ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪ੍ਰਧਾਨ ਮੰਤਰੀ ਦੀ ਸਰਗਰਮੀ

Ad Position 21
No active advertisement
ਅਜੀਤ ਡੈਸਕ 29-03-2026

ਕੋਵਿਡ ਮਹਾਂਮਾਰੀ ਦੁਨੀਆ ਭਰ ਲਈ ਇਕ ਬਹੁਤ ਵੱਡੀ ਅਤੇ ਦਰਦਨਾਕ ਚੁਣੌਤੀ ਬਣ ਗਈ ਸੀ, ਜਿਸ ਦੀ ਭੇਟ ਲੱਖਾਂ ਹੀ ਲੋਕ ਚੜ੍ਹ ਗਏ ਸਨ। ਭਾਰਤ ਵਿਚ ਵੀ ਇਸ ਨਾਮੁਰਾਦ ਵਾਇਰਸ ਨੇ ਵੱਡਾ ਨੁਕਸਾਨ ਕੀਤਾ ਸੀ ਅਤੇ ਇਕ ਵਾਰ ਤਾਂ ਦੇਸ਼ ਭਰ ਵਿਚ ਹਰ ਤਰ੍ਹਾਂ ਦਾ ਕੰਮਕਾਜ ਠੱਪ ਹੋ ਕੇ ਰਹਿ ਗਿਆ ਸੀ। ਉਸ ਸਮੇਂ ਗੰਭੀਰ ਹਾਲਾਤ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡੀ ਚਿੰਤਾ ਦੇ ਨਾਲ-ਨਾਲ ਇਸ ਕੰਮ ਨੂੰ ਸਮਰਪਿਤ ਹੋ ਕੇ ਪੂਰੀ ਸਰਗਰਮੀ ਦਿਖਾਈ ਸੀ। ਅਨੇਕਾਂ, ਅਨੇਕ ਔਕੜਾਂ ਅਤੇ ਵੱਡੇ ਨੁਕਸਾਨ ਦੇ ਬਾਵਜੂਦ ਦੇਸ਼ ਵਾਸੀਆਂ ਨੂੰ ਵੱਡਾ ਧਰਵਾਸ ਦਿੱਤਾ ਸੀ। ਕੋਵਿਡ ਦੇ ਟੀਕੇ ਈਜਾਦ ਹੋਣ ਨਾਲ ਅਤੇ ਆਪਣੇ ਦੇਸ਼ ਵਿਚ ਵੀ ਇਸ ਸੰਬੰਧੀ ਸੰਬੰਧਿਤ ਕੰਪਨੀਆਂ ਨੂੰ ਉਤਸ਼ਾਹਿਤ ਕਰਕੇ ਜਿੱਥੇ ਵੱਡੀ ਗਿਣਤੀ 'ਚ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਸੀ, ਉੱਥੇ ਵਿਦੇਸ਼ਾਂ ਦੇ ਬਹੁਤ ਸਾਰੇ ਲੋਕਾਂ ਨੂੰ ਵੀ ਇਸ ਕੰਮ ਵਿਚ ਭਾਈਵਾਲ ਬਣਾਇਆ ਗਿਆ ਸੀ।
ਵੱਖ-ਵੱਖ ਦੇਸ਼ਾਂ ਨੂੰ ਵੱਡੀ ਮਾਤਰਾ ਵਿਚ ਟੀਕਿਆਂ ਦੀਆਂ ਖੇਪਾਂ ਭੇਜਣ ਨਾਲ ਭਾਰਤ ਦਾ ਕੌਮਾਂਤਰੀ ਪ੍ਰਭਾਵ ਵਧਿਆ ਸੀ। ਹੁਣ ਪੱਛਮੀ ਏਸ਼ੀਆ ਵਿਚ ਹੋ ਰਹੀ ਭਿਆਨਕ ਲੜਾਈ ਅਤੇ ਇਸ ਨਾਲ ਪੈਣ ਵਾਲੇ ਕੌਮਾਂਤਰੀ ਪੱਧਰ 'ਤੇ ਮਾਰੂ ਪ੍ਰਭਾਵਾਂ ਤੋਂ ਭਾਰਤ ਵੀ ਨਹੀਂ ਬਚਿਆ, ਪਰ ਇਸ ਸਮੇਂ ਵੀ ਪ੍ਰਧਾਨ ਮੰਤਰੀ ਮੋਦੀ ਵਲੋਂ ਦਿਖਾਈ ਜਾ ਰਹੀ ਸਰਗਰਮੀ ਅਤੇ ਕੀਤੀ ਜਾ ਰਹੀ ਯੋਜਨਾਬੰਦੀ ਦੇਸ਼ ਵਾਸੀਆਂ ਵਿਚ ਵੱਡਾ ਵਿਸ਼ਵਾਸ ਪੈਦਾ ਕਰਨ ਵਾਲੀ ਰਹੀ ਹੈ। ਪਿਛਲੇ ਦਿਨੀਂ ਸ੍ਰੀ ਨਰਿੰਦਰ ਮੋਦੀ ਨੇ ਚੱਲ ਰਹੇ ਸੰਸਦ ਦੇ ਸੈਸ਼ਨ ਵਿਚ ਪਹਿਲਾਂ 23 ਮਾਰਚ ਨੂੰ ਲੋਕ ਸਭਾ ਵਿਚ ਅਤੇ ਫਿਰ ਅਗਲੇ ਦਿਨ ਰਾਜ ਸਭਾ ਵਿਚ ਇਸ ਗੰਭੀਰ ਮਸਲੇ ਪ੍ਰਤੀ ਜਿੱਥੇ ਸਰਕਾਰ ਦੀ ਪਹੁੰਚ ਅਤੇ ਉਸ ਵਲੋਂ ਕੀਤੇ ਜਾ ਰਹੇ ਹਰ ਪੱਧਰ 'ਤੇ ਯਤਨਾਂ ਦਾ ਵੇਰਵਾ ਦਿੱਤਾ, ਉੱਥੇ ਦੇਸ਼ ਵਾਸੀਆਂ ਨੂੰ ਇਕਜੁੱਟ ਹੋ ਕੇ ਇਸ ਸੰਕਟਮਈ ਸਮੇਂ ਦਾ ਦ੍ਰਿੜ੍ਹਤਾ ਅਤੇ ਵਿਸ਼ਵਾਸ ਨਾਲ ਸਾਹਮਣਾ ਕਰਨ ਦਾ ਸੰਦੇਸ਼ ਵੀ ਦਿੱਤਾ। ਇਸ ਸੰਕਟ ਤੋਂ ਉੱਭਰੇ ਮਸਲਿਆਂ ਨੂੰ ਵੀ ਪਾਰਦਰਸ਼ੀ ਢੰਗ ਨਾਲ ਸਭ ਨਾਲ ਸਾਂਝਾ ਕੀਤਾ। ਕੁਝ ਜ਼ਰੂਰੀ ਉੱਭਰੇ ਮਸਲਿਆਂ ਵਿਚ ਉਨ੍ਹਾਂ ਨੇ ਤੇਲ, ਖਾਦਾਂ ਅਤੇ ਦੱਖਣੀ ਏਸ਼ੀਆ ਵਿਚ ਰਹਿ ਰਹੇ ਇਕ ਕਰੋੜ ਦੇ ਲਗਭਗ ਭਾਰਤੀ ਨਾਗਰਿਕਾਂ ਬਾਰੇ ਵੀ ਸਥਿਤੀ ਨੂੰ ਸਪੱਸ਼ਟ ਕੀਤਾ ਅਤੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਆਮ ਪਰਿਵਾਰਾਂ ਨੂੰ ਘੱਟ ਤੋਂ ਘੱਟ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਈਰਾਨ ਨੇੜੇ ਹੋਰਮੁਜ਼ ਜਲਡਮਰੂ ਵਿਚੋਂ ਵਪਾਰਕ ਜਹਾਜ਼ਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ, ਇਸ ਲਈ ਇਹ ਖੋਲ੍ਹਿਆ ਜਾਣਾ ਜ਼ਰੂਰੀ ਹੈ ਪਰ ਤੇਲ ਅਤੇ ਗੈਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਦੇਸ਼ਾਂ ਦੇ ਸਪਲਾਇਰਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਯੁੱਧ ਪ੍ਰਭਾਵਿਤ ਖੇਤਰ ਵਿਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਲਈ ਵੀ ਵੱਡੇ ਯਤਨ ਕੀਤੇ ਜਾ ਰਹੇ ਹਨ।
ਸਰਕਾਰ ਲਗਾਤਾਰ ਇਹ ਯਤਨ ਕਰ ਰਹੀ ਹੈ ਕਿ ਤੇਲ ਅਤੇ ਗੈਸ ਦੀ ਸਪਲਾਈ ਜਿੱਥੋਂ ਤੱਕ ਵੀ ਸੰਭਵ ਹੋ ਸਕੇ ਜਾਰੀ ਰਹੇ। ਇਹ ਵੀ ਕਿ ਦੇਸ਼ ਦੇ ਸਾਰੇ ਪਾਵਰ ਪਲਾਂਟਾਂ ਕੋਲ ਕੋਲੇ ਦਾ ਢੁਕਵਾਂ ਭੰਡਾਰ ਹੈ, ਇਹ ਵੀ ਕਿ ਭਾਰਤ ਕੋਲ 5.3 ਮਿਲੀਅਨ ਮੀਟ੍ਰਿਕ ਟਨ ਤੋਂ ਵੱਧ ਪੈਟਰੋਲੀਅਮ ਭੰਡਾਰ ਹਨ ਅਤੇ ਇਨ੍ਹਾਂ ਨੂੰ ਹੋਰ ਵਧਾਉਣ ਲਈ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਹਨ। ਰਾਜ ਸਭਾ ਵਿਚ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਕਰੋੜਾਂ ਹੀ ਲੋੜਵੰਦ ਲੋਕਾਂ ਨੂੰ ਗਰੀਬ ਕਲਿਆਣ ਯੋਜਨਾ ਦਾ ਲਾਭ ਮਿਲਦਾ ਰਹੇਗਾ। ਭਾਵੇਂ ਪੂਰੇ ਵਿਸ਼ਵ ਵਿਚ ਗੰਭੀਰ ਊਰਜਾ ਦਾ ਸੰਕਟ ਪੈਦਾ ਹੋ ਗਿਆ ਹੈ ਪਰ ਭਾਰਤ ਇਹ ਯਤਨ ਕਰ ਰਿਹਾ ਹੈ ਕਿ ਇਸ ਦਾ ਬਹੁਤਾ ਅਸਰ ਦੇਸ਼ 'ਤੇ ਨਾ ਪਵੇ। ਉਨ੍ਹਾਂ ਕਾਲਾ ਬਾਜ਼ਾਰੀ ਅਤੇ ਜਮ੍ਹਾਂਖੋਰੀ 'ਤੇ ਚਿੰਤਾ ਜ਼ਰੂਰ ਪ੍ਰਗਟ ਕੀਤੀ ਅਤੇ ਚਿੰਤਾ ਪ੍ਰਗਟ ਕਰਦਿਆਂ ਸਭ ਨੂੰ ਇਸ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ। ਪਿਛਲੇ ਦਿਨੀਂ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਪ ਰਾਜਪਾਲਾਂ ਨਾਲ ਮੀਟਿੰਗ ਕਰਦਿਆਂ ਵੀ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਹਰ ਗੱਲ ਪੂਰੇ ਕਾਬੂ ਵਿਚ ਹੈ। ਦਰਪੇਸ਼ ਸਖ਼ਤ ਮੁਸੀਬਤ ਦਾ ਮੁਕਾਬਲਾ ਸਭ ਨੂੰ ਰਲਮਿਲ ਕੇ ਕਰਨਾ ਚਾਹੀਦਾ ਹੈ। ਇਸ ਬਾਰੇ ਰਾਜਾਂ ਦੀ ਜ਼ਿੰਮੇਵਾਰੀ ਵਧੇਰੇ ਹੈ ਕਿ ਕਿਵੇਂ ਉਹ ਲੋਕਾਂ ਨੂੰ ਵਿਸ਼ਵਾਸ ਵਿਚ ਲੈ ਕੇ ਇਸ ਸਥਿਤੀ ਦਾ ਟਾਕਰਾ ਕਰਦੇ ਹਨ।
ਖੇਤੀ ਦੇ ਖੇਤਰ ਵਿਚ ਉਨ੍ਹਾਂ ਕਿਹਾ ਕਿ ਖੁਰਾਕ ਦੇ ਭੰਡਾਰਨ ਅਤੇ ਇਸ ਦੀ ਵੰਡ ਵੀ ਸੁਚੇਤ ਰੂਪ ਵਿਚ ਕੀਤੀ ਜਾਣੀ ਜ਼ਰੂਰੀ ਹੈ ਅਤੇ ਇਹ ਵੀ ਕਿ ਜ਼ਰੂਰੀ ਵਸਤਾਂ ਉਪਲਬਧ ਵੀ ਹੋਣ ਅਤੇ ਇਨ੍ਹਾਂ ਦੀਆਂ ਕੀਮਤਾਂ ਵੀ ਸਥਿਰ ਰੱਖਣ ਦਾ ਯਤਨ ਕੀਤਾ ਜਾਏ। ਅਸੀਂ ਮਹਿਸੂਸ ਕਰਦੇ ਹਾਂ ਕਿ ਅੱਜ ਸਮੁੱਚੇ ਦੇਸ਼ ਨੂੰ ਇਕ ਸਾਂਝੇ ਮੰਚ 'ਤੇ ਇਕੱਠੇ ਹੋ ਕੇ ਇਕ ਸਮਰਪਿਤ ਭਾਵਨਾ ਨਾਲ ਇਸ ਸੰਕਟਮਈ ਸਮੇਂ ਦਾ ਮੁਕਾਬਲਾ ਕਰਨ ਦੀ ਜ਼ਰੂਰਤ ਹੋਵੇਗੀ, ਕਿਉਂਕਿ ਆਪਸੀ ਸਹਿਯੋਗ ਨਾਲ ਹੀ ਅਜਿਹਾ ਕੰਮ ਸਿਰੇ ਚੜ੍ਹਾਇਆ ਜਾ ਸਕੇਗਾ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਖਾਲਸਾ ਰਾਜ ਦਾ ਅਖੀਰਲਾ ਦਰਬਾਰ ਅਗਲੀ ਖ਼ਬਰ ਸਾਡਾ ਮਨੋਰਥ ਨੌਜਵਾਨਾਂ 'ਚ ਜ਼ਿੰਦਗੀ ਲਈ ਵਿਸ਼ਵਾਸ ਅਤੇ ਲੋਕਾਂ ਲਈ ਮੁਹੱਬਤ ਪੈਦਾ ਕਰਨਾ ਹੈ। -ਮੈਕਸਿਮ ਗੋਰਕੀ
Ad Position 24
No active advertisement