08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸਕੇ ਕਿਸਾਨ ਭਰਾਵਾਂ ਦੀ ਖ਼ੁਦਕੁਸ਼ੀ ਨੇ ਖੜ੍ਹੇ ਕੀਤੇ ਕਈ ਸਵਾਲ?

Ad Position 21
No active advertisement
ਅਜੀਤ ਡੈਸਕ 08-04-2026

ਖੇਤੀ ਦਾ ਧੰਦਾ ਹੁਣ ਸ਼ਾਇਦ ਛੋਟੇ ਕਿਸਾਨਾਂ ਦੇ ਵੱਸ ਵਿਚ ਨਹੀਂ ਰਿਹਾ ਖੇਤੀ ਲਾਗਤ ਦੇ ਵਧ ਰਹੇ ਖ਼ਰਚੇ, ਮੰਡੀਆਂ ਦੇ ਸੁਚੱਜੇ ਪ੍ਰਬੰਧ ਦੀ ਘਾਟ ਅਤੇ ਸਰਕਾਰ ਦੀਆਂ ਖੇਤੀ ਨੀਤੀਆਂ ਦੀ ਦਿਸ਼ਾ ਅਤੇ ਹੋਰ ਸਮੱਸਿਆਵਾਂ ਕਾਰਨ ਹੁਣ ਇਹ ਧੰਦਾ ਲਾਹੇਵੰਦ ਨਹੀਂ ਰਿਹਾ। ਨਿੱਕੇ ਕਿਸਾਨ ਆਰਥਿਕ ਤੰਗੀਆਂ, ਤੁਰਸ਼ੀਆਂ ਕਾਰਨ ਮਾਨਸਿਕ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਰਹੇ ਹਨ। ਅਖ਼ੀਰ ਅੱਕ ਕੇ ਆਤਮ ਹੱਤਿਆਵਾਂ ਦੇ ਰਾਹ ਤੁਰ ਪਏ ਹਨ। ਸਭ ਤੋਂ ਪਹਿਲਾਂ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦੀ ਸ਼ੁਰੂਆਤ ਮਾਲਵਾ ਦੀ ਨਰਮਾ ਪੱਟੀ ਤੋਂ ਆਰੰਭ ਹੋਈ। ਇਸ ਤੋਂ ਪਹਿਲਾਂ ਆਤਮ ਹੱਤਿਆ ਦੀਆਂ ਉੱਕਾ-ਦੁੱਕਾ ਹੀ ਘਟਨਾਵਾਂ ਪੰਜਾਬ ਵਿਚ ਦੇਖਣ ਨੂੰ ਮਿਲਦੀਆਂ ਸਨ।
ਪੰਜਾਬ ਦੇ ਮਾਝਾ ਅਤੇ ਦੁਆਬਾ ਖੇਤਰ ਤੋਂ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਨਾ ਦੇ ਬਰਾਬਰ ਸਨ। ਹਰੀ ਕ੍ਰਾਂਤੀ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਦੇ ਅੰਨਦਾਤਾ ਨੇ ਅਨਾਜ ਦੀ ਪੈਦਾਵਾਰ ਵਧਾਈ, ਉਸ ਦੇ ਨਾਲ ਜ਼ਰੂਰਤ ਤੋਂ ਜ਼ਿਆਦਾ ਖਾਦਾਂ ਅਤੇ ਕੀਟਨਾਸ਼ਕਾਂ ਨੇ ਪੰਜਾਬ ਦੀ ਪਵਿੱਤਰ ਉਪਜਾਊ ਧਰਤੀ ਨੂੰ ਜ਼ਹਿਰੀਲਾ ਕਰ ਦਿੱਤਾ, ਸਾਡਾ ਵਾਤਾਵਰਨ ਅਤੇ ਪਾਣੀ ਵੀ ਦੂਸ਼ਿਤ ਹੋ ਗਿਆ। ਇਸ ਦੌਰਾਨ ਖੇਤੀ ਦੇ ਵਧੇ ਖਰਚਿਆਂ ਨਾਲ ਕਰਜ਼ੇ ਅਤੇ ਕੈਂਸਰ ਦੈਂਤ ਦਾ ਰੂਪ ਧਾਰਨ ਕਰ ਗਏ। ਇਸ ਤੋਂ ਬਾਅਦ ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਤਾਜ਼ਾ ਘਟਨਾਕ੍ਰਮ ਪਿਛਲੇ ਦਿਨੀਂ ਫ਼ਰੀਦਕੋਟ ਜ਼ਿਲ੍ਹੇ ਦੇ ਪੱਛਮੀ ਦਿਸ਼ਾ ਵੱਲ ਵਸਦੇ ਵੱਡੇ ਪਿੰਡ ਹਰੀਨੌਂ ਵਿਚ ਵਾਪਰਿਆ। ਜਿਥੋਂ ਦੇ ਦੋ ਨੌਜਵਾਨ ਸਕੇ ਕਿਸਾਨ ਭਰਾਵਾਂ ਜਸਕਰਨ ਸਿੰਘ ਅਤੇ ਜਸਵਿੰਦਰ ਸਿੰਘ ਨੇ ਖੇਤੀ ਵਿਚ ਉਨ੍ਹਾਂ ਨੂੰ ਪੈ ਰਹੇ ਲਗਾਤਾਰ ਘਾਟੇ ਅਤੇ ਵਧ ਰਹੇ ਕਰਜ਼ੇ ਤੋਂ ਤੰਗ ਆ ਕੇ ਇਕ-ਦੂਸਰੇ ਦਾ ਹੱਥ ਫ਼ੜ ਕੇ ਰੇਲ ਗੱਡੀ ਹੇਠ ਆ ਕੇ ਆਤਮ ਹੱਤਿਆ ਕਰ ਲਈ। ਇਸ ਹਿਰਦੇਵੇਦਿਕ ਘਟਨਾ ਨਾਲ ਸਾਰੇ ਪਾਸੇ ਧਿਆਨ ਖਿੱਚਿਆ ਗਿਆ। ਪਿੰਡ ਦੇ ਅੰਦਰ ਆਪਣੀ ਜ਼ਮੀਨ ਵਿਚ ਬਣਾਏ ਇਕ ਸਧਾਰਨ ਘਰ ਵਿਚ ਰਹਿ ਰਿਹਾ ਇਹ ਪਰਿਵਾਰ ਦੋਵੇਂ ਬੇਟਿਆਂ ਦੇ ਜਾਣ ਨਾਲ ਸੁੰਨਸਾਨ ਦਿਖਾਈ ਦੇ ਰਿਹਾ ਹੈ। 'ਅਜੀਤ' ਨੇ ਇਸ ਦੀ ਰਿਪੋਰਟ ਲਈ ਜਦੋਂ ਪਿੰਡ ਦਾ ਦੌਰਾ ਕੀਤਾ ਤਾਂ ਘਰ ਵਿਚ ਵਿਛੇ ਸੱਥਰ 'ਤੇ ਬੈਠਾ ਪਰਿਵਾਰ ਜਿਸ ਵਿਚ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨਾਂ ਦਾ ਪਿਤਾ ਇਕ ਸਾਧਾਰਨ ਦੁਕਾਨਦਾਰ ਹੈ, ਉਹ ਇਸ ਵਰਤੇ ਭਾਣੇ ਤੋਂ ਗੁੰਮਸੁੰਮ ਹੈ ਆਤਮ ਹੱਤਿਆ ਕਰਨ ਵਾਲੇ ਦੋਵੇਂ ਭਰਾ ਇਕੋ ਹੀ ਪਰਿਵਾਰ ਵਿਚ ਸਕੀਆਂ ਭੈਣਾਂ ਨੂੰ ਵਿਆਹੇ ਹੋਏ ਸਨ। ਉਨ੍ਹਾਂ ਦੀਆਂ ਪਤਨੀਆਂ ਅਤੇ ਮਾਸੂਮ ਬੱਚੀਆਂ ਦੇ ਚਿਹਰਿਆਂ 'ਤੇ ਭਵਿੱਖ ਦੀ ਫ਼ਿਕਰ ਸਾਫ਼ ਝਲਕ ਰਹੀ ਸੀ। ਸਾਊ ਸੁਭਾਅ ਦੇ ਦੋਵੇਂ ਕਿਸਾਨ-ਭਰਾ ਬਹੁਤ ਮਿਹਨਤੀ ਸਨ ਅਤੇ ਬਿਜਲੀ ਦੇ ਤਜਰਬੇਕਾਰ ਮਕੈਨਿਕ ਸਨ। ਉਨ੍ਹਾਂ ਨੇ ਖੇਤੀਬਾੜੀ ਨੂੰ ਆਪਣਾ ਮੁੱਖ ਧੰਦਾ ਬਣਾਇਆ ਹੋਇਆ ਸੀ। ਉਨ੍ਹਾਂ ਦੇ ਆਪਣੇ ਕੋਲ ਤਾਂ ਕੇਵਲ ਡੇਢ ਕੁ ਕਿੱਲਾ ਜ਼ਮੀਨ ਸੀ, ਪਰ ਉਹ ਹਰ ਵਰ੍ਹੇ 20 ਤੋਂ 25 ਕਿੱਲੇ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰ ਰਹੇ ਸਨ। ਹਰੇਕ ਵਾਰ ਉਨ੍ਹਾਂ ਨੂੰ ਕਿਸੇ ਨਾ ਕਿਸੇ ਫ਼ਸਲ ਵਿਚ ਲਗਾਤਾਰ ਘਾਟਾ ਹੀ ਪੈ ਰਿਹਾ ਸੀ ਪਰ ਇਸ ਦੇ ਬਾਵਜੂਦ ਉਹ ਹਿੰਮਤ ਨਾਲ ਇਸ ਧੰਦੇ ਵਿਚ ਲੱਗੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਨਵਾਂ ਟਰੈਕਟਰ ਅਤੇ ਹੋਰ ਖੇਤੀ ਦਾ ਸਾਮਾਨ ਵੀ ਆਪਣਾ ਬਣਾ ਲਿਆ ਸੀ। ਇਸ ਦੇ ਨਾਲ ਕਰਜ਼ੇ ਦੀ ਰਕਮ ਵੀ ਨਾਲੋਂ ਨਾਲ ਵਧ ਰਹੀ ਸੀ। ਪਿਛਲੇ ਹੀ ਸਾਲ ਉਨ੍ਹਾਂ ਨੇ ਆਪਣੀ ਜ਼ਮੀਨ ਦਾ ਇਕ ਟੁਕੜਾ ਵੇਚ ਕੇ ਤਕਰੀਬਨ 35 ਲੱਖ ਦੇ ਕਰੀਬ ਕਰਜ਼ਾ ਲਾਹ ਦਿੱਤਾ ਸੀ। ਇਨ੍ਹਾਂ ਹੀ ਕਰਜ਼ਾ ਦੋਵਾਂ ਦੇ ਸਿਰ ਉਪਰ ਹੋਰ ਸੀ। ਇਸ ਵਾਰ ਖੜ੍ਹੀ ਕਣਕ ਅਤੇ ਬੀਜੇ ਹੋਏ ਆਲੂਆਂ ਦੀ ਫ਼ਸਲ ਤੋਂ ਉਨ੍ਹਾਂ ਨੂੰ ਵੱਡੀਆਂ ਉਮੀਦਾਂ ਸਨ, ਪਰ ਆਲੂਆਂ ਦੀਆਂ ਕੀਮਤਾਂ ਵਿਚ ਜ਼ਬਰਦਸਤ ਮੰਦੇ ਨੇ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਦੋਵੇਂ ਹੀ ਭਰਾ ਪ੍ਰੇਸ਼ਾਨ ਰਹਿਣ ਲੱਗੇ। ਇਸ ਘਾਟੇ ਨੂੰ ਉਹ ਬਰਦਾਸ਼ਤ ਨਾ ਕਰ ਸਕੇ ਅਤੇ ਆਤਮ ਹੱਤਿਆ ਦੇ ਰਾਹ ਪੈ ਗਏ। ਫ਼ਸਲੀ ਵਿਭਿੰਨਤਾ ਅਪਣਾਉਣ ਵਾਲੇ ਇਹ ਮਿਹਨਤੀ ਭਰਾ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਗਏ। ਇਸ ਵਾਰ ਆਲੂਆਂ ਦੀ ਪੱਕੀ ਫ਼ਸਲ ਕੌਡੀਆਂ ਦੇ ਭਾਅ ਰਹਿ ਗਈ। ਇਸ ਫ਼ਸਲ ਤੋਂ ਮੁਨਾਫ਼ਾ ਤਾਂ ਕੀ ਮਿਲਣਾ ਸੀ, ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਹੋਈ। ਆਲੂਆਂ ਦੀ ਬਰਬਾਦ ਹੋਈ ਫ਼ਸਲ ਨੂੰ ਲੈ ਕੇ ਕੁਝ ਦਿਨ ਪਹਿਲਾਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਇਕ ਹੋਰ ਨੌਜਵਾਨ ਕਿਸਾਨ ਨੇ ਘਾਟੇ ਨੂੰ ਨਾ ਸਹਾਰਦੇ ਹੋਏ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਸਰਕਾਰਾਂ ਬਦਲਵੀਆਂ ਫ਼ਸਲਾਂ ਦਾ ਦਾਅਵਾ ਤਾਂ ਕਰਦੀਆਂ ਹਨ, ਪਰ ਇਹ ਖੇਤੀ ਕਿਸ ਤਰ੍ਹਾਂ ਕਰਨੀ ਹੈ, ਇਸ ਬਾਰੇ ਕੋਈ ਦਿਸ਼ਾ ਨਿਰਦੇਸ਼ ਅਤੇ ਮੰਡੀਕਰਨ ਦੀਆਂ ਔਕੜਾਂ ਦੇ ਹੱਲ ਸਪੱਸ਼ਟ ਨਹੀਂ ਹਨ, ਜਿਸ ਕਾਰਨ ਛੋਟੇ ਕਿਸਾਨਾਂ ਲਈ ਇਹ ਕੰਮ ਘਾਟੇ ਵਾਲਾ ਰਹਿ ਗਿਆ ਹੈ। ਹਰੀਨੌਂ ਦੇ ਕਿਸਾਨ ਭਰਾਵਾਂ ਦੇ ਚਾਚੇ ਕੁਲਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਮ੍ਰਿਤਕਾਂ ਦੀ ਖੜ੍ਹੀ ਕਣਕ ਦਾ ਵੀ ਹਿਸਾਬ-ਕਿਤਾਬ ਲਗਾਇਆ ਗਿਆ ਹੈ। ਇਸ ਵਿਚੋਂ ਪਰਿਵਾਰ ਦੇ ਪੱਲੇ ਕੁਝ ਨਹੀਂ ਪੈ ਰਿਹਾ, ਜ਼ਮੀਨ ਦਾ ਠੇਕਾ, ਖੇਤੀ ਖਰਚੇ ਅਤੇ ਆੜ੍ਹਤੀਆਂ ਦਾ ਵਿਆਜ ਸਾਵਾਂ-ਸਾਵਾਂ ਹੀ ਦਿਖ ਰਿਹਾ ਹੈ। ਇਹ ਛੋਟੇ ਕਿਸਾਨਾਂ ਦੀ ਵੱਡੀ ਤਰਾਸਦੀ ਹੈ ਕਿ ਦੋਵੇਂ ਭਰਾਵਾਂ ਨੂੰ ਆਤਮ ਹੱਤਿਆ ਦਾ ਰਾਹ ਚੁਣਨਾ ਪਿਆ। ਦੋਵਾਂ ਕਿਸਾਨਾਂ ਦੀ ਮੌਤ ਕਈ ਸਵਾਲ ਖੜ੍ਹੇ ਕਰ ਗਈ ਹੈ ਕਿ ਖੇਤੀਬਾੜੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਸਰਕਾਰ ਨੂੰ ਕਈ ਅਹਿਮ ਫ਼ੈਸਲੇ ਲੈਣੇ ਚਾਹੀਦੇ ਹਨ ਕਿ ਕਿਸ ਤਰ੍ਹਾਂ ਦੀ ਖੇਤੀ ਕੀਤੀ ਜਾਵੇ? ਉਗਾਈਆਂ ਜਾ ਰਹੀਆਂ ਫ਼ਸਲਾਂ ਦੀ ਐਮ.ਐਸ.ਪੀ. ਬਾਰੇ ਵੀ ਸੋਚਣਾ ਪਵੇਗਾ। ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸੀ.ਟੂ ਪਲੱਸ 50 ਫ਼ੀਸਦ ਮੁਨਾਫ਼ਾ ਦੀ ਪਾਲਸੀ ਲਾਗੂ ਕਰਨ ਦੀ ਲੋੜ ਹੋਵੇਗੀ। ਮਿਸਾਲ ਵਜੋਂ ਜੇਕਰ ਕਿਸਾਨ ਦੀ ਫ਼ਸਲ 'ਤੇ ਇਕ ਰੁਪਏ ਦੀ ਲਾਗਤ ਖ਼ਰਚ ਆਉਂਦੀ ਹੈ, ਉਸ ਨੂੰ ਘੱਟੋਂ ਘੱਟ ਫ਼ਸਲ ਦਾ ਮੁੱਲ ਡੇਢ ਰੁਪਏ ਜ਼ਰੂਰ ਮਿਲਣਾ ਚਾਹੀਦਾ ਹੈ।
ਆਧੁਨਿਕ ਖੇਤੀ ਅਪਣਾ ਚੁੱਕੇ ਵੱਡੇ ਕਿਸਾਨਾਂ ਨੂੰ ਵੀ ਛੋਟੇ ਕਿਸਾਨਾਂ ਦੀ ਬਾਂਹ ਫ਼ੜਨ ਦੀ ਲੋੜ ਹੈ। ਉਨ੍ਹਾਂ ਨੂੰ ਗਾਈਡ ਕਰ ਕੇ ਖੇਤੀਬਾੜੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਹ ਮੁਨਾਫ਼ੇ ਦੀ ਖੇਤੀ ਕਰ ਸਕਣ। ਸਹਿਕਾਰੀ ਖੇਤੀ ਸਭਾਵਾਂ ਇਸ ਵਿਚ ਵੱਡਾ ਰੋਲ ਅਦਾ ਕਰ ਸਕਦੀਆਂ ਹਨ। ਛੋਟੇ ਕਿਸਾਨਾਂ ਨੂੰ ਆਪਣੇ ਆਪਣੇ ਪੱਧਰ 'ਤੇ ਖੇਤੀ ਸੰਦ ਅਤੇ ਟਰੈਕਟਰ ਖਰੀਦਣ ਦੀ ਬਜਾਏ ਸਾਂਝੀ ਖੇਤੀ ਅਪਣਾਉਣੀ ਚਾਹੀਦੀ ਹੈ ਤਾਂ ਜੋ ਫ਼ਜੂਲ ਦੇ ਖਰਚਿਆਂ ਤੋਂ ਛੋਟੇ ਕਿਸਾਨ ਬਚ ਸਕਣ। ਇਸ ਵਿਚ ਕਿਸਾਨ ਸੰਗਠਨਾਂ ਦੀ ਵੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਸਰਕਾਰ ਦੇ ਨਾਲ-ਨਾਲ ਆਤਮ ਹੱਤਿਆ ਕਰਨ ਵਾਲੇ ਅੰਨਦਾਤਾ ਦੇ ਪਰਿਵਾਰਾਂ ਦੇ ਮੁੜ ਵਸੇਬੇ ਵਿਚ ਸਹਿਯੋਗ ਕਰਨ।

-ਇੰਚਾਰਜ 'ਅਜੀਤ' ਉਪ ਦਫ਼ਤਰ ਫ਼ਰੀਦਕੋਟ।
# 98145-echo

Ad Position 22
No active advertisement
ਪਿਛਲੀ ਖ਼ਬਰ ਦੇਸ਼ ਵਿਚ ਹਰ ਸਾਲ ਕਰੋੜਾਂ ਦੇ ਭੋਜਨ ਦੀ ਹੁੰਦੀ ਬਰਬਾਦੀ ਨੂੰ ਰੋਕਣ ਦੀ ਲੋੜ ਅਗਲੀ ਖ਼ਬਰ ਸੁਪਰੀਮ ਕੋਰਟ ਯਕੀਨੀ ਬਣਾਏ ਕਿ ਇਕ ਵੀ ਅਸਲੀ ਵੋਟਰ ਸੂਚੀ ਤੋਂ ਬਾਹਰ ਨਾ ਰਹੇ
Ad Position 24