ਹੈਨਰੀ ਫੋਰਡ, ਹਰ ਕੰਮ ਬਹੁਤ ਹੀ ਸੋਚ ਸਮਝ ਕੇ ਅਤੇ ਵਿਉਂਤਬੰਦੀ ਨਾਲ ਕਰਦਾ ਸੀ। ਉਹ ਆਪਣੇ ਕਾਰਖਾਨੇ ਦੇ ਕਰਮਚਾਰੀਆਂ ਨੂੰ ਸਭ ਤੋਂ ਵੱਧ ਤਨਖ਼ਾਹ ਦਿੰਦਾ ਸੀ। ਇਕ ਦਿਨ ਇਕ ਪੱਤਰਕਾਰ ਨੇ ਉਸ ਦੇ ਦਫ਼ਤਰ ਵਿਚ ਆ ਕੇ ਉਸ ਨੂੰ ਸਵਾਲ ਕੀਤਾ ਕਿ ਉਹ ਆਪਣੇ ਕਾਰਖਾਨੇ ਵਿਚ ਸਭ ਤੋਂ ਵੱਧ ਤਨਖ਼ਾਹ ਕਿਸ ਨੂੰ ਦਿੰਦੇ ਹਨ ਤਾਂ ਹੈਨਰੀ ਫੋਰਡ ਨੇ ਅੱਗੋਂ ਹੱਸ ਕੇ ਕਿਹਾ ਕਿ ਤੁਹਾਨੂੰ ਆਪਣੇ ਇਸ ਸਵਾਲ ਦਾ ਜਵਾਬ ਲੈਣ ਲਈ ਮੇਰੇ ਨਾਲ ਚੱਲਣਾ ਹੋਵੇਗਾ। ਹੈਨਰੀ ਦਾ ਜਵਾਬ ਸੁਣ ਕੇ ਪੱਤਰਕਾਰ ਕਾਫ਼ੀ ਹੈਰਾਨ ਹੋਇਆ। ਉਹ ਉਸ ਨਾਲ ਚੱਲ ਪਿਆ। ਪੱਤਰਕਾਰ ਨੇ ਵੇਖਿਆ ਕਿ ਪ੍ਰੋਡਕਸ਼ਨ ਰੂਮ ਵਿਚ ਹਰ ਵਿਅਕਤੀ ਆਪਣੇ ਕੰਮ ਵਿਚ ਰੁਝਿਆ ਹੋਇਆ ਸੀ। ਹਰ ਪਾਸੇ ਕੰਮ ਚੱਲਣ ਦੀ ਆਵਾਜ਼ ਆ ਰਹੀ ਸੀ। ਪੱਤਰਕਾਰ ਨੇ ਸੋਚਿਆ ਕਿ ਹੈਨਰੀ ਫੋਰਡ ਆਪਣੇ ਉਨ੍ਹਾਂ ਕੰਮ ਕਰਦੇ ਮੁਲਾਜ਼ਮਾਂ 'ਚੋਂ ਕਿਸੇ ਇਕ ਨੂੰ ਬੁਲਾ ਕੇ ਕਹੇਗਾ ਕਿ ਮੇਰੇ ਕਾਰਖਾਨੇ ਵਿਚ ਇਹ ਵਿਅਕਤੀ ਸਭ ਤੋਂ ਵੱਧ ਤਨਖ਼ਾਹ ਲੈਂਦਾ ਹੈ ਪਰ ਹੋਇਆ ਉਸ ਦੀ ਸੋਚ ਤੋਂ ਬਿਲਕੁਲ ਉਲਟ। ਹੈਨਰੀ ਉਸ ਪੱਤਰਕਾਰ ਨੂੰ ਇਕ ਅਜਿਹੇ ਕੈਬਿਨ ਵਿਚ ਲੈ ਗਿਆ, ਜਿੱਥੇ ਇਕ ਵਿਅਕਤੀ ਮੇਜ਼ 'ਤੇ ਲੱਤਾਂ ਰੱਖ ਕੇ ਸੁੱਤਾ ਹੋਇਆ ਸੀ। ਉਸ ਨੇ ਆਪਣੇ ਮੂੰਹ 'ਤੇ ਟੋਪੀ ਰੱਖੀ ਹੋਈ ਸੀ। ਆਪਣੇ ਕੈਬਿਨ 'ਚ ਆਏ ਆਪਣੇ ਕਾਰਖਾਨੇ ਦੇ ਮਾਲਕ ਨੂੰ ਵੇਖ ਕੇ ਉਹ ਉੱਠਿਆ ਤੱਕ ਨਹੀਂ। ਉਸ ਨੇ ਮੂੰਹ ਤੋਂ ਟੋਪੀ ਹਟਾ ਕੇ ਕਿਹਾ ਕਿ ਹੈਲੋ ਹੈਨਰੀ। ਹੈਨਰੀ ਉਸ ਦੀ ਹੈਲੋ ਦਾ ਜਵਾਬ ਦੇ ਕੇ ਪੱਤਰਕਾਰ ਨਾਲ ਕੈਬਿਨ 'ਚੋਂ ਬਾਹਰ ਨਿਕਲ ਆਇਆ ਅਤੇ ਪੱਤਰਕਾਰ ਨੂੰ ਦੱਸਿਆ ਕਿ ਮੇਰੇ ਕਾਰਖਾਨੇ ਵਿਚ ਸਭ ਤੋਂ ਵੱਧ ਤਨਖ਼ਾਹ ਇਹ ਵਿਅਕਤੀ ਹੀ ਲੈਂਦਾ ਹੈ। ਪੱਤਰਕਾਰ ਨੇ ਕਿਹਾ ਕਿ ਤੁਸੀਂ ਇਸ ਵਿਹਲੇ ਵਿਅਕਤੀ ਨੂੰ ਸਭ ਤੋਂ ਵੱਧ ਤਨਖ਼ਾਹ ਕਿਵੇਂ ਦਿੰਦੇ ਹੋ। ਹੈਨਰੀ ਨੇ ਪੱਤਰਕਾਰ ਨੂੰ ਉਸ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸ੍ਰੀਮਾਨ ਇਹ ਵਿਅਕਤੀ ਵਿਹਲਾ ਨਹੀਂ, ਸਗੋਂ ਮੇਰੇ ਲਈ ਇਹ ਸਭ ਤੋਂ ਵੱਧ ਉਪਯੋਗੀ ਮੁਲਾਜ਼ਮ ਹੈ। ਇਹ ਸਿਰਫ਼ ਸੋਚਦਾ ਹੈ ਤੇ ਮੈਨੂੰ ਨਵੇਂ-ਨਵੇਂ ਵਿਚਾਰ (ਆਡੀਏ) ਦਿੰਦਾ ਹੈ। ਮੇਰੀ ਕੰਪਨੀ ਦੇ ਸਾਰੇ ਸਿਸਟਮ ਅਤੇ ਕਾਰਾਂ ਦੇ ਨਵੇਂ ਮਾਡਲ ਇਸ ਦੇ ਦਿਮਾਗ ਦਾ ਹੀ ਕਮਾਲ ਹੈ। ਮੈਂ ਇਸ ਦੇ ਤੇਜ਼ ਦਿਮਾਗ 'ਚੋਂ ਨਿਕਲੇ ਵਿਚਾਰਾਂ ਤੋਂ ਕਰੋੜਾਂ ਰੁਪਏ ਕਮਾਉਂਦਾ ਹਾਂ। ਇਸ ਲਈ ਦੁਨੀਆ ਵਿਚ ਸਭ ਤੋਂ ਵੱਧ ਕੀਮਤ ਵਿਚਾਰਾਂ ਦੀ ਹੁੰਦੀ ਹੈ। ਬਿਹਤਰ ਵਿਚਾਰਾਂ ਲਈ ਸਮਾਂ, ਸ਼ਾਂਤੀ ਤੇ ਚੰਗੀ ਆਰਥਿਕ ਸਥਿਤੀ ਦੀ ਲੋੜ ਹੁੰਦੀ ਹੈ, ਜੋ ਮੈਂ ਇਸ ਨੂੰ ਮੁਹੱਈਆ ਕਰਵਾਉਂਦਾ ਹਾਂ।
ਬਿੱਲ ਗੇਟਸ ਤੇ ਵਾਰਨ ਬਫੇਟ ਵੀ ਹੈਨਰੀ ਫੋਰਡ ਵਾਂਗ ਤੇਜ਼ ਦਿਮਾਗ ਵਾਲੇ ਕਾਰੋਬਾਰੀ ਹਨ। 120 ਬਿਲੀਅਨ ਡਾਲਰ ਦੇ ਮਾਲਕ ਵਾਰਨ ਬਫੇਟ ਨੇ ਆਪਣੀ ਦੌਲਤ ਦਾ ਜ਼ਿਆਦਾਤਰ ਹਿੱਸਾ 60 ਸਾਲ ਦੀ ਉਮਰ 'ਚ ਕਮਾਇਆ, ਜਿਸ ਉਮਰ ਨੂੰ ਲੋਕ ਆਰਾਮ ਕਰਨ ਦੀ ਉਮਰ ਮੰਨਦੇ ਹਨ। ਵਾਰਨ ਬਫੇਟ ਦਿਨ ਵਿਚ ਸਾਢੇ ਚਾਰ ਘੰਟੇ ਪੜ੍ਹਦਾ ਹੈ। ਬਿੱਲ ਗੇਟਸ ਹਫ਼ਤੇ ਵਿਚ ਦੋ ਪੁਸਤਕਾਂ ਪੜ੍ਹਦਾ ਹੈ। ਉਹ ਆਪਣੀ ਕਾਰ ਖ਼ੁਦ ਚਲਾਉਂਦਾ ਹੈ।
ਉਹ ਸਮਾਰਟ ਫ਼ੋਨ ਦੀ ਬਹੁਤ ਘੱਟ ਵਰਤੋਂ ਕਰਦਾ ਹੈ। ਉਹ ਆਮ ਲੋਕਾਂ ਵਾਂਗ ਕਤਾਰ ਵਿਚ ਖੜ੍ਹਾ ਹੋ ਕੇ ਕੌਫ਼ੀ ਦਾ ਕੱਪ ਤੇ ਬਰਗਰ ਖਰੀਦਦਾ ਹੈ। ਇਕ ਪੱਤਰਕਾਰ ਨੇ ਬਿੱਲ ਗੇਟਸ ਨੂੰ ਪੁੱਛਿਆ ਕਿ ਤੁਸੀਂ ਐਨੇ ਵੱਡੇ ਵਿਅਕਤੀ ਹੋਣ ਦੇ ਬਾਵਜੂਦ ਆਮ ਲੋਕਾਂ ਵਾਂਗ ਕਤਾਰ ਵਿਚ ਖੜ੍ਹੇ ਹੋ ਕੇ ਕੌਫੀ ਤੇ ਬਰਗਰ ਕਿਉਂ ਖਰੀਦਦੇ ਹੋ? ਇਸ 'ਤੇ ਬਿੱਲ ਗੇਟਸ ਨੇ ਉਸ ਨੂੰ ਬਹੁਤ ਹੀ ਕਮਾਲ ਦਾ ਜਵਾਬ ਦਿੱਤਾ ਕਿ ਮਨੁੱਖ ਨੂੰ ਵੱਡਾ ਪੈਸੇ ਦੀ ਅਮੀਰੀ ਨਹੀਂ ਕਰਦੀ, ਸਗੋਂ ਉਸ ਦਾ ਆਮ ਲੋਕਾਂ ਵਾਂਗ ਜ਼ਿੰਦਗੀ ਜਿਊਣਾ ਉਸ ਨੂੰ ਵੱਡਾ ਕਰਦਾ ਹੈ।
ਮੋਬਾਈਲ : 98726-27136