13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਵਿਧਾਨ ਸਭਾ ਚੋਣਾਂ-ਪੰਜਾਬ ਵਿਚ ਭਾਜਪਾ ਦੀ ਰਣਨੀਤੀ ਕੀ ਹੈ?

Ad Position 21
No active advertisement
ਅਜੀਤ ਡੈਸਕ 10-04-2026

ਰੁੱਤ ਔੜਾਂ ਦੀ ਕਿਤੇ ਕਿਤੇ ਫੁੱਲ ਕੋਈ
ਪੌਣਾਂ ਅੰਦਰ ਮਹਿਕ ਬਿਖੇਰੀ ਜਾਏ।
ਰਾਹਾਂ ਦੀ ਧੁੰਦ ਆਪ ਚੀਰਨੀ ਪੈਣੀ ਏ
ਆਪਣੇ ਖੰਭਾਂ ਬਾਝ ਨਾ ਉੱਡਿਆ ਜਾਏ।
(ਅਗਿਆਤ)

ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਧਰਤੀ ਬੇਸ਼ੱਕ ਸਦੀਆਂ ਤੱਕ ਧਾੜਵੀਆਂ ਦੇ ਪੈਰਾਂ ਹੇਠ ਮਧੋਲੀ ਜਾਂਦੀ ਰਹੀ, ਪਰ ਇਸੇ ਧਰਤੀ ਦੇ ਲੋਕ ਜਰਵਾਣਿਆਂ ਨਾਲ ਟੱਕਰ ਵੀ ਲੈਂਦੇ ਰਹੇ। ਇਥੇ ਨਵੇਂ ਗੀਤ ਵੀ ਉਗ਼ਮਦੇ ਰਹੇ ਤੇ ਇਸ ਧਰਤੀ ਤੋਂ ਦੁਨੀਆ ਨੂੰ ਅਗਵਾਈ ਵੀ ਮਿਲਦੀ ਰਹੀ। ਦੁਨੀਆ ਦਾ ਸਭ ਤੋਂ ਪੁਰਾਣਾ ਧਾਰਮਿਕ ਗ੍ਰੰਥ ਜਿਸ ਨੂੰ ਸੱਭਿਅਤਾ ਦੀ ਪਹਿਲੀ ਕਵਿਤਾ ਕਿਹਾ ਗਿਆ 'ਰਿੱਗ ਵੇਦ' ਵੀ ਇਥੇ ਹੀ ਰਚਿਆ ਗਿਆ। ਇਥੇ ਸਰਬ-ਸਾਂਝੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ, ਫ਼ਕੀਰ, ਰਿਸ਼ੀ-ਮੁਨੀ, ਲਵ-ਕੁਸ਼, ਬੁੱਲ੍ਹੇ ਸ਼ਾਹ, ਬਾਬਾ ਫਰੀਦ ਵਰਗੇ ਵੀ ਇਸ ਧਰਤੀ ਦੇ ਜਾਏ ਸਨ ਤੇ 10 ਗੁਰੂ ਸਾਹਿਬਾਨ ਵੀ ਇਸੇ ਧਰਤੀ 'ਤੇ ਵਿਚਰੇ। ਦੁਨੀਆ ਜਿੱਤਣ ਦਾ ਸੁਪਨਾ ਲੈ ਕੇ ਤੁਰਨ ਵਾਲਾ ਸਿਕੰਦਰ (ਮਹਾਨ) ਵੀ ਇਸੇ ਧਰਤੀ ਤੋਂ ਵਾਪਸ ਮੁੜਨ ਲਈ ਮਜਬੂਰ ਹੋਇਆ, ਜਦੋਂ ਇਸ ਧਰਤੀ ਦੇ ਇਕ ਪੁੱਤਰ ਰਾਜਾ ਪੋਰਸ ਨੇ ਦਰਿਆ ਜਿਹਲਮ 'ਤੇ ਅਜਿਹੀ ਜਾਣ-ਹੂਲਣੀ ਲੜਾਈ ਲੜੀ ਕਿ ਸਿਕੰਦਰ ਦੀ ਜਿੱਤ ਦੇ ਬਾਵਜੂਦ ਉਸ ਦੀ ਫ਼ੌਜ ਨੇ ਦਰਿਆ ਬਿਆਸ ਪਾਰ ਕਰਨ ਤੋ ਇਨਕਾਰ ਕਰ ਦਿੱਤਾ ਸੀ। ਇਤਿਹਾਸ ਕਦੇ ਨਹੀਂ ਭੁੱਲ ਸਕਦਾ ਉਹ 'ਸੰਵਾਦ' ਜਦੋਂ ਹਾਰ ਤੋਂ ਬਾਅਦ ਵੀ ਜ਼ਖ਼ਮੀ ਪੋਰਸ ਨੂੰ ਸਿਕੰਦਰ ਪੁੱਛਦਾ ਹੈ ਕਿ ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ ਤਾਂ ਇਕ ਪੰਜਾਬੀ ਦਾ ਜਵਾਬ ਸੀ, 'ਜਿਹੋ ਜਿਹਾ ਇਕ ਰਾਜਾ ਦੂਸਰੇ ਰਾਜੇ ਨਾਲ ਕਰਦਾ ਹੈ' ਸਦੀਆਂ ਤੱਕ ਪੰਜਾਬ ਜਾਂ ਸਪਤ ਸਿੰਧੂ ਦੀ ਇਸ ਧਰਤੀ ਦੇ ਲੋਕਾਂ ਨੇ ਜਰਵਾਣਿਆਂ ਦਾ ਜ਼ੁਲਮ ਤਾਂ ਸਿਹਾ ਪਰ ਹੌਸਲਾ, ਅਕਲ ਤੇ ਹੋਸ਼ ਨਹੀਂ ਗਵਾਈ, ਜੇ ਕਦੇ ਗਵਾਈ ਵੀ ਤਾਂ ਕੋਈ ਰਹਿਬਰ, ਕੋਈ ਆਗੂ ਇਸ ਧਰਤੀ ਦੇ ਲੋਕਾਂ ਨੂੰ ਜ਼ੁਲਮ ਦੇ ਹਨੇਰੇ ਵਿਚੋਂ ਕੱਢ ਹੀ ਲੈਂਦਾ ਰਿਹਾ। ਗੁਰੂ ਸਾਹਿਬ ਨੇ ਸਾਨੂੰ:
ਕੂੜੁ ਅਮਾਵਸ ਸਚੁ ਚੰਦ੍ਰਮਾ
ਦੀਸੈ ਨਾਹੀ ਕਹ ਚੜਿਆ॥
(ਮਾਝ ਮ: ੧, ਅੰਗ : 145)

ਵਰਗੀ ਹਾਲਤ ਵਿਚੋਂ ਵੀ ਕੱਢ ਕੇ ਹੱਕ ਸੱਚ ਦਾ ਗਿਆਨ ਰੂਪੀ ਚਾਨਣ ਦਿੱਤਾ ਸੀ। ਪਰ ਅਫ਼ਸੋਸ ਕਿ ਅੱਜ ਪੰਜਾਬ ਇਕ ਤਾਂ ਵੱਢਿਆ ਟੁੱਕਿਆ ਨਿੱਕਾ ਜਿਹਾ ਰਹਿ ਗਿਆ ਪਰ ਇਸ ਦੀ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸਥਿਤੀ ਵੀ ਕੱਖੋਂ ਹੌਲ਼ੀ ਹੋ ਗਈ ਜਾਪਦੀ ਹੈ। ਹਜ਼ਾਰਾਂ ਕਥਿਤ ਬਾਬੇ ਸੰਤ ਉਲਟਾ ਸਾਡੀ ਸਿਹਤਮੰਦ ਸੋਚ ਨੂੰ ਖੋਰਾ ਹੀ ਲਾ ਰਹੇ ਹਨ। ਰਾਜਨੀਤਕ ਦਲ ਮੁਫ਼ਤਖੋਰੀ ਦੀ ਜ਼ਹਿਰ ਦੇ ਕੇ ਸਾਡੀ ਸੋਚ ਨੂੰ ਮਾਰ ਰਹੇ ਹਨ। ਬੇਸ਼ੱਕ ਅਜੇ ਵੀ ਅਸੀਂ 1947 ਦੇ ਅਤੇ 1984 ਦੇ ਫੱਟ ਖਾ ਕੇ ਵੀ ਧਾਰਮਿਕ ਅਧਾਰ 'ਤੇ ਪੂਰੀ ਤਰ੍ਹਾਂ ਨਹੀਂ ਵੰਡੇ ਗਏ, ਪਰ ਹੁਣ ਹੌਲ਼ੀ-ਹੌਲ਼ੀ ਇਹ ਜ਼ਹਿਰ ਸਾਡੀਆਂ ਰਗਾਂ ਵਿਚ ਸਮਾਉਂਦਾ ਜਾਪਦਾ ਹੈ। ਅਸੀਂ ਪੰਜਾਬੀ ਲੋਕ ਜ਼ੁਲਮ ਅੱਗੇ ਬਰਾਬਰ ਦੀ ਤਾਕਤ ਨਾ ਹੋਣ ਦੇ ਬਾਵਜੂਦ ਅੜਦੇ ਤੇ ਕੁਰਬਾਨੀਆਂ ਦਿੰਦੇ ਰਹੇ। ਪਰ ਅੱਜ ਇੰਝ ਜਾਪਦਾ ਹੈ ਕਿ ਪੰਜਾਬ ਦੀ ਆਤਮਾ ਮਰ ਰਹੀ ਏ। ਜ਼ੁਲਮ ਤੇ ਜ਼ਾਲਮ ਅੱਗੇ ਅੜਨ ਦੀ ਗੱਲ ਤਾਂ ਦੂਰ, ਪੰਜਾਬੀ ਹੱਕ ਅਤੇ ਸੱਚ ਦੀ ਗੱਲ ਕਰਨ ਤੋਂ ਵੀ ਦੂਰ ਹੁੰਦੇ ਜਾ ਰਹੇ ਹਨ। ਹਾਲਾਂਕਿ ਗੁਰੂ ਸਾਹਿਬ ਨੇ ਸਾਨੂੰ 'ਜੀਵਨ ਤੇ ਮਰਨ' ਦੀ ਜਾਚ ਸਿਖਾਉਣ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦਿੱਤੀ, ਪਰ ਸ਼ਾਇਦ ਸਾਡੀ ਸਮਝ ਨੂੰ ਹੀ ਕੋਈ ਲਕਵਾ ਮਾਰ ਗਿਆ ਹੈ। ਆਜ਼ਾਦੀ ਤੋਂ ਬਾਅਦ ਪੰਜਾਬ ਤੇ ਪੰਜਾਬੀ ਨਾਲ ਕਦਮ-ਕਦਮ 'ਤੇ ਧੱਕੇ ਹੋਏ। ਸ਼ੁਰੂ ਵਿਚ ਪੰਜਾਬੀਆਂ ਨੇ ਲੜਾਈਆਂ ਵੀ ਲੜੀਆਂ ਪਰ ਹੌਲ਼ੀ-ਹੌਲ਼ੀ ਅਸੀਂ ਇਸ ਨੂੰ ਆਪਣੀ ਕਿਸਮਤ ਹੀ ਸਮਝ ਲਿਆ। ਹੁਣ ਇਸ ਪੀੜ ਦਾ ਜ਼ਿਕਰ ਵੀ ਸ਼ਾਇਦ ਅਰਥਹੀਣ ਹੈ। ਖ਼ੈਰ ਯਥਾਰਥ ਵੱਲ ਨਿਗ੍ਹਾ ਮਾਰੀਏ ਤਾਂ ਇਸ ਔੜਾਂ ਮਾਰੀ ਧਰਤੀ 'ਤੇ ਅਜੇ ਵੀ ਕਿਤੇ-ਕਿਤੇ ਫੁੱਲ ਟਹਿਕਦੇ ਹਨ ਤੇ ਸਾਨੂੰ ਹਨੇਰੇ ਦੀ ਇਸ ਧੁੰਦ ਨੂੰ ਚੀਰਨ ਲਈ ਸੋਚ-ਵਿਚਾਰ ਕਰਨ ਅਤੇ ਆਪਣੇ ਪੁਰਖਿਆਂ ਦੇ ਇਤਿਹਾਸ ਤੋਂ ਸਬਕ ਲੈਣ ਦੀ ਲੋੜ ਹੈ, ਸਾਨੂੰ ਨਾ-ਖ਼ੁਦਾ (ਮਲਾਹ) ਜਾਂ ਨੇਤਾ ਅਜਿਹੇ ਚੁਣਨ ਦੀ ਲੋੜ ਹੈ, ਜੋ ਪੰਜਾਬ ਦੀ ਡਿੱਕੋ-ਡੋਲ੍ਹੇ ਖਾ ਰਹੀ ਬੇੜੀ ਨੂੰ ਕਿਸੇ ਪਾਰ ਲਾ ਸਕਣ।
ਇਸ ਵੇਲੇ ਪੰਜਾਬ ਦੀ ਕੋਈ ਵੀ ਪਾਰਟੀ ਅਜਿਹੀ ਨਹੀਂ, ਜੋ ਮੁੱਦਿਆਂ ਦੀ ਗੱਲ ਕਰ ਰਹੀ ਹੋਵੇ। ਹਰ ਪਾਰਟੀ ਸਾਨੂੰ ਜਾਂ ਤਾਂ ਮੁਫ਼ਤ ਦੀਆਂ ਸਹੂਲਤਾਂ ਦੇ ਲਾਲਚ ਵਿਚ ਫਸਾ ਰਹੀ ਹੈ ਜਾਂ ਫਿਰ ਡਰਾ ਰਹੀ ਹੈ। ਇਸ ਲਈ ਅਜਿਹੇ ਹਾਲਾਤ ਵਿਚ ਅਸੀਂ ਕਿਸੇ ਇਕ ਪਾਰਟੀ ਵੱਲ ਅੱਖਾਂ ਮੀਚ ਕੇ ਨਹੀਂ ਜਾ ਸਕਦੇ। ਚੰਗਾ ਹੋਵੇ ਜੇ ਹਰ ਪੰਜਾਬੀ 2027 ਦੀਆਂ ਚੋਣਾਂ ਤੋਂ ਪਹਿਲਾਂ ਆਪਣੇ-ਆਪ ਨਾਲ ਗੱਲ ਕਰੇ ਕਿ ਪੰਜਾਬ ਦੇ ਭਵਿੱਖ ਲਈ, ਅਗਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਕੀ ਠੀਕ ਹੈ ਤੇ ਕੀ ਗ਼ਲਤ? ਫਿਰ ਉਹ ਇਹ ਸੰਵਾਦ ਆਪਣੇ ਪਰਿਵਾਰਕ ਜੀਆਂ ਨਾਲ ਤੇ ਉਸ ਤੋਂ ਬਾਅਦ ਆਂਢ-ਗੁਆਂਢ ਤੇ ਦੋਸਤੀ ਦੇ ਘੇਰੇ ਵਿਚ ਵੀ ਕਰੇ ਅਤੇ ਘੱਟੋ-ਘੱਟ ਕਿਸੇ ਅਜਿਹੇ ਉਮੀਦਵਾਰ ਦੇ ਹੱਕ ਵਿਚ ਫ਼ੈਸਲਾ ਕੀਤਾ ਜਾਵੇ ਜੋ ਸਾਰੇ ਉਮੀਦਵਾਰਾਂ ਵਿਚੋਂ ਸਭ ਤੋਂ ਵੱਧ ਹੱਕ-ਸੱਚ ਤੇ ਖੜ੍ਹਨ ਵਾਲਾ ਤੇ ਕੁਝ ਕਰ ਗੁਜ਼ਰਨ ਦੇ ਸਮਰੱਥ ਨਜ਼ਰ ਆਉਂਦਾ ਹੋਵੇ। ਬੇਸ਼ੱਕ ਇਹ ਠੀਕ ਹੈ ਕਿ ਵਿਅਕਤੀਗਤ ਪਹੁੰਚ ਹੀ ਪੰਜਾਬ ਨੂੰ ਨਹੀਂ ਬਚਾਅ ਸਕਦੀ ਪਰ ਮੁੱਦਾ ਵਿਹੀਨ ਪਾਰਟੀਆਂ ਅਨੁਸ਼ਾਸਤ ਪਾਰਟੀਆਂ ਨਾਲੋਂ ਸੁਹਿਰਦ ਆਜ਼ਾਦ ਲੋਕਾਂ ਦਾ ਸਮੂਹ ਪੰਜਾਬ ਦੇ ਭਲੇ ਲਈ ਜ਼ਰੂਰ ਕੋਈ ਨਵੀਂ ਰਾਹ ਉਲੀਕ ਸਕੇਗਾ। ਯਾਦ ਰੱਖੋ:
ਜ਼ਿੰਦਾ ਰਹਨੇ ਕਾ ਹਕ ਮਿਲੇਗਾ ਉਸੇ,
ਜਿਸ ਮੇਂ ਮਰਨੇ ਕਾ ਹੌਸਲਾ ਹੋਗਾ।
(ਸਰਫ਼ਰਾਜ਼ ਅਬਦ)
ਪੰਜਾਬ ਚੋਣਾਂ ਤੇ ਭਾਜਪਾ ਦੀ ਰਣਨੀਤੀ

ਪੰਜਾਬ ਵਿਚ ਭਾਜਪਾ ਦੀ ਰਣਨੀਤੀ ਕੀ ਹੈ, ਇਸ ਨੂੰ ਸਮਝਣ ਲਈ ਭਾਜਪਾ ਦੇ ਪ੍ਰਮੁੱਖ ਰਣਨੀਤੀਕਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਬਾਰੇ ਕਹੀ ਸਿਰਫ਼ ਇਕ ਲਾਈਨ ਦੇ ਅਰਥ ਸਮਝ ਲੈਣੇ ਹੀ ਕਾਫੀ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ 19 ਫ਼ੀਸਦੀ ਵੋਟ ਲੈ ਚੁੱਕੇ ਹਾਂ ਤੇ ਜਿਥੇ ਅਸੀਂ ਇਕ ਵਾਰ 19 ਫ਼ੀਸਦੀ 'ਤੇ ਪਹੁੰਚ ਜਾਂਦੇ ਹਾਂ, ਉਥੇ ਬਾਅਦ ਵਿਚ ਸਾਡੀ ਸਰਕਾਰ ਬਣ ਜਾਂਦੀ ਹੈ। ਭਾਜਪਾ ਅਜਿਹਾ ਕਿਵੇਂ ਕਰਦੀ ਹੈ ਇਹ ਸਮਝਣ ਲਈ ਭਾਜਪਾ ਵਲੋਂ ਬਾਕੀ ਰਾਜਾਂ ਵਿਚ ਅਪਣਾਈ ਪਹੁੰਚ ਨੂੰ ਵਿਚਾਰ ਕੇ ਸਮਝਿਆ ਜਾ ਸਕਦਾ ਹੈ। ਪਹਿਲਾਂ ਤਾਂ ਇਹ ਵੇਖਣ ਵਾਲੀ ਗੱਲ ਹੈ ਕਿ 2014 ਵਿਚ ਭਾਜਪਾ ਨੇ ਸਿਰਫ਼ 31.3 ਫ਼ੀਸਦੀ ਵੋਟਾਂ ਲੈ ਕੇ ਬਹੁਮਤ ਤੋਂ ਵਧੇਰੇ 282 ਸੀਟਾਂ ਜਿੱਤ ਕੇ ਵਿਖਾਈਆਂ ਸਨ। ਇਹ ਕ੍ਰਿਸ਼ਮਾ ਸਿਰਫ਼ 'ਵੋਟਾਂ ਦੇ ਖਿੰਡਾਅ' ਕਰਕੇ ਹੀ ਸੰਭਵ ਹੋਇਆ ਸੀ।
ਪੰਜਾਬ ਵਿਚ ਵੀ ਭਾਜਪਾ ਦੀ ਨੀਤੀ 'ਵੋਟਾਂ ਦੇ ਖਿੰਡਾਅ' 'ਤੇ ਹੀ ਟਿਕੀ ਹੋਈ ਹੈ। ਪੰਜਾਬ ਦੀ ਅਜੋਕੀ ਸਥਿਤੀ ਭਾਜਪਾ ਨੂੰ ਬਹੁਤ ਸੂਤ ਬੈਠਦੀ ਹੈ, ਇਥੇ ਬਹੁ-ਕੋਣੇ ਮੁਕਾਬਲਿਆਂ ਵਿਚ ਭਾਜਪਾ ਸਿਰਫ਼ 8 ਫ਼ੀਸਦੀ ਵੋਟਾਂ ਹੋਰ ਲੈ ਕੇ ਵਿਧਾਨ ਸਭਾ ਵਿਚ ਇਕ ਤਾਕਤਵਰ ਧਿਰ ਬਣ ਸਕਦੀ ਹੈ ਤੇ ਜੇਕਰ ਉਹ ਆਪਣੇ ਨਾਲ ਸਿਰਫ਼ 10 ਫ਼ੀਸਦੀ ਵੋਟਾਂ ਹੋਰ ਜੋੜ ਲਵੇ ਤਾਂ ਸਭ ਤੋਂ ਵੱਡੀ ਪਾਰਟੀ ਵੀ ਬਣ ਸਕਦੀ ਹੈ। ਹਾਲਾਂਕਿ ਪੰਜਾਬ ਵਿਚ ਭਾਜਪਾ ਨਾਲ 8 ਜਾਂ 10 ਫ਼ੀਸਦੀ ਵੋਟਾਂ ਹੋਰ ਜੁੜਨੀਆਂ ਕੋਈ ਸੌਖਾ ਕੰਮ ਨਹੀਂ। ਇਹ ਵੀ ਹੋ ਸਕਦਾ ਹੈ ਕਿ ਭਾਜਪਾ ਆਪਣੀਆਂ 18.56 ਫ਼ੀਸਦੀ ਵੋਟਾਂ ਤੋਂ ਵੀ ਹੇਠਾਂ ਆ ਜਾਵੇ, ਪਰ ਭਾਜਪਾ ਆਪਣੀਆਂ ਵੋਟਾਂ 25 ਤੋਂ 30 ਫ਼ੀਸਦੀ ਕਰਨ ਲਈ ਸਾਮ, ਦਾਮ, ਦੰਡ, ਭੇਦ ਤੇ ਹਰ ਹੀਲਾ ਵਰਤ ਰਹੀ ਹੈ। ਪੰਜਾਬ ਵਿਚ ਜਿੱਤ ਲਈ ਕਿੰਨੇ ਕੁ ਫ਼ੀਸਦੀ ਵੋਟਾਂ ਚਾਹੀਦੀਆਂ ਹਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾ ਲਵੋ ਕਿ 2024 ਵਿਚ ਕਾਂਗਰਸ ਸਿਰਫ਼ 26.3 ਫ਼ੀਸਦੀ ਵੋਟਾਂ ਲੈ ਕੇ 13 ਵਿਚੋਂ 7 ਲੋਕ ਸਭਾ ਸੀਟਾਂ ਜਿੱਤਣ ਵਿਚ ਕਾਮਯਾਬ ਰਹੀ ਸੀ। ਭਾਜਪਾ ਨੂੰ ਪਤਾ ਹੈ ਕਿ ਪੰਜਾਬ ਵਿਚ ਸਾਰੇ ਅਕਾਲੀ ਦਲ ਇਕੱਠੇ ਨਹੀਂ ਹੋਣਗੇ, ਘੱਟੋ-ਘੱਟ ਗਰਮ ਅਤੇ ਨਰਮ ਧਿਰਾਂ ਦਾ ਇਕੱਠੇ ਹੋਣਾ ਮੁਸ਼ਕਿਲ ਹੈ। ਅਕਾਲੀ ਦਲ ਨਾ ਕਾਂਗਰਸ ਨਾਲ ਤੇ ਨਾ ਹੀ ਆਪ ਨਾਲ ਸਮਝੌਤਾ ਕਰ ਸਕਦਾ ਹੈ ਤੇ ਨਾ ਹੀ ਆਪ ਤੇ ਕਾਂਗਰਸ ਵਿਚ ਸਮਝੌਤੇ ਦੇ ਕੋਈ ਆਸਾਰ ਨਜ਼ਰ ਆਉਂਦੇ ਹਨ। ਇਸ ਲਈ 'ਵੋਟਾਂ ਦੇ ਖਿੰਡਾਅ' ਦੀ ਸਥਿਤੀ ਤਾਂ ਸਾਫ਼ ਹੈ ਕਿ ਪੰਜਾਬ ਵਿਚ ਘੱਟੋ-ਘੱਟ 5 ਕੋਨੇ ਮੁਕਾਬਲੇ ਹੋਣਗੇ। ਉਂਝ ਬਸਪਾ ਅਤੇ 3-4 ਨਵੀਆਂ ਪਾਰਟੀਆਂ ਇਸ ਖਿੰਡਾਅ ਨੂੰ ਵਧਾਉਣਗੀਆਂ ਜੋ ਭਾਜਪਾ ਨੂੰ ਸੂਤ ਬੈਠਦਾ ਹੈ। ਅਸੀਂ ਨਹੀਂ ਕਹਿੰਦੇ ਕਿ ਸਾਰੀਆਂ ਨਵੀਆਂ ਪਾਰਟੀਆਂ ਭਾਜਪਾ ਦੀ ਸ਼ਹਿ 'ਤੇ ਬਣ ਰਹੀਆਂ ਹਨ ਪਰ ਇਹ ਜ਼ਰੂਰ ਹੈ ਕਿ ਚੋਣਾਂ ਵਿਚ ਨਵੀਆਂ-ਨਵੀਆਂ ਪਾਰਟੀਆਂ ਦਾ ਉਭਾਰ ਭਾਜਪਾ ਨੂੰ ਫਾਇਦਮੰਦ ਜਾਪਦਾ ਹੈ। ਭਾਜਪਾ ਆਪਣੀ 18.56 ਫ਼ੀਸਦੀ ਵੋਟ ਨੂੰ ਵਧਾਉਣ ਲਈ ਡੇਰਿਆਂ ਦਾ ਸਹਿਯੋਗ ਲੈਣ ਦੇ ਨਾਲ-ਨਾਲ ਵੱਡੇ ਸਿੱਖ ਚਿਹਰਿਆਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਲਈ ਯਤਨਸ਼ੀਲ ਹੈ। ਇਸ ਦੇ ਨਾਲ ਹੀ ਉਹ ਦਲਿਤ ਕਾਰਡ, ਬੀ.ਸੀ. ਕਾਰਡ ਅਤੇ ਪ੍ਰਵਾਸੀ ਕਾਰਡ ਖੇਡਣ ਨੂੰ ਵੀ ਜ਼ਿਆਦਾ ਤਰਜੀਹ ਦੇਵੇਗੀ। ਜੇਕਰ 2027 ਵਿਚ ਕਿਸੇ ਪਾਰਟੀ ਦੇ ਹੱਕ ਵਿਚ ਹਵਾ ਨਾ ਚੱਲੀ ਤਾਂ ਜਿਹੜੀ ਪਾਰਟੀ 27 ਤੋਂ 30 ਫ਼ੀਸਦੀ ਵੋਟ ਲੈ ਜਾਣ ਵਿਚ ਸਫਲ ਹੋ ਗਈ, ਉਹ ਸਰਕਾਰ ਵੀ ਬਣਾ ਸਕਦੀ ਹੈ। ਜੇ ਪੰਜਾਬ ਵਿਚ ਕੋਈ ਵੀ ਪਾਰਟੀ ਬਹੁਮਤ ਨਾ ਲੈ ਜਾ ਸਕੀ ਤਾਂ ਉਸ ਵਿਚ ਵੀ ਭਾਜਪਾ ਅਹਿਮ ਰੋਲ ਅਦਾ ਕਰ ਸਕਦੀ ਹੈ।
ਮੇਰੇ ਬਚੋਂ ਕੋ ਆਪਸ ਮੇ ਯਹੀ ਬਾਂਟਨਾ ਹੋਗਾ,
ਪਸ-ਏ-ਪਰਦਾ ਜੋ ਨਫ਼ਰਤ ਨਾ
ਅਸਾਸਾ ਛੋੜ ਆਇਆ ਹੂੰ।
(ਅਜ਼ਹਰ ਕਮਾਲ ਖ਼ਾਨ)
(ਪਸ-ਏ-ਪਰਦਾ=ਪਰਦੇ ਪਿੱਛੇ, ਅਸਾਸਾ-ਜਾਇਦਾਦ/ਦੌਲਤ)
ਭਾਜਪਾ 2029 ਦੀ ਤਿਆਰੀ ਵਿਚ

ਹਾਲਾਂਕਿ ਭਾਜਪਾ ਪਹਿਲਾਂ ਹੀ 'ਨਾਰੀ ਸ਼ਕਤੀ ਵੰਦਨ' ਕਾਨੂੰਨ ਪਾਸ ਕਰਕੇ ਔਰਤਾਂ ਨੂੰ 33 ਫ਼ੀਸਦੀ ਰਾਖਵੇਂਕਰਨ ਦਾ ਕ੍ਰੈਡਿਟ ਲੈ ਚੁੱਕੀ ਹੈ। ਪਰ ਇਹ 2029 ਦੀਆਂ ਲੋਕ ਸਭਾ ਚੋਣਾਂ ਵਿਚ ਤਦ ਹੀ ਲਾਗੂ ਹੋ ਸਕਦਾ ਹੈ ਜੇਕਰ ਭਾਰਤ ਦੀ ਜਨਗਣਨਾ 2027 ਤੋਂ ਬਾਅਦ ਹੋਵੇ। ਇਸ ਸਥਿਤੀ ਤੋਂ ਬਚਣ ਲਈ ਭਾਜਪਾ ਇਸ ਕਾਨੂੰਨ ਵਿਚ ਸੋਧ ਕਰਕੇ ਅਤੇ ਲੋਕ ਸਭਾ ਦੀਆਂ ਸੀਟਾਂ ਦੀ ਡੀਲਿਮੀਟੇਸ਼ਨ (ਪੁਨਰ ਵੰਡ) 2029 ਤੋਂ ਪਹਿਲਾਂ ਕਰਨ ਲਈ ਕਾਹਲੀ ਹੈ। ਇਸੇ ਵਾਸਤੇ ਹੁਣ ਬਜਟ ਸੈਸ਼ਨ ਦਾ ਸਮਾਂ ਵਧਾਇਆ ਗਿਆ ਹੈ। ਹੁਣ ਸੰਭਾਵਨਾ ਹੈ ਕਿ 16 ਤੋਂ 18 ਅਪ੍ਰੈਲ ਵਿਚਕਾਰ ਲੋਕ ਸਭਾ ਅਤੇ ਰਾਜ ਸਭਾ ਦੇ ਸੈਸ਼ਨਾਂ ਦਰਮਿਆਨ ਇਹ ਦੋਵੇਂ ਕੰਮ ਕਰ ਲਏ ਜਾਣਗੇ। ਲੋਕ ਸਭਾ ਦੀਆਂ ਸੀਟਾਂ 543 ਤੋਂ ਵਧਾ ਕੇ 816 ਕੀਤੀਆਂ ਜਾਣਗੀਆਂ। ਪਹਿਲਾਂ ਇਹ ਆਬਾਦੀ ਦੇ ਆਧਾਰ 'ਤੇ ਵਧਾਈਆਂ ਜਾਣੀਆਂ ਸਨ, ਜਿਸ ਦਾ ਬਹੁਤੇ ਦੱਖਣੀ ਰਾਜ ਵਿਰੋਧ ਕਰ ਰਹੇ ਸਨ, ਪਰ ਹੁਣ ਇਹ ਅਧਾਰ 'ਤੇ 50 ਫ਼ੀਸਦੀ ਭਾਵ 2 ਸੀਟਾਂ ਪਿੱਛੇ ਇਕ ਸੀਟ ਵਧਾਈ ਜਾਵੇਗੀ, ਇਸ ਤਰ੍ਹਾਂ 816 ਸੀਟਾਂ ਵਿਚੋਂ 273 ਸੀਟਾਂ ਔਰਤਾਂ ਲਈ 126 ਐਸ.ਸੀ. ਅਤੇ 70 ਐਸ.ਟੀ. ਲਈ ਰਿਜ਼ਰਵ ਕਰਨ ਦੀ ਸੰਭਾਵਨਾ ਹੈ। ਸੀਟਾਂ ਵਿਚ ਇਹ ਵਾਧਾ ਕਾਫ਼ੀ ਹੱਦ ਤੱਕ ਭਾਜਪਾ ਦੀ 2029 ਵਿਚ ਜਿੱਤ ਦੇ ਅਸਾਰ ਵਧਾ ਸਕਦਾ ਹੈ।
ਜ਼ਰਾ ਦੇਖੋ ਉੱਤਰ ਅਤੇ ਪੱਛਮ ਭਾਰਤ ਵੱਲ ਜਿਥੇ ਭਾਜਪਾ ਦਾ ਬਹੁਤ ਜ਼ੋਰ ਹੈ, ਉੱਤਰ ਪ੍ਰਦੇਸ਼ ਦੀਆਂ ਸੀਟਾਂ 80 ਤੋਂ 120, ਮਹਾਰਾਸ਼ਟਰ ਦੀਆਂ 48 ਤੋਂ 72, ਬਿਹਾਰ ਦੀਆਂ 40 ਤੋਂ 60, ਮੱਧ ਪ੍ਰਦੇਸ਼ ਦੀਆਂ 29 ਤੋਂ 44, ਰਾਜਸਥਾਨ ਦੀਆਂ 25 ਤੋਂ 38, ਗੁਜਰਾਤ ਦੀਆਂ 26 ਤੋਂ 39, ਓਡੀਸ਼ਾ ਦੀਆਂ 21 ਤੋਂ 32, ਝਾਰਖੰਡ ਦੀਆਂ 14 ਤੋਂ 21, ਦਿੱਲੀ ਦੀਆਂ 7 ਤੋਂ 11, ਛੱਤੀਸਗੜ੍ਹ ਦੀਆਂ 11 ਤੋਂ 17, ਪੰਜਾਬ ਦੀਆਂ 13 ਤੋਂ 20, ਜੰਮੂ-ਕਸ਼ਮੀਰ ਦੀਆਂ 5 ਤੋਂ 8, ਉੱਤਰਾਖੰਡ ਦੀਆਂ 5 ਤੋਂ 8, ਹਿਮਾਚਲ ਪ੍ਰਦੇਸ਼ ਦੀਆਂ 4 ਤੋਂ 6 ਅਤੇ ਗੋਆ ਦੀਆਂ 2 ਤੋਂ 3 ਸੀਟਾਂ ਵਧ ਜਾਣ ਦੀ ਸੰਭਾਵਨਾ ਹੈ। ਇਹ ਖੇਤਰ ਮੁੱਖ ਤੌਰ 'ਤੇ ਭਾਜਪਾ ਤੇ ਆਰ.ਐਸ.ਐਸ. ਦੇ ਵੱਡੇ ਪ੍ਰਭਾਵ ਵਾਲੇ ਤੇ ਇਨ੍ਹਾਂ ਦੀਆਂ ਹੀ ਚੰਡੀਗੜ੍ਹ ਸਮੇਤ 521 ਸੀਟਾਂ ਹੋਣਗੀਆਂ, ਜਦੋਂਕਿ ਸਰਕਾਰ ਬਣਾਉਣ ਲਈ ਬਹੁਮਤ 409 ਸੀਟਾਂ ਦਾ ਹੋਵੇਗਾ। ਫਿਰ ਭਾਜਪਾ ਅਸਾਮ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼ ਤੇ ਮਨੀਪੁਰ ਵਿਚ ਇਕੱਲੀ ਸੱਤਾ ਵਿਚ ਹੈ। ਆਂਧਰਾ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ, ਸਿੱਕਮ ਤੇ ਪੱਛਮੀ ਬੰਗਾਲ ਵਿਚ ਵੀ ਭਾਜਪਾ ਕਾਫੀ ਤਾਕਤਵਰ ਹੈ। ਬੰਗਾਲ ਦੀਆਂ 42 ਤੋਂ 63, ਤਾਮਿਲਨਾਡੂ ਦੀਆਂ 39 ਤੋਂ 59, ਕਰਨਾਟਕ ਦੀਆਂ 28 ਤੋਂ 42, ਆਂਧਰਾ ਪ੍ਰਦੇਸ਼ ਦੀਆਂ 25 ਤੋਂ 38, ਕੇਰਲਮ ਦੀਆਂ 20 ਤੋਂ 30 ਅਤੇ ਤੇਲੰਗਾਨਾ ਦੀਆਂ 17 ਤੋਂ 26 ਸੀਟਾਂ ਹੋ ਜਾਣ ਦੇ ਆਸਾਰ ਹਨ। ਬਾਕੀ ਛੋਟੇ ਰਾਜਾਂ ਤੇ ਕੇਂਦਰ ਪ੍ਰਸ਼ਾਸਤ ਰਾਜਾਂ ਦੀਆਂ ਸੀਟਾਂ ਵੀ ਇਸੇ ਅਨੁਪਾਤ ਨਾਲ ਵਧਣਗੀਆਂ। ਭਾਜਪਾ ਕਰਨਾਟਕ ਵਿਚ ਵੀ ਕਾਫੀ ਤਾਕਤਵਰ ਹੈ। ਇਸ ਲਈ ਸੀਟਾਂ ਦਾ ਵਧਣਾ ਹਰ ਤਰ੍ਹਾਂ ਨਾਲ ਭਾਜਪਾ ਲਈ ਜ਼ਿਆਦਾ ਫਾਇਦੇਮੰਦ ਸੌਦਾ ਜਾਪਦਾ ਹੈ।
ਸਾਰੀ ਕਦਰੇਂ ਹੀ ਸਿਆਸਤ ਨੇ ਬਦਲ ਡਾਲੀਂ ਹੈਂ,
ਹਾਥ ਅਬ ਕੋਈ ਮਿਲਾਤਾ ਹੈ ਤੋ ਡਰ ਲਗਤਾ ਹੈ।

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

Ad Position 22
No active advertisement
ਪਿਛਲੀ ਖ਼ਬਰ ਦੇਸ਼ ਦੇ ਪ੍ਰਸ਼ਾਸਨ ਵਿਚ ਅਹਿਮ ਬਦਲਾਅ ਲਿਆਏਗਾ ਔਰਤਾਂ ਲਈ ਰਾਖਵਾਂਕਰਨ ਅਗਲੀ ਖ਼ਬਰ ਤਿੰਨ ਰਾਜਾਂ ਵਿਚ ਚੋਣ ਉਤਸ਼ਾਹ
Ad Position 24