13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਤਿੰਨ ਰਾਜਾਂ ਵਿਚ ਚੋਣ ਉਤਸ਼ਾਹ

Ad Position 21
No active advertisement
ਅਜੀਤ ਡੈਸਕ 10-04-2026

ਵੀਰਵਾਰ ਨੂੰ ਦੇਸ਼ ਦੇ ਤਿੰਨ ਰਾਜਾਂ ਅਸਾਮ, ਕੇਰਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿਚ ਇਕੋ ਪੜਾਅ ਵਿਚ ਹੋਈਆਂ ਚੋਣਾਂ ਵੱਡੀ ਹੱਦ ਤੱਕ ਸ਼ਾਂਤਮਈ ਅਤੇ ਨਿਰਵਿਘਨ ਰਹੀਆਂ ਹਨ। ਇਨ੍ਹਾਂ ਤਿੰਨੇ ਰਾਜਾਂ ਵਿਚ ਵੋਟਰਾਂ ਦੀ ਫ਼ੀਸਦੀ ਤੋਂ ਇਹ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਨੇ ਚੋਣਾਂ ਲਈ ਭਾਰੀ ਉਤਸ਼ਾਹ ਦਿਖਾਇਆ ਹੈ। ਅਸਾਮ ਵਿਚ 84 ਫ਼ੀਸਦੀ ਤੋਂ ਵਧੇਰੇ, ਕੇਰਲ ਵਿਚ 72 ਫ਼ੀਸਦੀ ਤੋਂ ਵਧੇਰੇ ਅਤੇ ਪੁਡੂਚੇਰੀ ਵਿਚ ਵੀ 86 ਫ਼ੀਸਦੀ ਤੋਂ ਵਧੇਰੇ ਵੋਟਾਂ ਪਈਆਂ ਹਨ, ਜਿਨ੍ਹਾਂ ਨੂੰ ਉਤਸ਼ਾਹਜਨਕ ਕਿਹਾ ਜਾ ਸਕਦਾ ਹੈ। ਇਹ ਤਿੰਨੇ ਹੀ ਰਾਜ ਅਨੁਪਾਤਨ ਵੱਡੇ ਪ੍ਰਦੇਸ਼ ਨਹੀਂ ਹਨ, ਪਰ ਇਨ੍ਹਾਂ ਤਿੰਨਾਂ ਦੀ ਆਪੋ-ਆਪਣੀ ਮਹੱਤਤਾ ਹੈ। ਕੇਰਲ ਦੀ ਇਸ ਲਈ ਕਿ ਦੇਸ਼ ਭਰ ਵਿਚ ਖੱਬੇ ਖੱਬੀ ਪਾਰਟੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਮੱਠਾ ਹੁੰਗਾਰਾ ਮਿਲਦਾ ਰਿਹਾ ਹੈ, ਉੱਥੇ ਕੇਰਲ ਵਿਚ ਖੱਬੀ ਪੱਖੀ ਪਾਰਟੀਆਂ ਦਾ ਗੱਠਜੋੜ ਪਿਛਲੇ 10 ਸਾਲ ਤੋਂ ਸੱਤਾ ਵਿਚ ਹੈ। ਇਹ ਖੱਬਾ ਜਮਹੂਰੀ ਮੋਰਚਾ ਹੁਣ ਤੀਸਰੀ ਵਾਰ ਵੀ ਅੱਗੇ ਆਉਣ ਲਈ ਕਿਸਮਤ ਅਜ਼ਮਾਈ ਕਰ ਰਿਹਾ ਹੈ। ਸੂਬੇ ਵਿਚ ਮੁੱਖ ਮੰਤਰੀ ਪਿਨਾਰਾਈ ਵਿਜਯਨ ਦਾ ਪ੍ਰਭਾਵ ਹਾਲੇ ਤੱਕ ਵੀ ਬਣਿਆ ਦਿਖਾਈ ਦੇ ਰਿਹਾ ਹੈ। ਇਸ ਦੇ ਮੁਕਾਬਲੇ ਵਿਚ ਕਾਂਗਰਸ ਦੀ ਅਗਵਾਈ ਵਾਲਾ 'ਸੰਯੁਕਤ ਜਮਹੂਰੀ ਮੋਰਚਾ' ਸੱਤਾਧਾਰੀ ਗੱਠਜੋੜ ਨੂੰ ਪੂਰੀ ਟੱਕਰ ਦੇ ਰਿਹਾ ਹੈ, ਇਸ ਵਾਰ ਭਾਜਪਾ ਦੀ ਅਗਵਾਈ ਵਾਲਾ 'ਕੌਮੀ ਲੋਕਤੰਤਰਿਕ ਗੱਠਜੋੜ' ਵੀ ਤੀਸਰੀ ਧਿਰ ਦੇ ਤੌਰ 'ਤੇ ਉੱਭਰਿਆ ਹੈ। ਕੇਰਲ ਵਿਚ ਮੁਸਲਿਮ ਭਾਈਚਾਰੇ ਦੇ ਲੋਕ 27 ਫ਼ੀਸਦੀ ਦੇ ਲਗਭਗ ਹਨ ਅਤੇ ਈਸਾਈ ਫਿਰਕਾ 18 ਫ਼ੀਸਦੀ ਦੇ ਲਗਭਗ ਹੈ। ਇਨ੍ਹਾਂ ਦੋਹਾਂ ਦਾ ਕਾਫ਼ੀ ਸੀਟਾਂ 'ਤੇ ਵੱਡਾ ਪ੍ਰਭਾਵ ਮੰਨਿਆ ਜਾਂਦਾ ਰਿਹਾ ਹੈ।
ਪਿਛਲੇ 10 ਸਾਲਾਂ ਵਿਚ ਇਥੇ ਕਈ ਨਾਂਹ-ਪੱਖੀ ਰੁਝਾਨ ਜ਼ਰੂਰ ਉੱਭਰ ਕੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਨੌਕਰੀਆਂ ਦੀ ਘਾਟ ਅਤੇ ਵਧਦੀ ਹਿੰਸਾ ਵੀ ਸ਼ਾਮਿਲ ਹੈ। ਚਾਹੇ ਇਸ ਪ੍ਰਾਂਤ ਨੂੰ ਖੁਸ਼ਹਾਲ ਮੰਨਿਆ ਜਾਂਦਾ ਹੈ ਪਰ ਇਹ ਵੀ ਪਿਛਲੇ ਲੰਮੇ ਸਮੇਂ ਤੋਂ ਵੱਡੇ ਕਰਜ਼ੇ ਹੇਠ ਦੱਬਿਆ ਨਜ਼ਰ ਆਉਂਦਾ ਹੈ। ਇਸ ਸਮੇਂ ਇਸ ਦਾ ਕਰਜ਼ਾ 5 ਲੱਖ ਕਰੋੜ ਤੋਂ ਵੀ ਵਧੇਰੇ ਹੈ। ਦੇਸ਼ ਭਰ ਦੀ ਸਿਆਸਤ ਵਿਚ ਜੋ ਗੰਦਲਾਪਨ ਦਿਖਾਈ ਦਿੰਦਾ ਹੈ, ਕੇਰਲ ਵੀ ਉਸ ਦੀ ਜਕੜ ਵਿਚ ਫਸਿਆ ਹੋਇਆ ਹੈ। ਇਸ ਰਾਜ ਦੇ ਚੋਣ ਦ੍ਰਿਸ਼ ਦੀ ਪਰਖ ਕੀਤਿਆਂ ਇਸ ਵਾਰ ਦੀਆਂ ਚੋਣਾਂ ਵਿਚ 38 ਫ਼ੀਸਦੀ ਉਮੀਦਵਾਰ ਅਜਿਹੇ ਹਨ, ਜਿਨ੍ਹਾਂ 'ਤੇ ਅਪਰਾਧਿਕ ਕੇਸ ਚੱਲ ਰਹੇ ਹਨ। ਇਨ੍ਹਾਂ ਉਮੀਦਵਾਰਾਂ ਵਿਚ ਵਧੇਰੇ ਕਾਂਗਰਸੀ ਤੇ ਭਾਜਪਾ ਵਾਲੇ ਤਾਂ ਸ਼ਾਮਿਲ ਹੀ ਹਨ, ਪਰ ਇਸ ਸੂਚੀ ਵਿਚ ਖੱਬੇ ਪੱਖੀ ਉਮੀਦਵਾਰਾਂ ਦੀ ਵੀ ਗਿਣਤੀ ਕਾਫ਼ੀ ਜ਼ਿਆਦਾ ਹੈ। ਇਨ੍ਹਾਂ ਵਿਚੋਂ 23 ਫ਼ੀਸਦੀ ਉਮੀਦਵਾਰ ਅਜਿਹੇ ਹਨ ਜਿਨ੍ਹਾਂ 'ਤੇ ਹੱਤਿਆ ਅਤੇ ਜਬਰ-ਜਨਾਹ ਵਰਗੇ ਗੰਭੀਰ ਦੋਸ਼ ਹਨ। ਕਾਂਗਰਸ ਪਾਰਟੀ ਅੰਦਰ ਪੈਦਾ ਹੋਈ ਬਿਮਾਰੀ ਦਾ ਇਹ ਰਾਜ ਵੀ ਸ਼ਿਕਾਰ ਹੈ। ਇਥੇ ਵੀ ਅੰਦਰੂਨੀ ਕਲੇਸ਼ ਉੱਭਰ ਕੇ ਸਾਹਮਣੇ ਆਉਂਦਾ ਰਿਹਾ ਹੈ। ਉਮੀਦਵਾਰਾਂ ਦੀ ਚੋਣ ਵਿਚ ਇਹ ਕਲੇਸ਼ ਵਧੇਰੇ ਉੱਭਰ ਕੇ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਇਥੇ ਕਦੀ ਬੇਹੱਦ ਪ੍ਰਭਾਵਸ਼ਾਲੀ ਰਹੇ ਕਾਂਗਰਸੀ ਆਗੂਆਂ ਕੇ. ਕਰੁਣਾਕਰਨ, ਏ. ਕੇ. ਐਨਥਨੀ ਅਤੇ ਓਮਾਨ ਚੰਦੀ ਵਰਗੇ ਆਗੂਆਂ ਦੀ ਘਾਟ ਵੀ ਰੜਕਦੀ ਰਹੀ ਹੈ।
ਚਾਹੇ ਪਿਛਲੀਆਂ ਚੋਣਾਂ ਦੇ ਉਲਟ ਇਸ ਵਾਰ ਇਥੇ ਕਿਸੇ ਪਾਰਟੀ ਦੇ ਪੱਖ ਵਿਚ ਵੀ ਕੋਈ ਸਪੱਸ਼ਟ ਉਭਾਰ ਦਿਖਾਈ ਨਹੀਂ ਦਿੰਦਾ। ਦੋਵਾਂ ਧਿਰਾਂ ਵਿਚ ਕਾਂਟੇ ਦੀ ਟੱਕਰ ਹੈ ਅਤੇ ਇਹ ਵੀ ਲਗਦਾ ਹੈ ਕਿ ਜਿੱਤ-ਹਾਰ ਸੰਬੰਧੀ ਫ਼ੈਸਲਾ ਬਹੁਤ ਫਸਵਾਂ ਹੋਵੇਗਾ। ਅਸਾਮ ਵਿਚ ਵੀ ਚੋਣਾਂ ਦੌਰਾਨ ਵੋਟਾਂ ਨੇ ਵੱਡਾ ਹੁੰਗਾਰਾ ਭਰਿਆ ਹੈ। ਇਥੇ ਪਿਛਲੇ ਦੋ ਕਾਰਜਕਾਲਾਂ ਤੋਂ ਭਾਰਤੀ ਜਨਤਾ ਪਾਰਟੀ ਦਾ ਪ੍ਰਸ਼ਾਸਨ ਰਿਹਾ ਹੈ। ਇਸ ਵਾਰ ਵੀ ਇਸ ਪਾਰਟੀ ਦੇ ਕੇਂਦਰੀ ਆਗੂਆਂ ਵਲੋਂ ਬੜਾ ਸਖ਼ਤ ਪ੍ਰਚਾਰ ਕਰਨ ਕਰਕੇ ਇਹ ਪਾਰਟੀ ਹਾਲੇ ਵੀ ਪੈਰਾਂ 'ਤੇ ਖੜ੍ਹੀ ਦਿਖਾਈ ਦਿੰਦੀ ਹੈ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਚਾਹੇ ਆਪਣੀਆਂ ਫਿਰਕੂ ਤਕਰੀਰਾਂ ਕਰਕੇ ਵਿਵਾਦ ਵਿਚ ਜ਼ਰੂਰ ਰਹੇ ਹਨ ਪਰ ਸਰਮਾ ਦਾ ਪ੍ਰਭਾਵ ਹਾਲੇ ਵੀ ਇਥੇ ਬਣਿਆ ਨਜ਼ਰ ਆਉਂਦਾ ਹੈ। ਚਾਹੇ ਉੱਥੇ ਦੀ ਕਾਂਗਰਸ ਇਕਾਈ ਦੇ ਮੁਖੀ ਗੌਰਵ ਗੋਗੋਈ ਵੀ ਪੂਰੀ ਦਿਲਜ਼ਮੀ ਨਾਲ ਉਸ ਦਾ ਮੁਕਾਬਲਾ ਕਰਦੇ ਨਜ਼ਰ ਆ ਰਹੇ ਹਨ।
ਕੇਂਦਰੀ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਇਕ ਬਹੁਤ ਛੋਟਾ ਪ੍ਰਦੇਸ਼ ਹੈ, ਇੱਥੇ ਸਿਰਫ਼ ਸਾਢੇ 9 ਲੱਖ ਵੋਟਰ ਹੀ ਹਨ। ਇਥੇ ਵੀ ਰਾਸ਼ਟਰੀ ਲੋਕਤੰਤਰਿਕ ਗੱਠਜੋੜ ਸੱਤਾ ਵਿਚ ਰਿਹਾ ਹੈ। ਚਾਹੇ ਇਸ ਵਾਰ ਕਾਂਗਰਸ ਦੀ ਅਗਵਾਈ ਵਾਲਾ 'ਇੰਡੀਆ' ਗੱਠਜੋੜ ਵੀ ਇਸ ਦਾ ਸਖ਼ਤ ਮੁਕਾਬਲਾ ਕਰਦਾ ਨਜ਼ਰ ਆ ਰਿਹਾ ਹੈ। ਦੋਵੇਂ ਹੀ ਗੱਠਜੋੜ ਪੁਡੂਚੇਰੀ ਨੂੰ ਰਾਜ ਦਾ ਦਰਜਾ ਦਿਵਾਉਣ ਦੇ ਮਸਲੇ 'ਤੇ ਸਾਂਝੀ ਸੋਚ ਰੱਖਦੇ ਹਨ। ਚਾਹੇ ਇਨ੍ਹਾਂ ਚੋਣਾਂ ਦੇ ਨਤੀਜੇ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਦੀਆਂ ਹੋ ਰਹੀਆਂ ਚੋਣਾਂ ਦੇ ਨਾਲ 4 ਮਈ ਨੂੰ ਹੀ ਆਉਣੇ ਹਨ ਪਰ ਕਈ ਪੱਖਾਂ ਤੋਂ ਆਪੋ-ਆਪਣੀ ਵੱਖਰੀ ਹੈਸੀਅਤ ਰੱਖਦੇ ਇਨ੍ਹਾਂ ਰਾਜਾਂ ਦੇ ਆਉਂਦੇ ਸਮੇਂ ਵਿਚ ਆਉਣ ਵਾਲੇ ਚੋਣ ਨਤੀਜਿਆਂ ਨੂੰ ਵੀ ਦੇਸ਼ ਭਰ ਵਿਚ ਬੜੀ ਦਿਲਚਸਪੀ ਅਤੇ ਗਹੁ ਨਾਲ ਵੇਖਿਆ ਜਾਏਗਾ।

-ਬਰਜਿੰਦਰ ਸਿੰਘ ਹਮਦਰਦ

 

Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ-ਪੰਜਾਬ ਵਿਚ ਭਾਜਪਾ ਦੀ ਰਣਨੀਤੀ ਕੀ ਹੈ? ਅਗਲੀ ਖ਼ਬਰ ਸਾਰੀਆਂ ਸਰਕਾਰਾਂ ਦਾ ਉਦੇਸ਼ ਸਮਾਜ ਦਾ ਸੁਖ ਹੋਣਾ ਚਾਹੀਦਾ ਹੈ। -ਜਾਰਜ ਵਾਸ਼ਿੰਗਟਨ
Ad Position 24