ਅੱਜ ਲਈ ਵਿਸ਼ੇਸ਼
ਪਟਿਆਲਾ ਦੇ ਪਿੰਡ ਅਸਰਪੁਰ ਦੇ ਲਾਲ ਸਿੰਘ ਇਕ ਅਜਿਹੇ ਆਗੂ ਸਨ, ਜਿਨ੍ਹਾਂ ਸਾਰੀ ਉਮਰ ਆਪਣੀ ਕਰਮਭੂਮੀ ਇਕੋ ਹਲਕੇ ਸਨੌਰ (ਪਹਿਲਾਂ ਡਕਾਲਾ) ਨੂੰ ਰੱਖਿਆ। ਇਕ ਆਮ ਪਰਿਵਾਰ 'ਚ ਪੈਦਾ ਹੋਏ ਲਾਲ ਸਿੰਘ ਨੇ ਕੋਈ ਸਿਆਸੀ ਪਿਛੋਕੜ ਨਾ ਹੋਣ ਕਾਰਨ ਕਾਂਗਰਸ 'ਚ ਇਕ ਵਰਕਰ ਵਜੋਂ ਆਪਣਾ ਰਾਜਨੀਤਕ ਸਫਰ ਸ਼ੁਰੂ ਕੀਤਾ ਸੀ, ਪਰ ਆਪਣੀ ਕਾਬਲੀਅਤ ਦੇ ਚਲਦਿਆਂ ਉਹ ਪਾਰਟੀ ਵਿਚ ਇਕ ਅਜਿਹੇ ਸੁਚੱਜੇ ਤੇ ਸਿਆਣੇ ਨੇਤਾ ਵਜੋਂ ਉੱਭਰੇ ਕਿ ਇਲਾਕੇ 'ਚ 3-4 ਪੀੜ੍ਹੀਆਂ ਤੱਕ ਦੇ ਲੋਕ ਉਨ੍ਹਾਂ ਨਾਲ ਜੁੜੇ ਰਹੇ। ਲਾਲ ਸਿੰਘ ਹਮੇਸ਼ਾ ਕਾਂਗਰਸ ਪ੍ਰਤੀ ਵਫਾਦਾਰ ਰਹੇ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਅਮਿਤ ਸ਼ਾਹ ਨਾਲ ਮਿਲਾਉਣ ਬਾਰੇ ਕਿਹਾ ਤਾਂ ਉਨ੍ਹਾਂ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਕਿ ਉਹ ਕਾਂਗਰਸ ਵਿਚ ਹੀ ਨੇਤਾ ਬਣੇ ਸਨ ਤੇ ਕਾਂਗਰਸੀ ਵਜੋਂ ਹੀ ਮਰਨਗੇ।
ਉਹ ਕਾਂਗਰਸ ਵਰਕਰ ਵਜੋਂ ਪਾਰਟੀ 'ਚ ਦਰੀਆਂ ਵਿਛਾਉਣ ਤੋਂ ਸ਼ੁਰੂ ਹੋ ਕੇ ਕਈ ਉੱਚ ਅਹੁਦਿਆਂ 'ਤੇ ਬਿਰਾਜਮਾਨ ਹੋਏ ਅਤੇ 6 ਵਾਰ ਵਿਧਾਇਕ ਬਣੇ। ਉਨ੍ਹਾਂ ਬਾਰੇ ਮਸ਼ਹੂਰ ਸੀ ਕਿ ਉਨ੍ਹਾਂ ਕਦੇ ਆਪਣੇ ਹਲਕੇ ਦੇ ਲੋਕਾਂ ਤੋਂ ਫੰਡ ਨਹੀਂ ਲਿਆ ਸੀ ਤੇ ਆਪਣੇ ਕੋਲੋਂ ਪੈਸੇ ਦੇਣ ਵਾਲੇ ਉਹ ਇਕਲੌਤੇ ਲੀਡਰ ਹੋਏ ਸਨ। ਆਪਣੇ ਸਾਰੇ ਸਿਆਸੀ ਸਫ਼ਰ ਦੌਰਾਨ ਲਾਲ ਸਿੰਘ ਨੇ ਕਦੇ ਵੀ ਮਿਆਰ ਤੋਂ ਡਿੱਗ ਕੇ ਰਾਜਨੀਤੀ ਨਹੀਂ ਕੀਤੀ। ਕਾਂਗਰਸ ਪਾਰਟੀ ਨੇ ਲਾਲ ਸਿੰਘ ਨੂੰ ਪਹਿਲੀ ਵਾਰੀ 1977 ਵਿਚ ਅਕਾਲੀਆਂ ਦੇ ਪ੍ਰਭਾਵ ਵਾਲੇ ਹਲਕਾ ਡਕਾਲਾ (ਹੁਣ ਸਨੌਰ) ਤੋਂ ਟਿਕਟ ਦਿੱਤੀ, ਐਮਰਜੈਂਸੀ ਲਗਾਉਣ ਕਾਰਨ ਕਾਂਗਰਸ ਪ੍ਰਤੀ ਲੋਕਾਂ ਵਿਚ ਬਹੁਤ ਨਾਰਾਜ਼ਗੀ ਸੀ, ਪਰ ਲੋਕਾਂ ਵਿਚ ਕਮਾਏ ਪਿਆਰ ਸਦਕਾ ਉਹ ਚੋਣ ਜਿੱਤਣ ਵਾਲੇ 14 ਕਾਂਗਰਸੀ ਵਿਧਾਇਕਾਂ 'ਚੋਂ ਇਕ ਸਨ। ਇਸ ਤੋਂ ਬਾਅਦ ਉਨ੍ਹਾਂ 5 ਵਾਰ ਸਨੌਰ ਤੋਂ ਚੋਣ ਜਿੱਤ ਕੇ ਸੀਟ ਕਾਂਗਰਸ ਦੀ ਝੋਲੀ ਪਾਈ, ਪਰ ਆਪਣੇ ਨਿੱਜੀ ਮੁਫਾਦ ਲਈ ਉਨ੍ਹਾਂ ਨੇ ਕਦੇ ਵੀ ਪਾਰਟੀ ਨੂੰ ਨਹੀਂ ਸੀ ਵਰਤਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਸਭ ਪਾਰਟੀਆਂ ਦੇ ਆਗੂ ਤੇ ਵਰਕਰ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ।
ਸਮਾਣਾ ਤੋਂ ਸਾਬਕਾ ਵਿਧਾਇਕ ਤੇ ਲਾਲ ਸਿੰਘ ਦੇ ਪੁੱਤਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਸ. ਲਾਲ ਸਿੰਘ ਦਾ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਬਹੁਤ ਕਰੀਬੀ ਰਿਸ਼ਤਾ ਹੋਣ ਕਰਕੇ ਉਹ ਉਨ੍ਹਾਂ ਨੂੰ ਕੀਮਤੀ ਸਲਾਹ ਦੇਣ ਵਾਲਾ ਇਨਸਾਨ ਮੰਨਦੇ ਸਨ। ਬੀਤੇ ਦਿਨੀਂ ਜਦੋਂ ਉਹ ਆਪਣੇ ਪਿਤਾ ਨਾਲ ਸੋਨੀਆ ਗਾਂਧੀ ਦੀ ਸਿਹਤ ਦਾ ਹਾਲ ਜਾਣਨ ਲਈ ਗਏ ਤਾਂ ਸੋਨੀਆ ਗਾਂਧੀ ਨੇ ਪਿਤਾ ਜੀ ਨੂੰ ਕਿਹਾ ਸੀ, ਕਿ ਮੇਰੀ ਹਾਲਤ ਠੀਕ ਨਹੀਂ ਹੈ, ਪ੍ਰੰਤੂ ਤੁਸੀਂ ਅਜੇ ਬਹੁਤ ਕੁਝ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਰਾਹੁਲ ਗਾਂਧੀ ਨੇ ਪਿਤਾ ਜੀ ਨੂੰ ਸੂਬੇ 'ਚ ਕਾਂਗਰਸ ਪਾਰਟੀ ਦੀ ਅਗਵਾਈ ਕਰਨ ਲਈ ਆਖਦਿਆਂ ਕਿਹਾ ਸੀ ਕਿ ਸਾਨੂੰ ਅਜਿਹਾ ਪ੍ਰਧਾਨ ਚਾਹੀਦਾ ਹੈ ਜੋ ਮੁੱਖ ਮੰਤਰੀ ਦਾ ਚਿਹਰਾ ਨਾ ਹੋਵੇ, ਪਰ ਸਭ ਨੂੰ ਨਾਲ ਲੈ ਕੇ ਪਾਰਟੀ ਦੀ ਅਗਵਾਈ ਕਰੇ। ਪ੍ਰੰਤੂ ਪਿਤਾ ਜੀ (ਲਾਲ ਸਿੰਘ) ਨੇ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਇਸ ਜ਼ਿੰਮੇਵਾਰੀ ਤੋਂ ਇਨਕਾਰ ਕਰਦਿਆਂ, ਇਸ ਕਾਰਜ ਲਈ ਕਿਸੇ ਹੋਰ ਨੂੰ ਮੌਕਾ ਦੇਣ ਲਈ ਆਖਿਆ ਤੇ ਲੋੜ ਪੈਣ 'ਤੇ ਆਪਣੀ ਸਲਾਹ ਦੇਣ ਦਾ ਵਾਅਦਾ ਜ਼ਰੂਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗਾਂਧੀ ਪਰਿਵਾਰ ਨੇ 2002 ਦੀਆਂ ਚੋਣਾਂ ਸਮੇਂ ਸ. ਲਾਲ ਸਿੰਘ ਨੂੰ ਪੰਜਾਬ ਕਾਂਗਰਸ ਕੰਪੇਨ ਕਮੇਟੀ ਦਾ ਪ੍ਰਧਾਨ ਬਣਾਇਆ ਸੀ ਅਤੇ ਉਨ੍ਹਾਂ ਪੂਰੇ ਪੰਜਾਬ ਦੀਆਂ ਟਿਕਟਾਂ ਦੀ ਵੰਡ ਬਹੁਤ ਵਿਉਂਤਬੰਦੀ ਨਾਲ ਕੀਤੀ ਸੀ। ਉਨ੍ਹਾਂ 2017 'ਚ ਪ੍ਰਸ਼ਾਂਤ ਕਿਸ਼ੋਰ ਨਾਲ ਮਿਲ ਕੇ ਚੋਣ ਪ੍ਰਕਿਰਿਆ ਚਲਾਉਂਦਿਆ ਕਾਂਗਰਸ ਹਾਈਕਮਾਂਡ ਦੀ ਸਲਾਹ ਨਾਲ ਬਿਨਾਂ ਕਿਸੇ ਵਿਤਕਰੇ ਦੇ ਚੋਣ ਜਿੱਤਣ ਯੋਗ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਸਨ।
ਲਾਲ ਸਿੰਘ ਕਾਂਗਰਸ ਵਿਚ ਇਕ ਪ੍ਰੋੜ੍ਹ ਲੀਡਰ ਦੇ ਨਾਲ-ਨਾਲ ਇਕ ਚੰਗੇ ਸਿਆਸੀ ਸਲਾਹਕਾਰ ਵੀ ਮੰਨੇ ਜਾਂਦੇ ਸਨ। 2017 ਦੀਆਂ ਚੋਣਾਂ ਵਿਚ ਜਦੋਂ ਪਾਰਟੀ ਹਾਈਕਮਾਂਡ ਨੇ ਟਿਕਟਾਂ ਦੀ ਵੰਡ ਕਰਨੀ ਸੀ ਤਾਂ ਰਾਹੁਲ ਗਾਂਧੀ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਸਨ। ਉਨ੍ਹਾਂ ਲਾਲ ਸਿੰਘ, ਕੈਪਟਨ ਅਮਰਿੰਦਰ ਸਿੰਘ ਤੇ ਅਸ਼ੋਕ ਗਹਿਲੋਤ (ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ), ਜੋ ਉਸ ਸਮੇਂ ਪੰਜਾਬ ਕਾਂਗਰਸ ਦੇ ਇੰਚਾਰਜ ਸਨ, ਨੂੰ ਦਿੱਲੀ ਬੁਲਾਇਆ। ਉਸ ਮੀਟਿੰਗ 'ਚ ਰਾਹੁਲ ਗਾਂਧੀ ਨੇ ਅਸ਼ੋਕ ਗਹਿਲੋਤ ਨੂੰ ਕਹਿ ਦਿੱਤਾ ਕਿ 'ਐਸਾ ਹੈ ਕਿ ਜਬ ਮੈਂ ਕੁਛ ਕੈਪਟਨ ਸਾਹਿਬ ਸੇ ਪੂਛਤਾ ਹੂੰ ਤੋ ਵੋ ਲਾਲ ਸਿੰਘ ਸੇ ਪੂਛਤੇ ਹੈ, ਆਪ ਕੈਪਟਨ ਕੀ ਬਜਾਏ ਲਾਲ ਸਿੰਘ ਸੇ ਸੀਧਾ ਪੂਛ ਲੀਜੀਏ ਔਰ ਰਾਜਸਥਾਨ ਭਵਨ ਮੇਂ ਬੈਠਕਰ 70-80 ਸੀਟੋਂ ਕਾ ਫੈਸਲਾ ਕਰੇਂ '। ਜਦੋਂ ਰਾਹੁਲ ਗਾਂਧੀ ਨੇ ਲਾਲ ਸਿੰਘ ਨੂੰ ਉਨ੍ਹਾਂ ਦੀ ਟੌਹਰ ਬਣਾ ਦੇਣ ਦਾ ਮਜ਼ਾਕ ਕੀਤਾ ਤਾਂ ਉਨ੍ਹਾਂ ਦੀ ਰਾਹੁਲ ਗਾਂਧੀ ਨੂੰ ਕਹਿ ਦਿੱਤਾ ਸੀ ਕਿ ਤੁਹਾਡੀ ਇਸ ਟੌਹਰ ਬਣਾਉਣ ਨੇ ਮੇਰੀ ਰਾਜਨੀਤੀ ਅੱਜ ਤੋਂ ਖਰਾਬ ਕਰ ਦੇਣੀ ਹੈ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਲਾਲ ਸਿੰਘ ਨਾਲ ਅੰਦਰਖਾਤੇ ਨਾਰਾਜ਼ਗੀ ਵਧਣੀ ਸ਼ੁਰੂ ਹੋ ਗਈ।
ਰਾਜਿੰਦਰ ਸਿੰਘ ਨੇ ਦੱਸਿਆ ਕਿ ਸ. ਲਾਲ ਸਿੰਘ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਵੀ ਬਹੁਤ ਨੇੜੇ ਸਨ, ਉਹ ਆਪਣੇ ਮੰਤਰੀਆਂ ਨਾਲੋਂ ਲਾਲ ਸਿੰਘ 'ਤੇ ਜ਼ਿਆਦਾ ਭਰੋਸਾ ਕਰਦੇ ਸਨ ਅਤੇ ਉਨ੍ਹਾਂ ਦਿਨਾਂ ਵਿਚ ਪੰਜਾਬ ਕਾਂਗਰਸ 'ਚ ਦਰਬਾਰਾ ਸਿੰਘ ਤੇ ਬੇਅੰਤ ਸਿੰਘ ਦੇ ਦੋ ਧੜੇ ਹੁੰਦੇ ਸਨ। ਉਨ੍ਹਾਂ ਇਕ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਸੇ ਮਾਮਲੇ ਵਿਚ ਬੇਅੰਤ ਸਿੰਘ ਦਾ ਨਾਂਅ ਆਉਣ 'ਤੇ ਬੇਅੰਤ ਸਿੰਘ ਨੂੰ ਅਸਤੀਫ਼ਾ ਦੇਣਾ ਪੈ ਗਿਆ। ਲਾਲ ਸਿੰਘ ਨੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਕਹਿ ਦਿੱਤਾ ਕਿ ਤੁਸੀਂ ਬੇਅੰਤ ਸਿੰਘ ਨਾਲ ਇਹ ਗ਼ਲਤ ਕੀਤਾ ਹੈ ਅਤੇ ਦੋਹਾਂ ਵਿਚਾਲੇ ਬਹਿਸ ਹੋਣ ਬਾਅਦ ਲਾਲ ਸਿੰਘ ਆਪਣੇ ਘਰ ਆ ਗਏ। ਦੂਜੇ ਦਿਨ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਦਰਬਾਰਾ ਸਿੰਘ ਨੇ ਬੇਅੰਤ ਸਿੰਘ ਦਾ ਅਸਤੀਫ਼ਾ ਵਾਪਸ ਲੈਂਦਿਆ, ਉਕਤ ਮਾਮਲੇ ਦੀ ਇਨਕੁਆਰੀ ਮਾਰਕ ਕਰ ਦਿੱਤੀ ਅਤੇ ਲਾਲ ਸਿੰਘ ਨੂੰ ਦੱਸਿਆ ਕਿ ਉਹ ਸਾਰੀ ਰਾਤ ਉਸੇ ਦੀਆਂ ਗੱਲਾਂ ਬਾਰੇ ਸੋਚਦਾ ਰਿਹਾ ਹੈ। ਜਦੋਂ ਇਸ ਗੱਲ ਬਾਰੇ ਬੇਅੰਤ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਪਿਤਾ ਜੀ ਨੂੰ ਜੱਫੀ ਪਾਉਂਦਿਆ ਕਿਹਾ ਕਿ ਤੂੰ ਮੇਰਾ ਸਿਆਸੀ ਭਵਿੱਖ ਬਚਾ ਲਿਆ ਹੈ। ਬੇਅੰਤ ਸਿੰਘ ਨੇ ਮੁੱਖ ਮੰਤਰੀ ਬਣਨ ਬਾਅਦ ਲਾਲ ਸਿੰਘ ਦੀ ਸਲਾਹ ਨੂੰ ਹਮੇਸ਼ਾ ਤਰਜੀਹ ਦਿੱਤੀ। ਕੈਪਟਨ ਅਮਰਿੰਦਰ ਸਿੰਘ ਵੀ ਲਾਲ ਸਿੰਘ ਦੇ ਬਹੁਤ ਨੇੜੇ ਸਨ, ਉਨ੍ਹਾਂ ਦੀ ਸਰਕਾਰੀ ਰਿਹਾਇਸ਼ 44 ਨੰਬਰ ਤੇ 45 ਨੰਬਰ ਕੈਪਟਨ ਅਮਰਿੰਦਰ ਸਿੰਘ ਦੀ ਹੁੰਦੀ ਸੀ ਅਤੇ ਇਨ੍ਹਾਂ ਵਿਚਾਲੇ ਇਕ ਛੋਟਾ ਜਿਹਾ ਗੇਟ ਰੱਖਿਆ ਗਿਆ ਸੀ ਅਤੇ ਬਿਨਾਂ ਸੁਰੱਖਿਆ ਅਮਲੇ ਦੇ ਕੈਪਟਨ ਸਾਹਿਬ ਸਲਾਹ ਮਸ਼ਵਰੇ ਲਈ ਜਦੋਂ ਮਰਜ਼ੀ ਲਾਲ ਸਿੰਘ ਦੇ ਘਰ ਚਲੇ ਜਾਂਦੇ ਸਨ। ਸ਼ਾਇਦ ਇਹੀ ਕਾਰਨ ਸੀ ਕਿ ਵੱਖ-ਵੱਖ ਸਮੇਂ ਦੇ ਮੁੱਖ ਮੰਤਰੀਆਂ ਨਾਲ ਬੇਹੱਦ ਨੇੜਤਾ ਹੋਣ ਕਾਰਨ ਲਾਲ ਸਿੰਘ ਦੇ ਘਰੋਂ ਸਰਕਾਰਾਂ ਚਲਦੀਆਂ ਹੋਣ ਦੀ ਧਾਰਨਾ ਮਸ਼ਹੂਰ ਹੋ ਗਈ ਸੀ।
-ਇੰਚਾਰਜ, ਉਪ ਦਫ਼ਤਰ ਪਟਿਆਲਾ।
ਮੋਬਾਈਲ : 98760-06700