ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪਾਸ਼ ਦੀ ਤਲਖ, ਤੁਰਸ਼ ਤੇ ਸ਼ੀਰੀਂ ਰਚਨਾਮਿਕਤਾ

Ad Position 21
No active advertisement
ਅਜੀਤ ਡੈਸਕ 29-03-2026

ਕਹਾਵਤ 'ਕਹੀਂ ਕੀ ਈਂਟ, ਕਹੀਂ ਕਾ ਰੋੜਾ, ਭਾਨ ਮਤੀ ਨੇ ਕੁਨਬਾ ਜੋੜਾ' ਅਨੁਸਾਰ ਅਜੋਕੇ ਨਿੱਕ-ਸੁੱਕ ਵਿਚ ਪਰਿਵਾਰ ਵੀ ਹੈ, ਕੁਨਬਾ ਵੀ ਤੇ ਨਿੱਕ-ਸੁੱਕ ਵੀ। ਮਾਲੀ ਮਾਰਨ ਵਾਲਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਹੈ, ਜਿਸ ਨੂੰ ਗੋਰੀ ਸਰਕਾਰ ਨੇ ਰਾਜਗੁਰੂ ਤੇ ਸੁਖਦੇਵ ਸਮੇਤ 23 ਮਾਰਚ ਵਾਲੇ ਦਿਨ ਸੈਂਟਰਲ ਜੇਲ੍ਹ ਲਾਹੌਰ ਵਿਖੇ ਫ਼ਾਂਸੀ ਦੇ ਦਿੱਤੀ ਸੀ। ਭਗਤ ਸਿੰਘ 28 ਸਤੰਬਰ 1907 ਨੂੰ ਪੰਜਾਬ ਦੇ ਲਾਇਲਪੁਰ ਜ਼ਿਲ੍ਹੇ ਦੇ ਬੰਗਾ ਪਿੰਡ (ਹੁਣ ਪਾਕਿਸਤਾਨ 'ਚ) ਵਿਚ ਪੈਦਾ ਹੋਇਆ। ਇਹ ਗੱਲ ਵੱਖਰੀ ਹੈ ਕਿ 1947 ਦੀ ਵੰਡ ਪਿੱਛੋਂ ਉਸ ਦਾ ਪਰਿਵਾਰ (ਆਜ਼ਾਦੀ ਘੁਲਾਟੀਏ ਤੇ ਉਸ ਦੇ ਪਿਤਾ ਕਿਸ਼ਨ ਸਿੰਘ ਤੇ ਚਾਚਾ ਅਰਜਨ ਸਿੰਘ ਆਪਣੇ ਜੱਦੀ ਪਿੰਡ ਖਟਕੜ ਕਲਾਂ ਆ ਗਏ, ਜਿੱਥੋਂ ਭਗਤ ਸਿੰਘ ਦਾ ਨਾਨਕਾ ਪਿੰਡ ਮੋਰਾਂਵਾਲੀ ਕੇਵਲ 4-5 ਕਿਲੋਮੀਟਰ 'ਤੇ ਹੈ। ਮੈਂ ਪਾਕਿਸਤਾਨ ਵਿਚਲੇ ਬੰਗਾ ਪਿੰਡ ਦੀ ਜ਼ਿਆਰਤ ਵੀ ਕੀਤੀ ਹੈ, ਮੋਰਾਂਵਾਲੀ ਸਮੇਤ। ਮੇਰੇ ਬਾਪੂ ਜੀ ਖਟਕੜ ਕਲਾਂ ਨੂੰ ਸਿੱਖਾਂ ਦਾ ਮੱਕਾ ਕਹਿੰਦੇ ਸਨ।
ਲੋਕ ਗੀਤ ਪ੍ਰਕਾਸ਼ਨ ਮੁਹਾਲੀ ਦੁਆਰਾ ਛਪੀ 'ਸਰਦਾਰ ਭਗਤ ਸਿੰਘ ਦੀ ਜੀਵਨੀ' ਅਨੁਸਾਰ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਸ਼ਹੀਦ ਭਗਤ ਸਿੰਘ ਤਾਂ 23 ਮਾਰਚ ਨੂੰ ਵਿਦਾ ਲੈ ਗਏ ਪਰ ਸਰਕਾਰ ਦਾ ਪਰਿਵਾਰ 'ਤੇ ਨਜ਼ਰ-ਏ-ਕਹਿਰ ਬਾਦਸਤੂਰ ਜਾਰੀ ਰਿਹਾ।
ਸੁਖਦੇਵ ਦੇ ਮਾਪਿਆਂ ਦਾ ਗੋਤ ਥਾਪਰ ਸੀ। ਉਸ ਦਾ ਪੂਰਾ ਪਰਿਵਾਰ ਕ੍ਰਾਂਤੀਕਾਰੀ ਸਰਗਰਮੀਆਂ ਨਾਲ ਜੁੜਿਆ ਹੋਇਆ ਸੀ। ਉਸ ਦਾ ਜਨਮ 15 ਮਈ 1907 ਨੂੰ ਲਾਇਲਪੁਰ ਵਿਚ ਹੋਇਆ। ਰਾਜਗੁਰੂ ਦਾ ਜਨਮ 24 ਅਗਸਤ 1908 ਨੂੰ ਪੂਨਾ 'ਚ ਹੋਇਆ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦੇ ਮੈਂਬਰ ਹੁੰਦਿਆਂ ਇਕ-ਦੂਜੇ ਦੇ ਜਾਣੂ ਹੋਏ।
ਜੇ ਅਵਤਾਰ ਸਿੰਘ ਪਾਸ਼ ਦੀ ਰਚਨਾਤਮਿਕਤਾ ਦੀ ਗੱਲ ਕਰੀਏ, ਇਸ ਦੀ ਬੁਲੰਦੀ ਦੀਆਂ ਸਿਖ਼ਰਾਂ ਤੇ ਆਸਮਾਨ ਵੱਖਰੇ ਹਨ। ਲਖਵਿੰਦਰ ਸਿੰਘ ਜੌਹਲ ਨੇ ਇਸ ਦਾ ਸਾਰੰਸ਼ ਹੇਠ ਲਿਖੇ ਸ਼ਬਦ 'ਚ ਕੀਤਾ ਹੈ:-
'ਪੰਜਾਬੀ ਕਵਿਤਾ ਵਿਚ ਇਕ ਵਾਵਰੋਲੇ ਵਾਂਗ ਆਇਆ ਅਤੇ ਆਪਣੇ ਪਿੱਛੇ ਬਹੁਤ ਕੁਝ ਅਜਿਹਾ ਛੱਡ ਗਿਆ, ਜਿਸ ਨੂੰ ਸਮਝਣਾ ਉਸ ਦੇ ਵਿੱਛੜ ਜਾਣ ਤੋਂ ਏਨੇ ਸਾਲਾਂ ਬਾਅਦ ਵੀ ਇਕ ਰਹੱਸ ਬਣਿਆ ਹੋਇਆ ਹੈ। ਉਹ ਇਕ ਕਵੀ ਸੀ, ਇਕ ਸਮਾਜ ਸੁਧਾਰਕ ਸੀ ਤੇ ਇਕ ਅਜਿਹੀ ਸ਼ਖ਼ਸੀਅਤ ਦਾ ਮਾਲਕ ਸੀ, ਜੋ ਆਪਣੇ ਆਸ਼ਿਆਂ ਵੱਲ ਬਹੁਤ ਤੇਜ਼ੀ ਨਾਲ ਅੱਗੇ ਵਧਦਾ ਦਿਸਦਾ ਸੀ।'
ਕੀ ਹੋ ਸਕਦੇ ਸਨ ਉਸ ਦੇ ਆਸ਼ੇ? ਇਹ ਰਹੱਸ ਵੀ ਅਜੇ ਤੱਕ ਬਣਿਆ ਹੋਇਆ ਹੈ। ਪਾਸ਼ ਸਿਰਫ਼ ਵੀਹ ਕੁ ਸਾਲ ਦਾ ਸੀ, ਜਦੋਂ ਉਸ ਦੀ ਪਹਿਲੀ ਕਾਵਿ-ਕਿਤਾਬ 'ਲੋਹ ਕਥਾ' ਛਪੀ। ਕਵਿਤਾ ਦੀਆਂ ਉਸ ਨੇ ਸਿਰਫ਼ ਤਿੰਨ ਕਿਤਾਬਾਂ ਲਿਖੀਆਂ ਸਨ। ਲੋਹਕਥਾ (1970), ਉੱਡਦੇ ਬਾਜ਼ਾਂ ਮਗਰ (1973) ਤੇ ਸਾਡੇ ਸਮਿਆਂ ਵਿਚ (1978)। ਉਸ ਦੀਆਂ ਰਚਨਾਵਾਂ ਦੀ ਚੌਥੀ ਕਿਤਾਬ 'ਖਿੱਲਰੇ ਹੋਏ ਵਰਕੇ' ਉਸ ਦੀ ਮੌਤ ਤੋਂ ਬਾਅਦ 1989 ਵਿਚ ਛਪੀ। ਉਸ ਦਾ ਪਰਿਵਾਰ ਮੱਧਵਰਗੀ ਕਿਸਾਨੀ ਪਰਿਵਾਰ ਸੀ। ਪਿਤਾ ਸੋਹਣ ਸਿੰਘ ਸੰਧੂ ਫ਼ੌਜੀ ਸਨ, ਜਿਨ੍ਹਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ।
ਜਲੰਧਰ ਛਾਉਣੀ ਦੇ ਜੈਨ ਹਾਈ ਸਕੂਲ 'ਚ ਉਹ ਦਸਵੀਂ ਤੱਕ ਪੜ੍ਹਿਆ। ਫਿਰ ਉਸ ਨੇ ਗਿਆਨੀ ਕੀਤੀ ਤੇ ਫਿਰ ਸਰਕਾਰੀ ਸਕੂਲ ਸਮਰਾਏ ਜੰਡਿਆਲਾ ਵਿਚ ਜੇ.ਬੀ.ਟੀ. ਕਰਨ ਲੱਗਾ। ਇੱਥੋਂ ਹੀ ਉਹ ਸ਼ੇਖਪੁਰਾ (ਕਪੂਰਥਲਾ) ਦੇ ਸਕੂਲ 'ਚ ਗਿਆ। ਜੇ.ਬੀ.ਟੀ. ਕਰਨ ਤੋਂ ਪਹਿਲਾਂ ਹੀ ਉਹ ਜੇਲ੍ਹ ਯਾਤਰਾਵਾਂ ਦੇ ਰੰਗ ਦੇਖ ਚੁੱਕਾ ਸੀ ਤੇ ਦੋ ਕਿਤਾਬਾਂ ਦਾ ਲੇਖਕ ਵੀ ਬਣ ਚੁੱਕਾ ਸੀ। ਮਈ 1970 ਵਿਚ ਉਸ ਨੂੰ ਇਕ ਕਤਲ ਕੇਸ 'ਚ ਗ੍ਰਿਫ਼ਤਾਰ ਕੀਤਾ ਗਿਆ। ਇਕ ਸਾਲ ਬਾਅਦ ਹੀ ਉਹ ਬਾਹਰ ਆ ਗਿਆ ਤਾਂ 1972 ਵਿਚ ਮੋਗਾ ਕਾਂਡ ਵਿਚ ਫਿਰ ਗ੍ਰਿਫ਼ਤਾਰ ਹੋ ਗਿਆ। ਉਸ ਨੂੰ ਕੇਂਦਰੀ ਜੇਲ੍ਹ ਜਲੰਧਰ ਵਿਚ ਰੱਖਿਆ ਗਿਆ। 1973 ਵਿਚ ਜਦੋਂ ਉਹ ਬਾਹਰ ਆਇਆ ਤਾਂ ਨਕਸਲੀ ਦੌਰ ਦੇ ਕਈ ਸਾਹਿਤਕ ਪਰਚਿਆਂ ਦਾ ਕਰਤਾ-ਧਰਤਾ ਬਣਿਆ, ਜਿਸ ਵਿਚ ਸਿਆੜ, ਹੋਕਾ ਆਦਿ ਗਿਣੇ ਜਾ ਸਕਦੇ ਹਨ।
ਉਸ ਨੇ ਆਪਣਾ ਕਰੀਅਰ 1967 ਵਿਚ ਬੀ.ਐਸ.ਐਫ. 'ਚ ਭਰਤੀ ਹੋਣ ਤੋਂ ਆਰੰਭ ਕੀਤਾ ਪਰ ਸਵਾਲੀਆ ਸੁਭਾਅ ਨੇ ਉਸ ਨੂੰ ਉਥੇ ਟਿਕਣ ਨਾ ਦਿੱਤਾ। ਇਸ ਕਿਤਾਬ 'ਚ ਉਸ ਦੀਆਂ ਬਹੁਚਰਚਿਤ ਕਵਿਤਾਵਾਂ ਸਭ ਤੋਂ ਖ਼ਤਰਨਾਕ, ਧਰਮ ਦੀਖਸ਼ਾ ਲਈ ਬਿਨੈਪੱਤਰ ਅਤੇ ਅੰਗਰੇਜ਼ੀ ਕਵੀ ਕਾਤਲ ਸੈਂਡਬਰਗ ਦੀ ਮਸ਼ਹੂਰ ਕਵਿਤਾ 'ਗਰਾਸ' ਦਾ ਪੰਜਾਬੀ ਰੂਪਾਂਤਰਨ ਘਾਹ ਵੀ ਸ਼ਾਮਿਲ ਹੈ। ਇਸੇ ਕਿਤਾਬ ਵਿਚ ਉਸ ਦੀਆਂ ਗ਼ਜ਼ਲਾਂ, ਕੁਝ ਦੋਹੇ ਤੇ ਕੁਝ ਚਿੱਠੀਆਂ ਵੀ ਸ਼ਾਮਿਲ ਹਨ। 9 ਸਤੰਬਰ 1950 ਨੂੰ ਦੁਆਬੇ ਦੇ ਨਿੱਕੇ ਜਿਹੇ ਪਿੰਡ ਤਲਵੰਡੀ ਸਲੇਮ ਵਿਚ ਸੋਹਣ ਸਿੰਘ ਸੰਧੂ ਦੇ ਘਰ ਜੰਮਿਆ ਅਵਤਾਰ ਸਿੰਘ ਸੰਧੂ ਆਪਣੇ ਕਲਮੀ ਨਾਂਅ 'ਪਾਸ਼' ਨਾਲ ਵਧੇਰੇ ਜਾਣਿਆ ਗਿਆ।
1973 ਵਿਚ ਉਸ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਮੰਚ ਦੀ ਸਥਾਪਨਾ ਕੀਤੀ। ਇਹੀ ਉਹ ਦੌਰ ਹੈ, ਜਦੋਂ ਪਾਸ਼ ਰਵਾਇਤੀ ਖੱਬੇ-ਪੱਖੀਆਂ ਤੋਂ ਇਕ ਵਿੱਥ ਸਥਾਪਤ ਕਰਨ ਦੇ ਰਾਹ ਤੁਰ ਚੁੱਕਾ ਸੀ। ਉਹ ਟਰਾਟਸਕੀ ਦੇ ਕਲਾ ਅਤੇ ਸਾਹਿਤ ਹਰਫ਼ਾਂ ਬਾਰੇ ਵਿਚਾਰਾਂ ਦਾ ਕੱਟੜ ਹਮਾਇਤੀ ਸੀ। ਇਸੇ ਕਰਕੇ ਉਸ ਨੇ 'ਰੋਹਲੇ ਬਾਣ' ਤੋਂ ਵੱਖਰੇ ਪਰਚੇ 'ਸਿਆੜ' ਦੀ ਸਥਾਪਨਾ ਕੀਤੀ ਸੀ। ਕੁਝ ਸਾਲਾਂ ਬਾਅਦ ਛਪੀ 'ਸਾਡੇ ਸਮਿਆਂ ਵਿਚ' ਕਿਤਾਬ ਦੇ ਮੁੱਖ ਬੰਦ ਵਿਚ ਉਸ ਨੇ ਲਿਖਿਆ:-
'ਪਾਰਟੀ ਲੇਬਲਾਂ ਤੋਂ ਪਿੱਛਾ ਛੁਡਾਉਣ ਲਈ ਮੈਨੂੰ ਪਤਾ ਨਹੀਂ ਕੀ-ਕੀ ਸ਼ਰਾਰਤਾਂ ਕਰਨੀਆਂ ਪਈਆਂ। ਰਾਜਨੀਤਕ ਸਰਗਰਮੀਆਂ 'ਚੋਂ ਹੱਥ ਖਿੱਚ ਲੈਣ ਨਾਲ ਕੁਦਰਤੀ ਹੀ ਸੀ ਕਿ ਮੇਰੀ ਕਵਿਤਾ ਅੰਤਰਮੁਖਤਾ ਵੱਲ ਵਧ ਜਾਂਦੀ।'
ਇਹ ਅੰਤਰਮੁਖਤਾ ਉਸ ਦੀ ਸਮਾਜ ਸ਼ਾਸਤਰੀ ਪਹੁੰਚ ਦਾ ਇਕ ਪਸਾਰ ਹੈ, ਜਿਸ ਨੇ ਉਸ ਨੂੰ ਕਾਵਿ ਸਿਰਜਣਾ ਦੇ ਨਾਲ-ਨਾਲ ਇਕ ਗਹਿਰੇ ਸੋਚਸ਼ੀਲ ਵਿਅਕਤੀ ਵਜੋਂ ਹਮੇਸ਼ਾ ਜਿਊਂਦੇ ਰੱਖਿਆ। ਇਸੇ ਪਹੁੰਚ ਨਾਲ ਉਸ ਦੀ ਕਵਿਤਾ ਨੇ ਵਾਸਤਵਿਕ ਬਣ ਜਾਣਾ ਸੀ। ਸਿੰਘਾਸਣ ਦੇ ਪੌਡੇ ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ-ਭੁਲੱਈਆਂ ਵਿਚ ਮਿਆਂਕਦਾ ਫਿਰਦਾ ਅਸੀਂ ਹੀ ਤੱਕਣਾ ਸੀ, ਮੇਰੇ ਯਾਰੋ ਇਹ ਕੁਫ਼ਰ ਸਾਡੇ ਹੀ ਸਮਿਆਂ 'ਚ ਹੀ ਹੋਣਾ ਸੀ।
ਸਮਾਜ ਨੂੰ ਬਦਲਣ ਲਈ ਤੁਰੇ ਪਾਸ਼ ਦੇ ਆਦਰਸ਼ਾਂ ਦਾ ਇਸ ਤਰ੍ਹਾਂ ਟੁੱਟਣਾ ਅਤੇ ਉਸ ਦੀ ਸਿਰਜਣਾਤਮਕ ਸਮਰੱਥਾ ਵਿਚ ਇਸ ਟੁੱਟ-ਭੱਜ ਦਾ ਇਸ ਤਰ੍ਹਾਂ ਓਤ-ਪੋਤ ਹੋ ਜਾਣਾ ਹੀ ਪਾਸ਼ ਦਾ ਸੰਤਾਪ ਸੀ। ਇਸੇ ਸੰਤਾਪ ਨੇ ਉਸ ਨੂੰ ਬੇਹੱਦ ਸ਼ਿੱਦਤ ਨਾਲ ਉਹ ਟੇਢ ਵੀ ਪ੍ਰਦਾਨ ਕੀਤੀ, ਜੋ ਆਪਣੀਆਂ ਰਾਜਨੀਤਕ ਤੇ ਸੱਭਿਆਚਾਰਕ ਰਹਿਤਲਾਂ 'ਚੋਂ ਬਾਹਰ ਆਉਣ ਲਈ ਭਾਰਤੀ ਸਮਾਜ ਲਈ ਬੇਹੱਦ ਜ਼ਰੂਰੀ ਸੀ। ਆਪਣੀ ਇਸ ਤੀਸਰੀ ਅੱਖ ਦੇ ਖੁੱਲ੍ਹਣ ਨਾਲ ਪੈਦਾ ਹੋਣ ਵਾਲੇ ਖ਼ਤਰੇ ਤੋਂ ਉਹ ਵਾਕਿਫ਼ ਸੀ:-
'ਚਾਹੁਣ ਲਗਦਾ ਹਾਂ ਪਲ ਦੀ ਪਲ ਅਚਾਨਕ ਆਏ ਕਿਤੋਂ ਉਹ ਨਿਊਟਨ ਦਾ ਦਰਵੇਸ਼ ਡਾਇਮੰਡ, ਫਿਰ ਸੁਣੋ ਇਕ ਵਾਰ ਬਲਦੀ ਮੋਮਬੱਤੀ ਮੇਰੇ ਜ਼ਿਹਨ ਦੇ ਖੁੱਲ੍ਹੇ ਦਰਾਜ਼ ਵਿਚ, ਏਸ ਤੋਂ ਪਹਿਲਾਂ ਕਿ ਮੇਰੇ ਜ਼ਿਹਨ ਵਿਚ ਮੌਜੂਦ ਕੁੱਲ ਅਹੂਰੀਆਂ ਇਤਲਾਹਾਂ ਕਿਸੇ ਸਿਧਾਂਤ ਵਿਚ ਵਟਣ, ਉਨ੍ਹਾਂ ਨੂੰ ਸਾੜ ਦਏ, ਉਨ੍ਹਾਂ ਦੇ ਨਾ ਸੜਨ ਵਿਚ ਬਹੁਤ ਖ਼ਤਰਾ ਹੈ।'
ਉਸ ਦਾ ਇਹ ਕਾਵਿ-ਬਿਆਨ ਕਮਿਊਨਿਸਟ ਸਿਧਾਂਤ ਦੇ ਪ੍ਰਾਪਤ ਪ੍ਰਸੰਗ ਦੇ ਵਿਰੋਧ ਵਿਚ ਇਕ ਨਵੇਂ ਵਿਸਥਾਰ ਦੀ ਸਿਰਜਣਾ ਦਾ ਸੰਕੇਤ ਦਿੰਦਾ ਹੈ। ਇਸ ਨਵੇਂ ਵਿਸਥਾਰ ਦੀ ਰੂਪਰੇਖਾ ਕੀ ਸੀ? ਇਸ ਦੀ ਤਲਾਸ਼ 'ਚ ਉਹ ਪੰਜਾਬ ਸੰਕਟ ਦੇ ਸਭ ਤੋਂ ਭਿਆਨਕ ਦਿਨਾਂ 'ਚ ਅਮਰੀਕਾ ਚਲਾ ਗਿਆ। ਕੁਝ ਸਾਲਾਂ ਬਾਅਦ 1988 ਦੇ ਸ਼ੁਰੂ 'ਚ ਉਹ ਆਪਣੇ ਵੀਜ਼ੇ ਦੇ ਨਵੀਨੀਕਰਨ ਲਈ ਇਧਰ ਆਇਆ, ਜਿਨ੍ਹਾਂ ਦਿਨਾਂ 'ਚ ਉਸ ਨੇ ਆਪਣੀ ਕਵਿਤਾ ਸਭ ਤੋਂ ਖ਼ਤਰਨਾਕ ਲਿਖੀ। ਸ਼ਾਇਦ ਇਹ ਕਵਿਤਾ ਉਸ ਵੱਲੋਂ ਲਿਖੀ ਗਈ ਸਭ ਤੋਂ ਆਖ਼ਰੀ ਕਵਿਤਾ ਹੈ।
23 ਮਾਰਚ 1988 ਨੂੰ ਅਚਾਨਕ ਖ਼ਬਰ ਆਈ ਕਿ ਪਾਸ਼ ਤੇ ਉਸ ਦੇ ਦੋਸਤ ਹੰਸ ਰਾਜ ਨੂੰ ਗੋਲੀਆਂ ਵੱਜੀਆਂ ਤੇ ਉਨ੍ਹਾਂ ਦੀ ਮੌਤ ਹੋ ਗਈ। ਪਾਸ਼ ਦੇ ਵਿਛੋੜੇ ਨੇ ਪਾਸ਼ ਨੂੰ ਇਕ ਮਿੱਥ ਵਾਂਗ ਸਥਾਪਤ ਕਰ ਦਿੱਤਾ। ਉਸ ਨੇ ਪੰਜਾਬੀ ਕਵਿਤਾ ਨੂੰ ਵਿਦਰੋਹ ਦਾ ਉਹ ਮੁਹਾਵਰਾ ਪ੍ਰਦਾਨ ਕੀਤਾ, ਜਿਸ ਦੀ ਕੋਈ ਹੋਰ ਮਿਸਾਲ ਨਹੀਂ:-
ਮੈਂ ਉਮਰ ਭਰ ਉਸਦੇ ਖ਼ਿਲਾਫ਼ ਸੋਚਿਆ ਤੇ ਲਿਖਿਆ
ਜੇ ਉਸ ਦੇ ਸੋਗ ਵਿਚ ਸਾਰਾ ਹੀ ਦੇਸ਼ ਸ਼ਾਮਿਲ ਹੈ
ਤਾਂ ਇਸ ਦੇਸ਼ 'ਚੋਂ ਮੇਰਾ ਨਾਮ ਕੱਟ ਦੋਵੋ
(ਬੇਦਖਲੀ ਲਈ ਬਿਨੈ ਪੱਤਰ)
ਉਹ ਇਕੋ ਵੇਲੇ ਬੁਲੰਦ ਕਵੀ ਸੀ, ਅਤਿ ਦਰਜੇ ਦਾ ਗਹਿਰ-ਗੰਭੀਰ ਚਿੰਤਕ ਸੀ ਅਤੇ ਬੇਹੱਦ ਲਚਕੀਲਾ ਤੇ ਚੁਲਬੁਲਾ ਵਿਅਕਤੀ ਵੀ। ਉਸ ਦੀ ਸ਼ਖਸੀਅਤ ਦੀ ਏਹੀ ਵਿਲੱਖਣਤਾ, ਉਸ ਨੂੰ ਸਦੀਵੀ ਬਣਾਉਂਦੀ ਹੈ।
ਉਰਦੂ ਤੇ ਹਿੰਦੀ ਸ਼ਾਇਰੀ ਵਿਚ ਆਸਮਾਨ ਦੇ ਸਿਧਾਂਤ ਨੂੰ ਬਹੁ-ਅਰਥੀ ਭਾਵਨਾ ਨਾਲ ਵਰਤਿਆ ਜਾਂਦਾ ਹੈ। ਇਸ ਨੂੰ ਉੱਤਮਤਾ ਪ੍ਰਦਾਨ ਕਰਨ ਵਾਲਾ ਰਾਮ ਪ੍ਰਸ਼ਾਦ ਬਿਲਮਿਲ ਸੀ, ਜਿਸ ਨੇ ਇਸ ਸ਼ਬਦ ਦੀ ਵਰਤੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਪ੍ਰਸੰਗ 'ਚ ਕੀਤੀ ਸੀ।
ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ,
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ।
ਵਕਤ ਆਨੇ ਪੇ ਬਤਾ ਦੇਂਗੇ ਤੁਝੇ ਐ ਆਸਮਾਂ,
ਹਮ ਅਭੀ ਸੇ ਕਿਆ ਬਤਾਏਂ ਜੋ ਹਮਾਰੇ ਦਿਲ ਮੇਂ ਹੈ।

ਈ-ਮੇਲ : sandhugulzar@yahoo.com

Ad Position 22
No active advertisement
ਪਿਛਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਖਿਲਾਫ਼ ਮਹਾਂਦੋਸ਼ ਦਾ ਵਿਸ਼ੇਸ਼ ਮਹੱਤਵ ਹੈ ਅਗਲੀ ਖ਼ਬਰ ਖਾਲਸਾ ਰਾਜ ਦਾ ਅਖੀਰਲਾ ਦਰਬਾਰ
Ad Position 24
No active advertisement