ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਤਾਕਤ ਤੇ ਤੇਲ ਦੀ ਪਿਆਸ ਬੁਝਣ ਦਾ ਨਾਂਅ ਨਹੀਂ ਲੈ ਰਹੀ

Ad Position 21
No active advertisement
ਅਜੀਤ ਡੈਸਕ 12-04-2026

ਬੇਸ਼ੱਕ ਦੁਨੀਆ ਦਾ ਇਤਿਹਾਸ ਜੰਗਾਂ ਯੁੱਧਾਂ ਦਾ ਇਤਿਹਾਸ ਹੈ ਪਰ ਹਰ ਜੰਗ ਬਾਰੇ ਕਿਹਾ ਜਾ ਸਕਦਾ ਹੈ ਕਿ ਜੇ ਇਹ ਜੰਗ ਨਾ ਵੀ ਹੁੰਦੀ ਤਾਂ ਦੁਨੀਆ ਦਾ ਸਰ ਸਕਦਾ ਸੀ। ਹਰ ਜੰਗ ਦੀ ਟੀਸ ਸਦੀਆਂ ਤੱਕ ਮਨੁੱਖਤਾ ਦਾ ਸਿਰ ਨੀਵਾਂ ਕਰਦੀ ਹੈ। ਹਰ ਜੰਗਬਾਜ਼ ਆਪਣੇ ਆਖਰੀ ਸਮੇਂ 'ਤੇ ਜੰਗ ਲਈ ਪਛਤਾਵਾ ਕਰਦਾ ਹੈ। ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ 'ਤੇ ਥੋਪੀ ਜੰਗ ਨਾਲ ਪੂਰੀ ਦੁਨੀਆ 'ਚ ਵੱਡੇ ਸੰਕਟ ਪੈਦਾ ਹੋ ਰਹੇ ਹਨ। ਇਸ ਜੰਗ ਨਾਲ ਪੂਰੀ ਦੁਨੀਆ ਦੇ ਦੇਸ਼ਾਂ 'ਚ ਹਥਿਆਰਾਂ ਦੀ ਦੌੜ ਤੇਜ਼ੀ ਨਾਲ ਵਧੇਗੀ। ਹੁਣ ਦੋ ਹਫ਼ਤਿਆਂ ਤੱਕ ਦੋਵੇ ਧਿਰਾਂ ਜੰਗ ਰੋਕਣ ਲਈ ਸਹਿਮਤ ਹੋਈਆਂ, ਪਰ ਖਲੀਲ ਜਿਬਰਾਨ ਦੇ ਮੁਲਕ ਲਿਬਨਾਨ 'ਤੇ ਇਜ਼ਰਾਈਲ ਦੀਆਂ ਮਿਜ਼ਾਇਲਾਂ ਅਜੇ ਵੀ ਤਬਾਹੀ ਮਚਾ ਰਹੀਆਂ ਹਨ। ਕਿਸੇ ਵੀ ਜੰਗ ਨਾਲ ਆਮ ਮਨੁੱਖ ਦਾ ਕਦੇ ਭਲਾ ਨਹੀਂ ਹੁੰਦਾ, ਸਗੋਂ ਜੰਗਾਂ ਨਾਲ ਪਹਿਲਾਂ ਨਾਲੋਂ ਵੱਡੀਆਂ ਸਮੱਸਿਆਵਾਂ ਹੀ ਪੈਦਾ ਹੁੰਦੀਆਂ ਹਨ। ਇਹ ਜੰਗ ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ ਦੇ ਪ੍ਰਮਾਣੂ ਹਥਿਆਰਾਂ ਦਾ ਖ਼ਾਤਮਾ ਕਰਨ ਅਤੇ ਉੱਥੇ ਆਪਣੀ ਮਰਜ਼ੀ ਦੀ ਕਠਪੁਤਲੀ ਸਰਕਾਰ ਬਣਾਉਣ ਲਈ ਲੜੀ ਜਾ ਰਹੀ ਹੈ। ਪੂਰੀ ਦੁਨੀਆ ਦੇ ਅਮਨ ਪਸੰਦ ਲੋਕ ਇਸ ਜੰਗ ਦਾ ਵਿਰੋਧ ਕਰ ਰਹੇ ਹਨ। ਰਾਸ਼ਟਰਪਤੀ ਟਰੰਪ ਦੇ ਆਪਣੇ ਦੇਸ਼ ਅਮਰੀਕਾ 'ਚ ਇਕੋ ਦਿਨ ਵੱਖ-ਵੱਖ ਥਾਈਂ ਇਸ ਜੰਗ ਦੇ ਵਿਰੋਧ ਵਿਚ ਹੋਏ ਪ੍ਰਦਰਸ਼ਨਾਂ 'ਚ 80 ਤੋਂ 90 ਲੱਖ ਲੋਕ ਸ਼ਾਮਿਲ ਹੋਏ। ਅਸਲ 'ਚ ਇਹ ਜੰਗ ਨਹੀਂ, ਬਲਕਿ ਇਹ ਸਿੱਧੀ ਸਿੱਧੀ ਬੁਰਛਾਗਰਦੀ ਹੈ। ਦੁਨੀਆ ਭਰ 'ਚ ਇਸ ਜੰਗ ਨੂੰ ਵੱਡੀ ਜ਼ਿਆਦਤੀ ਹੀ ਆਖਿਆ ਜਾਣਾ ਚਾਹੀਦਾ ਹੈ। ਡੋਨਾਲਡ ਟਰੰਪ ਤੇ ਬੈਂਜਾਮਿਨ ਨੇਤਨਯਾਹੂ ਦੀ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
'ਦਾ ਵਾਸ਼ਿੰਗਟਨ ਪੋਸਟ' ਵਿਚ ਪ੍ਰਕਾਸ਼ਿਤ ਹੋਏ ਇਕ ਲੇਖ ਅਨੁਸਾਰ ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਕੌਂਸਲ ਵਲੋਂ ਰਾਸ਼ਟਰਪਤੀ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਇਸ ਜੰਗ 'ਚ ਅਮਰੀਕਾ ਵੱਡੇ ਪੈਮਾਨੇ 'ਤੇ ਕਤਲੋਗਾਰਤ ਕਰਕੇ ਈਰਾਨ ਨਾਲ ਜ਼ਮੀਨੀ ਲੜਾਈ ਵੀ ਲੜੇ ਤਾਂ ਵੀ ਉਹ ਇੱਥੋਂ ਦੀ ਇਸਲਾਮਿਕ ਰੀਪਬਲਿਕ ਸਰਕਾਰ ਦੇ ਡਿਗ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ। ਅਮਰੀਕਾ ਦੀ ਖ਼ੁਫ਼ੀਆ ਏਜੰਸੀ ਨੂੰ ਸ਼ੱਕ ਹੈ ਕਿ ਯੁੱਧ ਦੇ ਬਾਅਦ ਵੀ ਈਰਾਨ ਦਾ ਵਿਰੋਧੀ ਦਲ ਈਰਾਨ ਦੀ ਸੱਤਾ ਨੂੰ ਨਹੀਂ ਸੰਭਾਲ ਸਕੇਗਾ। ਇਸ ਲਈ ਕੁਝ ਖ਼ਾਸ ਕਾਰਨ ਦੱਸੇ ਗਏ ਹਨ। ਇਸ ਦਾ ਪਹਿਲਾ ਕਾਰਨ ਇਹ ਹੈ ਕਿ ਈਰਾਨ 'ਚ ਸੱਤਾ ਦਾ ਸਮੀਕਰਨ ਇੰਨਾ ਮਜ਼ਬੂਤ ਹੈ, ਕਿ ਉੱਥੋਂ ਦੀ ਸਰਕਾਰ ਨੂੰ ਸੱਤਾ 'ਚੋਂ ਪੂਰੀ ਤਰ੍ਹਾਂ ਬੇਦਖ਼ਲ ਕੀਤਾ ਜਾਣਾ ਅਸੰਭਵ ਹੈ। ਮਿਸਾਲ ਵਜੋਂ ਈਰਾਨ ਦੇ ਰਾਸ਼ਟਰਪਤੀ ਖਾਮੇਨੇਈ ਦੀ ਮੌਤ ਤੋਂ ਬਾਅਦ ਵੀ ਈਰਾਨ ਨੇ ਜਿਸ ਤਰ੍ਹਾਂ ਦੋ ਮਹਾਂਸ਼ਕਤੀਆਂ ਨੂੰ ਹੁਣ ਤੱਕ ਟੱਕਰ ਦਿੱਤੀ ਹੈ, ਉਹ ਆਪਣੇ-ਆਪ 'ਚ ਬਹੁਤ ਵੱਡੀ ਗੱਲ ਹੈ। 'ਦਾ ਵਾਸ਼ਿੰਗਟਨ ਪੋਸਟ' ਅਨੁਸਾਰ ਈਰਾਨ ਦੀ ਸੱਤਾ ਸੰਰਚਨਾ ਬੇਹੱਦ ਮਜ਼ਬੂਤ ਹੈ, ਇਸ 'ਚ ਕਿਸੇ ਚੋਟੀ ਦੇ ਨੇਤਾ ਦੇ ਮਾਰੇ ਜਾਣੇ ਬਾਅਦ ਦੀ ਸੱਤਾ ਦੀ ਤਾਕਤ ਬਰਕਰਾਰ ਰਹਿੰਦੀ ਹੈ। ਦੂਜਾ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉੱਥੋਂ ਦੀ ਵਿਰੋਧੀ ਧਿਰ ਇਕ ਸੁਰ ਨਹੀਂ, ਇਹ ਬੁਰੀ ਤਰ੍ਹਾਂ ਖਿੰਡੀ-ਪੁੰਡੀ ਹੋਈ ਤੇ ਬੇਹੱਦ ਕਮਜ਼ੋਰ ਹੈ।
ਅਮਰੀਕਾ ਦੀ ਇੱਛਾ ਇਹ ਹੈ ਕਿ ਉੱਥੋਂ ਦੇ 1979 ਤੋਂ ਪਹਿਲਾਂ ਦੇ ਹੁਕਮਰਾਨ ਰਜ਼ਾ ਪਹਿਲਵੀ ਦੇ ਪੁੱਤਰ, ਜਿਸਦਾ ਨਾਂਅ ਵੀ ਰਜ਼ਾ ਪਹਿਲਵੀ ਹੀ ਹੈ ਨੂੰ ਸੱਤਾ ਸੰਭਾਲ ਦਿੱਤੀ ਜਾਵੇ ਪਰ ਇਹ ਇੰਨਾ ਸੌਖਾ ਕੰਮ ਨਹੀਂ। ਉਂਝ ਵੀ ਰਜ਼ਾ ਪਹਿਲਵੀ ਲੰਮੇ ਸਮੇਂ ਤੋਂ ਵਿਦੇਸ਼ ਵਿਚ ਹੀ ਰਹਿੰਦਾ ਹੈ। ਜੰਗ ਲੱਗਣ ਮਗਰੋਂ ਜਿਵੇਂ ਈਰਾਨੀ ਲੋਕਾਂ 'ਚ ਇਸ ਦਾ ਰੋਸ ਹੈ, ਇਹ ਕੰਮ ਹੁਣ ਪਹਿਲਾਂ ਨਾਲੋਂ ਵੀ ਕਈ ਗੁਣਾਂ ਔਖਾ ਹੋ ਗਿਆ ਹੈ। ਅਮਰੀਕੀ ਖ਼ੁਫ਼ੀਆ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਹ ਜੰਗ ਅਮਰੀਕਾ ਤੇ ਇਜ਼ਰਾਈਲ ਜਿੱਤ ਵੀ ਜਾਂਦੇ ਹਨ ਤਾਂ ਵੀ ਇਸ ਇਲਾਕੇ 'ਚ ਵਿਰੋਧ ਦਾ ਇੰਨਾ ਵੱਡਾ ਤੁਫ਼ਾਨ ਉੱਠੇਗਾ ਕਿ ਪੂਰੇ ਮੱਧ ਪੂਰਬ ਦੇ ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਵੇਗਾ। ਸ਼ਾਇਦ ਇਹੋ ਜਿਹੇ ਹੀ ਕੁਝ ਕਾਰਨ ਹਨ ਕਿ ਦੋਵੇ ਧਿਰਾਂ ਦੋ ਹਫ਼ਤਿਆਂ ਲਈ ਜੰਗ ਰੋਕਣ ਲਈ ਸਹਿਮਤ ਹੋਈਆਂ ਹਨ। ਬੇਸ਼ੱਕ ਅਗਲੇ ਕੁਝ ਦਿਨਾਂ ਤੱਕ ਇਹ ਲੜਾਈ ਰੁਕ ਜਾਵੇ ਪਰ ਸਮਝਣ ਵਾਲੀ ਗੱਲ ਇਹ ਹੈ ਈਰਾਨ ਦੇ ਆਗੂ ਖਾਮੇਨੇਈ ਦੀ ਹੱਤਿਆ, ਪ੍ਰਾਇਮਰੀ ਸਕੂਲ ਦੀਆਂ 165 ਦੇ ਕਰੀਬ ਬੱਚੀਆਂ ਦੇ ਹੋਏ ਕਤਲ ਤੇ ਈਰਾਨੀ ਸਮੁੰਦਰੀ ਜਹਾਜ਼ ਦੇ ਅਮਲੇ ਨੂੰ ਕਤਲ ਕਰਨ ਦੀਆਂ ਘਟਨਾਵਾਂ ਨੂੰ ਈਰਾਨ ਦੇ ਲੋਕ ਕਦੇ ਵੀ ਭੁੱਲਣਗੇ ਨਹੀਂ।
ਜਿਵੇਂ ਟਰੰਪ ਵਾਰ-ਵਾਰ ਆਪਣੇ ਬਿਆਨ ਬਦਲ ਰਹੇ ਹਨ ਤੇ ਇਸ ਜੰਗ ਤੋਂ ਆਪਣੇ-ਆਪ ਨੂੰ ਹੁਣ ਵੱਖ ਕਰਨ ਜਾ ਰਹੇ ਹਨ, ਇੱਥੇ ਇਹ ਪੁੱਛਣਾ ਬਣਦਾ ਹੈ ਕਿ ਜੋ ਟੀਚਾ ਉਨ੍ਹਾਂ ਨੇ ਇਸ ਜੰਗ ਲਈ ਮਿੱਥਿਆ ਸੀ, ਕੀ ਉਹ ਹਾਸਿਲ ਕਰ ਲਿਆ ਹੈ? ਜੇ ਹਾਂ ਤਾਂ ਅਗਲਾ ਸਵਾਲ ਇਹ ਹੈ ਕਿ ਇਸ ਨਾਲ ਦੁਨੀਆ 'ਚ ਕੀ ਤਬਦੀਲੀ ਹੋਈ ਜਾਂ ਹੋਵੇਗੀ? ਸਵਾਲ ਇਹ ਵੀ ਹੈ ਕਿ ਇਹ ਸਾਰੀ ਗੁੰਡਾਗਰਦੀ ਤੇ ਕਤਲੋਗਾਰਤ ਕਰਨ ਨਾਲ ਅਮਰੀਕਾ ਅਤੇ ਦੁਨੀਆ ਦੇ ਹੋਰ ਦੇਸ਼ ਖ਼ਾਸ ਕਰਕੇ ਇਜ਼ਰਾਈਲ ਤੇ ਮੱਧ ਪੂਰਬ ਦੇ ਦੇਸ਼ ਸੁਰੱਖਿਅਤ ਕਿਵੇ ਹੋ ਗਏ? ਦੁਨੀਆ ਦੇ ਹਰ ਆਮ ਮਨੁੱਖ ਲਈ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਜੰਗਾਂ ਤੇਲ, ਤਾਕਤ ਤੇ ਬਦਮਾਸ਼ੀ ਨੂੰ ਦੂਜਿਆਂ 'ਤੇ ਥੋਪਣ ਲਈ ਲੜੀਆਂ ਜਾ ਰਹੀਆਂ ਹਨ। ਦੂਜੀ ਵੱਡੀ ਗੱਲ ਇਹ ਹੈ ਕਿ ਜ਼ਮੀਨੀ ਜੰਗ ਦੀ ਬਜਾਏ ਇਹ ਜੰਗਾਂ ਹੁਣ ਆਸਮਾਨ 'ਚ ਲੜੀਆਂ ਜਾ ਰਹੀਆਂ ਹਨ। ਇਸ ਅਤਿ ਮਹਿੰਗੀ ਜੰਗ ਨਾਲ ਦੁਨੀਆ ਦੇ ਆਰਥਕ ਸਮੀਕਰਨ ਬਦਲ ਜਾਣਗੇ। ਇਸ ਜੰਗ ਦੇ ਦੌਰਾਨ ਵੀ ਦੇਖਿਆ ਜਾ ਸਕਦਾ ਹੈ ਕਿ ਅਮਰੀਕੀ ਡਾਲਰ ਦੀ ਸਰਦਾਰੀ ਬਣੀ ਹੋਈ ਹੈ। ਇਸ ਦਾ ਇਕ ਕਾਰਨ ਅਮਰੀਕੀ ਹਥਿਆਰ ਕੰਪਨੀਆਂ, ਜਿਨ੍ਹਾਂ ਦੀ ਭਵਿੱਖ 'ਚ ਪੁੱਛ-ਪ੍ਰਤੀਤ ਹੋਰ ਵਧਣ ਵਾਲੀ ਹੈ, ਉਹ ਹੋਰ ਮਾਲਾਮਾਲ ਹੋ ਜਾਣਗੀਆਂ। ਜੰਗ ਨਾਲ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਗੱਲ ਇੱਥੋਂ ਤੱਕ ਹੀ ਸੀਮਤ ਰਹਿਣ ਵਾਲੀ ਨਹੀਂ, ਭਵਿੱਖ ਜੋ ਪੈਸਾ ਵੱਖ-ਵੱਖ ਦੇਸ਼ਾਂ ਵਿਚ ਸਿਹਤ ਸਹੂਲਤਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਸੜਕਾਂ ਆਦਿ 'ਤੇ ਖ਼ਰਚਿਆ ਜਾਣਾ ਸੀ, ਉਹ ਹੁਣ ਹਥਿਆਰਾਂ 'ਤੇ ਖ਼ਰਚ ਹੋਵੇਗਾ। ਜੰਗ ਤੋਂ ਕਿਨਾਰਾ ਕਰਨ ਵਾਲੇ ਬਿਆਨ ਤੋਂ ਦੂਜੇ ਦਿਨ 2 ਅਪ੍ਰੈਲ ਨੂੰ ਟਰੰਪ ਦਾ ਇਹ ਬਿਆਨ ਆਇਆ ਕਿ ਉਹ ਈਰਾਨ ਨੂੰ 'ਬੈਕ ਟੂ ਸਟੋਨ ਏਜ' ਭਾਵ ਪੱਥਰ ਯੁਗ 'ਚ ਭੇਜ ਦੇਣਗੇ, ਜਿਸ ਦਾ ਭਾਵ ਹੈ ਕਿ ਈਰਾਨ ਦੀ ਧਰਤੀ 'ਤੇ ਜੋ ਕੁਝ ਵੀ ਹੈ, ਉਹ ਸਭ ਤਬਾਹ ਕਰ ਦਿੱਤਾ ਜਾਵੇਗਾ। ਫਿਰ ਉਨ੍ਹਾਂ ਈਰਾਨ ਨੂੰ ਧਮਕੀ ਦਿੰਦਿਆਂ ਕਿਹਾ ਕਿ ਈਰਾਨ ਦੀ ਪੂਰੀ ਸੱਭਿਅਤਾ ਦਾ ਖ਼ਾਤਮਾ ਕਰ ਦਿੱਤਾ ਜਾਵੇਗਾ। ਇਹ ਸਭ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਿੰਨੀਆਂ ਅਪਰਾਧਕ, ਘਨੌਣੀਆਂ ਤੇ ਖ਼ਤਰਨਾਕ ਹਨ! ਅਜਿਹੀਆਂ ਬਿਆਨਬਾਜ਼ੀਆਂ ਕਿਸੇ ਵੀ ਸੂਰਤ 'ਚ ਬਰਦਾਸ਼ਤ ਕਰਨਯੋਗ ਨਹੀਂ ਹੋਣੀਆਂ ਚਾਹੀਦੀਆਂ। ਦੁਨੀਆ ਦੇ ਕਈ ਮੁਲਕ ਲਿਬੀਆ, ਸੀਰੀਆ, ਇਰਾਕ, ਵੈਨੇਜ਼ੁਏਲਾ ਦੀ ਧੌਣ 'ਤੇ ਗੋਡਾ ਰੱਖ ਕੇ ਇਹ ਤਾਕਤਾਂ ਆਪਣੇ ਮਨ ਮਰਜ਼ੀ ਦੇ ਸਮਝੌਤਿਆਂ 'ਤੇ ਸਹੀ ਪਵਾਉਣ 'ਚ ਬੇਸ਼ੱਕ ਸਫ਼ਲ ਹੋਈਆਂ ਹਨ ਤੇ ਇਨ੍ਹਾਂ ਹੀ ਨੀਤੀਆਂ ਨੂੰ ਅੱਗੇ ਵਧਾਉਣ ਲਈ ਹੀ ਹੁਣ ਈਰਾਨ ਨੂੰ ਸ਼ਿਕਾਰ ਬਣਾਇਆ ਗਿਆ ਹੈ। ਤਾਕਤ ਅਤੇ ਤੇਲ ਦੀ ਇਹ ਕਿਹੋ ਜਿਹੀ ਪਿਆਸ ਹੈ, ਜੋ ਬੁਝਣ ਦਾ ਨਾਂਅ ਹੀ ਨਹੀਂ ਲੈ ਰਹੀ। ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਈਰਾਨੀ ਲੋਕਾਂ ਦੀ ਆਜ਼ਾਦੀ ਤੇ ਈਰਾਨੀ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣਾ ਇਕ ਬਹਾਨਾ ਸੀ, ਅਸਲ ਮਨਸ਼ਾ ਤਾਂ ਤੇਲ ਭੰਡਾਰਾਂ 'ਤੇ ਕਬਜ਼ਾ ਕਰਨ ਦਾ ਸੀ। ਪਰ ਜਿਸ ਤਰ੍ਹਾਂ ਈਰਾਨੀ ਸੈਨਾ ਨੇ ਹੋਰਮੁਜ਼ ਰਸਤਾ ਬੰਦ ਕਰ ਕੇ ਇਨ੍ਹਾਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ, ਉਸ ਨੇ ਸਾਬਿਤ ਕੀਤਾ ਹੈ ਕਿ ਈਰਾਨ ਆਸਾਨੀ ਨਾਲ ਇਨ੍ਹਾਂ ਦਾ ਸ਼ਿਕਾਰ ਬਣਨ ਵਾਲਾ ਨਹੀਂ ਹੈ। ਦੂਜੇ ਪਾਸੇ ਇਜ਼ਰਾਈਲ ਵਲੋਂ ਜਿਵੇਂ ਪਿਛਲੇ ਅਰਸੇ ਦੌਰਾਨ ਗਾਜ਼ਾ ਦੇ ਸਕੂਲਾਂ, ਹਸਪਤਾਲਾਂ ਅਤੇ ਕਾਲਜ/ ਯੂਨੀਵਰਸਿਟੀਆਂ ਨੂੰ ਤਬਾਹ ਕੀਤਾ ਹੈ, ਉਹ ਇਕ ਸੱਭਿਅਤਾ ਜਾਂ ਇਕ ਖਿੱਤੇ ਦੇ ਲੋਕਾਂ ਦੀ ਨਸਲਕੁਸ਼ੀ ਕਰਨ ਵਰਗਾ ਅਪਰਾਧ ਹੀ ਹੈ।
ਵੱਡਾ ਸਵਾਲ ਇਹ ਹੈ ਕਿ ਤਾਕਤ, ਤੇਲ, ਦੂਜਿਆਂ 'ਤੇ ਧੌਂਸ ਜਮਾਉਣ ਅਤੇ ਦੁਨੀਆ ਦੇ ਲੋਕਾਂ ਲਈ ਤਬਾਹਕੁੰਨ ਹਾਲਾਤ ਪੈਦਾ ਕਰਨ ਵਾਲੀ ਇਸ ਮਾਨਸਿਕਤਾ ਨੂੰ ਦੁਨੀਆ ਦੇ ਦੇਸ਼ ਆਖਰ ਕਦੋਂ ਤੱਕ ਬਰਦਾਸ਼ਤ ਕਰਦੇ ਰਹਿਣਗੇ? ਦੁਨੀਆ ਭਰ ਦੇ ਅਮਨ ਪਸੰਦ ਦੇਸ਼ਾਂ ਦੇ ਲੋਕਾਂ ਨੂੰ ਆਪਣੀ ਆਵਾਜ਼ ਉੱਚੀ ਕਰਨੀ ਪਵੇਗੀ। ਕਿਸੇ ਦੇਸ਼ ਦੇ ਆਮ ਲੋਕ ਆਪਣੇ ਜਿਹੜੇ ਆਗੂਆਂ ਨੂੰ ਚੰਗੇ ਸਮਝ ਕੇ ਦੇਸ਼ ਤੇ ਦੁਨੀਆ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਉੱਚੇ ਆਹੁਦਿਆਂ 'ਤੇ ਬਿਠਾਉਂਦੇ ਹਨ, ਕਈ ਵਾਰ ਉਹੀ ਵੱਡੀਆਂ ਸਮੱਸਿਆਵਾਂ ਪੈਦਾ ਕਰਨ ਦਾ ਕਾਰਨ ਬਣ ਜਾਂਦੇ ਹਨ। ਬੰਬ, ਬਾਰੂਦ ਤੇ ਮਿਜ਼ਾਈਲਾਂ ਦੇ ਦਮ 'ਤੇ ਥਾਪੀਆਂ ਮਾਰਨ ਵਾਲੇ ਆਗੂਆਂ ਨੂੰ ਨਕਾਰਨਾ ਹੋਵੇਗਾ ਤਾਂ ਕਿ ਦੁਨੀਆ ਦੇ ਲੋਕ ਸ਼ਾਂਤੀ ਨਾਲ ਰਹਿ ਸਕਣ। ਸਮਾਂ ਮੰਗ ਕਰਦਾ ਹੈ ਕਿ ਦੁਨੀਆ ਜੰਗਾਂ-ਯੁੱਧਾਂ ਤੋਂ ਮੁਕਤ ਹੋਵੇ।

-ਜ਼ੀਰਾ।
ਮੋਬਾਈਲ : 98550-51099

Ad Position 22
No active advertisement
ਪਿਛਲੀ ਖ਼ਬਰ ਭੁੱਚੋ ਮੰਡੀ ਦੀ ਲਕਸ਼ਿਤਾ ਨੇ 98.5 ਫ਼ੀਸਦੀ ਅੰਕ ਹਾਸਿਲ ਕਰਕੇ ਮੈਰਿਟ ਵਿਚ ਨਾਂਅ ਬਣਾਇਆ •ਜ਼ਿਲ੍ਹਾ ਬਠਿੰਡਾ 'ਚੋਂ ਤੀਜ... ਅਗਲੀ ਖ਼ਬਰ ਪ੍ਰਵਾਸ ਦਾ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ 'ਤੇ ਅਸਰ
Ad Position 24
No active advertisement