ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਈਰਾਨ ਦੁਆਰਾ ਹੋਰਮੁਜ਼ ਜਲ ਮਾਰਗ ਦੀ ਕੀਤੀ ਗਈ ਨਾਕਾਬੰਦੀ ਦੇ ਸੰਬੰਧ ਵਿਚ ਦਿੱਤੀ ਗਈ ਆਖ਼ਰੀ ਧਮਕੀ ਦਾ ਸਮਾਂ ਬੀਤਦਾ ਜਾ ਰਿਹਾ ਹੈ। ਅਮਰੀਕਾ ਦੇ ਸਮੇਂ ਮੁਤਾਬਿਕ ਮੰਗਲਵਾਰ ਸ਼ਾਮ 8 ਵਜੇ ਤੱਕ ਦਾ ਸਮਾਂ ਹੈ। ਭਾਰਤ ਵਿਚ ਇਹ ਸਮਾਂ ਬੁੱਧਵਾਰ ਸਵੇਰੇ 5.30 ਵਜੇ ਖ਼ਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ ਦੁਨੀਆ ਦੇ ਕਈ ਦੇਸ਼ਾਂ ਨੇ ਦੋਹਾਂ ਧਿਰਾਂ ਵਿਚ ਸਮਝੌਤਾ ਕਰਵਾਉਣ ਦੇ ਯਤਨ ਕੀਤੇ ਹਨ ਪਰ ਇਸ ਸੰਬੰਧੀ ਕੋਈ ਗੱਲ ਸਿਰੇ ਚੜ੍ਹਦੀ ਨਹੀਂ ਜਾਪ ਰਹੀ। ਇਹ ਲੜਾਈ 28 ਫਰਵਰੀ ਤੋਂ ਜਾਰੀ ਹੈ। ਇਸ ਨੂੰ ਚਲਦਿਆਂ 39 ਦਿਨ ਹੋ ਚੁੱਕੇ ਹਨ। ਇਨ੍ਹਾਂ ਦਿਨਾਂ ਵਿਚ ਜਿੱਥੇ ਅਮਰੀਕਾ ਅਤੇ ਇਜ਼ਰਾਈਲ ਵਲੋਂ ਈਰਾਨ ਅਤੇ ਲਿਬਨਾਨ 'ਤੇ ਭਾਰੀ ਬੰਬਾਰੀ ਕੀਤੀ ਜਾਂਦੀ ਰਹੀ ਹੈ, ਉੱਥੇ ਈਰਾਨ ਨੇ ਵੀ ਹੁਣ ਤੱਕ ਖਾੜੀ ਦੇਸ਼ਾਂ ਵੱਲ ਅਣਗਿਣਤ ਮਿਜ਼ਾਈਲਾਂ ਚਲਾਈਆਂ ਹਨ। ਖਾੜੀ ਦੇਸ਼ਾਂ ਵਿਚ ਅਮਰੀਕਾ ਦੇ ਫ਼ੌਜੀ ਅੱਡੇ ਹਨ। ਪਿਛਲੇ ਦਿਨੀਂ ਸਮਝੌਤੇ ਲਈ ਕਈ ਤਰ੍ਹਾਂ ਦੇ ਪ੍ਰਸਤਾਵ ਆਏ ਹਨ।
ਮਿਸਰ, ਪਾਕਿਸਤਾਨ ਅਤੇ ਤੁਰਕੀ ਨੇ 45 ਦਿਨ ਤੱਕ ਲੜਾਈ ਬੰਦ ਕਰਨ ਅਤੇ ਹੋਰਮੁਜ਼ ਮਾਰਗ ਨੂੰ ਫਿਰ ਤੋਂ ਖੋਲ੍ਹਣ ਦਾ ਮਤਾ ਪੇਸ਼ ਕੀਤਾ ਸੀ। ਦੂਸਰਾ ਮਤਾ ਸਿਰਫ਼ ਪਾਕਿਸਤਾਨ ਵਲੋਂ ਆਇਆ ਸੀ, ਜਿਸ ਵਿਚ ਇਕਦਮ ਲੜਾਈ ਬੰਦ ਕਰਨ ਤੋਂ ਬਾਅਦ 15 ਤੋਂ 20 ਦਿਨਾਂ ਵਿਚ ਸ਼ਾਂਤੀ ਸਮਝੌਤੇ ਦੀ ਰੂਪਰੇਖਾ ਤਿਆਰ ਕਰਨ ਲਈ ਕਿਹਾ ਗਿਆ ਸੀ, ਪਰ ਅਮਰੀਕਾ ਅਤੇ ਈਰਾਨ ਨੂੰ ਇਹ ਦੋਵੇਂ ਸਮਝੌਤੇ ਪਸੰਦ ਨਹੀਂ ਆਏ। ਹੁਣ ਈਰਾਨ ਨੇ ਆਪਣੇ ਵਲੋਂ 10 ਨੁਕਤਿਆਂ ਦਾ ਇਕ ਨਵਾਂ ਮਤਾ ਟਰੰਪ ਨੂੰ ਭੇਜਿਆ ਹੈ, ਜਿਸ ਸੰਬੰਧੀ ਟਰੰਪ ਨੇ ਇਹ ਕਿਹਾ ਹੈ ਕਿ ਇਹ ਮਤਾ ਕੁਝ ਹੱਦ ਤੱਕ ਤਾਂ ਠੀਕ ਹੈ ਪਰ ਏਨਾ ਵਧੀਆ ਨਹੀਂ ਹੈ ਕਿ ਇਸ ਨੂੰ ਮੰਨ ਲਿਆ ਜਾਵੇ। ਉਸ ਨੇ ਇਹ ਵੀ ਕਿਹਾ ਕਿ ਈਰਾਨ ਦੇ ਮੁਢਲੇ ਢਾਂਚੇ ਸਮੇਤ ਊਰਜਾ ਕੇਂਦਰਾਂ 'ਤੇ ਹਮਲੇ ਦੀ ਚਿਤਾਵਨੀ ਸੰਬੰਧੀ ਇਹ ਆਖ਼ਰੀ ਸਮਾਂ ਹੈ। ਇਸ ਨੂੰ ਹੋਰ ਨਹੀਂ ਵਧਾਇਆ ਜਾਏਗਾ। ਅਮਰੀਕਾ ਇਹ ਚਾਹੁੰਦਾ ਹੈ ਕਿ ਜਿੱਥੇ ਹੋਰਮੁਜ਼ ਨੂੰ ਖੋਲ੍ਹਿਆ ਜਾਏ, ਉੱਥੇ ਈਰਾਨ ਦਾ ਯੂਰੇਨੀਅਮ ਭੰਡਾਰ ਵੀ ਉੱਥੋਂ ਬਾਹਰ ਭੇਜ ਦਿੱਤਾ ਜਾਏ। ਈਰਾਨ ਨੇ ਆਪਣੀਆਂ ਸ਼ਰਤਾਂ ਵਿਚ ਲੜਾਈ ਨੂੰ ਸਥਾਈ ਰੂਪ ਵਿਚ ਖ਼ਤਮ ਕਰਨ ਦਾ ਪ੍ਰਸਤਾਵ ਦਿੱਤਾ, ਜਿਸ ਨਾਲ ਇਸ ਪੂਰੇ ਖੇਤਰ ਵਿਚ ਆਪਸੀ ਦੁਸ਼ਮਣੀ ਖ਼ਤਮ ਹੋ ਸਕੇ। ਲੜਾਈ ਨਾਲ ਨੁਕਸਾਨੇ ਖੇਤਰਾਂ ਦਾ ਪੁਨਰ ਨਿਰਮਾਣ ਕੀਤਾ ਜਾਏ ਅਤੇ ਈਰਾਨ 'ਤੇ ਲੱਗੀਆਂ ਕੌਮਾਂਤਰੀ ਪਾਬੰਦੀਆਂ ਹਟਾਈਆਂ ਜਾਣ।
ਬਿਨਾਂ ਸ਼ੱਕ ਹੁਣ ਤੱਕ ਇਸ ਲੜਾਈ ਵਿਚ ਈਰਾਨ ਦੇ ਵੱਡੇ ਕੌਮੀ ਆਗੂ ਅਤੇ ਜਰਨੈਲ ਮਾਰੇ ਜਾ ਚੁੱਕੇ ਹਨ। ਹਜ਼ਾਰਾਂ ਹੀ ਲੋਕ ਇਸ ਲੜਾਈ ਦੀ ਬਲੀ ਚੜ੍ਹ ਚੁੱਕੇ ਹਨ। ਪਰ ਇਸ ਦੇ ਬਾਵਜੂਦ ਸਥਿਤੀ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਹੁਣ ਦੋਹਾਂ ਵਲੋਂ ਵਾਪਸ ਮੁੜਨਾ ਬੇਹੱਦ ਮੁਸ਼ਕਿਲ ਜਾਪਣ ਲੱਗਾ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਦੀਆਂ ਧਮਕੀਆਂ ਵੀ ਵਧਦੀਆਂ ਜਾ ਰਹੀਆਂ ਹਨ ਅਤੇ ਈਰਾਨ 'ਤੇ ਅਮਰੀਕਾ ਤੇ ਇਜ਼ਰਾਈਲ ਵਲੋਂ ਬੰਬਾਰੀ ਵੀ ਲਗਾਤਾਰ ਜਾਰੀ ਹੈ। ਜਿਵੇਂ-ਜਿਵੇਂ ਦਿੱਤੀ ਧਮਕੀ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਉਵੇਂ-ਉਵੇਂ ਹੀ ਦੁਨੀਆ ਭਰ ਵਿਚ ਇਸ ਪ੍ਰਤੀ ਚਿੰਤਾ ਵਧਦੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨੀਓ ਗੁਟਾਰੇਸ ਨੇ ਹੋਰਮੁਜ਼ ਮਾਰਗ ਨੂੰ ਨਾ ਖੋਲ੍ਹਣ 'ਤੇ ਈਰਾਨ ਦੇ ਬਿਜਲੀ ਪ੍ਰਬੰਧਾਂ, ਪੁਲਾਂ ਅਤੇ ਹੋਰ ਬੁਨਿਆਦੀ ਢਾਂਚੇ 'ਤੇ ਹਮਲੇ ਦੀ ਧਮਕੀ ਨੂੰ ਅੰਤਰਰਾਸ਼ਟਰੀ ਨੇਮਾਂ ਦੇ ਵਿਰੁੱਧ ਦੱਸਿਆ ਹੈ। ਇਸ ਸੰਬੰਧੀ ਫਰਾਂਸ ਨੇ ਵੀ ਕਿਹਾ ਹੈ ਕਿ ਨਾਗਰਿਕ ਅਤੇ ਊਰਜਾ ਢਾਂਚਿਆਂ ਨੂੰ ਤਬਾਹ ਕਰਨਾ ਲੜਾਈ ਦੇ ਅਸੂਲਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਖ਼ਿਲਾਫ਼ ਹੈ।
ਹੁਣ ਈਰਾਨ ਦੇ ਰਾਸ਼ਟਰਪਤੀ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਆਪਣੇ ਦੇਸ਼ ਦੇ ਇਨ੍ਹਾਂ ਅਸਾਸਿਆਂ ਨੂੰ ਬਚਾਉਣ ਲਈ ਕਰੋੜਾਂ ਹੀ ਈਰਾਨੀ ਆਪਣੀ ਕੁਰਬਾਨੀ ਦੇਣ ਲਈ ਤਿਆਰ ਹਨ ਅਤੇ ਉਹ ਇਨ੍ਹਾਂ ਮਹੱਤਵਪੂਰਨ ਥਾਵਾਂ 'ਤੇ ਮਨੁੱਖੀ ਕੜੀਆਂ ਬਣਾ ਕੇ ਸ਼ਹੀਦੀਆਂ ਦੇਣ ਲਈ ਤਿਆਰ ਹੋਣਗੇ, ਜਿਸ ਤਰ੍ਹਾਂ ਦਾ ਮਾਹੌਲ ਤਿਆਰ ਹੋ ਚੁੱਕਾ ਹੈ, ਜੇਕਰ ਇਕਦਮ ਕੌਮਾਂਤਰੀ ਪੱਧਰ 'ਤੇ ਇਸ ਜੰਗ ਨੂੰ ਤੁਰੰਤ ਰੋਕਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਤਾਂ ਇਸ ਨਾਲ ਮੱਧ ਪੂਰਬ ਵਿਚ ਹੀ ਨਹੀਂ, ਸਗੋਂ ਦੁਨੀਆ ਭਰ ਵਿਚ ਤਬਾਹੀ ਮਚਣ ਦੀ ਸੰਭਾਵਨਾ ਹੈ। ਇਸ ਸਮੇਂ ਸੰਯੁਕਤ ਰਾਸ਼ਟਰ ਸਮੇਤ ਯੂਰਪੀਅਨ ਯੂਨੀਅਨ, ਰੂਸ, ਚੀਨ ਅਤੇ ਭਾਰਤ ਵਰਗੇ ਦੇਸ਼ਾਂ ਨੂੰ ਤੁਰੰਤ ਦਖ਼ਲ ਦੇਣ ਦੀ ਜ਼ਰੂਰਤ ਹੈ ਤਾਂ, ਜੋ ਇਸ ਹੋਣ ਵਾਲੀ ਸੰਭਾਵਿਤ ਤਬਾਹੀ ਨੂੰ ਰੋਕਿਆ ਜਾ ਸਕੇ।
-ਬਰਜਿੰਦਰ ਸਿੰਘ ਹਮਦਰਦ