ਹਰ ਸਾਲ 30 ਮਾਰਚ ਨੂੰ ਦੁਨੀਆ ਭਰ ਵਿਚ 'ਸ਼ੂਨਯ ਬਰਬਾਦੀ ਦਾ ਅੰਤਰਰਾਸ਼ਟਰੀ ਦਿਵਸ' ਮਨਾਇਆ ਜਾਂਦਾ ਹੈ। 2026 ਵਿਚ ਇਸ ਦਾ ਧਿਆਨ ਭੋਜਨ ਬਰਬਾਦੀ ਵੱਲ ਹੈ- ਇਹ ਵਿਸ਼ਾ ਇਕ ਨੈਤਿਕ ਐਮਰਜੈਂਸੀ ਹੈ ਜੋ ਵਿਸ਼ਵ ਪੱਧਰ 'ਤੇ ਸਾਨੂੰ ਸਭ ਤੋਂ ਦੁਖਦਾਈ ਅਸੰਗਤੀਆਂ 'ਚੋਂ ਇਕ ਨਾਲ ਮੁਕਾਬਲਾ ਕਰਨ ਲਈ ਮਜਬੂਰ ਕਰਦਾ ਹੈ। ਇਕ ਅਜਿਹਾ ਸੰਸਾਰ ਜਿੱਥੇ ਭੋਜਨ ਦੇ ਵੱਡੇ ਭੰਡਾਰ ਬਰਬਾਦ ਹੋ ਰਹੇ ਹਨ, ਜਦਕਿ ਕਰੋੜਾਂ ਲੋਕ ਭੁੱਖੇ ਸੌਂਦੇ ਹਨ ਤੇ ਦੁਨੀਆ ਭਰ 'ਚ ਕੁਪੋਸ਼ਣ ਜਾਰੀ ਹੈ। ਸੰਯੁਕਤ ਰਾਸ਼ਟਰ ਵਾਤਾਵਰਨ ਕਾਰਜਕ੍ਰਮ ਦੀ ਭੋਜਨ ਬਰਬਾਦੀ ਸੂਚਕ ਰਿਪੋਰਟ 2024 ਅਨੁਸਾਰ ਵਿਸ਼ਵ ਪੱਧਰ 'ਤੇ ਦੁਨੀਆ ਨੇ 105 ਕਰੋੜ ਟਨ ਭੋਜਨ ਬਰਬਾਦ ਕੀਤਾ। ਭੋਜਨ ਬਰਬਾਦੀ ਲਈ 60 ਫ਼ੀਸਦੀ ਅਨਾਜ ਭੰਡਾਰਨ ਦੀ ਅਸਮਰੱਥਾ, 28 ਫ਼ੀਸਦੀ ਭੋਜਨ ਸੇਵਾਵਾਂ ਤੇ 12 ਫ਼ੀਸਦੀ ਹੋਰ ਕਾਰਨ ਜ਼ਿੰਮੇਵਾਰ ਹਨ। ਇਸ ਭੋਜਨ ਨੁਕਸਾਨ ਦਾ ਪੱਧਰ ਉਨ੍ਹਾਂ ਪ੍ਰਣਾਲੀਗਤ ਅਕੁਸ਼ਲਤਾਵਾਂ ਨੂੰ ਦਰਸਾਉਂਦਾ ਹੈ ਜੋ ਵਿਅਕਤੀਗਤ ਵਿਵਹਾਰ ਤੋਂ ਇਲਾਵਾ ਸਪਲਾਈ ਲੜੀਆਂ, ਨੀਤੀ ਅਸਫਲਤਾਵਾਂ ਤੇ ਖਪਤ ਸੰਸਕ੍ਰਿਤੀਆਂ 'ਚ ਭੋਜਨ ਸੁੱਟਣ ਦੀ ਸਵੀਕਾਰਯੋਗਤਾ ਹੈ। ਅਜੇ ਵੀ 78.3 ਕਰੋੜ ਲੋਕ ਭੁੱਖ ਦਾ ਸਾਹਮਣਾ ਕਰ ਰਹੇ ਹਨ। ਇਕ ਅਰਬ ਟਨ ਅਨਾਜ ਦੀ ਬਰਬਾਦੀ ਤੇ ਇਕ ਅਰਬ ਭੁੱਖੇ ਪੇਟਾਂ ਦੀ ਇੱਕਠੀ ਮੌਜੂਦਗੀ ਸਵਾਲ ਖੜ੍ਹੇ ਕਰਦੀ ਹੈ।
ਭਾਰਤ ਕਿੱਥੇ ਖੜ੍ਹਾ ਹੈ?
ਵਿਸ਼ਵ ਪੱਧਰ 'ਤੇ ਭਾਰਤ ਦੀ ਸਥਿਤੀ ਬਹੁਤੀ ਚੰਗੀ ਨਹੀਂ ਹੈ ਸੰਯੁਕਤ ਰਾਸ਼ਟਰ ਵਾਤਾਵਰਨ ਕਾਰਜਕ੍ਰਮ ਦੀ ਭੋਜਨ ਬਰਬਾਦੀ ਸੂਚਕ ਰਿਪੋਰਟ ਅਨੁਸਾਰ ਭਾਰਤ ਭੋਜਨ ਬਰਬਾਦੀ 'ਚ ਵਿਸ਼ਵ ਪੱਧਰ 'ਤੇ ਦੂਜੇ ਸਥਾਨ 'ਤੇ ਆਉਂਦਾ ਹੈ ਜਿੱਥੇ ਹਰ ਸਾਲ ਫਸਲ ਦੀ ਵਾਢੀ/ਕਟਾਈ ਤੋਂ ਬਾਅਦ 7.8 ਤੋਂ 8 ਕਰੋੜ ਟਨ ਅਨਾਜ ਬਰਬਾਦ ਹੋ ਜਾਂਦਾ ਹੈ, ਜਿਸ ਦੀ ਕੀਮਤ ਲਗਭਗ 1.55 ਲੱਖ ਕਰੋੜ ਰੁਪਏ ਹੈ। ਚੀਨ 'ਚ ਹਰ ਸਾਲ ਸਭ ਤੋਂ ਵੱਧ 10.80 ਕਰੋੜ ਟਨ ਭੋਜਨ ਬਰਬਾਦ ਹੁੰਦਾ ਹੈ, ਜਦਕਿ ਅਮਰੀਕਾ 'ਚ 2.4 ਕਰੋੜ ਟਨ, ਜਰਮਨੀ ਹਰ ਸਾਲ 63 ਤੋਂ 65 ਲੱਖ ਟਨ ਤੇ ਜਾਪਾਨ 52 ਲੱਖ ਟਨ ਅਨਾਜ ਬਰਬਾਦ ਕਰਦਾ ਹੈ। ਭਾਰਤ ਵਿਚ ਸਾਲਾਨਾ ਪ੍ਰਤੀ ਵਿਅਕਤੀ ਘਰੇਲੂ ਭੋਜਨ ਬਰਬਾਦੀ 55 ਕਿਲੋਗ੍ਰਾਮ ਹੈ, ਜੋ ਅਮਰੀਕਾ ਤੇ ਜਰਮਨੀ 'ਚ ਕ੍ਰਮਵਾਰ 73 ਤੇ 75 ਕਿਲੋਗ੍ਰਾਮ ਪ੍ਰਤੀ ਵਿਅਕਤੀ ਸਾਲਾਨਾ ਹੈ। ਭਾਰਤ ਦੀ ਸਥਿਤੀ ਨੂੰ ਵਿਸ਼ੇਸ਼ ਤੌਰ 'ਤੇ ਇਹ ਅੰਕੜੇ ਦੁਖਦਾਈ ਬਣਾਉਂਦੇ ਹਨ ਕਿਉਂਕਿ ਗਲੋਬਲ ਭੁੱਖ ਸੂਚਕ ਵਿਚ 125 ਦੇਸ਼ਾਂ 'ਚੋਂ ਭਾਰਤ 111ਵੇਂ ਸਥਾਨ 'ਤੇ ਹੈ, ਜਿੱਥੇ ਲਗਭਗ 19.4 ਕਰੋੜ ਲੋਕਾਂ ਨੂੰ ਪੂਰਾ ਭੋਜਨ ਨਹੀਂ ਮਿਲਦਾ।
ਪੰਜਾਬ ਦਾ ਅਨਾਜ ਭੰਡਾਰ
ਪੰਜਾਬ ਅਜਿਹਾ ਸੂਬਾ ਹੈ ਜੋ ਦੇਸ਼ ਦੇ ਕਰੋੜਾਂ ਲੋਕਾਂ ਲਈ ਅਨਾਜ ਪੈਦਾ ਕਰਦਾ ਹੈ- ਪਰ ਅੰਤ 'ਚ ਦੇਖਦੇ ਹੈ ਕਿ ਉਸ ਅਨਾਜ ਦਾ ਵੱਡਾ ਹਿੱਸਾ ਲੋਕਾਂ ਦੀ ਪਲੇਟ ਤੱਕ ਪਹੁੰਚਣ ਤੋਂ ਪਹਿਲਾਂ ਹੀ ਖਰਾਬ ਹੋ ਜਾਂਦਾ ਹੈ। ਪੰਜਾਬ ਵਿਚ ਭੋਜਨ ਨੁਕਸਾਨ ਤੇ ਬਰਬਾਦੀ ਇਕ ਮਹੱਤਵਪੂਰਨ ਮਸਲਾ ਹੈ ਜਿਸ ਦੀ ਵੱਡੀ ਵਜ੍ਹਾ ਉਤਪਾਦਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਅਤਿ ਮੌਸਮੀ ਘਟਨਾਵਾਂ, ਭੰਡਾਰਨ ਤੇ ਢੋਆ-ਢੁਆਈ ਦੀਆਂ ਅਕੁਸ਼ਲਤਾਵਾਂ ਹਨ। ਪੰਜਾਬ 'ਚ ਫਲ ਤੇ ਸਬਜ਼ੀਆਂ ਤੋੜਨ ਤੋਂ ਬਾਅਦ ਤੇ ਖਾਣ ਤੋਂ ਪਹਿਲਾਂ ਹੀ ਲਗਭਗ 20 ਫ਼ੀਸਦੀ ਖਰਾਬ ਹੋ ਜਾਂਦੀਆਂ ਹਨ। 2019 ਤੋਂ 2024 ਦੇ ਦਰਮਿਆਨ ਭਾਰਤੀ ਗੁਦਾਮਾਂ 'ਚ ਹੀ 8,200 ਟਨ ਤੋਂ ਵੱਧ ਅਨਾਜ ਦਾ ਨੁਕਸਾਨ ਹੋਇਆ ਹੈ। ਨੀਤੀ ਆਯੋਗ ਦੀ ਪੰਜਾਬ ਵਿਚ ਖੇਤੀ ਵਿਕਾਸ ਲਈ ਟਾਸਕ ਫੋਰਸ ਦੀ ਰਿਪੋਰਟ ਅਨੁਸਾਰ ਕਟਾਈ ਤੋਂ ਬਾਅਦ ਸੰਭਾਲ ਦੀਆਂ ਅਕੁਸ਼ਲਤਾਵਾਂ- ਢੱਕੇ ਹੋਏ ਭੰਡਾਰ ਘਰਾਂ/ਸਟੋਰਾਂ ਦੀ ਘਾਟ, ਠੰਢੇ ਸਪਲਾਈ ਢਾਂਚੇ (ਕੋਲਡ ਸਟੋਰ ਆਦਿ) ਵਿਚ ਘੱਟ ਨਿਵੇਸ਼ ਅਤੇ ਸਮੇਂ ਸਿਰ ਮਸ਼ੀਨੀ ਸਹਾਇਤਾ ਦੀ ਕਮੀ, ਗ੍ਰੇਡਿੰਗ, ਮਿਆਰੀਕਰਨ ਤੇ ਵਿਗਿਆਨਕ ਪੈਕਿੰਗ ਦੀ ਘਾਟ ਵੱਡੀਆਂ ਰੁਕਾਵਟਾਂ ਹਨ।
ਧਰਤੀ ਕੀਮਤ ਚੁਕਾ ਰਹੀ ਹੈ
ਭੋਜਨ ਬਰਬਾਦੀ ਸਿਰਫ਼ ਮਨੁੱਖੀ ਦੁੱਖ ਨਹੀਂ ਸਗੋਂ ਵਾਤਾਵਰਨਿਕ ਦੁੱਖ ਵੀ ਹੈ। ਵਿਸ਼ਵ ਦੇ ਸਾਲਾਨਾ ਗ੍ਰੀਨਹਾਊਸ ਗੈਸ ਉਤਸਰਜਨ ਕਾਰਨ ਅਨਾਜ ਦੀ 8 ਤੋਂ 10 ਫ਼ੀਸਦੀ ਬਰਬਾਦੀ ਹੋ ਜਾਂਦੀ ਹੈ। ਚੀਨ ਤੇ ਅਮਰੀਕਾ ਦੁਨੀਆ ਦੇ ਸਭ ਤੋਂ ਵੱਡੇ ਗ੍ਰੀਨਹਾਊਸ ਗੈਸ ਉਤਸਰਜਕ ਹਨ। ਖੱਡਿਆਂ 'ਚ ਸੜਦਾ ਭੋਜਨ ਮੀਥੇਨ ਛੱਡਦਾ ਹੈ। ਇਹ ਅਜਿਹੀ ਗੈਸ ਹੈ ਜਿਸ ਦੀ ਗਰਮੀ ਵਧਾਉਣ ਦੀ ਸਮਰੱਥਾ ਕਾਰਬਨ ਡਾਈਆਕਸਾਈਡ ਨਾਲੋਂ ਕਈ ਗੁਣਾ ਵੱਧ ਹੈ। ਜੋ ਭੋਜਨ ਬਰਬਾਦ ਹੋ ਰਿਹਾ ਹੈ, ਉਸ ਨਾਲ ਭੁੱਖੇ ਲੋਕਾਂ ਦਾ ਢਿੱਡ ਭਰ ਸਕਦਾ ਹੈ। ਅਨਾਜ ਦੀ ਬਰਬਾਦੀ ਇਸ ਨੂੰ ਪੈਦਾ ਕਰਨ ਲਈ ਵਰਤੇ ਜਾਂਦੇ ਪਾਣੀ, ਜ਼ਮੀਨ, ਈਂਧਨ ਤੇ ਕਿਸਾਨਾਂ ਦੀ ਮਿਹਨਤ ਦਾ ਵੀ ਨੁਕਸਾਨ ਹੈ। ਇਕ ਕਿਲੋਗ੍ਰਾਮ ਚੌਲ ਪੈਦਾ ਕਰਨ ਲਈ 5,000 ਲੀਟਰ ਪਾਣੀ ਦੀ ਲੋੜ ਪੈਂਦੀ ਹੈ, ਚਾਵਲ ਦੀ ਬਰਬਾਦੀ ਵਰਤੇ ਗਏ ਪਾਣੀ ਦੀ ਬਰਬਾਦੀ ਹੈ। ਇਸ ਪ੍ਰਸੰਗ 'ਚ ਰਾਸ਼ਟਰੀ ਮੌਸਮੀ ਯੋਜਨਾਵਾਂ ਵਿਚ ਭੋਜਨ ਨੁਕਸਾਨ ਤੇ ਬਰਬਾਦੀ ਨੂੰ ਸ਼ਾਮਿਲ ਕਰਨਾ ਸਮੇਂ ਦੀ ਲੋੜ ਹੈ।
ਅੱਗੇ ਦਾ ਰਾਹ
ਭੋਜਨ ਨੁਕਸਾਨ ਨੂੰ ਘਟਾਉਣਾ ਸਿਰਫ਼ ਕਟਾਈ ਤੋਂ ਬਾਅਦ ਅਨਾਜ ਦੇ ਪ੍ਰਬੰਧਨ ਬਾਰੇ ਨਹੀਂ ਹੈ ਸਗੋਂ ਇਸ ਗੱਲ ਨੂੰ ਮੁੜ ਵਿਚਾਰਨ ਬਾਰੇ ਹੈ ਕਿ ਅਸੀਂ ਜ਼ਿੰਮੇਵਾਰ ਭੰਡਾਰਨ ਤੇ ਖਪਤ ਰਾਹੀਂ ਭੋਜਨ ਦਾ ਕਿਵੇਂ ਸਤਿਕਾਰ ਕਰਦੇ ਹਾਂ। ਭੋਜਨ ਬਰਬਾਦੀ ਨੂੰ ਖਤਮ ਕਰਨਾ ਪ੍ਰਣਾਲੀਆਂ ਤੇ ਪ੍ਰੇਰਕ ਤੱਤਾਂ ਦੀ ਮੁੜ ਰਚਨਾ ਦੀ ਮੰਗ ਕਰਦਾ ਹੈ ਜਿਸ ਦੇ ਕੇਂਦਰ ਵਿਚ ਮਨੁੱਖੀ ਮਰਿਆਦਾ ਹੋਵੇ। ਇਸ ਦੇ ਭਰੋਸੇਯੋਗ, ਮਨੁੱਖੀ ਤੇ ਟਿਕਾਊ ਪੰਜ ਰਸਤੇ ਇਹ ਹਨ:
1. ਠੰਢੀ ਸਪਲਾਈ ਲੜੀ ਦੀ ਲੋੜ : ਭਾਰਤ ਆਪਣੇ ਉਤਪਾਦਨ ਦੀ ਸੰਭਾਲ ਲਈ ਇਸ ਪ੍ਰਕਿਰਿਆ ਦੀ ਸਿਰਫ਼ 8 ਫ਼ੀਸਦੀ ਵਰਤੋਂ ਕਰਦਾ ਹੈ, ਜਦਕਿ ਅਮਰੀਕਾ 'ਚ ਇਹ 65 ਫ਼ੀਸਦੀ ਤੇ ਚੀਨ 23 ਫ਼ੀਸਦੀ ਹੈ। ਰਾਸ਼ਟਰੀ ਠੰਢੀ ਸਪਲਾਈ ਮਿਸ਼ਨ ਨੂੰ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਜਿਹੇ ਸੂਬਿਆਂ 'ਚ ਭੋਜਨ ਸੁਰੱਖਿਆ ਦੇ ਢਾਂਚੇ ਵਜੋਂ ਵਿਕਸਿਤ ਕਰਨਾ ਚਾਹੀਦਾ ਹੈ, ਇਕ ਬਦਲਵੇਂ ਨਿਵੇਸ਼ ਵਜੋਂ ਨਹੀਂ।
2. ਭੋਜਨ ਬਰਬਾਦੀ ਦੇ ਖ਼ਿਲਾਫ ਕਾਨੂੰਨ ਬਣਾਓ: ਕਈ ਯੂਰਪੀ ਦੇਸ਼ਾਂ ਨੇ ਸੁਪਰਮਾਰਕੀਟਾਂ ਲਈ ਬਿਨਾਂ ਵਿਕੇ ਖਾਣੇ ਨੂੰ ਨਸ਼ਟ ਕਰਨਾ ਗੈਰਕਾਨੂੰਨੀ ਬਣਾ ਦਿੱਤਾ ਹੈ ਤੇ ਇਸ ਦੀ ਥਾਂ ਇਸ ਨੂੰ ਭੋਜਨ ਬੈਂਕਾਂ ਨੂੰ ਦਾਨ ਕਰਨਾ ਲਾਜ਼ਮੀ ਬਣਾ ਦਿੱਤਾ ਹੈ। ਭਾਰਤ ਨੂੰ ਵਾਧੂ ਭੋਜਨ ਦੀ ਮੁੜ ਵੰਡ ਲਈ ਇਕ ਰਾਸ਼ਟਰੀ ਕਾਨੂੰਨ ਦੀ ਲੋੜ ਹੈ, ਜਿਸ ਨੂੰ ਕਾਰੋਬਾਰਾਂ ਤੇ ਸੰਸਥਾਵਾਂ ਲਈ ਕਰ ਰਾਹਤ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਵੇ, ਜੋ ਅਨਾਜ ਬਰਬਾਦ ਕਰਨ ਦੀ ਥਾਂ ਦਾਨ ਕਰਦੇ ਹਨ।
3. ਕਿਸਾਨ ਨੂੰ ਪਹਿਲੇ ਪੱਧਰ 'ਤੇ ਹੀ ਸਮਰੱਥ ਬਣਾਓ: ਕਟਾਈ ਤੋਂ ਬਾਅਦ ਅਨਾਜ ਦਾ ਨੁਕਸਾਨ ਖੇਤ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਕਿਸਾਨ-ਉਤਪਾਦਕ ਸੰਸਥਾਵਾਂ ਨੂੰ ਮਸ਼ੀਨੀ ਸੁਕਾਈ, ਹਵਾਬੰਦ ਭੰਡਾਰਨ ਬੈਗ ਤੇ ਮੋਬਾਈਲ ਠੰਢੀਆਂ ਇਕਾਈਆਂ ਨਾਲ ਲੈੱਸ ਕੀਤਾ ਜਾਣਾ ਚਾਹੀਦਾ ਹੈ। ਪੁਰਾਤਨ ਜੂਟ ਪੈਕੇਜਿੰਗ ਸਮੱਗਰੀ ਕਾਨੂੰਨ ਜੋ ਅਨਾਜ ਨੂੰ ਛਿਦਰਲੇ ਜੂਟ ਦੀਆਂ ਬੋਰੀਆਂ ਵਿਚ ਭੰਡਾਰਨ ਲਈ ਲਾਜ਼ਮੀ ਕਰਦਾ ਹੈ, ਉਸ ਦੀ ਆਧੁਨਿਕ ਹਵਾਬੰਦ ਹੱਲਾਂ ਨੂੰ ਯੋਗ ਬਣਾਉਣ ਲਈ ਤੁਰੰਤ ਸਮੀਖਿਆ ਦੀ ਲੋੜ ਹੈ।
4. ਬਰਬਾਦੀ ਨੂੰ ਦਿੱਖਣਯੋਗ ਬਣਾਓ, ਬੱਚਤ ਨੂੰ ਨਿਯਮਿਤ ਕਰੋ: ਭਾਰਤ ਵਿਚ ਇਸ ਸਮੇਂ ਏਕੀਕ੍ਰਿਤ ਰਾਸ਼ਟਰੀ ਡਾਟਾ ਆਧਾਰ ਨਹੀਂ ਹੈ, ਜੋ ਭੋਜਨ ਬਰਬਾਦੀ ਨੂੰ ਟਰੈਕ ਕਰਦਾ ਹੋਵੇ। ਭੋਜਨ ਬਰਬਾਦੀ ਦੇ ਲਾਜ਼ਮੀ ਮਾਪ ਤੇ ਜਨਤਕ ਰਿਪੋਰਟ ਸੰਯੁਕਤ ਰਾਸ਼ਟਰ ਵਾਤਾਵਰਨ ਕਾਰਜਕ੍ਰਮ ਦੀ ਭੋਜਨ ਬਰਬਾਦੀ ਸੂਚਕ ਵਿਧੀ 'ਤੇ ਆਧਾਰਿਤ ਹੋਵੇ, ਇਸ ਨੂੰ ਵੱਡੇ ਭੋਜਨ ਕਾਰੋਬਾਰਾਂ, ਵਿਆਹ ਕੈਟਰਰਾਂ ਤੇ ਸੰਸਥਾਗਤ ਰਸੋਈਆਂ ਲਈ ਲਾਜ਼ਮੀ ਲਾਗੂ ਕੀਤਾ ਜਾਣਾ ਚਾਹੀਦਾ ਹੈ।
5. 'ਅੰਨ' ਨੂੰ ਪਵਿੱਤਰ ਮੰਨਣ ਦੀ ਨੈਤਿਕਤਾ ਨੂੰ ਦੁਬਾਰਾ ਜਗਾਓ: ਇਸ ਉਪਮਹਾਂਦੀਪ ਦੀ ਹਰ ਸੰਸਕ੍ਰਿਤੀ ਨੇ ਆਪਣੇ ਤਰੀਕੇ ਨਾਲ ਭੋਜਨ ਨੂੰ ਆਦਰਯੋਗ ਮੰਨਿਆ ਹੈ, ਜਿਵੇਂ- ਅੰਨ ਬ੍ਰਹਮਾ ਹੈ, ਭੋਜਨ ਹੀ ਭਗਵਾਨ ਹੈ। ਇਹ ਸਭ ਤੋਂ ਟਿਕਾਊ ਭੋਜਨ ਦਰਸ਼ਨ ਹੈ, ਜੋ ਕਦੇ ਬਣਾਇਆ ਗਿਆ ਸੀ। ਸਕੂਲਾਂ, ਭਾਈਚਾਰਕ ਤੇ ਜਨਤਕ ਸੰਸਥਾਵਾਂ ਨੂੰ ਇਸ ਨੈਤਿਕਤਾ ਨੂੰ ਕਿਸੇ ਧਾਰਮਿਕ ਸਿੱਖਿਆ ਵਜੋਂ ਨਹੀਂ, ਸਗੋਂ ਨਾਗਰਿਕ ਜ਼ਿੰਮੇਵਾਰੀ ਵਜੋਂ ਮੁੜ ਜਗਾਉਣਾ ਚਾਹੀਦਾ ਹੈ। ਆਓ, ਅਸੀਂ ਤੁਰੰਤ ਜਾਗਰੂਕਤਾ ਤੋਂ ਅੱਗੇ ਵਧ ਕੇ ਸਾਂਝੀ ਕਾਰਵਾਈ ਵੱਲ ਵਧੀਏ ਤੇ ਭੋਜਨ ਬਰਬਾਦੀ ਨੂੰ ਘਟਾਉਣ ਨੂੰ ਇਕ ਸਾਂਝੀ ਰਾਸ਼ਟਰੀ ਤਰਜੀਹ ਬਣਾਈਏ।
-(ਲੇਖਕ ਕੈਬਨਿਟ ਮੰਤਰੀ ਦਰਜੇ ਦੇ ਪੰਜਾਬ ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਵੀ ਹਨ)।
vc@sonalika.com