ਅੱਜ ਵਿਸ਼ਵ ਹੋਮਿਓਪੈਥੀ ਦਿਵਸ 'ਤੇ ਵਿਸ਼ੇਸ਼
ਹਰ ਸਾਲ 10 ਅਪ੍ਰੈਲ ਨੂੰ ਦੁਨੀਆ ਭਰ 'ਚ ਵਿਸ਼ਵ ਹੋਮਿਓਪੈਥੀ ਦਿਵਸ ਇਸ ਚਿਕਿਤਸਾ ਪ੍ਰਣਾਲੀ ਦੇ ਸੰਸਥਾਪਕਸੈਮੂਅਲ ਹੈਨੇਮਨਦੀ ਜੈਅੰਤੀ 'ਤੇ ਮਨਾਇਆ ਜਾਂਦਾ ਹੈ। ਇਸ ਦਾ ਮੂਲ ਉਦੇਸ਼ ਹੋਮਿਓਪੈਥੀ ਚਿਕਿਤਸਾ ਪ੍ਰਣਾਲੀ ਦੇ ਮਹੱਤਵ, ਸਿਧਾਂਤਾਂ ਤੇ ਮਨੁੱਖੀ ਸਿਹਤ ਵਿਚ ਇਸ ਦੇ ਪਾਏ ਯੋਗਦਾਨ ਬਾਰੇ ਜਾਗਰੂਕਤਾ ਫੈਲਾਉਣਾ ਹੈ। ਜਰਮਨੀ ਦੇ ਪ੍ਰਸਿੱਧ ਡਾਕਟਰ ਤੇ ਵਿਗਿਆਨੀ ਸੈਮੂਅਲ ਹੈਨੇਮਨ ਨੇ 18ਵੀਂ ਸਦੀ ਦੇ ਅੰਤ 'ਚ ਹੋਮਿਓਪੈਥੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ 'ਸਮਾਨਤਾ ਦਾ ਸਿਧਾਂਤ' ਪੇਸ਼ ਕੀਤਾ, ਜਿਸ ਅਨੁਸਾਰ ਜਿਹੜਾ ਪਦਾਰਥ ਕਿਸੇ ਸਿਹਤਮੰਦ ਵਿਅਕਤੀ ਵਿਚ ਕੁਝ ਲੱਛਣ ਪੈਦਾ ਕਰਦਾ ਹੈ, ਉਹੀ ਪਦਾਰਥ ਬਹੁਤ ਹੀ ਸੂਖਮ ਮਾਤਰਾ 'ਚ ਕਿਸੇ ਰੋਗੀ ਦੇ ਉਕਤ ਲੱਛਣਾਂ ਦਾ ਇਲਾਜ ਕਰ ਸਕਦਾ ਹੈ। ਇਸੇ ਸਿਧਾਂਤ 'ਤੇ ਹੋਮਿਓਪੈਥਿਕ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਹੋਮਿਓਪੈਥੀ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਸਿਰਫ਼ ਬਿਮਾਰੀ ਨਹੀਂ, ਸਗੋਂ ਮਰੀਜ਼ ਦੀ ਪੂਰੀ ਸ਼ਖ਼ਸੀਅਤ ਤੇ ਪ੍ਰਕਿਰਤੀ ਨੂੰ ਧਿਆਨ ਵਿਚ ਰੱਖ ਕੇ ਇਲਾਜ ਕੀਤਾ ਜਾਂਦਾ ਹੈ। ਇਸ ਵਿਚ ਦਵਾਈਆਂ ਬਹੁਤ ਘੱਟ ਮਾਤਰਾ ਵਿਚ ਦਿੱਤੀਆਂ ਜਾਣ ਕਰਕੇ ਇਸ ਦੇ ਸੇਵਨ ਨਾਲ ਸਰੀਰ 'ਤੇ ਮਾੜੇ ਪ੍ਰਭਾਵਾਂ ਦਾ ਖ਼ਤਰਾ ਨਹੀਂ ਹੁੰਦਾ ਹੈ। ਇਸੇ ਲਈ ਕਈ ਦੇਸ਼ਾਂ ਵਿਚ ਇਸ ਨੂੰ ਇਕ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਇਲਾਜ ਪ੍ਰਣਾਲੀ ਮੰਨਿਆ ਜਾਂਦਾ ਹੈ ਤੇ ਭਾਰਤ ਵਿਚ ਹੋਮਿਓਪੈਥੀ ਦਾ ਵਿਆਪਕ ਪ੍ਰਸਾਰ ਹੋਇਆ ਹੈ। ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਅਧੀਨ ਹੋਮਿਓਪੈਥੀ ਦੇ ਨਾਲ-ਨਾਲ ਆਯੁਰਵੇਦ, ਯੋਗ, ਯੂਨਾਨੀ ਤੇ ਸਿੱਧ ਜਿਹੀਆਂ ਪਰੰਪਰਾਗਤ ਚਿਕਿਤਸਾ ਪ੍ਰਣਾਲੀਆਂ ਦੇ ਵਿਕਾਸ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੋਮਿਓਪੈਥੀ ਦੀ ਕੇਂਦਰੀ ਖੋਜ ਪ੍ਰੀਸ਼ਦ ਵਰਗੀਆਂ ਸੰਸਥਾਵਾਂ ਵੀ ਖੋਜ ਤੇ ਜਾਗਰੂਕਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਵਿਸ਼ਵ ਹੋਮਿਓਪੈਥੀ ਦਿਵਸ 'ਤੇ ਦੇਸ਼-ਵਿਦੇਸ਼ ਵਿਚ ਸੈਮੀਨਾਰ, ਸਿਹਤ ਕੈਂਪ ਤੇ ਜਾਗਰੂਕਤਾ ਸਮਾਗਮ ਕਰਵਾ ਕੇ ਲੋਕਾਂ ਨੂੰ ਹੋਮਿਓਪੈਥੀ ਦੇ ਲਾਭਾਂ ਅਤੇ ਇਸ ਦੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਇਹ ਪ੍ਰਾਚੀਨ ਤੇ ਵਿਗਿਆਨਕ ਦ੍ਰਿਸ਼ਟੀਕੋਣ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਅਜੋਕੀ ਜੀਵਨ ਸ਼ੈਲੀ ਦੇ ਚੱਲਦਿਆਂ ਬਿਮਾਰੀਆਂ ਦੇ ਤੇਜ਼ੀ ਨਾਲ ਵੱਧਣ ਕਰਕੇ ਸੁਰੱਖਿਅਤ ਤੇ ਸਮਰੱਥ ਇਲਾਜ ਪ੍ਰਣਾਲੀਆਂ ਦੀ ਲੋੜ ਹੋਰ ਵੀ ਵੱਧ ਗਈ ਹੈ। ਹੋਮਿਓਪੈਥੀ ਸਰੀਰ ਦੀ ਕੁਦਰਤੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਕੇ ਬਿਮਾਰੀਆਂ ਦੇ ਮੂਲ ਕਾਰਨਾਂ ਨੂੰ ਦੂਰ ਕਰਨ 'ਤੇ ਜ਼ੋਰ ਦਿੰਦੀ ਹੈ, ਜਿਸ ਕਰਕੇ ਇਸ ਨੂੰ ਇਕ ਲੰਬੇ ਸਮੇਂ ਵਾਲੀ ਤੇ ਸੰਤੁਲਿਤ ਚਿਕਿਤਸਾ ਪ੍ਰਣਾਲੀ ਵਜੋਂ ਦੇਖਿਆ ਜਾਂਦਾ ਹੈ। ਇਹ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਚੰਗੀ ਸਿਹਤ ਸਿਰਫ਼ ਬਿਮਾਰੀ ਦੀ ਗ਼ੈਰ-ਹਾਜ਼ਰੀ ਨਹੀਂ, ਸਗੋਂ ਸਰੀਰ, ਮਨ ਤੇ ਜੀਵਨ ਸ਼ੈਲੀ ਦੇ ਸੰਤੁਲਨ ਦਾ ਨਤੀਜਾ ਹੈ ਅਤੇ ਹੋਮਿਓਪੈਥੀ ਇਸ ਸੰਤੁਲਨ ਨੂੰ ਬਣਾਈ ਰੱਖਣ ਵਿਚ ਅਹਿਮ ਯੋਗਦਾਨ ਪਾਉਂਦੀ ਆ ਰਹੀ ਹੈ। ਅੱਜ ਲੋੜ ਹੈ ਕਿ ਇਸ ਚਿਕਿਤਸਾ ਪ੍ਰਣਾਲੀ ਦੇ ਵਿਗਿਆਨਕ ਅਧਿਐਨ, ਖੋਜ ਤੇ ਪ੍ਰਸਾਰ ਨੂੰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦੇ ਲਾਭ ਪ੍ਰਾਪਤ ਕਰ ਸਕਣ ਅਤੇ ਅਸੀਂ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕੀਏ। ਭਾਰਤ ਸਰਕਾਰ ਨੇ 32ਵੀਂ ਅੰਤਰਰਾਸ਼ਟਰੀ ਹੋਮਿਓਪੈਥੀ ਕਾਂਗਰਸ ਦੇ ਮੌਕੇ 'ਤੇ ਹੋਮਿਓਪੈਥੀ ਦੇ ਪਿਤਾਮਾਸੈਮੂਅਲ ਹੈਨਿਮੈਨਦੇ ਚਿੱਤਰ ਵਾਲਾ ਡਾਕ ਟਿਕਟ ਜਾਰੀ ਕੀਤਾ ਸੀ।
- ਮੋਬਾਈਲ: 90412-95900.