾ ਜਾ ਰਿਹਾ ਹੈ। ਹਰ ਸਾਲ ਜਿਹੜੇ ਰੁੱਖ ਲਾਏ ਵੀ ਜਾਂਦੇ ਹਨ, ਉਹ ਵੀ ਕੇਵਲ ਫੋਟੋ ਕਰਾ ਕੇ ਆਪਣੀ ਬੱਲੇ-ਬੱਲੇ ਕਰਾਉਣ ਲਈ ਰਸਮੀ ਕਾਰਵਾਈ ਹੀ ਹੁੰਦੀ ਹੈ। ਇਨ੍ਹਾਂ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਇਨ੍ਹਾਂ 'ਚੋਂ ਬਹੁਤੇ ਨੇਪਰੇ ਨਹੀਂ ਚੜ੍ਹਦੇ। ਕੁਝ ਬਾਬੇ ਤੇ ਸੰਸਥਾਵਾਂ ਇਸ ਪਾਸੇ ਜ਼ਰੂਰ ਗੰਭੀਰਤਾ ਨਾਲ ਜੁਟੀਆਂ ਹੋਈਆਂ ਹਨ। ਹਰ ਸਾਲ ਪਰਾਲੀ ਤੇ ਨਾੜ ਨੂੰ ਅੱਗ ਹਵਾਲੇ ਕਰਕੇ ਬਹੁਤ ਕੁਝ ਬਰਬਾਦ ਕੀਤਾ ਜਾ ਰਿਹਾ ਹੈ। ਕੁਝ ਜਾਗਰੂਕ ਕਿਸਾਨ ਬਹੁਤ ਸਾਰਥਿਕ ਕਾਰਜ ਕਰ ਰਹੇ ਹਨ। ਉਹ ਪਰਾਲੀ ਤੇ ਨਾੜ ਨੂੰ ਖੇਤਾਂ ਵਿਚ ਵਾਹ ਕੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਰਹੇ ਹਨ। ਜੇ ਸਰਕਾਰੀ ਅਧਿਕਾਰੀ ਆਪਣਾ ਫ਼ਰਜ਼ ਨਿਭਾਉਂਦਿਆਂ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕਦਾ ਹੈ ਤਾਂ ਕੁਝ ਕਿਸਾਨ ਉਸ ਦਾ ਵਿਰੋਧ ਕਰਨ ਲਗਦੇ ਹਨ। ਬਿਨਾਂ ਸ਼ੱਕ ਸਰਕਾਰ ਤੇ ਖੇਤੀ ਮਾਹਰਾਂ ਨੂੰ ਇਸ ਸਮੱਸਿਆ ਸਬੰਧੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।
ਮੰਨਿਆ ਕਿ ਕਿਸਾਨ ਕਣਕ ਬੀਜਣ ਲਈ ਪੈਲੀ ਨੂੰ ਤਿਆਰ ਕਰਨ ਲਈ ਮਜਬੂਰੀ 'ਚ ਅੱਗ ਲਗਾਉਂਦਾ ਹੈ ਪਰ ਨੁਕਸਾਨ ਤਾਂ ਪੰਜਾਬ ਦਾ ਹੀ ਹੋ ਰਿਹਾ ਹੈ। ਇਹ ਹੱਥੀਂ ਲਾਏ ਲਾਂਬੂ ਬਹੁਤ ਕੁਝ ਬਰਬਾਦ ਕਰੀ ਜਾ ਰਹੇ ਹਨ। ਸੰਘਣੇ ਧੂੰਏਂ ਨਾਲ ਵਾਤਾਵਰਨ ਤਾਂ ਪਲੀਤ ਹੁੰਦਾ ਹੀ ਹੈ, ਜਿਹੜੇ ਹਾਦਸੇ ਵਾਪਰਦੇ ਹਨ, ਉਹ ਵੀ ਬਹੁਤ ਦੁਖਦਾਈ ਹਨ। ਇਸ ਗੱਲ 'ਚ ਵੀ ਕੋਈ ਦੋ ਰਾਵਾਂ ਨਹੀਂ ਹਨ ਕਿ ਵਾਤਾਵਰਨ ਪ੍ਰਦੂਸ਼ਣ ਲਈ ਕੇਵਲ ਕਿਸਾਨ ਹੀ ਜ਼ਿੰਮੇਵਾਰ ਨਹੀਂ, ਉਦਯੋਗਾਂ ਤੇ ਵਾਹਨਾਂ ਦੁਆਰਾ ਕਿਤੇ ਵੱਧ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਨੇ ਤੇ ਉਨ੍ਹਾਂ ਦੇ ਜ਼ਮੀਨੀ ਰਿਕਾਰਡ 'ਚ 'ਰੈੱਡ ਐਂਟਰੀ' ਕਰਨੀ ਮਸਲੇ ਦਾ ਹੱਲ ਨਹੀਂ, ਸਗੋਂ ਇਸ ਨਾਲ ਕਈ ਹੋਰ ਉਲਝਣਾਂ ਪੈਦਾ ਹੋਣਗੀਆਂ।
ਨੇਤਾਵਾਂ ਦੀ ਸੁਰੱਖਿਆ ਲਈ ਤਾਂ ਬਹੁਤ ਪ੍ਰਬੰਧ ਕੀਤੇ ਜਾਂਦੇ ਹਨ ਪਰ ਕੀ ਲੋਕਾਂ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਨਹੀਂ? ਕਿਤੇ ਵੀ ਕੋਈ ਸੁਰੱਖਿਅਤ ਨਹੀਂ ਹੈ। ਸੜਕ ਬਾਜ਼ਾਰ ਜਾਂ ਕਿਤੇ ਵੀ ਜਾਂਦਿਆਂ ਨੂੰ ਕਦੋਂ ਲੁਟੇਰੇ ਲੁੱਟ ਲੈਣ ਕੋਈ ਪਤਾ ਨਹੀਂ। ਹਰ ਪਾਸੇ ਗੋਲੀਆਂ ਵਰ੍ਹ ਰਹੀਆਂ ਹਨ ਤੇ ਗੈਂਗਸਟਰ ਦਨਦਨਾਉਂਦੇ ਘੁੰਮ ਰਹੇ ਹਨ। ਸਰਕਾਰ ਤੇ ਪ੍ਰਸ਼ਾਸਨ ਦਾ ਇਹ ਮੁੱਢਲਾ ਫ਼ਰਜ਼ ਹੁੰਦਾ ਹੈ ਕਿ ਉਹ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰੇ। ਜਦੋਂ ਜਨਤਾ ਦੇ ਮਨ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਤਾਂ ਇਸ ਦਾ ਭਾਵ ਇਹੀ ਹੁੰਦਾ ਹੈ ਕਿ ਸਰਕਾਰੀ ਮਸ਼ੀਨਰੀ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੀ।
ਹਰ ਰੋਜ਼ ਦੁਖਦਾਈ ਘਟਨਾਵਾਂ ਵਾਪਰ ਰਹੀਆਂ ਹਨ। ਬਦਲੇਖੋਰੀ ਤੇ ਲਾਲਸਾਵਾਂ ਦਾ ਸੰਸਾਰ ਏਨਾ ਕਰੂਰ ਹੋ ਗਿਆ ਹੈ ਕਿ ਪੁੱਤਰ ਆਪਣੇ ਮਾਂ-ਬਾਪ ਨੂੰ ਬੇਰਹਿਮੀ ਨਾਲ ਕਤਲ ਕਰ ਰਿਹਾ ਹੈ, ਭਰਾ ਭਰਾਵਾਂ ਦੇ ਦੁਸ਼ਮਣ ਬਣ ਕੇ ਇਕ-ਦੂਜੇ ਨੂੰ ਮਾਰ ਕੇ ਆਪਣੇ ਹੀ ਘਰਾਂ 'ਚ ਸੱਥਰ ਵਿਛਾ ਰਹੇ ਹਨ, ਪਤਨੀ ਆਪਣੇ ਪ੍ਰੇਮੀ ਦੇ ਜਾਲ 'ਚ ਫਸ ਕੇ ਆਪਣੇ ਹੀ ਪਤੀ ਨੂੰ ਕਤਲ ਕਰਾ ਰਹੀ ਹੈ, ਕੋਈ ਮਾਂ ਆਪਣੇ ਫੁੱਲਾਂ ਵਰਗੇ ਮਾਸੂਮ ਬੱਚਿਆਂ ਨੂੰ ਮਾਰ ਕੇ ਫਿਰ ਆਪ ਖ਼ੁਦਕੁਸ਼ੀ ਕਰਕੇ ਆਪਣਾ ਘਰ ਤਬਾਹ ਕਰ ਰਹੀ ਹੈ। ਕਿਸੇ ਵੀ ਸਮਾਜ ਦੀ ਤਰੱਕੀ ਤੇ ਖੁਸ਼ਹਾਲੀ ਲਈ ਉਪਰੋਕਤ ਕਿਸਮ ਦੇ ਵਰਤਾਰੇ ਬਹੁਤ ਵੱਡੀਆਂ ਰੁਕਾਵਟਾਂ ਹੁੰਦੀਆਂ ਹਨ। ਇਨ੍ਹਾਂ ਸਾਰੇ ਮਸਲਿਆਂ ਨੂੰ ਹੱਲ ਕਰਨ ਲਈ ਸਰਕਾਰ ਤੋਂ ਲੈ ਕੇ ਆਮ ਲੋਕਾਂ ਤੱਕ ਸਭ ਨੂੰ ਗੰਭੀਰ ਹੋਣ ਦੀ ਲੋੜ ਹੈ।
ਸੰਪਰਕ : 98153-56086