ਅੱਜ ਲਈ ਵਿਸ਼ੇਸ਼
ਮਹਾਰਾਜਾ ਰਣਜੀਤ ਸਿੰਘ 7 ਜੁਲਾਈ, 1799 ਈ. ਨੂੰ ਇਕ ਜੇਤੂ ਦੇ ਰੂਪ ਵਿਚ ਲਾਹੌਰ ਦੇ ਕਿਲ੍ਹੇ ਅੰਦਰ ਦਾਖ਼ਲ ਹੋਇਆ ਸੀ। ਉਸ ਨੇ ਸਰਕਾਰ-ਏ-ਖ਼ਾਲਸਾ ਸਥਾਪਿਤ ਕਰਕੇ ਐਸੀਆਂ ਮੱਲਾਂ ਮਾਰੀਆਂ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਹਕੂਮਤਾਂ ਦੇ ਰਾਜੇ-ਮਹਾਰਾਜੇ ਦੇਖ-ਸੁਣ ਕੇ ਹੈਰਾਨ ਰਹਿ ਗਏ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਭ ਧਰਮਾਂ ਦੇ ਲੋਕਾਂ ਨੂੰ ਪੂਰਾ ਸਤਿਕਾਰ ਤੇ ਹੱਕ ਦਿੱਤਾ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅੰਤਿਮ ਸਮੇਂ 14500 ਮੁਰੱਬਾ ਮੀਲ ਦੇ ਰਕਬੇ 'ਤੇ ਕੇਸਰੀ ਝੰਡਾ ਝੂਲਦਾ ਸੀ। ਉਸ ਦੇ ਖ਼ਜ਼ਾਨੇ ਵਿਚ 8 ਕਰੋੜ ਨਕਦ ਅਤੇ 80 ਲੱਖ ਦੇ ਹੀਰੇ-ਜਵਾਹਰਾਤ ਸਨ। ਉਸ ਦੇ ਫ਼ੌਜੀ ਜਵਾਨਾਂ ਕੋਲ 380 ਛੋਟੀਆਂ ਤੋਪਾਂ ਅਤੇ 484 ਵੱਡੀਆਂ ਤੋਪਾਂ ਸਨ।
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਖ਼ਰੀ ਸਮੇਂ ਹਜ਼ੂਰੀ ਬਾਗ਼ ਲਾਹੌਰ ਵਿਚ ਦਰਬਾਰ ਕਰਕੇ ਆਪਣੇ ਜਰਨੈਲਾਂ ਨੂੰ ਆਖ਼ਰੀ ਤਕਰੀਰ ਕਰਦਿਆਂ ਕਿਹਾ ਕਿ 'ਬਹਾਦਰ ਖ਼ਾਲਸਾ ਜੀ। ਆਪ ਸਭ ਨੇ ਖ਼ਾਲਸਾ ਰਾਜ ਦੀ ਉਸਾਰੀ ਲਈ ਜੋ ਅਣਥੱਕ ਘਾਲਾਂ ਘਾਲੀਆਂ ਹਨ ਅਤੇ ਆਪਣੇ ਲਹੂ ਦੀਆਂ ਨਦੀਆਂ ਵਹਾਈਆਂ ਹਨ, ਉਹ ਨਿਸਫ਼ਲ ਨਹੀਂ ਗਈਆਂ। ਇਸ ਸਮੇਂ ਆਪਣੇ ਆਲ਼ੇ ਦੁਆਲ਼ੇ ਜੋ ਕੁਝ ਵੇਖ ਰਹੇ ਹੋ, ਇਹ ਸਭ ਕੁਝ ਆਪ ਦੀਆਂ ਕੁਰਬਾਨੀਆਂ ਅਤੇ ਘਾਲਣਾਵਾਂ ਦਾ ਫ਼ਲ ਹੈ। ਮੈਂ ਗੁਰੂ ਤੇ ਆਪ ਦੇ ਭਰੋਸੇ ਨਾਲ ਇਕ ਸਾਧਾਰਨ ਪਿੰਡ ਤੋਂ ਉੱਠ ਕੇ ਲਗਭਗ ਸਾਰੇ ਪੰਜਾਬ 'ਤੇ ਅਤੇ ਇਸ ਤੋਂ ਬਾਹਰ ਅਫ਼ਗਾਨਿਸਤਾਨ, ਕਸ਼ਮੀਰ, ਤਿੱਬਤ, ਸਿੰਧ ਦੀਆਂ ਕੰਧਾਂ ਤੱਕ ਖ਼ਾਲਸੇ ਦਾ ਰਾਜ ਸਥਾਪਿਤ ਕਰ ਦਿੱਤਾ ਹੈ। ਹੁਣ ਕੁਝ ਹੀ ਦਿਨਾਂ ਦਾ ਮੇਲਾ ਹੈ। ਥੋੜ੍ਹੇ ਸਮੇਂ ਤੱਕ ਮੈਂ ਆਪ ਤੋਂ ਸਦਾ ਲਈ ਵਿਦਾ ਹੋ ਜਾਵਾਂਗਾ। ਮੈਥੋਂ ਜੋ ਪੁੱਜ ਸਰ ਆਈ ਏ, ਤੁਹਾਡੀ ਸੇਵਾ ਕਰ ਚਲਿਆ ਹਾਂ। ਹੱਨੇ ਹੱਨੇ ਦੀ ਸਰਦਾਰੀ ਦੇ ਮਣਕੇ ਭੰਨ ਕੇ ਇਕ ਕੈਂਠਾ ਬਣਾ ਦਿੱਤਾ ਹੈ, ਇਕ ਲੜੀ ਵਿਚ ਪਰੋਏ ਰਹੋਗੇ ਤਾਂ ਬਾਦਸ਼ਾਹ ਬਣੇ ਰਹੋਗੇ, ਨਿੱਖੜ ਜਾਓਗੇ ਤਾਂ ਮਾਰੇ ਜਾਓਗੇ।
ਪਿਆਰੇ ਖ਼ਾਲਸਾ ਜੀ।
ਤੁਹਾਡੀ ਤੇਗ਼ ਦੀ ਧਾਕ ਸਾਰੇ ਸੰਸਾਰ ਵਿਚ ਪਈ ਹੋਈ ਹੈ। ਡਰ ਹੈ ਤਾਂ ਇਸ ਗੱਲ ਦਾ ਕਿਤੇ ਇਹ ਤੇਗ਼ ਤੁਹਾਡੇ ਆਪਣੇ ਘਰ ਵਿਚ ਨਾ ਖੜਕਣ ਲੱਗ ਪਵੇ। ਤੁਸਾਂ ਗੁਰੂ ਕਲਗੀਧਰ ਪਾਤਿਸ਼ਾਹ ਜੀ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ। ਇਸੇ ਵਿਚ ਜ਼ਮਾਨੇ ਦੀ ਨੀਤੀ ਛਿਪੀ ਹੋਈ ਹੈ। ਸਦਾ ਪਤਾਸਿਆਂ ਵਾਂਗ ਘੁਲ-ਮਿਲ ਕੇ ਰਹਿਣਾ। ਜੇ ਸਮਾਂ ਆ ਬਣੇ ਤਾਂ ਖੰਡੇ ਵਾਂਗ ਸਖ਼ਤ ਤੇ ਤੇਜ਼ ਵੀ ਹੋ ਜਾਇਓ। ਗ਼ਰੀਬ ਦੁਖੀਏ ਦੀ ਢਾਲ ਤੇ ਜ਼ਾਲਮ ਦੇ ਸਿਰ 'ਤੇ ਤਲਵਾਰ ਬਣ ਕੇ ਚਮਕਿਓ। ਦੁਸ਼ਮਣਾਂ ਦੀਆਂ ਚਾਲਾਂ ਤੋਂ ਸਾਵਧਾਨ ਰਹਿਣਾ। ਆਜ਼ਾਦੀ ਮੈਨੂੰ ਜਾਨ ਨਾਲੋਂ ਪਿਆਰੀ ਹੈ। ਸਿੰਘਾਂ ਦੇ ਝੰਡੇ ਸਦਾ ਉੱਚੇ ਰਹਿਣ, ਮੇਰੀ ਅੰਤਿਮ ਇੱਛਾ ਹੈ। ਓਪਰੇ ਪੰਜਾਬ ਦੀ ਧਰਤੀ 'ਤੇ ਪੈਰ ਧਰਨਗੇ ਤਾਂ ਮੇਰੀ ਛਾਤੀ ਉਤੇ ਧਰਨਗੇ। ਗ਼ੈਰਾਂ ਦੇ ਝੰਡੇ ਸਾਹਮਣੇ ਝੁਕਣਾ, ਮੇਰੀ ਅਣਖ ਨੂੰ ਵੇਚਣਾ ਹੋਵੇਗਾ। ਤੁਸੀਂ ਕਿਸੇ ਦੇ ਗ਼ੁਲਾਮ ਬਣ ਜਾਉਗੇ ਤਾਂ ਮੇਰੀ ਰੂਹ ਕਲਪੇਗੀ। ਹੁਣ ਹੋਰ ਵਧੇਰੇ ਕਹਿਣ ਦਾ ਸਮਾਂ ਨਹੀਂ। ਮੈਂ ਇਸ ਵੇਲੇ ਆਪ ਸਭ ਨੂੰ ਮਹਾਰਾਜਾ ਖੜਗ ਸਿੰਘ ਦੇ ਹੱਥ ਸੌਂਪਦਾ ਹਾਂ। ਇਸ ਨੂੰ ਆਪ ਨੇ ਮੇਰੇ ਤੁੱਲ ਸਮਝਣਾ। ਇਹ ਸਭ ਤਰ੍ਹਾਂ ਆਪ ਦੀ ਭਲਿਆਈ ਦਾ ਚਾਹਵਾਨ ਰਹੇਗਾ।' ਮਹਾਰਾਜਾ ਰਣਜੀਤ ਸਿੰਘ ਭਾਵੇਂ ਅਨਪੜ੍ਹ ਸੀ ਪਰ ਬਹੁਤ ਸੂਝਵਾਨ ਸੀ। ਉਸ ਨੇ ਜ਼ਿੰਦਗੀ ਦੇ ਰੰਗ ਦੇਖੇ ਸਨ। ਉਸ ਦੀ ਨਜ਼ਰ ਤਿੱਖੀ ਸੀ ਅਤੇ ਹਮੇਸ਼ਾ ਦੂਰ ਦੀ ਸੋਚਦਾ ਸੀ। ਅਖ਼ੀਰ ਮਹਾਰਾਜਾ ਰਣਜੀਤ ਸਿੰਘ 27 ਜੂਨ, 1839 ਈ. ਨੂੰ ਅਕਾਲ ਚਲਾਣਾ ਕਰ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਡੋਗਰਿਆਂ ਨੇ ਅੰਗਰੇਜ਼ਾਂ ਨਾਲ ਗੁਪਤ ਢੰਗ ਰਾਹੀਂ ਵਾਰਤਾਲਾਪ ਸ਼ੁਰੂ ਕਰ ਦਿੱਤੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਉਪਰੰਤ ਹੀ ਉਨ੍ਹਾਂ ਨੇ ਮਨਮਾਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਮਹਾਰਾਜਾ ਖੜਕ ਸਿੰਘ, ਮਹਾਰਾਜਾ ਨੌਨਿਹਾਲ ਸਿੰਘ, ਮਹਾਰਾਣੀ ਚੰਦ ਕੌਰ, ਮਹਾਰਾਜਾ ਸ਼ੇਰ ਸਿੰਘ, ਮਹਾਰਾਜਾ ਦਲੀਪ ਸਿੰਘ ਰਾਜਗੱਦੀ 'ਤੇ ਬੈਠੇ। ਅੰਗਰੇਜ਼ ਪਹਿਲਾਂ ਹੀ ਪੰਜਾਬ ਨੂੰ ਕਾਬੂ ਕਰਨ ਲਈ ਨਜ਼ਰਾਂ ਵਿਛਾਈ ਬੈਠਾ ਸੀ। ਚਾਤਰ ਅੰਗਰੇਜ਼ ਅਤੇ ਖੁਦਗਰਜ਼ ਡੋਗਰਿਆਂ ਨੇ ਐਸੀਆਂ ਚਾਲਾਂ ਚੱਲੀਆਂ ਕਿ ਲਾਹੌਰ ਦਰਬਾਰ ਵਿਚ ਬੁਰਛਾਗਰਦੀ ਸ਼ੁਰੂ ਹੋ ਗਈ। ਸਾਰੇ ਸਰਦਾਰ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ। ਲਾਹੌਰ ਦਰਬਾਰ ਵਿਚ ਡੋਗਰਿਆਂ ਦਾ ਬੋਲਬਾਲਾ ਵਧ ਗਿਆ ਸੀ। ਅਖ਼ੀਰ ਜੰਗ ਹਿੰਦ ਤੇ ਪੰਜਾਬ ਦਾ ਸ਼ੁਰੂ ਹੋ ਗਿਆ। ਮੁਦਕੀ ਦੀ ਲੜਾਈ 18 ਦਸੰਬਰ, 1845 ਨੂੰ ਹੋਈ। ਇਸ ਲੜਾਈ ਵਿਚ ਅੰਗਰੇਜ਼ਾਂ ਨੇ ਮਹਿਸੂਸ ਕੀਤਾ ਕਿ ਉਹ ਇਹੋ ਜਿਹੇ ਪੱਕੇ ਇਰਾਦੇ ਵਾਲੇ ਸਿਪਾਹੀਆਂ ਨਾਲ ਲੜ ਰਹੇ ਹਨ ਜਿਹੋ ਜਿਹੇ ਉਨ੍ਹਾਂ ਨੂੰ ਹਿੰਦ ਉਪ ਮਹਾਂਦੀਪ ਵਿਚ ਹੋਰ ਕਿਸੇ ਪਾਸੇ ਨਹੀਂ ਟੱਕਰੇ ਸਨ।
ਫੇਰੂ ਸ਼ਾਹ ਦੀ ਲੜਾਈ 21 ਦਸੰਬਰ, 1845 ਈ. ਨੂੰ ਹੋਈ। ਇਸ ਲੜਾਈ ਵਿਚ ਲਾਹੌਰ ਦਰਬਾਰ ਦੀਆਂ ਫ਼ੌਜਾਂ ਦਾ ਪਲੜਾ ਭਾਰੀ ਸੀ। ਇਕ ਬ੍ਰਿਟਿਸ਼ ਜਨਰਲ ਸਰ ਹੋਰ ਗਰਾਂਟ ਜੋ ਇਸ ਲੜਾਈ ਵਿਚ ਸ਼ਾਮਿਲ ਸੀ, ਉਸ ਨੇ ਲਿਖਿਆ ਹੈ, ਕਿ ਉਸ ਬਰਫੀਲੀ ਰਾਤ ਭਾਰਤ ਦੀ ਕਿਸਮਤ ਇਕ ਤਰਾਜੂ ਦੀ ਤਰ੍ਹਾਂ ਡਗਮਗਾ ਰਹੀ ਸੀ। ਉਹ ਰਾਤ ਕਹਿਰ ਦੀ ਰਾਤ ਸੀ। ਸ਼ਾਇਦ ਭਾਰਤ ਦੀਆਂ ਲੜਾਈਆਂ ਦੇ ਇਤਿਹਾਸ ਵਿਚ ਬ੍ਰਿਟਿਸ਼ ਫ਼ੌਜ ਨੂੰ ਕਦੇ ਵੀ ਹਾਰ ਦੇ ਇੰਨਾ ਨੇੜੇ ਨਹੀਂ ਜਾਣਾ ਪਿਆ ਤੇ ਨਾ ਹੀ ਇੰਨੀਆਂ ਮੌਤਾਂ ਵੇਖਣੀਆਂ ਪਈਆਂ।' ਲਾਰਡ ਹਾਰਡਿੰਗ ਨੇ ਬਾਵੇਰੀਅਨ ਸ਼ਹਿਜ਼ਾਦੇ ਵਾਲਦੀਮੀਰ, ਜੋ ਉਸ ਦਾ ਮਹਿਮਾਨ ਸੀ, ਨੂੰ ਵਾਪਸ ਮੁਦਕੀ ਭੇਜ ਦਿੱਤਾ। ਉਸ ਨੇ ਕਿਹਾ ਕਿ ਹਾਰ ਦੀ ਸੂਰਤ ਵਿਚ ਉਸ ਦੇ ਸਾਰੇ ਕਾਗਜ਼ ਪੱਤਰ ਸਾੜ ਦਿੱਤੇ ਜਾਣ।' ਰਾਬਰਟ ਕਰੱਸਟ ਦੀ ਡਾਇਰੀ ਵਿਚ ਲਿਖਿਆ ਮਿਲਦਾ ਹੈ, 'ਬ੍ਰਿਟਿਸ਼ ਜਨਰਲਾਂ ਨੇ ਹਥਿਆਰ ਸੁੱਟ ਦੇਣ ਦਾ ਫ਼ੈਸਲਾ ਕਰ ਲਿਆ ਸੀ।' ਬ੍ਰਿਟਿਸ਼ ਕਮਾਂਡਰ ਇਨ ਚੀਫ਼ ਲਾਰਡ ਗੱਫ ਨੇ ਮੰਨਿਆ ਕਿ ਕੁਝ ਬਹਾਦਰ ਲੋਕਾਂ ਨੇ ਦਿਲ ਛੱਡ ਦਿੱਤਾ ਸੀ ਤੇ ਫਿਰੋਜ਼ਪੁਰ ਤੋਂ ਪਿਛਾਂਹ ਹਟਣ ਵਾਸਤੇ ਕਹਿ ਰਹੇ ਸਨ। ਹੈਰੀ ਸਮਿੱਥ ਨੇ ਆਪਣੀ ਸਵੈ ਜੀਵਨੀ ਵਿਚ ਲਿਖਿਆ ਕਿ ਸਾਡੀਆਂ ਬੰਦੂਕਾਂ ਦਾ ਸਾਰਾ ਗੋਲੀ ਸਿੱਖਾ ਖ਼ਤਮ ਹੋ ਚੁੱਕਿਆ ਸੀ ਤੇ ਸਾਡੇ ਫ਼ੌਜੀ ਜਵਾਨ ਟੁੱਟ ਚੁੱਕੇ ਸਨ ਅਤੇ ਅਸੀਂ ਹਮਲਾ ਨਹੀਂ ਕਰ ਸਕਦੇ ਸੀ। ਸਾਡੀ ਹਾਲਤ ਇਸ ਤੋਂ ਮਾੜੀ ਹੋਰ ਕੀ ਹੋ ਸਕਦੀ ਸੀ।
ਇਸ ਲੜਾਈ ਵਿਚ ਮਿਸਰ ਲਾਲ ਸਿੰਘ ਤੇ ਮਿਸਰ ਤੇਜ ਸਿੰਘ ਨੇ ਗੱਦਾਰੀ ਕੀਤੀ। ਤੇਜ ਸਿੰਘ ਨੇ ਫ਼ੌਜਾਂ ਨੂੰ ਪਿੱਛੇ ਹਟਣ ਲਈ ਕਿਹਾ। ਇਹ ਲੜਾਈ ਲਾਹੌਰ ਦਰਬਾਰ ਦੇ ਫ਼ੌਜੀਆਂ ਨੇ ਜਿੱਤੀ ਸੀ ਪਰ ਉਨ੍ਹਾਂ ਦੇ ਗੱਦਾਰ ਕਮਾਂਡਰਾਂ ਨੇ ਹਰਾ ਦਿੱਤੀ।
ਬੱਦੋਵਾਲ ਦੀ ਲੜਾਈ 21 ਜਨਵਰੀ, 1846 ਈ. ਅਤੇ ਅਲੀਵਾਲ ਦੀ ਲੜਾਈ 28 ਜਨਵਰੀ, 1846 ਈ. ਨੂੰ ਹੋਈ। ਇਸ ਲੜਾਈ ਵਿਚ ਬਹੁਤ ਸਾਰੇ ਸਿੱਖ ਸਿਪਾਹੀ ਮਾਰੇ ਗਏ ਅਤੇ 56 ਤੋਪਾਂ ਅੰਗਰੇਜ਼ਾਂ ਦੇ ਹੱਥ ਆਈਆਂ।
ਸਭਰਾਵਾਂ ਦੀ ਲੜਾਈ 10 ਫਰਵਰੀ, 1846 ਈ. ਨੂੰ ਅੰਗਰੇਜ਼ਾਂ ਵਿਰੁੱਧ ਲੜੀ ਗਈ। ਇਸ ਲੜਾਈ ਸਮੇਂ ਮਿਸਰ ਤੇਜਾ ਸਿੰਘ ਮੈਦਾਨ ਛੱਡ ਕੇ ਭੱਜ ਗਿਆ। ਇਸ ਲੜਾਈ ਵਿਚ ਸ. ਸ਼ਾਮ ਸਿੰਘ ਅਟਾਰੀਵਾਲਾ ਅੰਗਰੇਜ਼ਾਂ ਵਿਰੁੱਧ ਜੂਝਦਾ ਹੋਇਆ ਸ਼ਹੀਦੀ ਪਾ ਗਿਆ। ਇਸ ਲੜਾਈ ਵਿਚ ਸ਼ਾਹ ਮੁਹੰਮਦ ਦੇ ਕਹਿਣ ਅਨੁਸਾਰ ਜੋ ਉਸ ਨੇ ਲਿਖਿਆ ਹੈ-
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।
ਸ਼ਾਹ ਮੁਹੰਮਦ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਾ ਹੋਇਆ ਲਿਖਦਾ ਹੈ-
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖ਼ਾਲਸੇ ਨੇ ਤੇਗ਼ਾਂ ਮਾਰੀਆਂ ਨੀ।
ਅਤੇ
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।
ਲਾਰਡ ਗੱਫ ਨੇ ਸਭਰਾਵਾਂ ਨੂੰ ਭਾਰਤ ਦਾ 'ਵਾਟਰਲੂ' ਦੱਸਿਆ।
ਅੰਗਰੇਜ਼ ਹੁਣ ਪੂਰੀ ਤਰ੍ਹਾਂ ਪੰਜਾਬ ਵਿਚ ਦਾਖ਼ਲ ਹੋ ਚੁੱਕੇ ਸਨ। 'ਲਾਹੌਰ ਦੀ ਸੰਧੀ' ਉੱਪਰ 8 ਮਾਰਚ, 1846 ਈ. ਨੂੰ ਦੋਵਾਂ ਧਿਰਾਂ ਦੇ ਦਸਤਖ਼ਤ ਹੋਏ। ਲਾਹੌਰ ਦੀ ਦੂਜੀ ਸੰਧੀ 16 ਦਸੰਬਰ 1846 ਈ. ਨੂੰ ਹੋਈ। ਭੈਰੋਵਾਲ ਦੀ ਸੰਧੀ ਨਾਲ ਮਹਾਰਾਣੀ ਜਿੰਦਾਂ ਦੀਆਂ ਵੀ ਸਭ ਸ਼ਕਤੀਆਂ ਖੋਹ ਲਈਆਂ ਸਨ। ਉਸ ਨੂੰ ਡੇਢ ਲੱਖ ਰੁਪਿਆ ਪੈਨਸ਼ਨ ਦੇ ਕੇ ਪਾਸੇ ਕਰ ਦਿੱਤਾ ਗਿਆ। ਕੁੱਝ ਸਿੰਘ ਸਰਦਾਰ ਲਾਹੌਰ ਦਰਬਾਰ ਨੂੰ ਦੁਬਾਰਾ ਆਜ਼ਾਦ ਕਰਵਾ ਕੇ ਵਾਪਸ ਲੈਣਾ ਚਾਹੁੰਦੇ ਸਨ। ਚਿਲਿਆਂ ਵਾਲਿਆਂ ਦੀ ਲੜਾਈ ਨੇ ਅੰਗਰੇਜ਼ਾਂ ਨੂੰ ਹੈਰਾਨ ਕਰ ਦਿੱਤਾ। ਪਰ ਗੁਜਰਾਤ ਦੀ ਲੜਾਈ ਵਿਚ ਡੋਗਰੇ ਗੱਦਾਰਾਂ ਕਾਰਨ ਮਾਯੂਸੀ ਪੱਲੇ ਪਈ। ਗੁਜਰਾਤ ਦੀ ਲੜਾਈ ਵਿਚ ਪੰਜਾਬੀ ਫ਼ੌਜਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਡੋਗਰਾ ਗੁਲਾਬ ਸਿੰਘ ਅੰਗਰੇਜ਼ਾਂ ਦੀ ਮਦਦ ਕਰ ਰਿਹਾ ਸੀ। ਗੁਲਾਬ ਸਿੰਘ ਨੇ ਅੰਗਰੇਜ਼ਾਂ ਨੂੰ ਜੇਹਲਮ ਪਾਰ ਕਰਨ ਵਾਸਤੇ ਕਿਸ਼ਤੀਆਂ ਵੀ ਦਿੱਤੀਆਂ। ਸ. ਸ਼ੇਰ ਸਿੰਘ ਅਟਾਰੀ ਵਾਲੇ ਨੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅੰਗਰੇਜ਼ਾਂ ਨੇ ਬਿਨਾਂ ਸ਼ਰਤ ਹਥਿਆਰ ਸੁੱਟਣ ਦੀ ਮੰਗ ਕੀਤੀ।
14 ਮਾਰਚ, 1849 ਈ. ਨੂੰ ਅਟਾਰੀ ਵਾਲੇ ਸਰਦਾਰ ਲੋਈਆਂ ਦੀ ਬੁੱਕਲ ਮਾਰ ਕੇ ਹੁਰਮੁਕ ਵਿਖੇ ਜਨਰਲ ਗਿਲਬਰਟ ਦੇ ਸਾਹਮਣੇ ਆਏ ਅਤੇ ਆਪਣੇ ਹਥਿਆਰ ਅੱਗੇ ਰੱਖ ਦਿੱਤੇ। ਤਿੰਨ ਦਿਨ ਮਗਰੋਂ ਸਾਰੀ ਸਿੱਖ ਫ਼ੌਜ ਨੇ ਹੀ ਹਥਿਆਰ ਸੁੱਟ ਦਿੱਤੇ। ਜਨਰਲ ਥੈਕਵੈਲ ਨੇ ਇਸ ਦ੍ਰਿਸ਼ ਦਾ ਇਸ ਤਰ੍ਹਾਂ ਵਰਣਨ ਕੀਤਾ ਹੈ- 'ਪੁਰਾਣੇ ਖ਼ਾਲਸਾ ਸੈਨਿਕਾਂ ਵਲੋਂ ਹਥਿਆਰ ਹਵਾਲੇ ਕਰਨ ਦੀ ਝਿਜਕ ਪ੍ਰਤੱਖ ਰੂਪ ਵਿਚ ਦਿਸਦੀ ਸੀ। ਕੁਝ ਆਪਣੀਆਂ ਅੱਖਾਂ ਦੇ ਹੰਝੂਆਂ ਨੂੰ ਵੀ ਨਾ ਛੁਪਾ ਸਕੇ, ਤੇ ਬਹੁਤਿਆਂ ਦੇ ਚਿਹਰਿਆਂ 'ਤੇ ਗੁੱਸਾ 'ਤੇ ਨਫ਼ਰਤ ਨਜ਼ਰੀ ਪੈਂਦੀ ਸੀ।''
'ਅੱਜ ਰਣਜੀਤ ਸਿੰਘ ਮਰ ਗਿਆ'-ਇਕ ਚਿੱਟੀ ਦਾੜ੍ਹੀ ਵਾਲੇ ਬਿਰਧ ਬਾਬੇ ਦੀ ਆਪਣੀ ਬੰਦੂਕ ਸੁੱਟਦਿਆਂ ਕਹੀ ਹੋਈ ਇਸ ਗੱਲ ਵਿਚ ਪੰਜਾਬ ਦਾ ਸਾਰਾ ਇਤਿਹਾਸ ਸਮੋਇਆ ਹੋਇਆ ਹੈ।
29 ਮਾਰਚ, 1849 ਈ. ਨੂੰ ਲਾਹੌਰ ਕਿਲ੍ਹੇ ਦੇ ਅੰਦਰ ਲਾਰਡ ਡਲਹੌਜ਼ੀ ਦੇ ਸਕੱਤਰ ਇਲੀਅਟ ਨੇ ਦਰਬਾਰ ਸੱਦਿਆ। ਮਹਾਰਾਜਾ ਦਲੀਪ ਸਿੰਘ ਪੰਜਾਬ ਦੇ ਤਖ਼ਤ 'ਤੇ ਬੈਠਾ ਸੀ। ਇਲੀਅਟ ਨੇ ਪੰਜਾਬ ਨੂੰ ਬਰਤਾਨਵੀ ਸਰਕਾਰ ਵਲੋਂ ਜ਼ਬਤ ਕਰ ਲੈਣ ਦਾ ਐਲਾਨ ਕੀਤਾ। ਮਹਾਰਾਜਾ ਦਲੀਪ ਸਿੰਘ ਨੇ ਹੀਰੇ ਵਾਲੀ ਕਲਗੀ ਉਤਾਰੀ ਤੇ ਤਖ਼ਤ ਤੋਂ ਹੇਠਾਂ ਆ ਗਿਆ। ਇਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੁਬਾਰਾ ਕਦੇ ਵੀ ਤਖ਼ਤ 'ਤੇ ਨਹੀਂ ਬੈਠਿਆ। ਸਿੱਖ ਰਾਜ ਲਈ ਇਹ ਕਿੰਨਾ ਸੋਗਮਈ ਦਿਨ ਸੀ। ਇਸ ਦਿਨ ਸੱਚਮੁੱਚ ਮਹਾਰਾਜਾ ਰਣਜੀਤ ਸਿੰਘ ਮਰ ਗਿਆ ਸੀ।
ਸਰਕਾਰ-ਏ-ਖ਼ਾਲਸਾ ਨੂੰ ਕਾਇਮ ਰੱਖਣ ਖ਼ਾਤਰ ਹਜ਼ਾਰਾਂ ਪੰਜਾਬੀਆਂ ਨੇ ਅੰਗਰੇਜ਼ਾਂ ਵਿਰੁੱਧ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪਰ ਡੋਗਰਿਆਂ ਦੀ ਗੱਦਾਰੀ ਅਤੇ ਆਪਸੀ ਫੁੱਟ ਕਾਰਨ ਬੜੀਆਂ ਘਾਲਣਾ ਘਾਲ ਕੇ ਸਥਾਪਿਤ ਕੀਤਾ ਖ਼ਾਲਸਾ ਰਾਜ ਜਾਂਦਾ ਰਿਹਾ, ਜੋ ਮੁੜ ਪ੍ਰਾਪਤ ਨਾ ਹੋ ਸਕਿਆ।
-ਬਠਿੰਡਾ।
ਮੋਬਾਈਲ : 98155-33725